ਮੰਤਰੀ ਮੰਡਲ ਦਾ ਵਿਸਥਾਰ ਅਤੇ ਫ਼ੇਰਬਦਲ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਤਿੰਨ ਮੰਤਰੀਆਂ ਨੂੰ ਪ੍ਰਮੋਸ਼ਨ ਦਿੱਤਾ, ਜਦਕਿ ਤਿੰਨ ਨੂੰ
ਆਜ਼ਾਦ ਤੌਰ 'ਤੇ ਰਾਜ ਮੰਤਰੀ ਬਣਾ ਦਿੱਤਾ। ਪ੍ਰਮੋਸ਼ਨ ਹਾਸਲ ਕਰਨ ਵਾਲਿਆਂ 'ਚ ਐਨ.ਸੀ.ਪੀ. ਦੇ ਪ੍ਰਫ਼ੁੱਲ ਪਟੇਲ ਸ਼ਾਮਲ ਹਨ, ਜਿਨ੍ਹਾਂ ਨੂੰ ਨਾਗਰਿਕ ਉਡਾਣ ਮੰਤਰਾਲੇ ਤੋਂ ਹਟਾ ਕੇ ਕੈਬਨਿਟ ਮੰਤਰੀ ਦੇ ਰੂਪ ਵਿਚ ਭਾਰੀ ਉਦਯੋਗ ਮੰਤਰਾਲਾ ਸੌਂਪਿਆ ਗਿਆ ਹੈ। ਜਦੋਂਕਿ ਸ੍ਰੀ ਪ੍ਰਕਾਸ਼ ਜੈਸਵਾਲ ਨੂੰ ਕੋਲਾ ਵਿਭਾਗ 'ਚ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਲਮਾਨ ਖੁਰਸ਼ੀਦ ਨੂੰ ਜਲ ਸਰੋਤ ਮੰਤਰਾਲੇ ਦੀ ਵਾਗਡੋਰ ਸੰਭਾਲਦਿਆਂ ਵੇਨੀ ਪ੍ਰਸਾਦ ਵਰਮਾ ਨੂੰ ਇਸਪਾਤ ਆਜ਼ਾਦ ਰਾਜ ਮੰਤਰੀ ਅਤੇ ਅਜੇ ਮਾਕਨ ਨੂੰ ਖੇਡ ਤੇ ਯੁਵਾ ਮਾਮਲਿਆਂ ਦੇ ਆਜ਼ਾਦ ਤੌਰ 'ਤੇ ਰਾਜ ਮੰਤਰੀ ਬਣਾਇਆ ਗਿਆ ਹੈ। ਅਸ਼ਵਨੀ ਕੁਮਾਰ ਨੂੰ ਵੀ ਸੁਤੰਤਰ ਤੌਰ 'ਤੇ ਯੋਜਨਾ ਸੰਸਦੀ ਕਾਰਜ ਵਿਗਿਆਨ ਅਤੇ ਤਕਨੀਕੀ ਮਾਮਲਿਆਂ ਦਾ ਰਾਜ ਮੰਤਰੀ ਬਣਾਇਆ ਗਿਆ ਹੈ ਅਤੇ ਕੇ.ਸੀ. ਵੇਨੂ ਗੋਪਾਲ ਊਰਜਾ ਰਾਜ ਮੰਤਰੀ ਹੋਣਗੇ। ਫ਼ੇਰਬਦਲ ਦੀ ਖ਼ਾਸ ਗੱਲ ਇਹ ਰਹੀ ਕਿ ਕੁਮਾਰੀ ਸ਼ੈਲਜਾ ਤੋਂ ਜਿਥੇ ਟੂਰਿਜ਼ਮ ਵਿਭਾਗ ਵਾਪਸ ਲਿਆ ਗਿਆ, ਉਥੇ ਮਨੋਹਰ ਸਿੰਘ ਗਿੱਲ ਤੋਂ ਵੀ ਖੇਡ ਤੇ ਯੁਵਾ ਭਲਾਈ ਵਿਭਾਗ ਵਾਪਸ ਲੈ ਲਿਆ ਗਿਆ ਹੈ।
