ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਨੇ, ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

Monday, March 30, 2009

ਪੰਜਾਬ ਦੇ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ

ਚੰਡੀਗੜ : ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਪਿੰਡ ਖਾਨਪੁਰ (ਖਰੜ-ਲੁਧਿਆਣਾ ਰੋਡ) ਨੇੜੇ ਐਤਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜਿੱਥੇ ਗੱਡੀ ਦਾ ਅੱਧਾ ਹਿੱਸਾ ਚਕਨਾਚੂਰ ਹੋ ਗਿਆ, ਉਥੇ ਮਸਾਂ ਗੱਡੀ ਵਿੱਚੋਂ ਕੱਢਿਆ ਗਿਆ। ਕੈਪਟਨ ਕੰਵਲਜੀਤ ਸਿੰਘ ਦੇ ਸਿਰ ’ਤੇ ਜ਼ਖਮ ਹੋ ਗਏ ਸਨ। ਇਹ ਹਾਦਸਾ ਸ਼ਾਮ 4.30 ਵਜੇ ਦੇ ਕਰੀਬ ਖਾਨਪੁਰ ਪੁਲ ਤੋਂ ਜਾਂਦੇ ਟਰੱਕਾਂ ਅਤੇ ਕੈਪਟਨ ਕੰਵਲਜੀਤ ਸਿੰਘ ਦੀ ਗੱਡੀ ਦੇ ਦਰਮਿਆਨ ਹੋਇਆ। ਉਹ ਲੁਧਿਆਣਾ ਤੋਂ ਚੰਡੀਗੜ ਵੱਲ ਆ ਰਹੇ ਸਨ। ਤੁਰੰਤ ਸਿਵਲ ਹਸਪਤਾਲ ਖਰੜ ਵਿਖੇ ਲਿਆਂਦਾ ਗਿਆ, ਜਿੱਥੋਂ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਪੀਜੀਆਈ ਦੇ ਡਾਕਟਰਾਂ ਨੇ ਲਗਾਤਾਰ ਸਾਢੇ ਤਿੰਨ ਘੰਟੇ ਬਚਾਉਣ ਦੀ ਕੋਸ਼ਿਸ਼ ਕੀਤੀ। ਅਖ਼ੀਰ 8:30 ਵਜੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਗੰਨਮੈਨ ਪਰਮਿੰਦਰ ਸਿੰਘ ਦੀ ਵੀ ਆਖਰੀ ਖਬਰਾਂ ਮਿਲਣ ਤੱਕ ਹਾਲਤ ਗੰਭੀਰ ਸੀ। ਮੰਦਭਾਗੀ ਖਬਰ ਸੁਣ ਕੇ ਉਨਾਂ ਦੇ ਸ਼ੁਭਚਿੰਤਕਾਂ ਤੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।
ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ, ਬੀਬੀ ਸੁਰਿੰਦਰ ਕੌਰ ਬਾਦਲ, ਡਾ. ਦਲਜੀਤ ਸਿੰਘ ਚੀਮਾ, ਗਗਨਦੀਪ ਸਿੰਘ ਬਰਨਾਲਾ, ਮੁੱਖ ਸਕੱਤਰ ਰਮੇਸ਼ਇੰਦਰ ਸਿੰਘ, ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਅਤੇ ਗਗਨਦੀਪ ਸਿੰਘ ਬਰਾੜ ਸਮੇਤ ਸਾਰੀ ਅਫਸਰਸ਼ਾਹੀ ਉਥੇ ਪਹੁੰਚ ਗਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਕੰਵਲਜੀਤ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਹਾਦਸੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਪੂਰਾ ਪੰਜਾਬ ਸੋਗ ਵਜੋਂ ਇਕ ਦਿਨ ਲਈ ਬੰਦ ਰੱਖਣ ਅਤੇ ਸੱਤ ਦਿਨ ਦੇ ਸੂਬਾ ਪੱਧਰੀ ਸੋਗ ਰੱਖਣ ਦਾ ਐਲਾਨ ਕਰ ਦਿੱਤਾ ਗਿਆ।
ਕੈਪਟਨ ਕੰਵਲਜੀਤ ਸਿੰਘ ਦਾ ਜਨਮ 1 ਸਤਬੰਰ 1942 ਨੂੰ ਪਟਿਆਲਾ ਦੇ ਪਿੰਡ ਸਲਾਣਾ (ਨਾਭਾ) ਵਿਖੇ ਮਰਹੂਮ ਸ. ਦਾਰਾ ਸਿੰਘ ਦੇ ਘਰ ਹੋਇਆ। ਉਹ ਚੌਥੀ ਵਾਰ ਬਨੂੜ ਹਲਕੇ ਤੋਂ ਐਮ ਐਲ ਏ ਬਣੇ ਸਨ। ਉਹ ਇੱਕ ਵਾਰੀ ਖ਼ਜ਼ਾਨਾ ਮੰਤਰੀ, ਗ੍ਰਹਿ ਮੰਤਰੀ ਅਤੇ ਹੁਣ ਉਹ ਸਰਕਾਰ ਵਿੱਚ ਸਹਿਕਾਰਤਾ ਮੰਤਰੀ ਸਨ। ਉਹ ਇੱਕ ਬਹੁਤ ਹੀ ਇਮਾਨਦਾਰ ਅਤੇ ਬੇਦਾਗ਼ ਸ਼ਖਸੀਅਤ ਸਨ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਸਿੰਘ ਭੱਠਲ, ਸੀਨੀਅਰ ਅਕਾਲੀ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਅਨੇਕਾਂ ਆਗੂਆਂ ਨੇ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਵੱਖਰੇ ਸ਼ੋਕ ਸੁਨੇਹੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਅਪਣਾ ਕਰੀਬੀ ਦੋਸਤ ਗੁਆ ਦਿੱਤਾ ਹੈ। ਉਨਾਂ ਕਿਹਾ ਕਿ ਉਹ ਇਕੋ ਰੈਜੀਮੈਂਟ ਵਿਚ ਇਕੋ ਅਹੁਦੇ ’ਤੇ ਰਹੇ ਅਤੇ ਕਈ ਦਹਾਕਿਆਂ ਤੋਂ ਉਨਾਂ ਵਿਚ ਪਿਆਰ ਬਰਕਰਾਰ ਰਿਹਾ।

