ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਨੇ, ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

Thursday, October 21, 2010

ਬੇਅੰਤ ਹੱਤਿਆ ਕਾਂਡ : ਹਵਾਰਾ ਦੀ ਫ਼ਾਂਸੀ ਉਮਰ ਭਰ ਦੀ ਕੈਦ 'ਚ ਤਬਦੀਲ, ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਭਾਰਤ ਵਿਚਲੇ ਮੁਖੀ ਜਗਤਾਰ ਸਿੰਘ ਹਵਾਰਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਗਿਆ, ਜਦੋਂਕਿ ਉਸ ਦੇ ਸਹਿਯੋਗੀ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਅਦਾਲਤ ਨੇ ਬਰਕਰਾਰ ਰੱਖਿਆ ਹੈ। ਹਵਾਰਾ ਅਤੇ ਰਾਜੋਆਣਾ ਨੂੰ ਬੇਅੰਤ ਸਿੰਘ ਹੱਤਿਆ ਕਾਂਡ ਦੀ ਸੁਣਵਾਈ ਲਈ ਬੁੜੈਲ ਜੇਲ੍ਹ 'ਚ ਸਥਾਪਤ ਵਿਸ਼ੇਸ਼ ਅਦਾਲਤ ਨੇ 2007 'ਚ ਫ਼ਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਹਵਾਰਾ ਨੇ ਸਜ਼ਾ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਪੀਲ ਕੀਤੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਮਹਿਤਾਬ ਸਿੰਘ ਗਿੱਲ ਅਤੇ ਜੱਜ ਅਰਵਿੰਦ ਕੁਮਾਰ 'ਤੇ ਆਧਾਰਤ ਬੈਂਚ ਨੇ ਮੰਗਲਵਾਰ ਨੂੰ ਜਗਤਾਰ ਸਿੰਘ ਹਵਾਰਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਭਰ ਦੀ ਕੈਦ 'ਚ ਤਬਦੀਲ ਕਰਨ ਦਾ ਫ਼ੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ 30 ਅਤੇ 31 ਜੁਲਾਈ 1995 ਨੂੰ ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ਦੇ ਆਸਪਾਸ ਨਹੀਂ ਮਿਲਿਆ ਸੀ। ਅਦਾਲਤ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਫ਼ਾਂਸੀ ਦੀ ਸਜ਼ਾ ਉਮਰ ਭਰ ਦੀ ਕੈਦ 'ਚ ਤਬਦੀਲ ਕੀਤੀ ਜਾਂਦੀ ਹੈ। ਇਹ ਸਜ਼ਾ ਉਦੋਂ ਤੱਕ ਬਰਕਰਾਰ ਰਹੇਗੀ, ਜਦੋਂ ਤੱਕ ਹਵਾਰਾ ਦੀ ਮੌਤ ਨਾ ਹੋ ਜਾਵੇ।ਅਦਾਲਤ ਨੇ ਇਸੇ ਕੇਸ 'ਚ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਬਹਾਲ ਰੱਖਣ ਦਾ ਫ਼ੈਸਲਾ ਸੁਣਾਇਆ। ਯਾਦ ਰਹੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਵਾਰਾ ਦੀ ਅਪੀਲ 'ਤੇ ਸਜ਼ਾ ਵਿਰੁੱਧ ਸੁਣਵਾਈ ਮੌਕੇ ਵੀ ਬਲਵੰਤ ਸਿੰਘ ਰਾਜੋਆਣਾ ਨੇ ਹਾਈਕੋਰਟ ਕੋਲ ਆਪਣੇ ਜ਼ੁਰਮ ਦੇ ਇਕਬਾਲ ਵਾਲੇ ਤਿੰਨ ਬਿਆਨ ਦਿੱਤੇ ਸਨ। ਇਸੇ ਕਤਲ ਕੇਸ 'ਚ ਹੋਰ ਦੋਸ਼ੀਆਂ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਅਤੇ ਲਖਵਿੰਦਰ ਸਿੰਘ ਦੀ ਉਮਰ ਕੈਦ ਦੀ ਸਜ਼ਾ ਨੂੰ ਵੀ ਅਦਾਲਤ ਨੇ ਬਰਕਰਾਰ ਰੱਖਿਆ ਹੈ।

No comments:

Post a Comment