ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, June 25, 2010

9 ਮਹੀਨੇ ਬਾਅਦ ਬੀਜੇਪੀ ਵਿੱਚ ਜਸਵੰਤ ਦੀ ਵਾਪਸੀ

ਭੁੱਲ ਜਾਓ, ਮੁਆਫ ਕਰੋ' ਦੀ ਨੀਤੀ ਉੱਤੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ 9 ਮਹੀਨਿਆਂ ਬਾਅਦ ਫਿਰ ਵਾਪਸ ਪਾਰਟੀ ਦੀ ਗੋਦ ਵਿਚ ਲੈ ਲਿਆ ਹੈ। ਭਾਜਪਾ ਨੇ ਇਹ ਵੱਡਾ ਸਿਆਸੀ ਮੋੜ ਕੱਟਿਆ ਅਤੇ ਜਸਵੰਤ ਸਿੰਘ ਨੇ ਤਾਂ ਪਾਰਟੀ ਕਾਰਜਕਾਰਨੀ ਦੀ ਪਟਨਾ ਵਿਖੇ ਪਿਛਲੇ ਹਫਤੇ ਹੋਈ ਮੀਟਿੰਗ ਵਿਚ ਵੀ ਪਾਰਟੀ ਵਿਚ ਮੁੜ ਸ਼ਾਮਿਲ ਹੋਣ ਦਾ ਐਲਾਨ ਵੱਡੇ ਪਾਰਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਕਰਨਾ ਸੀ, ਪਰ ਮੋਦੀ - ਨਿਤਿਸ਼ ਰੱਫੜ ਕਰਕੇ ਉਸ ਦੀ 'ਘਰ ਵਾਪਸੀ' ਨੂੰ ਅਜੇ ਟਾਲ ਦਿੱਤਾ ਗਿਆ ਸੀ। ਕਈ ਹਫਤੇ ਪਹਿਲਾਂ ਹੀ, ਜਸਵੰਤ ਸਿੰਘ ਨੇ ਇਹ ਕਹਿ ਕੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਉਸ ਪਾਰਟੀ ਤੋਂ ਬਾਹਰ ਰਹਿ ਕੇ ਦੁਖੀ ਹਨ ਜਿਸ ਵਿਚ ਰਹਿ ਕੇ ਉਨ੍ਹਾਂ 4 ਦਹਾਕੇ ਕੰਮ ਕੀਤਾ ਹੈ। ਜਸਵੰਤ ਸਿੰਘ ਨੂੰ ਭਾਜਪਾ ਦੀ ਸ਼ਿਮਲੇ ਵਿਚ ਹੋ ਰਹੀ ਚਿੰਤਨ ਬੈਠਕ ਦੌਰਾਨ ਪਾਰਟੀ ਵਿਚੋਂ ਇਸ ਕਰਕੇ ਕੱਢ ਦਿੱਤਾ ਸੀ ਕਿ ਉਨ੍ਹਾਂ ਆਪਣੀ ਮੁਹੰਮਦ ਅਲੀ ਜਿਨਾਹ ਬਾਰੇ ਲਿਖੀ ਕਿਤਾਬ ਵਿਚ ਦੇਸ਼ ਦੀ ਵੰਡ ਲਈ ਸਰਦਾਰ ਪਟੇਲ ਅਤੇ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਜਿਨਾਹ ਨੂੰ ਭਾਵਪੂਰਤ ਅਤੇ ਸਕਾਰਮਤ ਲਹਿਜੇ ਵਿਚ ਪੇਸ਼ ਕੀਤਾ ਸੀ। ਪਰ ਅਜੇ ਤੱਕ ਜਸਵੰਤ ਸਿੰਘ ਨੇ ਆਪਣੀਆਂ ਇਨ੍ਹਾਂ ਟਿੱਪਣੀਆਂ ਦਾ ਖੰਡਨ ਨਹੀਂ ਕੀਤਾ ਅਤੇ ਭਾਜਪਾ ਨੇ ਇਸ ਸਾਰੇ ਘਟਨਾਕ੍ਰਮ ਉੱਤੇ ਮਿੱਟੀ ਪਾਉਣੀ ਬਿਹਤਰ ਸਮਝਿਆ ਹੈ। ਜਸਵੰਤ ਸਿੰਘ, ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਦੇ ਨਾਲ ਇਥੇ ਭਾਜਪਾ ਦੇ ਮੁੱਖ ਦਫਤਰ ਵਿਚ ਪਹੁੰਚੇ। ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਦਾਰਜੀਲਿੰਗ ਤੋਂ ਲੋਕ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਦੀ ਸ਼ਮੂਲੀਅਤ ਸਮਾਰੋਹ ਵਿਚ ਸ੍ਰੀ ਐਲ. ਕੇ. ਅਡਵਾਨੀ ਤੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ।

No comments:

Post a Comment