ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Monday, February 15, 2010

ਸੰਤੋਖ ਸਿੰਘ ਧੀਰ ਦਾ ਅਕਾਲ ਚਲਾਣਾ

ਪੀਲੀਏ ਕਾਰਨ ਪੀਜੀਆਈ `ਚ ਸਨ ਜ਼ੇਰੇ ਇਲਾਜ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਚੰਡੀਗੜ੍ਹ: ਪੰਜਾਬੀ ਦੇ ਉੱਘੇ ਲੇਖਕ ਸੰਤੋਖ ਸਿੰਘ ਧੀਰ ਅਕਾਲ ਚਲਾਣਾ ਕਰ ਗਏ ਹਨ। ਚੰਡੀਗੜ੍ਹ ਦੇ ਪੀਜੀਆਈ ਵਿਚ ਜ਼ੇਰੇ ਇਲਾਜ ਸ. ਧੀਰ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਸ ਵੇਲੇ ਹੰਭ ਗਈਆਂ ਜਦੋਂ ਦਿਲ ਦਾ ਦੌਰਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। ਸੱਤ ਦਹਾਕਿਆਂ ਤੋਂ ਪੰਜਾਬੀ ਬੋਲੀ ਦੀ ਸੇਵਾ ਵਿਚ 50 ਦੇ ਕਰੀਬ ਪੁਸਤਕਾਂ ਲਿਖਣ ਵਾਲੇ ਲੋਕਾਂ ਦੇ ਲੇਖਕ ਸੰਤੋਖ ਸਿੰਘ ਧੀਰ ਹਫਤਾ ਪਹਿਲਾਂ ਪੀਲੀਏ ਦੀ ਜਕੜ `ਚ ਆ ਕੇ ਪੀਜੀਆਈ ਵਿਚ ਦਾਖਲ ਹੋਏ ਸਨ ਪਰ ਸੋਮਵਾਰ ਨੂੰ ਸ਼ਾਮੀ ਪੰਜ ਵਜੇ ਦਿਲ ਦਾ ਦੌਰੇ ਕਾਰਨ ਦਮ ਤੋੜ ਗਏ। ਡਾਕਟਰਾਂ ਨੂੰ ਇਲਾਜ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੈ ਜਿਸ ਕਰਕੇ ਪੀਲੀਆ ਹੋ ਗਿਆ ਸੀ। ਉਹ ਆਪਣੇ ਪਿਛੇ ਇਕ ਬੇਟਾ ਅਤੇ ਚਾਰ ਬੇਟੀਆਂ ਛੱਡ ਗਏ ਹਨ।
ਸੰਤੋਖ ਸਿੰਘ ਧੀਰ ਦੇ ਦਾਮਾਦ ਦਵਿੰਦਰਜੀਤ ਸਿੰਘ ਦਰਸ਼ੀ, ਬਲਜੀਤ ਪੰਨੂ ਅਤੇ ਬੰਤ ਸਿੰਘ ਰਾਏਪੁਰੀ ਦੀ ਪੱਤਰਕਾਰੀ ਖੇਤਰ ਵਿਚ ਵੱਖਰੀ ਪਛਾਣ ਹੈ। ਪਰਿਵਾਰ ਵਲੋਂ ਸ. ਦਰਸ਼ੀ ਨੇ ਜਾਣਕਾਰੀ ਦਿੱਤੀ ਹੈ ਕਿ ਸ. ਧੀਰ ਦੀਆਂ ਅੱਖਾਂ ਤਾਂ ਪਹਿਲਾਂ ਹੀ ਦਾਨ ਕਰ ਦਿੱਤੀਆਂ ਗਈਆਂ ਸਨ ਪਰ ਪਰਿਵਾਰ ਨੇ ਉਨ੍ਹਾਂ ਦੀ ਦੇਹ ਵੀ ਸਸਕਾਰ ਕਰਨ ਦੀ ਥਾਂ ਪੀਜੀਆਈ ਨੂੰ ਦਾਨ ਕਰਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਪੀਜੀਆਈ ਦੇ ਅਧਿਕਾਰੀਆਂ ਨੇ ਪ੍ਰਵਾਨ ਕਰ ਲਿਆ ਹੈ।
ਪੰਜਾਬੀ ਸਾਹਿਤ ਵਿਚ ਸਿੱਕਾ ਜਮਾਉਣ ਵਾਲੇ ਸ. ਧੀਰ ਬਸੀ ਪਠਾਣਾ ਕਸਬੇ ਦੇ ਜੰਮਪਲ ਹਨ। ਉਨ੍ਹਾਂ ਨੇ ਆਪਣਾ ਕੁਝ ਸਮਾਂ ਰਾਵਲਪਿੰਡੀ ਆਪਣੇ ਨਾਨਕੇ ਵੀ ਗੁਜਾਰਿਆ ਸੀ। ਉਨ੍ਹਾਂ ਨੇ 20 ਸਾਲ ਦੀ ਉਮਰ ਵਿਚ ਹੀ ‘ਗੁੱਡੀਆਂ ਪਟੋਲੇ’ ਅਤੇ ‘ਪਹੁ ਫੁਟਾਲਾ’ ਪੁਸਤਕਾਂ ਲਿਖ ਦਿੱਤੀਆਂ ਸਨ। ਉਨ੍ਹਾਂ ਨੇ ਬਿਸਤਰੇ `ਤੇ ਪਿਆਂ ਬਿਮਾਰੀ ਦੀ ਹਾਲਤ ਵਿਚ ਹੀ ਪਿਛਲੇ ਦਿਨੀਂ ‘ਕੋਧਰੇ ਦਾ ਮਹਾਂਗੀਤ’ ਪੁਸਤਕ ਲਿਖੀ ਸੀ ਜਿਹੜੀ ਕਿ ਉਨ੍ਹਾਂ ਦੀ ਆਖਰੀ ਪੁਸਤਕ ਬਣ ਗਈ। ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਸੇਵਾ ਲਈ ਸ਼ੋ੍ਰਮਣੀ ਸਹਿਤਕਾਰ ਐਵਾਰਡ ਨਾਲ ਸਨਮਾਨਿਆ ਗਿਆ ਸੀ। ਉਨ੍ਹਾਂ ਨੇ ਕਹਾਣੀਆਂ, ਕਵਿਤਾਵਾਂ, ਸਵੈ-ਜੀਵਨੀ, ਸਫਰਨਾਮਾ ਅਤੇ ਨਾਵਲਾਂ ਸਮੇਤ 50 ਦੇ ਲਗਭਗ ਪੁਸਤਕਾਂ ਪੰਜਾਬੀ ਬੋਲੀ ਨੂੰ ਦਿੱਤੀਆਂ।

No comments:

Post a Comment