ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, December 27, 2012

ਪੰਜਾਬ ਦੇ ਪਤੰਗ ਦੀ ਡੋਰ ਹੁਣ ਲੋਕਾਂ ਦੇ ਹੱਥ ‘ਚ : ਭਗਵੰਤ ਮਾਨ



‘ਅਪਣੇ ਵਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ , ਪਰ ਸਮੁੰਦਰ ‘ਚ ਜਾ ਕੇ ਉਹ ਮਰ ਜਾਂਦਾ ਹੈ।
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।’

ਲਹਿਰਾਗਾਗਾ ਹਲਕੇ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬਹੁਚਰਚਿਤ ਉਮੀਦਵਾਰ ਭਗਵੰਤ ਮਾਨ ਨਾਲ ਗੱਲਬਾਤ



ਸਿਆਸਤ ਵਿਚ ਕਲਾਕਾਰਾਂ ਦਾ ਆਉਣਾ ਕੋਈ ਨਵਾਂ ਰੁਝਾਨ ਨਹੀਂ। ਇਸ ਵਾਰ ਵੀ ਵਿਧਾਨ ਸਭਾ ਚੋਣਾਂ ਲਈ ਤਿੰਨ ਕਲਾਕਾਰ ਮੈਦਾਨ ‘ਚ ਨਿੱਤਰ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਕਵੀਸ਼ਰ ਬਲਵੰਤ ਸਿੰਘ ਰਾਮੂਵਾਲੀਆ, ਕਾਂਗਰਸ ਦੀ ਤਰਫ਼ੋਂ ਲੋਕ ਗਾਇਕ ਮੁਹੰਮਦ ਸਦੀਕ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਲੋਂ ਕਾਮੇਡੀਅਨ ਤੇ ਗਾਇਕ ਭਗਵੰਤ ਮਾਨ ਉਮੀਦਵਾਰ ਬਣੇ ਹਨ। ਭਗਵੰਤ ਮਾਨ ਇਨ੍ਹਾਂ ਦੋ ਕਲਕਾਰਾਂ ਤੋਂ ਵੱਖਰੇ ਹਨ। ਪੰਜਾਬ ਤੇ ਦੇਸ਼ ਦੀ ਸਿਆਸਤ, ਸਮਾਜਿਕ ਜੀਵਨ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਬੇਹੱਦ ਗੰਭੀਰ ਹੁੰਦੀਆਂ ਹਨ। ਪੰਜਾਬੀ ਮਨੋਰੰਜਨ ਖੇਤਰ ‘ਚ ਭਗਵੰਤ ਮਾਨ ਉਹ ਗਿਣੇ ਚੁਣੇ ਨਾਵਾਂ ਵਿਚੋਂ ਹੈ, ਜਿਸ ਨੇ ਕਦੇ ਵੀ ਸਮਾਜਿਕ ਜ਼ਿੰਮੇਵਾਰੀ ਦਾ ਪੱਲਾ ਨਹੀਂ ਛੱਡਿਆ। ਪੇਸ਼ ਹੈ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬਹੁਚਰਚਿਤ ਉਮੀਦਵਾਰ ਭਗਵੰਤ ਮਾਨ ਨਾਲ ਗੌਤਮ ਰਿਸ਼ੀ ਦੀ ਦਿਲਚਸਪ ਗੱਲਬਾਤ ਦੇ ਕੁਝ ਅੰਸ਼।

? ਤੁਹਾਡਾ ਸਿਆਸਤ ‘ਚ ਆਉਣ ਦਾ ਮਨ ਕਿਵੇਂ ਬਣਿਆ।
-  ਮੇਰੇ ਲਈ ਇਹ ਸਵਾਲ ਨਵਾਂ ਨਹੀਂ। ਇਕ ਕਲਾਕਾਰ ਵਜੋਂ ਮੈਂ ਹੁਣ ਤੱਕ ਜੋ ਟਿਪਣੀਆਂ ਕੀਤੀਆਂ ਉਹ ਸਾਰੀਆਂ ਸਰਕਾਰਾਂ ‘ਤੇ ਹੀ ਸੀ ਅਤੇ ਮਾੜੇ ਸਿਸਟਮ ‘ਤੇ ਹੀ ਸਨ। ਮੈਂ ਸਾਢੇ 17-18 ਸਾਲ ਦਾ ਸੀ, ਜਦੋਂ ‘ਕੁਲਫੀ ਗਰਮਾਗਰਮ’ ਕੈਸੇਟ ਆਈ ਸੀ। ਮੈਂ ਸਿਸਟਮ ਨੂੰ ਬੜਾ ਭੰਡਿਆ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੈ ਜਾਂ ਸਿਵਲ ਜਾਂ ਲੀਡਰਾਂ ਦੀ ਗੱਲ ਕਰ ਲਈਏ। ਮੈਂ ਲੋਕਾਂ ਦੇ ਹੱਕ ਦੀ ਗੱਲ ਕਰਦਾ ਸੀ। ਮੇਰੇ ਦਿਲ ਨੂੰ ਇਹ ਲੱਗਦਾ ਸੀ ਕਿ ਜਿਹੜੀਆਂ ਮੈਂ ਇਹ ਗੱਲਾਂ ਕਰਦਾਂ, ਲੋਕ ਪਸੰਦ ਕਰਦੇ ਨੇ। ਪਰ ਇਕੱਲੀਆਂ ਤਾੜੀਆਂ ਨਾਲ ਹੀ ਜਾਂ ਹੱਸ ਕੇ ਸਰ ਜਾਂਦਾ ਸੀ। ਸੋ ਮੇਰੇ ਦਿਮਾਗ ‘ਚ ਇਹ ਚੱਲਦਾ ਸੀ ਕਿ ਇਕੱਲਾ Ḕਕਾਮੇਡੀ ਕਿੰਗ’ ਕਹਾ ਕੇ ਹੀ ਦੁਨੀਆਂ ਤੋਂ ਨਾ ਚਲੇ ਜਾਈਏ। ਜੋ ਮੈਂ ਸਮਾਜ ਲਈ ਕਰਨਾ ਚਾਹੁੰਦਾ ਹਾਂ ਉਹ ਫਰਜ਼ ਤੇ ਮਿਸ਼ਨ ਅਜੇ ਪੂਰੇ ਨਹੀਂ ਹੋਏ। ਜਦੋਂ ਮੈਂ ਸਿਆਸਤ ਬਾਰੇ ਸੋਚਦਾ ਸੀ ਤਾਂ ਮੇਰੇ ਸਾਹਮਣੇ ਉਹੀ ਦੋ ਪਾਰਟੀਆਂ ਖੜੀਆਂ ਸਨ ਜੋ ਪੰਜਾਬ ਦੀ ਇਹ ਹਾਲਤ ਕਰਨ ਲਈ ਜ਼ਿੰਮੇਵਾਰ ਨੇ, ਜਿਨ੍ਹਾਂ ‘ਤੇ ਮੈਂ ਟਿੱਪਣੀਆਂ ਕਰਦਾ ਹੁੰਦਾ ਸੀ। ਫਿਰ ਅਚਾਨਕ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਸੱਚ ਦਾ ਝੰਡਾ ਚੁੱਕਿਆ ਅਪਣੇ ਵਿੱਤ ਮੰਤਰੀ ਦੇ ਅਹੁਦੇ ਨੂੰ ਠੋਕਰ ਮਾਰੀ ਤੇ ਵੀਆਈਪੀ ਕਲਚਰ ਨੂੰ ਖਤਮ ਕਰਕੇ ਭਗਤ ਸਿੰਘ ਦੇ ਸੁਪਨਿਆਂ ਦੀ ਗੱਲ ਕੀਤੀ ਤਾਂ ਫਿਰ ਮੈਨੂੰ ਲੱਗਿਆ ਕਿ ਇਕ ਤੇ ਇਕ ਮਿਲਕੇ ਗਿਆਰਾਂ ਹੁੰਦੇ ਨੇ ਅਤੇ ਮੈਂ ਸਭ ਕੁਝ ਛੱਡ ਕੇ ਮਨਪ੍ਰੀਤ ਸਿੰਘ ਦੇ ਕਾਫਲੇ ਨਾਲ ਤੁਰਨ ਦਾ ਮਨ ਬਣਾ ਲਿਆ।

