ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਨੇ, ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

Wednesday, March 11, 2009

ਪਾਕਿਸਤਾਨ ’ਚ ਸਿਆਸੀ ਤਖਤਾ ਪਲਟ ਦੀ ਸੰਭਾਵਨਾ

ਦੇਰ ਰਾਤ ਨੂੰ ਜਰਦਾਰੀ ਵਾਪਸ ਪਾਕਿਸਤਾਨ ਪਹੁੰਚ ਗਏ, ਅਗਲੇ ਰਾਸ਼ਟਰਪਤੀ ਦੇ ਨਾਂ ’ਤੇ ਹੁਣੇ ਤੋਂ ਚਰਚਾ ਛਿੜੀ
ਲਾਹੌਰ : ਪਾਕਿਸਤਾਨ ਵਿਚ ਇਕ ਵਾਰ ਫਿਰ ਸਿਆਸੀ ਤਖਤਾ ਪਲਟਣ ਦੇ ਆਸਾਰ ਬਣ ਗਏ ਹਨ। ਪਾਕਿਸਤਾਨ ਦੀ ਕਮਾਨ ਮੁੜ ਤੋਂ ਪਾਕਿਸਤਾਨ ਦੇ ਸੈਨਾ ਮੁਖੀ ਦੇ ਹੱਥ ਆਉਣ ਦੀ ਸੰਭਾਵਨਾ ਹੈ ਪਰ ਲੱਗਦਾ ਹੈ ਕਿ ਇਸ ਵਾਰ ਸਿੱਧੇ ਹੀ ਸੱਤਾ ਭਾਵੇਂ ਸੈਨਾ ਮੁਖੀ ਕਿਆਨੀ ਦੇ ਹੱਥ ਹੋਵੇਗੀ, ਪਰ ਸਰਕਾਰ ਚਲਾਉਣ ਜਾਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲਾ ਮਖੌਟਾ ਕੋਈ ਹੋਰ ਹੋਵੇਗਾ। ਪਾਕਿਸਤਾਨ ਵਿਚ ਇਸ ਵੇਲੇ ਐਮਰਜੈਂਸੀ ਵਾਲੇ ਹਾਲਾਤ ਹਨ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਮੁਲਕ ਤੋਂ ਬਾਹਰ ਸਨ ਅਤੇ ਉਹ ਇਰਾਨ ਵਿਚ ਦੱਸੇ ਜਾ ਰਹੇ ਸਨ। ਵਿਰੋਧੀ ਆਗੂ ਨਵਾਜ ਸ਼ਰੀਫ ਪਾਕਿਸਤਾਨ ਵਿਚ ਇਹ ਰੌਲਾ ਪਾ ਰਹੇ ਹਨ ਕਿ ਜਰਦਾਰੀ ਦੇਸ਼ ਛੱਡ ਕੇ ਭੱਜ ਨਿਕਲੇ ਹਨ ਅਤੇ ਉਹ ਹੁਣ ਵਾਪਸ ਆਉਣ ਵਾਲੇ ਨਹੀਂ। ਇਸੇ ਦੌਰਾਨ ਦੇਸ਼ ਵਿਚ ਵੱਡੀ ਪਧਰ ’ਤੇ ਗ੍ਰਿਫਤਾਰੀਆਂ ਦਾ ਸਿਲਸਿਲਾ ਚੱਲ ਰਿਹਾ ਹੈ। ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਇਮਰਾਨ ਖਾਨ ਦੇ ਘਰ ਵੀ ਛਾਪੇਮਾਰੀ ਹੋਣ ਦੀ ਖਬਰ ਹਨ। ਪਾਕਿਸਤਾਨੀ ਟੀਵੀ ਚੈਨਲਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਕਿਸੇ ਵੀ ਸਮੇਂ ਮੁੜ ਤਖਤਾ ਪਲਟ ਹੋ ਸਕਦਾ ਹੈ। ਓਧਰ ਪਰਵੇਜ਼ ਮੁਸ਼ਰਫ ਵੀ ਪਾਕਿਸਤਾਨ ਦੀ ਸੱਤਾ ਇਕ ਵਾਰ ਫਿਰ ਸੰਭਾਲਣ ਦਾ ਸੰਕੇਤ ਦੇ ਚੁੱਕੇ ਹਨ। ਭਾਰਤ ਦੌਰੇ ਦੌਰਾਨ ਮੁਸ਼ੱਰਫ ਨੇ ਕਿਹਾ ਸੀ ਕਿ ਜੇਕਰ ਤਾਕਤਾਂ ਦੇ ਕੇ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਵੀ ਉਹ ਸੰਭਾਲਣ ਵਿਚ ਨਹੀਂ ਹਿਚਕਚਾਉਣਗੇ। ਸੰਭਾਵੀ ਰਾਸ਼ਟਰਪਤੀ ਦੇ ਰੂਪ ਵਿਚ ਪ੍ਰਧਾਨ ਮੰਤਰੀ ਗਿਲਾਨੀ ਦਾ ਨਾਂ ਵੀ ਉਭਰ ਰਿਹਾ ਹੈ।
ਬੁਧਵਾਰ ਦੇਰ ਰਾਤ ਨੂੰ ਜਰਦਾਰੀ ਵਾਪਸ ਪਾਕਿਸਤਾਨ ਪਹੁੰਚ ਗਏ, ਜਿਸ ਤੋਂ ਬਾਅਦ ਨਵੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਹੋਣ ਦੇ ਆਸਾਰ ਹਨ।

No comments:

Post a Comment