ਜਲੰਧਰ : ਪੰਜਾਬ ਵਿਚ ਐਨਆਰਆਈ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ ਪਰਵਾਸੀ ਪੰਜਾਬੀ
ਸੰਮੇਲਨ ਇਕ ਫਲਾਪ ਸ਼ੋਅ ਸਾਬਤ ਹੋਇਆ। ਜਲੰਧਰ ਵਿਚ ਲੰਘੇ ਮੰਗਲਵਾਰ ਨੂੰ ਕਰਵਾਏ ਇਸ ਸੰਮੇਲਨ ਵਿਚ ਲੰਬੀ ਉਡੀਕ ਤੋਂ ਬਾਅਦ ਵੀ ਪ੍ਰਬੰਧਕਾਂ ਨੂੰ ਐਨਆਰਆਈ ਮਹਿਮਾਨਾਂ ਦੇ ਦਰਸ਼ਨ ਦੁਰਲੱਭ ਹੋ ਗਏ। 2000 ਲੋਕਾਂ ਲਈ ਲੱਖਾਂ ਰੁਪਏ ਖਰਚ ਕਰਕੇ ਕਰਵਾਏ ਇਸ ਸੰਮੇਲਨ ਵਿਚ ਸਿਰਫ਼ 150 ਐਨਆਰਆਈਜ਼ ਪਹੁੰਚੇ। ਪਰਵਾਸੀ ਪੰਜਾਬੀ ਮਹਿਮਾਨਾਂ ਦੀ ਭੀੜ ਜੁਟਾਉਣ ਦਾ ਲੰਬਾ ਇੰਤਜਾਰ ਕਰਨ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਢਾਈ ਘੰਟੇ ਲੇਟ ਪਹੁੰਚੇ।ਪੰਜਾਬ ਸਰਕਾਰ ਵਲੋਂ ਕਰਵਾਏ ਗਏ ਇਸ ਫਲਾਪ ਸ਼ੋਅ ਵਿਚ ਜ਼ਿਆਦਾਤਰ ਕੁਰਸੀਆਂ ਖਾਲੀ ਰਹੀਆਂ, ਜਿਹੜੀਆਂ ਸੀਟਾਂ ਭਰੀਆਂ ਹੋਈਆਂ ਸਨ, ਉਨ੍ਹਾਂ ‘ਤੇ ਅਕਾਲੀ ਨੇਤਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਬੈਠੇ ਨਜ਼ਰ ਆਏ। ਇਥੋਂ ਤੱਕ ਕਿ ਮਿੰਨੀ ਪੰਜਾਬ ਕਹਾਉਣ ਵਾਲੇ ਕੈਨੇਡਾ ਤੋਂ ਸਿਰਫ਼ 20 ਬੰਦਿਆਂ ਨੇ ਹੀ ਅਪਣੇ ਨਾਂ ਦਰਜ ਕਰਵਾਏ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਦੌਰੇ ‘ਤੇ ਆਈ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਰੂਬੀ ਢੱਲਾ, ਸੁੱਖ ਧਾਲੀਵਾਲ ਅਤੇ ਪੀਟਰ ਸੰਧੂ ਵੀ ਸੰਮੇਲਨ ਤੋਂ ਦੂਰ ਰਹੇ। ਸਿਰਫ਼ ਯੂਕੇ ਦੇ ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ ਹੀ ਸੰਮੇਲਨ ਵਿਚ ਸੰਬੋਧਨ ਕਰਨ ਲਈ ਪਹੁੰਚੇ।

No comments:
Post a Comment