? ਤੁਸੀਂ ਅਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਕੀਤੀ ਹੈ, ਹਾਲਾਂਕਿ ਕਾਂਗਰਸ ਜਾਂ ਅਕਾਲੀ ਦਲ ਦੋਵੇਂ ਪੰਜਾਬ ਦੀਆਂ ਦੋ ਪ੍ਰਮੁੱਖ ਪਾਰਟੀਆਂ ਨੇ ਅਤੇ ਇੰਨਾਂ ਤੋਂ ਤੁਹਾਨੂੰ ਇਕ ਵੱਡਾ ਮੰਚ ਮਿਲ ਸਕਦਾ ਸੀ।
-  ਮੈਨੂੰ ਐਮਐਲਏ ਬਣਨ ਦਾ ਚਾਅ ਨਹੀਂ। ਮੈਨੂੰ ਲਾਲ ਬੱਤੀ ਲਾਉਣ ਜਾਂ ਹੂਟਰ ਮਾਰਨ ਦਾ ਤੇ ਜਾਂ ਹਰੇ ਪੈਨ ਨਾਲ ਆਰਡਰ ਦੇਣ ਦਾ ਵੀ ਕੋਈ ਚਾਅ ਨਹੀਂ। ਜੇ ਮੈਂ ਸਿਰਫ਼ ਐਮਐਲਏ ਬਣਨਾ ਹੁੰਦਾ ਤਾਂ ਇਨ੍ਹਾਂ ਪਾਰਟੀਆਂ ਤੋਂ ਮੈਨੂੰ ਬਣਿਆ ਬਣਾਇਆ ਕੇਡਰ ਮਿਲ ਜਾਂਦਾ, ਬਣੇ ਬਣਾਏ ਵਰਕਰ ਮਿਲ ਜਾਂਦੇ ਤੇ ਆਪੇ ਹੀ ਪੈਸਾ ਖਰਚ ਦਿੰਦੇ। ਪਰ ਮਕਸਦ ਸੀ ਕਿ ਮੇਰੀਆਂ ਅੱਖਾਂ ਸਾਹਮਣੇ ਜਿਹੜਾ ਪੰਜਾਬ ਖ਼ਤਮ ਹੋ ਰਿਹਾ, ਕੈਂਸਰ ਨਾਲ ਹੋਰ ਬਿਮਾਰੀਆਂ ਨਾਲ, ਬੇਰੁਜ਼ਗਾਰ ਪਾਣੀਆਂ ਦੀਆਂ ਟੈਂਕੀਆਂ ‘ਤੇ ਚੜ੍ਹੇ ਖੜ੍ਹੇ ਨੇ। ਕੋਈ ਸੜਕ ਨਹੀਂ ਇਹੋ ਜਿਹੀ ਜਿਥੇ ਕੋਈ ਭੁੱਖ ਹੜਤਾਲ ਜਾਂ ਮੁਜਾਹਰਾ ਨਹੀਂ ਹੋ ਰਿਹਾ। ਪੀਣ ਦੇ ਸਾਫ ਪਾਣੀ ਦਾ ਕੋਈ ਇੰਤਜ਼ਾਮ ਨਹੀਂ। ਐਮਏ ਐਮਫਿਲ ਮੁੰਡੇ ਕੁੜੀਆਂ ਪੱਗਾਂ-ਚੁੰਨੀਆਂ ਸਰਕਾਰ ਤੋਂ ਲੁਹਾਉਂਦੇ ਫਿਰਦੇ ਨੇ। ਮੇਰੀਆਂ ਅੱਖਾਂ ਸਾਹਮਣੇ ਇਹ ਕੁਝ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਸੀ ਕਿ ਮੈਂ ਘੱਟੋ ਘੱਟ ਹਾਅ ਦਾ ਨਾਅਰਾ ਮਾਰਾਂ। ਮੈਂ ਜ਼ਮੀਰ ਦੀ ਆਵਾਜ਼ ਸੁਣ ਕੇ ਮਨਪ੍ਰੀਤ ਸਿੰਘ ਬਾਦਲ ਨਾਲ ਚੱਲਣ ਦਾ ਮੌਕਾ ਹਾਸਲ ਕੀਤਾ। ਮੈਂ ਸਿਆਸਤ ‘ਚ ਪੰਜਾਬ ਦੇ ਫਾਇਦੇ ਲਈ ਆਇਆ। ਹਾਂ, ਜਿਥੋਂ ਗੰਗਾ ਨਿਕਲਦੀ ਹੈ ਉਹ ਗੰਗੋਤਰੀ ਨਾਂ ਦੀ ਜਗ੍ਹਾ ਅਤੇ ਉਹ ਇਕ ਨਾਲੀ ਜਿੱਡੀ ਹੈ ਤੇ ਇਕ ਛਾਲ ਮਾਰ ਕੇ ਬੰਦਾ ਪਾਰ ਕਰ ਸਕਦਾ। ਪਰ ਜਦੋਂ ਉਹੀ ਗੰਗਾ ਝਰਨਿਆਂ ‘ਚੋਂ ਹੁੰਦੀ ਹੋਈ ਮੈਦਾਨਾਂ ‘ਚ ਪਹੁੰਚਦੀ ਹੈ ਤਾਂ ਏਨੀ ਵੱਡੀ ਬਣ ਜਾਂਦੀ ਹੈ ਕਿ ਉਸ ਨੂੰ ਪਾਰ ਕਰਨ ਲਈ ਵੱਡੀਆਂ ਕਿਸ਼ਤੀਆਂ ਤੇ ਜਹਾਜ ਚਾਹੀਦੇ ਨੇ। ਸਾਡੀ ਜਿਹੜੀ ਗੰਗੋਤਰੀ ਖਟਕੜ ਕਲਾਂ ਤੋਂ ਗੰਗਾ ਨਿਕਲੀ ਸੀ ਅੱਜ ਉਹ ਵੀ ਵਿਸ਼ਾਲ ਬਣ ਗਈ।

