ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, October 8, 2009

ਕੈਪਟਨ ਕੰਵਲਜੀਤ ਸਿੰਘ ਦੀ ਮੌਤ ਬਾਰੇ ਅਜੇ ਵੀ ਨਹੀਂ ਆਈ ਮੈਜਿਸਟਰੇਟੀ ਜਾਂਚ ਰਿਪੋਰਟ

ਚੰਡੀਗੜ੍ਹ : ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ ਦੀ ਮੈਜਿਸਟਰੇਟੀ ਜਾਂਚ ਦੇ ਕਿਸੇ ਤਣ ਪੱਤਣ ਨਾ ਲੱਗਣ ਨੇ ਰਾਜਨੀਤਕ ਹਲਕਿਆਂ ਵਿਚ ਰਹੱਸ ਪੈਦਾ ਕਰ ਦਿੱਤਾ ਹੈ। ਤਤਕਾਲੀਨ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ ਨੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਜਸਬੀਰ ਸਿੰਘ ਬੀਰ ਨੂੰ ਇਸ ਹਾਦਸੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਭਰੋਸੇਯੋਗ ਸੂਤਰਾਂ ਅਨੁਸਾਰ ਮੈਜਿਸਟਰੇਟੀ ਜਾਂਚ ਦੀ ਮੁਕੰਮਲ ਰਿਪੋਰਟ ਅਜੇ ਤੱਕ ਸਰਕਾਰ ਨੂੰ ਨਹੀਂ ਸੌਂਪੀ ਗਈ। ਦਰਅਸਲ ਮੈਜਿਸਟਰੇਟੀ ਜਾਂਚ ਮੁੱਢਲੇ ਪੜਾਅ ਤੋਂ ਅੱਗੇ ਹੀ ਨਹੀਂ ਤੁਰੀ। ਦੂਜੇ ਪਾਸੇ ਪੰਜਾਬ ਪੁਲਿਸ ਵਲੋਂ ਫੋਰੈਂਸਿਕ ਮਾਹਰਾਂ ਤੋਂ ਕਰਾਈ ਜਾਂਚ ਨੇ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਇਕ ਹਾਦਸੇ 'ਚ ਹੋਣ ਅਤੇ ਉਨ੍ਹਾਂ ਦੀ ਨਿੱਜੀ ਕਾਰ ਦੇ ਡਰਾਈਵਰ ਵਲੋਂ ਅਣਗਹਿਲੀ ਵਰਤਣ ਅਤੇ ਤੇਜ਼ ਰਫਤਾਰ ਨਾਲ ਕਾਰ ਚਲਾਉਣ ਦਾ ਸਿੱਟਾ ਕੱਢਿਆ ਹੈ। ਫੋਰੈਂਸਿਕ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਹੱਤਵਪੂਰਨ ਵਿਅਕਤੀਆਂ ਦੀਆਂ ਕਾਰਾਂ ਦੇ ਡਰਾਈਵਰਾਂ ਵਲੋਂ ਤੇਜ਼ ਰਫਤਾਰ ਨਾਲ ਕਾਰਾਂ ਚਲਾਉਣਾ ਜਿੱਥੇ ਆਮ ਲੋਕਾਂ ਲਈ ਖਤਰੇ ਤੋਂ ਖਾਲੀ ਨਹੀਂ, ਉੱਥੇ ਕਾਰ ਵਿਚ ਸਵਾਰ ਮਹੱਤਵਪੂਰਨ ਵਿਅਕਤੀਆਂ ਲਈ ਵੀ ਖਤਰਨਾਕ ਹੋ ਸਕਦਾ ਹੈ।ਮੈਜਿਸਟਰੇਟੀ ਜਾਂਚ ਦੇ ਹੁਕਮਾਂ ਤੋਂ ਬਾਅਦ ਇਕ ਦਫਾ ਤਾਂ ਜਸਬੀਰ ਸਿੰਘ ਬੀਰ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਅਤੇ ਹਾਦਸੇ ਦੇ ਮੁੱਢਲੇ ਕਾਰਨਾਂ ਬਾਰੇ ਤੱਥ ਇਕੱਤਰ ਕਰਕੇ ਮੁਢਲੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਸੀ। ਇਸ ਤੋਂ ਬਾਅਦ ਕੀ ਹੋਇਆ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਮੁੱਖ ਸਕੱਤਰ ਪੰਜਾਬ ਦੇ ਦਫਤਰ ਨੂੰ ਵੀ ਇਸ ਰਿਪੋਰਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤਕਰੀਬਨ 6 ਮਹੀਨਿਆਂ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਰਿਪੋਰਟ ਜਨਤਕ ਨਾ ਹੋਣ ਕਾਰਨ ਮਰਹੂਮ ਮੰਤਰੀ ਦੇ ਵਾਰਿਸਾਂ ਨੂੰ ਵੀ ਉਹ ਤਸੱਲੀ ਨਹੀਂ ਮਿਲ ਰਹੀ ਕਿ ਸਰਕਾਰ ਮਰਹੂਮ ਸਹਿਕਾਰਤਾ ਮੰਤਰੀ ਦੀ ਮੌਤ ਨਾਲ ਜੁੜੇ ਤੱਥਾਂ ਨੂੰ ਜਾਣਨ ਲਈ ਸੰਜੀਦਾ ਹੈ। ਸੂਤਰਾਂ ਮੁਤਾਬਕ ਸਵਰਗੀ ਮੰਤਰੀ ਦੀ ਸਪੁੱਤਰੀ ਮਨਪ੍ਰੀਤ ਕੌਰ ਡੌਲੀ ਨੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਤੋਂ ਰਿਪੋਰਟ ਬਾਰੇ ਜਾਨਣਾ ਚਾਹਿਆ ਤਾਂ ਉਹਨਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ। ਇਸ 'ਤੇ ਉਨ੍ਹਾਂ ਨੇ ਮੁਹਾਲੀ ਦੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸਵਰਗੀ ਮੰਤਰੀ ਦੀ ਧੀ ਨੂੰ ਇਸ ਵਿਚ ਵੀ ਸਫਲਤਾ ਨਾ ਮਿਲ ਸਕੀ। ਡੌਲੀ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ਦੀ ਰਿਪੋਰਟ ਬਾਰੇ ਅਜੇ ਤੱਕ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲੀ, ਪਰ ਸਾਡੇ ਪਰਿਵਾਰ ਨੂੰ ਹੈਰਾਨੀ ਜ਼ਰੂਰ ਹੈ ਕਿ ਪ੍ਰਸ਼ਾਸਨ ਨੇ ਇਕ ਵੱਡੇ ਰਾਜਸੀ ਆਗੂ ਦੀ ਹਾਦਸੇ ਵਿਚ ਹੋਈ ਮੌਤ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ।

No comments:

Post a Comment