ਸੜਕ ਹਾਦਸੇ ’ਚ ਯੂਥ ਅਕਾਲੀ ਆਗੂ ਸਣੇ 4 ਮੌਤਾਂ
ਮਾਹਿਲਪੁਰ : ਮਾਹਿਲਪੁਰ-ਹੁਸ਼ਿਆਰਪੁਰ ਰੋਡ ’ਤੇ ਅੱਡਾ ਜੈਤਪੁਰ ਕੋਲ ਇੱਕ ਜ਼ੈਨ ਕਾਰ ਅਤੇ ਇੱਕ ਟੈਂਪੂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕਾਰ ’ਚ ਸਵਾਰ 4 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 11 ਕੁ ਵਜੇ ਪਿੰਡ ਲਾਚੋਵਾਲ ਤੋਂ ਯੂਥ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨ ਗੁਰਬਿੰਦਰ ਸਿੰਘ (35), ਪਤਨੀ ਜਸਵਿੰਦਰ ਕੌਰ (30), ਬੇਟੀ ਏਕਮਜੋਤ ਕੌਰ (4) ਅਤੇ ਮਾਤਾ ਕੁਲਦੀਪ ਕੌਰ (55) ਮਾਹਿਲਪੁਰ ਵੱਲ ਨੂੰ ਆਪਣੀ ਕਾਰ ਵਿੱਚ ਆ ਰਹੇ ਸਨ। ਜਦੋਂ ਕਿ ਦੂਜੇ ਪਾਸੇ ਤੋਂ ਇੱਕ ਟੈਂਪੂ, ਜਿਹੜਾ ਕਿ ਦਿੱਲੀ ਤੋਂ ਬੱਲ•ੋਵਾਲ ਵੱਲ ਨੂੰ ਜਾ ਰਿਹਾ ਸੀ, ਕਾਰ ਨਾਲ ਟਕਰਾ ਗਿਆ।
ਟੈਂਪੂ ਵਿੱਚ ਡਰਾਇਵਰ ਸਣੇ 4 ਵਿਅਕਤੀ ਸਵਾਰ ਸਨ। ਟੈਂਪੂ ਵਿੱਚ 4 ਵਿਅਕਤੀ ਜ਼ਖ਼ਮੀ ਹੋ ਗਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ।

No comments:

Post a Comment