? ਹੁਣ ਪੀਪੀਪੀ ਵਲੋਂ ਤੁਹਾਨੂੰ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਮੁਕਾਬਲੇ ਉਮੀਦਵਾਰ ਬਣਾਇਆ। ਬੀਬੀ ਭੱਠਲ ਕਾਫੀ ਮਜ਼ਬੂਤ ਉਮੀਦਵਾਰ ਹਨ ਅਤੇ ਅਪਣੇ ਆਪ ਨੂੰ ਅਗਲੇ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਵੀ ਦੱਸ ਰਹੇ ਨੇ। ਅਜਿਹੇ ਹਾਲਾਤ ‘ਚ ਲਹਿਰਾਗਾਗਾ ਸੀਟ ਤੋਂ ਹੀ ਚੋਣ ਲੜਨ ਦੀ ਕਿਵੇਂ ਸੋਚੀ।
- ਵੇਖੋ ਮੇਰੇ ਲਈ ਬਹੁਤ ਸਾਰੇ ਆਪਸ਼ਨ ਸੀ। ਮੈਨੂੰ ਮਨਪ੍ਰੀਤ ਸਿੰਘ ਬਾਦਲ ਕਹਿੰਦੇ, ਤੁਸੀਂ ਕਿਥੋਂ ਲੜਨਾ ਚਾਹੁੰਦੇ ਹੋ? ਮੈਂ ਕਿਹਾ ਕਿ ਤੁਸੀਂ ਜਿਥੋਂ ਮਰਜ਼ੀ ਲੜਾ ਦਿਓ। ਮੈਂ ਕਿਸੇ ਵੀ ਹਲਕੇ ਲਈ ਬਾਹਰਲਾ ਜਾਂ ਨਵਾਂ ਨਹੀਂ, ਭਗਵੰਤ ਮਾਨ ਤਾਂ ਪੰਜਾਬ ‘ਚ ਸਾਰਿਆਂ ਦਾ ਹੀ ਸਾਂਝਾ ਹਾਂ। ਜਿਥੇ ਵੀ ਮੈਂ ਪ੍ਰਚਾਰ ਕਰਨ ਜਾਂਦਾ ਸੀ, ਲੋਕ ਮੈਨੂੰ ਉਥੇ ਹੀ ਚੋਣ ਲੜਨ ਲਈ ਸੱਦਦੇ ਸੀ। ਮੋਗੇ ਵਾਲੇ ਕਹਿੰਦੇ ਸੀ ਇਥੇ ਆ ਜਾ, ਅਮਰਗੜ੍ਹ ਤੇ ਮੌੜ ਵਾਲੇ ਵੀ ਕਹਿੰਦੇ ਇਥੇ ਆ ਜਾæææ ਮੈਂ ਕਹਿੰਦਾ ਸੀ ਕਿ ਮੈਂ ਤਾਂ ਪ੍ਰਚਾਰ ਕਰਨਾ, ਜੇ ਮੇਰੀਆਂ ਗੱਲਾਂ ‘ਤੇ ਯਕੀਨ ਕਰਨਗੇ ਤਾਂ ਲੋਕ ਮੈਨੂੰ ਵੋਟਾਂ ਪਾ ਦੇਣਗੇ। ਨਹੀਂ ਤਾਂ ਜਿਨ੍ਹਾਂ ਨੂੰ ਪਾਉਂਦੇ ਆਏ ਨੇ ਪੰਜ-ਪੰਜ ਸਾਲ ਦੀਆਂ ਵਾਰੀਆਂ ਵਾਲੇ, ਉਨ੍ਹਾਂ ਨੂੰ ਜਿਤਾ ਦੇਣਗੇ। ਮਨਪ੍ਰੀਤ ਜੀ ਮੈਨੂੰ ਕਹਿੰਦੇ ਕਿ ਭਗਵੰਤ ਤੂੰ ਸਾਡੀ ਤੋਪ ਹੈ। ਮੈਂ ਕਿਹਾ ਕਿ ਤੋਪ ਨਾਲ ਚਿੜੀਆਂ ਨਾ ਮਰਵਾਇਓ, ਕੋਈ ਕਿਲ੍ਹਾ ਢਾਹਿਓ। ਉਹ ਕਹਿੰਦੇ ਕਿ ਫਿਰ ਤੂੰ ਹੀ ਦੱਸ। ਮੈਂ ਕਿਹਾ ਕਿ ਲਹਿਰੇਗਾਗੇ ‘ਚ ਪਿਛਲੇ 19 ਸਾਲ ਤੋਂ ਬੀਬੀ ਰਜਿੰਦਰ ਕੌਰ ਭੱਠਲ ਉਨ੍ਹਾਂ ਭੋਲੇ ਭਾਲੇ ਲੋਕਾਂ ਦੇ ਜਜ਼ਬਾਤ ਨੂੰ ਵਰਤਦੇ ਆ ਰਹੇ ਨੇ। ਉਹ ਮੁੱਖ ਮੰਤਰੀ ਵੀ ਰਹਿ ਲਏ, ਮੰਤਰੀ ਵੀ ਰਹਿ ਲਏ, ਵਿਰੋਧੀ ਧਿਰ ਦੇ ਨੇਤਾ ਵੀ ਰਹਿ ਲਏ ਪਰ ਉਨ੍ਹਾਂ ਨੇ ਉਥੋਂ ਕੁਝ ਨਹੀਂ ਕੀਤਾ। ਬੀਬੀ ਭੱਠਲ ਸਿਰਫ਼ ਉਥੇ ਵੋਟਾਂ ਮੰਗਣ ਜਾਂਦੇ ਨੇ, ਹੋਰ ਕੋਈ ਕੰਮ ਨਹੀਂ ਜਾਂਦੇ ਉਥੇ। ਸੋ, ਮੈਂ ਲਹਿਰੇ ਦੇ ਲੋਕਾਂ ਨੂੰ ਐਮਐਲਏ ਦਾ ਮਤਲਬ ਦੱਸਣਾ ਚਾਹੁੰਦਾ ਹਾਂ। ਇਸ ਵਾਰ ਉਨ੍ਹਾਂ ਨੂੰ ਯਕੀਨ ਆ ਜਾਣਾ ਕਿ ਵੋਟਾਂ ਮੰਗਣ ਤੋਂ ਪਹਿਲਾਂ ਤੇ ਵੋਟਾਂ ਮੰਗਣ ਤੋਂ ਬਾਅਦ ਵੀ ਕੋਈ ਆ ਜਾਂਦਾ ਹੁੰਦਾ। ਸੋ ਮੈਂ ਇਹ ਪ੍ਰੀਭਾਸ਼ਾ ਬਦਲਣੀ ਚਾਹੁੰਦਾ। ਮੈਂ ਜਦੋਂ ਲਹਿਰਾਗਾਗਾ ਇਲਾਕੇ ਦੇ ਲੋਕਾਂ ਦਾ ਜੀਵਨ ਪੱਧਰ ਵੇਖਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਸਾਡੇ 19 ਸਾਲ ਤੋਂ ਪ੍ਰਤੀਨਿਧ ਨੇ ਜਿਹੜੇ, ਉਹ ਸਾਨੂੰ ਗਲੀਆਂ ਨਾਲੀਆਂ ਜਾਂ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਤੋਂ ਉਪਰ ਹੀ ਨਹੀਂ ਉੱਠਣ ਦਿੰਦੇ। ਉਸ ਤੋਂ ਵੱਧ ਕੋਈ ਗਰਾਂਟ ਹੀ ਨਹੀਂ ਮੰਗਣ ਦਿੰਦੇ। ਨਾ ਕੋਈ ਸਕੂਲ ਹੈ ਚੱਜ ਦਾ ਨਾ ਹਸਪਤਾਲ ਹੈ। ਘੱਗਰ ਹਰ ਸਾਲ ਲੋਕਾਂ ਨੂੰ ਮਾਰਦਾ ਹੈ, ਸਿਰਫ ਮੁਆਵਜ਼ੇ ਦੇ ਐਲਾਨ ਤੇ ਅਰਜ਼ੀਆਂ ਲੈ ਕੇ ਹੀ ਸਾਰ ਦਿੰਦੇ ਨੇ। ਮੈਂ ਇਹ ਨਹੀਂ ਸੋਚਦਾ ਕਿ ਮੈਂ ਵੱਡਾ ਉਮੀਦਵਾਰ ਹਾਂ, ਪਰ ਜੇ ਲੋਕਾਂ ਨੇ ਮੇਰੇ ‘ਤੇ ਯਕੀਨ ਕੀਤਾ ਤਾਂ ਮੈਂ ਇੰਨਾ ਜਾਣਦਾ ਕਿ ਮੈਂ ਉਨ੍ਹਾਂ ਦੇ ਇਸ ਯਕੀਨ ‘ਤੇ ਪੂਰਾ ਉਤਰਾਂਗਾ।

? ਲਹਿਰਾਗਾਗਾ ਹਲਕੇ ‘ਚ ਤੁਸੀਂ ਜਿੱਤ ਦੇ ਦਾਅਵੇ ਨਾਲ ਉਤਰੇ ਹੋ ਜਾਂ ਸਖ਼ਤ ਟੱਕਰ ਦੇਣ ਲਈ।
- ਦੋ ਕਪਤਾਨ ਨੇ ਜੋ ਅਪਣੀ-ਅਪਣੀ ਟੀਮ ਨੂੰ ਮੈਦਾਨ ‘ਚ ਲੈ ਕੇ ਜਾਂਦੇ ਨੇ। ਇੱਕ ਕਹਿੰਦਾ, ਚਲੋ ਬਈ ਅੱਜ ਜਿੱਤਣਾ ਅਤੇ ਦੂਸਰਾ ਕੈਪਟਨ ਕਹਿੰਦਾ ਕਿ ਚਲੋ ਬਈ ਅੱਜ ਹਾਰਨਾ ਨਹੀਂ। ਜਿਹੜਾ ਦੂਜਾ ਕੈਪਟਨ ਹੈ ਉਹ ਨੈਗੇਟਿਵ ਹੈ ਅਪਣੀ ਹਾਰ ਬਚਾਉਣ ਵਾਸਤੇ ਜਾ ਰਿਹਾ। ਪਰ ਪਹਿਲਾ ਸਿਰਫ਼ ਜਿੱਤਣ ਵਾਸਤੇ ਜਾ ਰਿਹਾ। ਸੋ ਮੈਂ ਪਹਿਲੇ ਕੈਪਟਨ ਦੀ ਟੀਮ ‘ਚੋਂ ਹਾਂ। ਅਸੀਂ ਕਿਸੇ ਨੂੰ ਟੱਕਰ ਨਹੀਂ ਦੇਣੀ, ਨਾ ਕਿਸੇ ਦਾ ਨੁਕਸਾਨ ਕਰਨਾ ਅਸੀਂ ਪੰਜਾਬ ਦਾ ਫਾਇਦਾ ਕਰਨਾ।

