ਸਿੱਖ ਆਗੂਆਂ ਨੇ ਕਿਹਾ, ਜ਼ਹਿਰੀਲਾ ਪ੍ਰਚਾਰ ਕੈਨੇਡਾ ਦੀ ਦੂਜੀ ਤੇ ਤੀਜੀ ਸਿੱਖ ਪੀੜ੍ਹੀ ਨਹੀਂ ਕਰ ਰਹੀ, ਸਗੋਂ ਖੁਦ ਦੁਸਾਂਝ ਕਰ ਰਹੇ ਹਨ‘ਕੈਨੇਡਾ ਦੀ ਨੌਜਵਾਨ ਸਿੱਖ ਪੀੜ੍ਹੀ ਕੌਮ ਦਾ ਸੁਨਹਿਰੀ ਭਵਿੱਖ ਸਿਰਜਣ ਵੱਲ’ : ਸੁੱਖ ਧਾਲੀਵਾਲ
ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਅਤੇ ਮੌਜੂਦਾ ਪਾਰਲੀਮੈਂਟ ਮੈਂਬਰ ਉੱਜਲ ਦੋਸਾਂਝ ਨੇ ਇਕ ਵਾਰ ਫਿਰ ਖਾਲਿਸਤਾਨ ਬਾਰੇ ਟਿੱਪਣੀਆਂ
ਕਰਕੇ ਵਿਵਾਦ ਸਹੇੜ ਲਿਆ ਹੈ। ਖਾਲਿਸਤਾਨ ਬਾਰੇ ਇਹ ਬਿਆਨਬਾਜ਼ੀ ਉਨਾਂ ਨੇ ਅਪਣੇ ਹਾਲੀਆ ਪੰਜਾਬ ਦੌਰੇ ਮੌਕੇ ਕੀਤੀ ਸੀ ਅਤੇ ਕੁਝ ਦਿਨ ਪਹਿਲਾਂ ਇਕ ਇੰਟਰਵਿਊ ਦੌਰਾਨ ਵੀ ਉਨਾਂ ਨੇ ਇਹੀ ਬਿਆਨ ਦਹੁਰਾਏ ਹਨ। ਕਾਬਿਲੇਗੌਰ ਹੈ ਕਿ ਉੱਜਲ ਦੋਸਾਂਝ ਨੇ ਕੈਨੇਡੀਅਨ ਸਰਕਾਰ ਨੰੂ ਪਰਵਾਸੀ ਸਿੱਖਾਂ ਦੀ ਦੂਜੀ ਤੇ ਤੀਜੀ ਪੀੜ੍ਹੀ ਵਲੋਂ ਖਾਲਿਸਤਾਨ ਦੇ ਕੀਤੇ ਜਾ ਰਹੇ ਪ੍ਰਚਾਰ ਬਾਰੇ ਖਬਰਦਾਰ ਕੀਤਾ ਹੈ। ਅਪਣੇ ਜੀਵਨ ਤੇ ਪ੍ਰਾਪਤੀਆਂ ਬਾਰੇ 45 ਮਿੰਟ ਦੀ ਇਕ ਦਸਤਾਵੇਜ਼ੀ ਫਿਲਮ ਦੇ ਰਿਲੀਜ਼ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀ ਉੱਜਲ ਦੌਸਾਂਝ ਨੇ ਕਿਹਾ ਕਿ ਕਈ ਵਾਰ ਇਹ ਪ੍ਰਚਾਰ ਕੁਸੈਲਾ ਤੇ ਮੰਦਭਾਵੀ ਹੋ ਜਾਦਾ ਹੈ। ਸਮਾਂ ਆ ਗਿਆ ਹੈ ਕਿ ਕੈਨੇਡਾ ਸਰਕਾਰ ਇਨਾਂ ਖਾਲਿਸਤਾਨੀ ਸਰਗਰਮੀਆਂ ਵਿਰੁਧ ਲੋੜੀਂਦੇ ਕਦਮ ਉਠਾਏ, ਨਹੀਂ ਤਾਂ ਸਥਿਤੀ ਹੱਥੋਂ ਨਿਕਲ ਸਕਦੀ ਹੈ। ਇਸ ਦਸਤਾਵੇਜ਼ੀ ਦਾ ਨਿਰਮਾਣ ਕੈਨੇਡਾ ਵਿਚ ਓਮਨੀ ਟੈਲੀਵਿਜ਼ਨ ਦੀ ਮੀਰਾ ਦੀਵਾਨ ਨੇ ਕੀਤਾ ਹੈ ਅਤੇ ਇਸ ਵਿਚ ਪ੍ਰਾਂਤਕ ਰਾਜਨੀਤੀ ਵਿਚ ਉੱਜਲ ਦੋਸਾਂਝ ਦੀ ਚੜ੍ਹਤ ਤੋਂ ਇਲਾਵਾ ਖਾਲਿਸਤਾਨੀ ਲਹਿਰ ਖ਼ਿਲਾਫ ਉਸ ਦੇ ਸਟੈਂਡ ਬਾਰੇ ਵੀ ਚਰਚਾ ਕੀਤੀ ਗਈ ਹੈ। ਦੋਸਾਂਝ ਨੇ ਕਿਹਾ ਕਿ ਕੈਨੇਡਾ ਵਿਚ ਖਾਲਿਸਤਾਨ ਬਾਰੇ ਪ੍ਰਚਾਰ ਕਰਨ ਵਾਲੇ ਵਿਅਕਤੀ ਸਿੱਖਾਂ ਦਾ ਹਿੱਤ ਨਹੀਂ ਸੰਵਾਰ ਰਹੇ ਸਗੋਂ ਨੁਕਸਾਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਜਦੋਂ ਖਾੜਕੂਵਾਦ ਸਿਖਰ `ਤੇ ਸੀ ਤਾਂ ਦੋਸਾਂਝ ਉਤੇ ਵੈਨਕੂਵਰ ਵਿਚ ਹਮਲਾ ਹੋਇਆ ਸੀ, ਉਸ ਤੋਂ ਬਾਅਦ ਵੀ ਉਨਾਂ ਨੇ ਖਾਲਿਸਤਾਨ ਵਿਰੁਧ ਬਿਆਨਬਾਜ਼ੀ ਜਾਰੀ ਰੱਖੀ।
