ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, January 20, 2011

ਫ਼ਿਲਮ ਅਦਾਕਾਰ ਵਿਵੇਕ ਸ਼ੌਕ ਨਹੀਂ ਰਹੇ

ਮੁੰਬਈ : ਅਪਣੀ ਬੇਜੋੜ ਅਦਾਕਾਰੀ ਨਾਲ ਦੇਸ਼ ਵਿਦੇਸ਼ ਵਿਚ ਨਾਮ ਕਮਾਉਣ ਵਾਲੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਵਿਵੇਕ ਸ਼ੌਕ ਮੁੰਬਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹਨ। 47 ਸਾਲਾ ਵਿਵੇਕ ਸ਼ੌਕ ਨੇ ਜਲੰਧਰ ਦੂਰਦਰਸ਼ਨ ਤੋਂ ‘ਹਾਸਿਆਂ ਦੀ ਪਿਟਾਰੀ‘ ਪ੍ਰੋਗਰਾਮ ਤੋਂ ਅਪਣੀ ਅਦਾਕਾਰੀ ਅਤੇ ਕਾਮੇਡੀ ਦੀ ਸ਼ੁਰੂਆਤ ਕੀਤੀ ਅਤੇ ਕੁਝ ਹੀ ਸਾਲਾਂ ਵਿਚ ਉਹ ਬੌਲੀਵੁੱਡ ‘ਚ ਵੀ ਜਾਣੇ ਪਹਿਚਾਣੇ ਕਲਾਕਾਰ ਬਣ ਗਏ। ਪੰਜਾਬੀ ਫਿਲਮਾਂ, ਬੌਲੀਵੁੱਡ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿਚ ਅਮਿੱਟ ਛਾਪ ਛੱਡਣ ਵਾਲੇ ਵਿਵੇਕ ਸ਼ੌਕ ਦਾ ਥੀਏਟਰ ਦੀ ਦੁਨੀਆ ਵਿਚ ਵੱਡਾ ਨਾਂ ਸੀ। ਤਕਰੀਬਨ 54 ਫਿਲਮਾਂ ਵਿਚ ਉਨਾਂ ਨੇ ਕੰਮ ਕੀਤਾ, ਜਿਨ੍ਹਾਂ ਵਿਚੋਂ ਫਿਲਮ ‘ਗਦਰ-ਇਕ ਪ੍ਰੇਮ ਕਥਾ‘, ‘ਅੰਦਾਜ਼‘ ਅਤੇ ‘ਦਿਲ ਹੁਆ ਤੁਮਾਰਾ‘ ਵਿਚ ਨਿਭਾਏ ਕਿਰਦਾਰ ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਟੀਵੀ ਸਕਰੀਨ ‘ਤੇ ਉਨਾਂ ਨੇ ਕਾਮੇਡੀਅਨ ਜਸਪਾਲ ਭੱਟੀ ਨਾਲ ‘ਉਲਟਾ ਪੁਲਟਾ‘ ਅਤੇ ‘ਫਲਾਪ ਸ਼ੋਅ‘ ਵਿਚ ਵੀ ਅਪਣੀ ਪਹਿਚਾਣ ਗੂੜੀ ਕੀਤੀ। ‘ਨਾਲਾਇਕ‘ ਵਰਗੀਆਂ ਕੁਝ ਫਿਲਮਾਂ ਬਣਾਈਆਂ ਵੀ ਹਨ। ਉਨਾਂ ਦੀਆਂ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਅਜੇ ਰਿਲੀਜ਼ ਹੋਣੀਆਂ ਬਾਕੀ ਹਨ।
ਵਿਵੇਕ ਸ਼ੌਕ ਅਪਣੇ ਪਿਤਾ ਧਰਮ ਸਿੰਘ ਸ਼ੌਕ ਤੇ ਮਾਤਾ ਪਦਮਾ ਸ਼ੌਕ ਦੇ ਲਾਡਲੇ ਪੁੱਤਰ ਅਤੇ ਭੈਣ ਬੱਬਲ ਦੇ ਇਕਲੌਤੇ ਭਰਾ ਸਨ। ਉਨ੍ਹਾਂ ਚੰਡੀਗੜ੍ਹ ਦੇ ਸੈਕਟਰ-35 ਦੇ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਤੋਂ ਮੁੱਢਲੀ ਸਿੱਖਿਆ ਲੈਣ ਉਪਰੰਤ ਇੰਜੀਨੀਅਰਿੰਗ ਦੀ ਪੜ੍ਹਾਈ ਚੰਡੀਗੜ੍ਹ ਦੇ ਸੈਕਟਰ 30 ਸੀਐੱਸਆਈਓ ਤੋਂ ਪੂਰੀ ਕੀਤੀ। ਟੀਵੀ ਦੇ ਪ੍ਰੋਗਰਾਮਾਂ ਦੇ ਸਫ਼ਰ ਤੋਂ ਹੁੰਦੇ ਹੋਏ ਪੰਜਾਬੀ ਤੇ ਹਿੰਦੀ ਫਿਲਮਾਂ ਵਿਚ ਅਪਣਾ ਨਿਵੇਕਲਾ ਸਥਾਨ ਬਣਾਇਆ।

No comments:

Post a Comment