? ਪੀਪਲਜ਼ ਪਾਰਟੀ ਦੇ ਉਮੀਦਵਾਰ ਵਜੋਂ ਅਤੇ ਤੁਹਾਡਾ ਪਿਛੋਕੜ ਵੀ ਸੁਨਾਮ-ਲਹਿਰਾਗਾਗਾ ਇਲਾਕੇ ਤੋਂ ਹੋਣ ਕਰਕੇ ਉਥੇ ਤੁਹਾਡੇ ਕੀ ਚੋਣ ਮੁੱਦੇ ਨੇ।
- ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਨਾਂ ਹਲਕਿਆਂ ‘ਚ ਰਿਆਸਤਾਂ ਬਣ ਗਈਆਂ ਹਨ। ਪਹਿਲਾਂ ਸੀ ਜਿਵੇਂ ਕਿ ਇਹ ਜੀਂਦ ਰਿਆਸਤ ਹੈ, ਇਹ ਨਾਭੇ ਵਾਲਾ ਰਾਜਾ, ਇਹ ਪਟਿਆਲੇ ਦਾ ਰਾਜਾ, ਕਪੂਰਥਲੇ ਦਾ ਰਾਜਾ। ਇਸੇ ਤਰ੍ਹਾਂ ਹੁਣ ਰਿਆਸਤਾਂ ਬਣ ਗਈਆਂ ਕਿ ਆਹ ਲਹਿਰਾਗਾਗਾ ਭੱਠਲ ਰਿਆਸਤ ਹੈ, ਸੁਨਾਮ ਢੀਂਡਸਾ ਦੀ ਹੈ ਤੇ ਸਰਦੂਲਗੜ੍ਹ ਭੂੰਦੜ ਰਿਆਸਤ ਹੈ। ਪੈਸਾ ਲਗਾ ਕੇ ਵੋਟਾਂ ਲੈ ਕੇ ਦੁਬਾਰਾ ਫਿਰ ਰਾਜੇ ਰਾਣੀਆਂ ਪੈਦਾ ਹੋਣ ਲੱਗ ਗਏ ਨੇ। ਲੋਕਤੰਤਰ ਦੇ ਮਾਇਨੇ ਬਦਲ ਗਏ। ਰਿਆਸਤਾਂ ਤੋੜਨ ਲਈ ਹੀ ਸਾਡਾ ਕਾਫ਼ਲਾ ਬਣਿਆ ਹੈ। ਪੜ੍ਹਾਈ ਲਹਿਰਾਗਾਗਾ ‘ਚ ਸਭ ਤੋਂ ਵੱਡਾ ਮੁੱਦਾ ਹੈ। ਜਿਹੜੀ ਪੜ੍ਹਾਈ ਲਹਿਰਾਗਾਗਾ, ਸੁਨਾਮ ਜਾਂ ਸਾਡੇ ਪਿੰਡਾਂ ਦੇ ਬੱਚੇ ਕਰ ਰਹੇ ਨੇ, ਉਹ ਪੜ੍ਹਾਈ ਉਨ੍ਹਾਂ ਨੂੰ ਪਟਿਆਲਾ ਨਹੀਂ ਟੱਪਣ ਦਿੰਦੀ। ਕਿਉਂਕਿ ਅਮੀਰ ਦੀ ਪੜ੍ਹਾਈ ਹੋਰ ਹੈ ਤੇ ਗਰੀਬ ਦੀ ਹੋਰ। ਦਵਾਈ ਹੋਰ ਹੈ ਤੇ ਡਾਕਟਰ ਹੋਰ ਨੇ। ਕਾਨੂੰਨ ਵੱਖੋ ਵੱਖਰੇ ਨੇ। ਮੈਂ ਇਹੀ ਕਹਿ ਰਿਹਾ ਲੋਕਾਂ ਨੂੰ ਕਿ ਜੋ ਪੜਾਈ ਤੁਸੀਂ ਇਥੇ ਪੜ੍ਹਾ ਰਹੇ ਹੋ ਉਸ ‘ਤੇ ਖੁਸ਼ ਨਾ ਹੋਵੋ। ਓਧਰ 99 ਤੋਂ ਉਪਰ ਜਾਂ 100 ਫੀਸਦੀ ਵੀ ਨੰਬਰ ਆਉਣ ਲੱਗ ਗਏ ਤੇ ਅਸੀਂ 60 ਫ਼ੀਸਦੀ ‘ਤੇ ਲੱਡੂ ਵੰਡੀ ਜਾ ਰਹੇ ਹਾਂ। ਸਾਡੇ ਲਈ ਹਾਲੇ ਵੀ 33 ਫੀਸਦੀ ਦਾ ਮਤਲਬ ਪਾਸ। ਪਰ ਜਦੋਂ ਰੁਜਗਾਰ ਦੀ ਗੱਲ ਆਉਂਦੀ ਹੈ ਤਾਂ ਉਹ ਘਰਾਂ ‘ਚ ਬੈਠੇ ਹੁੰਦੇ ਨੇ। ਮੈਂ ਚਾਹੁੰਦਾ ਕਿ ਲਹਿਰਾਗਾਗਾ ਦੇ ਨੌਜਵਾਨ ਵੀ ਵੱਡੇ ਸ਼ਹਿਰਾਂ ਦੇ ਨੌਜਵਾਨਾਂ ਵਾਂਗ ਪੜ੍ਹਦੇ ਪੜ੍ਹਦੇ ਹੀ ਗੁੜਗਾਓਂ-ਬੰਗਲੌਰ ਦੀਆਂ ਕੰਪਨੀਆਂ ‘ਚ ਲੱਗਣ। ਪੜ੍ਹਾਈ ਦਾ ਖਰਚਾ ਇਸ ਪੱਧਰ ਦਾ ਹੋਵੇ।

? ਤੁਸੀਂ ਕਾਮੇਡੀਅਨ ਹੋ, ਗਾਇਕ ਵੀ ਹੋ। ਚੋਣ ਮੁਹਿੰਮ ‘ਚ ਤੁਹਾਡਾ ਪ੍ਰਚਾਰ ਕਿਸ ਤਰ੍ਹਾਂ ਦਾ ਹੈ।
- ਨਾ ਮੈਂ ਗਾਣੇ ਗਾਉਣੇ ਨੇ ਅਤੇ ਨਾ ਹੀ ਚੁਟਕਲੇ ਸੁਣਾਉਣੇ ਨੇ। ਮੈਂ ਪਿਛਲੇ 11 ਮਹੀਨਿਆਂ ਤੋਂ ਪੰਜਾਬ ਤੇ ਵਿਦੇਸ਼ਾਂ ਵਿਚਲੇ ਪੰਜਾਬੀਆਂ ਨੂੰ ਸੰਬੋਧਨ ਕਰਦਾ ਆ ਰਿਹਾਂ। ਲੋਕ ਮੈਨੂੰ ਪਹਿਲਾਂ ਵੀ ਤੇ ਹੁਣ ਵੀ ਸਮਾਜਿਕ ਆਲੋਚਕ ਵਜੋਂ ਸੁਣਦੇ ਆ ਰਹੇ ਹਨ। ਜਿਹੜੀਆਂ ਗੱਲਾਂ ਮੈਂ ਡੇਢ ਦਹਾਕੇ ਤੋਂ ਕਰਦਾ ਆ ਰਿਹਾ ਉਹੀ ਗੱਲਾਂ ਹੁਣ ਨੇ। ਲੋਕਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਮੈਂ ਸਿਆਸਤ ‘ਚ ਆ ਗਿਆਂ, ਇਸੇ ਕਰਕੇ ਉਨ੍ਹਾਂ ਨੇ ਮੈਨੂੰ ਛੇਤੀ ਪ੍ਰਵਾਨ ਕਰ ਲਿਆ। ਜ਼ਿਆਦਾਤਰ ਪ੍ਰਸ਼ੰਸ਼ਕਾਂ, ਚਹੇਤਿਆਂ ਦੇ ਮੈਨੂੰ ਇਹੀ ਫੋਨ ਆਏ ਕਿ ਹੁਣ ਤੂੰ ਸਹੀ ਜਗ੍ਹਾ ‘ਤੇ ਪਹੁੰਚਿਆ ਤੇ ਡੋਲੀਂ ਨਾ। ਮੈਂ ਹੁਣ ਵੀ ਦਲੇਰੀ ਨਾਲ ਜੋ ਗਲਤ ਹੋ ਰਿਹਾ ਉਸ ਨੂੰ ਗਲਤ ਕਹਾਂਗਾ। ਕਮੇਡੀ ਜਾਂ ਗਾਇਕੀ ਤਾਂ ਇਕ ਜ਼ਰੀਆ ਸੀ ਇਹ ਗੱਲਾਂ ਕਹਿਣ ਲਈ। ਹੁਣ ਮੈਨੂੰ ਅਹਿਸਾਸ ਹੈ ਕਿ ਲੋਕ ਅਪਣੇ ਪ੍ਰਤੀਨਿਧੀ ਦੇ ਤੌਰ ‘ਤੇ ਵੀ ਮੈਨੂੰ ਪ੍ਰਵਾਨ ਕਰ ਰਹੇ ਨੇ।