ਤਾਜ਼ਾ ਬਿਆਨਬਾਜ਼ੀ ਤੋਂ ਉੱਜਲ ਦੋਸਾਂਝ ਨੂੰ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਲੰਮੇਂ ਹੱਥੀਂ ਲਿਆ ਹੈ। ਲਿਬਰਲ ਪਾਰਟੀ ਦੇ ਹੀ ਨਿਊਟਨ ਨਾਰਥ ਡੈਲਟਾ ਤੋਂ ਐਮਪੀ ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ ਜ਼ੋਰਦਾਰ ਸ਼ਬਦਾਂ `ਚ ਕਿਹਾ ਹੈ ਕਿ ਕੈਨੇਡਾ `ਚ ਸਿੱਖ ਵੱਖਵਾਦ ਦੇ ਫੈਲਣ ਦਾ ਦਾਅਵਾ ਖੋਖਲਾ ਅਤੇ ਬੇਬੁਨਿਆਦ ਹੈ, ਜਦਕਿ ਕੈਨੇਡਾ ਦੀ ਸਿੱਖ ਨੌਜਵਾਨ ਪੀੜ੍ਹੀ ਤਾਂ ਇਸ ਵੇਲੇ ਕੌਮ ਦਾ ਸੁਨਹਿਰੀ ਭਵਿੱਖ ਸਿਰਜਣ ਵੱਲ ਸਰਗਰਮ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਯੂਥ’ ਇਸ ਵੇਲੇ ਵਪਾਰ-ਕਾਰੋਬਾਰ, ਸਿਆਸਤ ਤੇ ਮੀਡੀਏ ਆਦਿ ਹਰ ਖੇਤਰ `ਚ ਵੱਡੀਆਂ ਮੱਲਾਂ ਮਾਰ ਕੇ ਨਾ ਸਿਰਫ਼ ਸਿੱਖਾਂ ਲਈ ਹੀ, ਸਗੋਂ ਸਮੂਹ ਪੰਜਾਬੀਆਂ ਤੇ ਭਾਰਤੀਆਂ ਲਈ ਵੀ ਵਿਸ਼ਵ ਪੱਧਰ `ਤੇ ਬਿਹਤਰੀਨ ਸੰੰਭਾਵਨਾਵਾਂ ਨੂੰ ਜਨਮ ਦੇ ਰਹੀ ਹੈ ਅਤੇ ਹੈਤੀ ਦੇ ਭੂਚਾਲ ਪੀੜਤਾਂ ਲਈ ਮਿਲੀਅਨ ਡਾਲਰ ਇਕੱਠੇ ਕਰਨ, ਬੇਸਹਾਰਿਆਂ ਲਈ ਲੰਗਰ ਲਾਉਣ ਅਤੇ ਕੈਨੇਡਾ `ਚ ਸਭ ਤੋਂ ਵੱਧ ਯੂਨਿਟ ਖੂਨਦਾਨ ਕਰਨ ਦੇ ਮਹਾਨ ਕਾਰਜ ਕਰ ਰਹੀ ਹੈ। ਸਾਊਥ ਏਸ਼ੀਅਨ ਰੀਵਿਊ ਦੇ ਭੁਪਿੰਦਰ ਮੱਲ੍ਹੀ ਨੇ ਐਮਪੀ ਦੁਸਾਂਝ ਦੇ ਬਿਆਨ ਨੂੰ ਜਿਥੇ ਭਾਈਚਾਰੇ ਅੰਦਰ ਵਖਰੇਵਾਂ ਪਾਉਣ ਵਾਲਾ ਕਰਾਰ ਦਿੱਤਾ, ਉਥੇ ਅਹਿਮ ਇੰਕਸ਼ਾਫ਼ ਕਰਦਿਆਂ ਕਿਹਾ ਹੈ ਕਿ ਸ੍ਰੀ ਦੋਸਾਂਝ ਜਦੋਂ ਬੀਸੀ ਦੇ ਅਟਾਰਨੀ ਜਨਰਲ ਸਨ, ਉਸ ਵੇਲੇ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਪੁੁਲਿਸ ਕਾਰਵਾਈ ਕਰਦਿਆਂ, ਉਨ੍ਹਾਂ ਆਦਿਵਾਸੀ ਲੋਕਾਂ `ਤੇ 75,000 ਗੋਲੀਆਂ ਚਲਾ ਕੇ, ਮਨੁੱਖੀ ਹੱਕਾਂ ਦੇ ਘਾਣ ਦੀ ਸਭ ਤੋਂ ਭਿਆਨਕ ਮਿਸਾਲ ਪੇਸ਼ ਕੀਤੀ ਸੀ।