? ਪੀਪੀਪੀ ਵਾਸਤੇ ਤੁਸੀਂ ਇਕ ਐਲਬਮ ‘ਰੰਗਲਾ ਪੰਜਾਬ’ ਰਿਲੀਜ਼ ਕੀਤੀ ਅਤੇ ਹੁਣ ‘ਕੋਲਾਵਰੀ ਡੀ’ ਗੀਤ ਦਾ ਪੀਪੀਪੀ ਵਰਜ਼ਨ ਵੀ ਰਿਲੀਜ਼ ਕੀਤਾ, ਉਸ ਬਾਰੇ ਦੱਸੋਗੇ।
-  ਮਿਊਜ਼ਿਕ ਤੇ ਕਲਮ ਨੇ ਦੁਨੀਆਂ ਦੇ ਹਰੇਕ ਇਨਕਲਾਬ ‘ਚ ਬਹੁਤ ਵੱਡਾ ਹਿੱਸਾ ਪਾਇਆ। ਸਪੇਨ, ਆਇਰਲੈਂਡ ਜਿਥੇ ਵੀ ਕਿਤੇ ਅਜਿਹਾ ਹੋਇਆ ਮਿਊਜਿਕ ਦਾ ਵੱਡਾ ਹੱਥ ਰਿਹਾ। ਪੰਜਾਬ ‘ਚ ਹੀ ਵੇਖੀਏ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਕਲਮ ਦੇ ਧਨੀ ਸਨ। ‘ਚੰਡੀ ਦੀ ਵਾਰ’ ਜਾਂ ‘ਦੇਹਿ ਸਿਵਾ ਵਰ ਮੋਹੇ’ ਲਿਖ ਕੇ ਖਾਲਸਾ ਫੌਜ ‘ਚ ਉਨ੍ਹਾਂ ਨੇ ਹੌਂਸਲਾ ਭਰਿਆ ਸੀ। ਭਗਤ ਸਿੰਘ ਹੋਰੀਂ ਵੀ ‘ਰੰਗ ਦੇ ਬਸੰਤੀ ਚੋਲਾ’ ਗਾਉਂਦੇ ਸੀ। ਮੈਂ ਜਦ ਪਾਰਟੀ ‘ਚ ਆਇਆ ਤਾਂ ਗੱਲ ਕੀਤੀ ਕਿ ਕਈ ਵਾਰ ਲੋਕ ਲੰਮੇ ਤੇ ਥਕਾਊ ਭਾਸ਼ਾਵਾਂ ਨੂੰ ਨਹੀਂ ਸੁਣਦੇ। ਨੌਜਵਾਨਾਂ ਤੱਕ ਅਪਣੇ ਸੰਗੀਤ ਰਾਹੀਂ ਸੁਨੇਹਾ ਪਹੁੰਚਾਉਣ ਲਈ ਅਸੀਂ ਬਿਨਾ ਕਿਸੇ ਨੂੰ ਭੰਡੇ, ‘ਸਾਈਂ ਵੇ ਰੰਗਲੇ ਪੰਜਾਬ ਨੂੰ ਬਚਾਈਂ’ ਵਾਲੀ ਸੀਡੀ ਕੱਢੀ। ਕੋਲਾਵਰੀ-ਡੀ ਤਾਂ ਐਵੇਂ ਕੁਦਰਤੀ ਹੀ ਬਣਾ ਲਿਆ। ਅਗਲੇ ਦਿਨ ਨੂੰ ਤਾਂ ਹਜ਼ਾਰਾਂ ਹੀ ਲੋਕਾਂ ਦੇ ਮੈਸਜ, ਫੋਨ ਆਏ। ਕੌਮੀ ਟੀਵੀ ਚੈਨਲਾਂ ਨੇ ਇਸ ਬਾਰੇ ਖ਼ਬਰਾਂ ਦਿਤੀਆਂ। ਇਥੋਂ ਸਿੱਧ ਹੁੰਦਾ ਕਿ ਲੋਕ ਸਾਡੇ ਏਜੰਡੇ ਨੂੰ ਪਸੰਦ ਕਰ ਰਹੇ ਨੇ।

? ਪੀਪਲਜ਼ ਪਾਰਟੀ ਨਾਲ ਪਿਛਲੇ ਦਿਨਾਂ ‘ਚ ਕਾਫੀ ਲੋਕ ਜੁੜੇ... ਇਕਦਮ ਉਭਾਰ ਹੋਇਆ ਤੇ ਫਿਰ ਅਚਾਨਕ ਕਈ ਆਗੂ ਪਾਰਟੀ ਛੱਡ ਗਏ। ਤੁਹਾਨੂੰ ਵੀ ਕਿਸੇ ਹੋਰ ਦਲ ਨੇ ਕੋਈ ਲਾਲਚ ਦੇ ਕੇ ਪਾਰਟੀ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ।
- ਵੇਖੋ ਜੀ, ਭਗਤ ਸਿੰਘ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ,ਉਸਦੇ ਰਾਹ ‘ਤੇ ਚੱਲਣਾ ਬਹੁਤ ਔਖਾ। ਸਾਡੇ ਨਾਲ ਵੀ ਬਹੁਤ ਸਾਰੇ ਸੀ ਜਿਹੜੇ ਸਹੁੰਆਂ ਖਾ ਕੇ ਮੁੱਕਰ ਗਏ। ਟਿਕਟਾਂ ਮਿਲੀਆਂ ਜਾਂ ਹੋਰ ਕਾਰਨ, ਪਰ ਚੰਗਾ ਹੋਇਆ ਪਹਿਲਾਂ ਹੀ ਛੱਡ ਗਏ। ਮੇਰੇ ਬਾਰੇ ਵੀ ਕਈ ਤਰ੍ਹਾਂ ਦੀ ਚਰਚਾ ਹੋਈ ਕਿ ਜਾ ਰਿਹਾਂ ਜਾਂ ਇਹ ਪਹੁੰਚ ਕਰ ਰਹੇ ਹਨ। ਮੈਨੂੰ ਵੀ ਪੈਸੇ ਤੇ ਅਹੁਦਿਆਂ ਦੇ ਲਾਲਚ ਦਿਤੇ ਗਏ। ਪਰ ਮੈਂ ਗੁਰਭਜਨ ਗਿੱਲ ਦਾ ਇਕ ਸ਼ੇਅਰ ਕਹਾਂਗਾ, ‘ਅਪਣੇ ਵਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ‘ਚ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।’ ਪੰਜਾਬ ਦੀ ਗਰਦਨ ਸਿੱਧੀ ਰੱਖਣ ਲਈ ਸਾਨੂੰ ਜੋ ਵੀ ਮੁੱਲ ਤਾਰਨਾ ਪਿਆ, ਉਹ ਤਾਰਾਂਗੇ।

? ਤੁਸੀਂ ਪੀਪਲਜ਼ ਪਾਰਟੀ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਕੀ ਭਵਿੱਖ ਵੇਖਦੇ ਹੋ।
- ਤੁਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਨਿੱਜੀ ਤੌਰ ‘ਤੇ ਨਾ ਕਹੋ। ਤੁਸੀਂ ਇਕੱਲੀ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਕਹਿ ਸਕਦੇ ਹੋ। ਮਨਪ੍ਰੀਤ ਸਿੰਘ ਬਾਦਲ ਅਪਣੇ ਭਵਿੱਖ ਲਈ ਨਹੀਂ ਆਇਆ। ਜੇ ਅਪਣੇ ਭਵਿੱਖ ਦੀ ਗੱਲ ਹੁੰਦੀ ਤਾਂ ਦੋ ਸਾਲ ਤਾਂ ਅਜੇ ਵਿੱਤ ਮੰਤਰਾਲਾ ਪਿਆ ਸੀ। ਉਨ੍ਹਾਂ ਕਰਜ਼ੇ ਦਾ ਮਾਮਲਾ ਚੁਕਿਆ, ਉਹ ਪੰਜਾਬ ਸਿਰ ਸੀ, ਉਨ੍ਹਾਂ ਕੋਈ ਪੱਲਿਓਂ ਤਾਂ ਦੇਣਾ ਨਹੀਂ ਸੀ। ਜਿਥੋਂ ਤੱਕ ਪੀਪਲਜ਼ ਪਾਰਟੀ ਦੇ ਭਵਿੱਖ ਦੀ ਗੱਲ ਹੈ ਪਿੰਡਾਂ ਦੀਆਂ ਸੱਥਾਂ ‘ਚ ਤੇ ਹੋਰ ਚਾਰੇ ਪਾਸੇ ਗੱਲ ਹੁਣ ਪਤੰਗ ਦੀ ਚੱਲਦੀ ਹੈ। ਇਕ ਪ੍ਰਮਾਤਮਾ ਦੀ ਕਿਰਪਾ ਨਾਲ ਚੋਣ ਨਿਸ਼ਾਨ ਵੀ ਇਹੋ ਜਿਹਾ ਮਿਲ ਗਿਆ ਕਿ ਬਸੰਤ ਦਾ ਮਹੀਨਾ ਹੈ। ਪਤੰਗ ਦੀ ਡੋਰ ਪੰਜਾਬ ਦੇ ਲੋਕਾਂ ਦੇ ਹੱਥ ‘ਚ ਹੈ। ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਪੰਜਾਬ ਦੀ ਪਤੰਗ ਦੀ ਡੋਰ ਕਿਸੇ ਸੱਚੇ ਦੇ ਹੱਥ ‘ਚ ਫੜਾ ਦਿਓ। ਪਰ ਜੇ ਇਹ ਡੋਰ ਕਿਸੇ ਝੂਠੇ ਦੇ ਹੱਥ ਫੜਾ ਦਿਤੀ ਤਾਂ ਕੱਟੀ ਹੋਈ ਡੋਰ ਦੇ ਪਤੰਗ ਵਾਂਗ ਪੰਜਾਬ ਦਾ ਪਤੰਗ ਵੀ ਪਤਾ ਨਹੀਂ ਕਿਥੇ ਜਾ ਕੇ ਡਿੱਗੇਗਾ।

?  ਤੀਜਾ ਮੋਰਚਾ, ਪੰਥਕ ਮੋਰਚਾ... ਪਹਿਲਾਂ ਵੀ ਅਜਿਹੇ ਮੋਰਚੇ ਖੋਲ੍ਹ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ ਵਰਗੇ ਆਗੂਆਂ ਨੇ ਨਵਾਂ ਸਿਆਸੀ ਬਦਲ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਾਂਝਾ ਮੋਰਚਾ ਇਕ ਦਿਨ ਸਚਮੁੱਚ ਹੀ ਪੰਜਾਬ ਦੀ ਸੱਤਾ ਸੰਭਾਲੇਗਾ।
- ਇੱਕ ਦਿਨ ਦਾ ਮਤਲਬ ਤਾਂ ਹੁਣ 30 ਜਨਵਰੀ ਹੈ ਜੀ ਅਤੇ ਬਦਲ ਜਾਣਾ ਸਭ ਕੁੱਝ। ਅਸੀਂ ਜਦੋਂ ਲੋਕਾਂ ਦੀਆਂ ਅੱਖਾਂ ‘ਚ ਜਾ ਕੇ ਵੇਖਦੇ ਹਾਂ ਉਹ ਭਰੀਆਂ ਪਈਆਂ ਨੇ। ਹੁਣ ਤਾੜੀਆਂ ਇਸ ਗੱਲ ‘ਤੇ ਨਹੀਂ ਪੈਂਦੀਆਂ ਕਿ ਪੰਜਾਬ ਨੂੰ ਕੈਲੀਫੋਰਨੀਆ ਜਾਂ ਟੋਰੰਟੋ ਬਣਾ ਦਿਆਂਗੇ ਸਗੋਂ ਤਾੜੀਆਂ ਇਸ ਕਰਕੇ ਪੈਦੀਆਂ ਕਿ ਰੋਟੀ ਚਾਹੇ ਅਚਾਰ ਨਾਲ ਖਾ ਲਵਾਂਗੇ ਪਰ ਬੱਚਿਆਂ ਦੇ ਭਵਿੱਖ ਵਾਸਤੇ ਵਧੀਆ ਪੰਜਾਬ ਪਿਛੇ ਛੱਡਕੇ ਜਾਵਾਂਗੇ। ਇਥੋਂ ਸਾਡਾ ਹੌਂਸਲਾ ਵਧਦਾ ਕਿ ਲੋਕ ਭਵਿੱਖ ਲਈ ਕੁਝ ਵੀ ਕਰਨ ਨੂੰ ਤਿਆਰ ਨੇ। ਕਾਂਗਰਸ ਕਹਿ ਰਹੀ ਹੈ ਪੰਜਾਬ ਬਚਾਓ ਯਾਤਰਾ। ਪੌਣੇ 5 ਸਾਲ ਪਹਿਲਾਂ ਪੰਜਾਬ ਉਨ੍ਹਾਂ ਕੋਲ ਹੀ ਸੀ, ਉਦੋਂ ਨਹੀਂ ਬਚਾਇਆ। ਕੋਈ ਚਾਰ ਸਾਲਾਂ ‘ਚ ਤਾਂ ਮਰਿਆ ਨਹੀਂ ਇਹ। ਅਸਲ ‘ਚ ਕਾਂਗਰਸ ਦਾ ਦਿਲੋਂ ਨਾਅਰਾ ਤਾਂ ਇਹੀ ਹੈ ਕਿ ‘ਸਾਰਾ ਨਾ ਖਾਓ, ਸਾਡੇ ਲਈ ਵੀ ਪੰਜਾਬ ਬਚਾਓ।’ ਪੰਜਾਬ ਬਚਾਉਣ ਵਾਲੇ ਪਿਛਲੇ 20-25 ਦਿਨ ਟਿਕਟਾਂ ਬਚਾਉਣ ਲਈ ਦਿੱਲੀ ਬੈਠੇ ਰਹੇ। ਜਿਹੜੇ ਅਪਣੀਆਂ ਟਿਕਟਾਂ ਨਹੀਂ ਬਚਾ ਸਕੇ ਉਹ ਪੰਜਾਬ ਨੂੰ ਕੀ ਬਚਾ ਲੈਣਗੇ। ਕੈਪਟਨ ਤੋਂ ਬਚਾਉਣ ਲਈ ਤਾਂ ਲੋਕਾਂ ਨੇ ਪੰਜਾਬ ਬਾਦਲ ਨੂੰ ਦਿੱਤਾ ਸੀ, ਹੁਣ ਫੇਰ ਉਨ੍ਹਾਂ ਨੂੰ ਥੋੜਾ ਦੇ ਦੇਣਾ। ਇਹ ਪੰਜ ਸਾਲ ਦੀਆਂ ਵਾਰੀਆਂ ਤੋੜਨ ਦਾ ਵੇਲਾ ਹੁਣ।

?  ਪੰਜਾਬ ‘ਚ ਇਸ ਵਾਰ ਦੋ ਹਲਕੇ ਕਾਫ਼ੀ ਚਰਚਾ ਵਿਚ ਹਨ, ਲੰਬੀ ਤੇ ਗਿੱਦੜਬਾਹਾ। ਕੀ ਲਗਦਾ ਹੈ… ਨਤੀਜਾ ਕੀ ਹੋਵੇਗਾ।
- ਲੰਬੀ ਦੇ ਵਿਚ ਅਸੀਂ ਵਾਅਦਾ ਕੀਤਾ ਸੀ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਚੋਣ ਲੜਨਗੇ ਤਾਂ ਉਨ੍ਹਾਂ ਨੂੰ ਟੱਕਰ ਦੇਣ ਵਾਸਤੇ ਗੁਰਦਾਸ ਸਿੰਘ ਬਾਦਲ ਮੈਦਾਨ ‘ਚ ਨਿਤਰਨਗੇ। ਨਾਲ ਹੀ ਇਹ ਵੀ ਕਹਿ ਦਿਤਾ ਸੀ ਕਿ ਜੇਕਰ ਗੁਰਦਾਸ ਸਿੰਘ ਬਾਦਲ ਇਹ ਚੋਣ ਜਿੱਤਦੇ ਹਨ ਤਾਂ ਪਾਰਟੀ ਵਿਚ ਕੋਈ ਅਹੁਦਾ ਜਾਂ ਸੰਭਾਵੀ ਸਰਕਾਰ ਵਿਚ ਮੰਤਰੀ ਨਹੀਂ ਬਣਨਗੇ। ਗੁਰਦਾਸ ਬਾਦਲ ਲੰਬੀ ‘ਚ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਲਈ ਮੈਦਾਨ ‘ਚ ਕੁੱਦੇ ਹਨ। ਉਥੇ ਜਿਹੜੀ ਪੁਜੀਸ਼ਨ ਗੁਰਦਾਸ ਜੀ ਦੀ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਤਾ ਲੱਗ ਚੁੱਕੀ ਹੈ।
ਜਿਥੋਂ ਤੱਕ ਗਿੱਦੜਬਾਹਾ ਦਾ ਸਵਾਲ ਹੈ, ਉਥੇ ਬਹੁਤ ਵਧੀਆ ਪੁਜੀਸ਼ਨ ਹੈ। ਗਿੱਦੜਬਾਹਾ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਨੂੰ ਸਾਲਾਂ ਤੋਂ ਪਿਆਰ ਕਰਦੇ ਆ ਰਹੇ ਹਨ। ਪਰ ਪਿਛਲੇ ਦਿਨਾਂ ਵਿਚ ਸਾਨੂੰ ਇਕ ਸੂਹ ਮਿਲੀ ਅਤੇ ਸੁਣ ਕੇ ਹੈਰਾਨ ਰਹਿ ਗਏ ਕਿ ਗਿੱਦੜਬਾਹਾ ਵਿਚ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਇਕੱਠੇ ਹੋ ਚੁੱਕੇ ਹਨ। ਉਨ੍ਹਾਂ ਦੋਵਾਂ ਨੇ ਇਕੱਠੇ ਬਹਿ ਕੇ ਸਮਝੌਤਾ ਕਰ ਲਿਆ ਹੈ ਕਿ ਜੇਕਰ ਮਨਪ੍ਰੀਤ ਬਾਦਲ ਅੱਗੇ ਆਉਂਦੇ ਹਨ ਤਾਂ ਉਨ੍ਹਾਂ ਦੋਵਾਂ ਨੂੰ ਨੁਕਸਾਨ ਹੈ। ਇਸੇ ਕਰਕੇ ਮੌੜ ਹਲਕੇ ਦੇ ਲੋਕਾਂ ਦੀ ਅਪੀਲ ‘ਤੇ ਮਨਪ੍ਰੀਤ ਸਿੰਘ ਬਾਦਲ ਨੇ ਉਸ ਹਲਕੇ ਤੋਂ ਵੀ ਨਾਮਜ਼ਦਗੀ ਪਰਚਾ ਦਾਖ਼ਲ ਕੀਤਾ ਹੈ। ਲੰਬੀ, ਗਿੱਦੜਬਾਹਾ ਦੇ ਨਾਲ ਨਾਲ ਮੌੜ ਮੰਡੀ ਤੋਂ ਵੀ ਸਾਨੂੰ ਕੋਈ ਸ਼ੱਕ ਨਹੀਂ। ਇਹ ਤਿੰਨੋ ਸੀਟਾਂ ਪੀਪੀਪੀ ਦੀ ਝੋਲੀ ਵਿਚ ਹਨ।

?  ਮੌੜ ਮੰਡੀ ਹਲਕੇ ਤੋਂ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਹਲਕੇ ਤੋਂ ਬਾਹਰਲੇ ਹਨ। ਮਨਪ੍ਰੀਤ ਸਿੰਘ ਬਾਦਲ ਉਤੇ ਉਥੋਂ ਦੇ ਲੋਕ ਕਿਸ ਕਾਰਨ ਯਕੀਨ ਕਰਨਗੇ।
- ਮੌੜ ਮੰਡੀ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਨੂੰ ਬੇਹੱਦ ਪਿਆਰ ਕਰਦੇ ਹਨ। ਉਥੋਂ ਪਹਿਲਾਂ ਮੈਂ ਚੋਣ ਲੜਨੀ ਸੀ। ਜਨਮੇਜਾ ਸਿੰਘ ਸੇਖੋਂ ਅਤੇ ਮੰਗਤ ਰਾਏ ਬਾਂਸਲ ਤਾਂ ਉਥੇ ਟਿਕਟਾਂ ਬਚਾਉਣ ਲਈ ਆਏ ਹਨ। ਕੋਈ ਸਮਾਂ ਸੀ ਜਦੋਂ ਪਾਰਟੀ ਦੇ ਸੰਭਾਵੀ ਉਮੀਦਵਾਰ ਅਪਣੇ ਪ੍ਰਧਾਨ ਤੋਂ ਇਹ ਕਹਿ ਕੇ ਟਿਕਟਾਂ ਮੰਗਣ ਜਾਂਦੇ ਸਨ ਕਿ ਮੈਨੂੰ ਇਸ ਹਲਕੇ ਤੋਂ ਟਿਕਟ ਦਿਓ, ਕਿਉਂਕਿ ਮੈਨੂੰ ਇਥੋਂ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਸਿਆਸਤਦਾਨ ਅੱਜ ਵੀ ਇਹੀ ਕਹਿੰਦੇ ਹਨ ਪਰ ਉਹ ਕਹਿੰਦੇ ਹਨ ਕਿ ਮੈਨੂੰ ਇਸ ਹਲਕੇ ਤੋਂ ਟਿਕਟ ਨਾ ਦਿਓ, ਕਿਉਂਕਿ ਮੈਨੂੰ ਇਥੋਂ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਸੇਖੋਂ ਤੇ ਬਾਂਸਲ ਦੋ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਸਨ ਤੇ ਉਹ ਹੁਣ ਅਪਣੀ ਹੋਂਦ ਬਚਾਉਣ ਲਈ ਇਥੇ ਆਏ ਹਨ। ਮੌੜ ਮੰਡੀ ਹਲਕਾ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਪਹਿਲਾਂ ਤੋਂ ਹੀ ਖੜ੍ਹਾ ਹੈ।

?  ਪੀਪਲਜ਼ ਪਾਰਟੀ ਨੇ ਅਪਣਾ 100 ਦਿਨ ਦਾ ਏਜੰਡਾ ਐਲਾਨਿਆ ਹੈ ਕਿ ਸੱਤਾ ਵਿਚ ਆਏ ਤਾਂ, ਲਾਲ ਬੱਤੀਆਂ ਲੁਹਾ ਦੇਵਾਂਗੇ, ਪੁਲਿਸ ਮੁਲਾਜ਼ਮਾਂ ਦੀ 8 ਘੰਟੇ ਡਿਊਟੀ ਹੋਏਗੀ, ਵੀਆਈਪੀ ਦੇ 90ਫ਼ੀ ਸਦੀ ਸੁਰੱਖਿਆ ਮੁਲਾਜਮ ਵਾਪਸ ਹੋਣਗੇ। ਇਸ ਬਾਰੇ ਕੁਝ ਹੋਰ ਦੱਸੋਂਗੇ।
- ਬਿਲਕੁਲ ਸਹੀ ਗੱਲ ਹੈ, ਕੋਈ ਲਾਲ ਬੱਤੀ ਨਹੀਂ ਹੋਵੇਗੀ। ਕੱਲ੍ਹ ਨੂੰ ਭਗਵੰਤ ਮਾਨ ਲਹਿਰਾਗਾਗਾ ਤੋਂ ਜਿੱਤ ਕੇ ਆਉਂਦਾ ਹੈ ਤਾਂ ਉਸ ਦੀ ਗੱਡੀ ਟੂ-ਟੂ ਕਰਦੀ ਖੱਚਰ ਰੇਹੜੇ, ਸਾਇਕਲਾਂ, ਟਰੱਕਾਂ, ਮੋਟਰ ਸਾਈਕਲਾਂ ਨੂੰ ਕੱਚੇ ਰਾਹਾਂ ‘ਚ ਲਾਹੁੰਦੀ ਅੱਗੇ ਲੰਘੇਗੀ, ਅਜਿਹੀ ਕੋਈ ਗੱਲ ਨਹੀਂ। ਕੋਈ ਗੰਨਮੈਨ ਨਹੀਂ ਹੋਣਗੇ। ਸਰਕਾਰੀ ਖਰਚੇ ‘ਤੇ ਕੋਈ ਵਿਦੇਸ਼ ਦੌਰਾ ਨਹੀਂ ਕਰ ਸਕਣਗੇ। ਪੰਜਾਬ ਨਾਲ ਵਿਦੇਸ਼ ਦੇ ਸਮਝੌਤੇ ਦੇ ਬਹਾਨੇ ਨਾਲ ਸਿਆਸਤਦਾਨ ਪਰਿਵਾਰਾਂ ਨੂੰ ਲੈ ਕੇ ਵਿਦੇਸ਼ ਚਲੇ ਜਾਂਦੇ ਹਨ, ਅਜਿਹਾ ਕੁਝ ਨਹੀਂ ਹੋਵੇਗਾ। ਸਰਕਾਰੀ ਮੁਲਾਜ਼ਮਾਂ ਦੀ ਤੈਅ ਸ਼ੁਦਾ ਸਮੇਂ ਤੱਕ ਡਿਊਟੀ ਹੈ ਤਾਂ ਪੁਲਿਸ ਵਾਲਿਆਂ ਲਈ ਵੀ 8 ਘੰਟੇ ਡਿਊਟੀ ਦਾ ਵਿਧਾਨ ਹੋਵੇਗਾ। ਪਰ ਉਹ ਡਿਊਟੀ ਦੌਰਾਨ ਕੋਈ ਕੁਤਾਹੀ ਨਹੀਂ ਕਰ ਸਕਣਗੇ। ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਪਹਿਲੀ ਵਾਰ ਚੇਤਾਵਨੀ ਦਿਤੀ ਜਾਵੇਗੀ ਅਤੇ ਦੂਸਰੀ ਵਾਰ ਸਿੱਧਾ ਅਸਤੀਫ਼ਾ ਲਿਆ ਜਾਵੇਗਾ। ਪਿੰਡਾਂ ਦੇ ਸਕੂਲਾਂ ਨੂੰ ਕੌਮਾਂਤਰੀ ਕੰਪਨੀਆਂ ਨਾਲ ਜੋੜਾਂਗੇ ਅਤੇ ਐਜੂਕੇਸ਼ਨ ਐਮਰਜੈਂਸੀ ਲਾਗੂ ਹੋਵੇਗੀ।

?  ਤੁਸੀਂ ਉੱਤਰੀ ਅਮਰੀਕਾ ਦੇ ਦੌਰੇ ‘ਤੇ ਗਏ। ਹੋਰਨਾਂ ਪਾਰਟੀਆਂ ਦੇ ਮੁਕਾਬਲੇ ਪੀਪਲਜ਼ ਪਾਰਟੀ ਨੂੰ ਕਾਫ਼ੀ ਵੱਡਾ ਹੁੰਗਾਰਾ ਮਿਲਣ ਦੇ ਚਰਚੇ ਹੋਏ। ਕੀ ਤੁਸੀਂ ਪਰਵਾਸੀ ਪੰਜਾਬੀਆਂ ‘ਚੋਂ ਵੀ ਕੋਈ ਉਮੀਦਵਾਰ ਐਲਾਨਿਆ ਹੈ।
- ਜਿੰਨੇ ਪਰਵਾਸੀ ਪੰਜਾਬੀ ਸਾਨੂੰ ਏਅਰਪੋਰਟ ‘ਤੇ ਲੈਣ ਆ ਜਾਂਦੇ ਸਨ, ਓਨੇ ਲੋਕ ਕਾਂਗਰਸ ਅਤੇ ਅਕਾਲੀਆਂ ਦੀਆਂ ਵੱਡੀਆਂ ਰੈਲੀਆਂ ‘ਚ ਆਉਂਦੇ ਸਨ। ਬੜੇ ਵੱਡੇ ਵੱਡੇ ਇਕੱਠ ਹੋਏ, ਬਹੁਤ ਪਿਆਰ ਮਿਲਿਆ। ਪਾਰਟੀ ਨੇ ਦੋ ਉਮੀਦਵਾਰ ਪਰਵਾਸੀ ਪੰਜਾਬੀਆਂ ਦੇ ਕੋਟੇ ‘ਚੋਂ ਐਲਾਨੇ ਹਨ। ਕੋਟਕਪੂਰਾ ਤੋਂ ਪਰਦੀਪ ਸਿੰਘ ਧਾਰੀਵਾਲ ਅਤੇ ਪਠਾਨਕੋਟ ਨੇੜੇ ਹਲਕਾ ਭੋਆ ਤੋਂ ਗੁਰਦੇਵ ਦੇਵ ਪਰਵਾਸੀ ਪੰਜਾਬੀ ਉਮੀਦਵਾਰ ਹਨ। ਪਰਦੀਪ ਸਿੰਘ ਪਤੰਗ ਚੋਣ ਨਿਸ਼ਾਨ ਤੋਂ ਅਤੇ ਗੁਰਦੇਵ ਦੇਵ ਦਾਤੀ ਹਥੌੜਾ ਚੋਣ ਨਿਸ਼ਾਨ ਤੋਂ ਲੜ ਰਹੇ ਹਨ। ਅਸੀਂ ਕੁਝ ਹੋਰ ਪਰਵਾਸੀ ਪੰਜਾਬੀ ਉਮੀਦਵਾਰ ਖੜ੍ਹੇ ਕਰਨਾ ਚਾਹੁੰਦੇ ਸਾਂ, ਪਰ ਉਹ ਚੋਣ ਕਮਿਸ਼ਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕੇ।

?  ਜੇ ਤੁਸੀਂ ਇਹ ਚੋਣ ਜਿੱਤ ਜਾਂਦੇ ਹੋ, ਤਾਂ ਲਹਿਰਾਗਾਗਾ ਅਤੇ ਪੰਜਾਬ ‘ਚ ਕੀ ਪਰਿਵਰਤਨ ਹੋਵੇਗਾ।
- ਇਕੱਲੇ ਲਹਿਰਾਗਾਗਾ ‘ਚ ਨਹੀਂ, ਸਾਰੇ ਪੰਜਾਬ ‘ਚ ਪਰਿਵਰਤਨ ਹੋਵੇਗਾ। ਅਸੀਂ ਕਾਨੂੰਨ ਦਾ ਰਾਜ ਲੈ ਕੇ ਆਵਾਂਗੇ। ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ। ਪੰਜਾਬ ਨੂੰ ਰੱਬ ਨੇ ਕੋਈ ਘਾਟ ਨਹੀਂ ਰੱਖੀ ਸੀ। ਲੋਕ ਮਿਹਨਤੀ ਹਨ ਅਤੇ ਧਰਤੀ ਉਪਜਾਊ ਹੈ ਪਰ ਇਮਾਨਦਾਰ ਅਤੇ ਦੂਰਦ੍ਰਿਸ਼ਟੀ ਵਾਲਾ ਕੋਈ ਲੀਡਰ ਨਹੀਂ ਮਿਲਿਆ ਸੀ। ਹੁਣ ਪ੍ਰਮਾਤਮਾ ਨੇ ਮਨਪ੍ਰੀਤ ਬਾਦਲ ਦੇ ਰੂਪ ਵਿਚ ਇਹ ਕਮੀ ਪੂਰੀ ਕਰ ਦਿਤੀ ਹੈ। ਅਸੀਂ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ।

No comments:

Post a Comment