ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, June 25, 2010

ਭਾਰਤ ਪੁੱਜੀ ਰਾਸ਼ਟਰਮੰਡਲ ਖੇਡਾਂ ਦੀ ਮਸ਼ਾਲ

ਵਾਹਘਾ : ਰਾਸ਼ਟਰਮੰਡਲ ਖੇਡਾਂ ਦੀ ਮਸ਼ਾਲ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੇ ਰਸਤੇ ਭਾਰਤ ਪੁੱਜੀ। ਵਾਹਘਾ ਬਾਰਡਰ ਤੇ ਮਸ਼ਾਲ ਦਾ ਸਵਾਗਤ ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਨੇ ਕੀਤਾ।ਮਸ਼ਾਲ ਦਾ ਸਫ਼ਰ 29 ਅਕਤੂਬਰ 2009 ਨੂੰ ਸ਼ੁਰੂ ਹੋਇਆ ਸੀ ਅਤੇ ਇਹ 70 ਦੇਸ਼ਾਂ ਤੋਂ ਹੁੰਦੇ ਹੋਏ 1.70 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਪੁੱਜੀ ਹੈ। ਇਹ ਮਸ਼ਾਲ ਤਿੰਨ-ਚਾਰ ਦਿਨ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿਚ ਲਿਜਾਈ ਜਾਏਗੀ। ਫਿਰ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੋਂ ਹੁੰਦੀ ਹੋਈ ਤਿੰਨ ਜੁਲਾਈ ਨੂੰ ਚੰਡੀਗੜ੍ਹ ਪਹੁੰਚੇਗੀ। ਮਸ਼ਾਲ ਭਾਰਤ ਦੇ 28 ਰਾਜਾਂ ਤੋਂ ਹੁੰਦੇ ਹੋਏ 30 ਸਤੰਬਰ ਨੂੰ ਦਿੱਲੀ ਪਹੁੰਚੇਗੀ ਅਤੇ ਇਸ ਲਈ ਰੇਲ ਮੰਤਰਾਲੇ ਨੇ ਕਾਮਨਵੈਲਥ ਐਕਸਪ੍ਰੈਸ ਦੇ ਨਾਂਅ ਦੀ ਇੱਕ ਰੇਲ ਵੀ ਚਲਾਉਣ ਦਾ ਨਿਰਣਾ ਲਿਆ ਹੈ।

9 ਮਹੀਨੇ ਬਾਅਦ ਬੀਜੇਪੀ ਵਿੱਚ ਜਸਵੰਤ ਦੀ ਵਾਪਸੀ

ਭੁੱਲ ਜਾਓ, ਮੁਆਫ ਕਰੋ' ਦੀ ਨੀਤੀ ਉੱਤੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ 9 ਮਹੀਨਿਆਂ ਬਾਅਦ ਫਿਰ ਵਾਪਸ ਪਾਰਟੀ ਦੀ ਗੋਦ ਵਿਚ ਲੈ ਲਿਆ ਹੈ। ਭਾਜਪਾ ਨੇ ਇਹ ਵੱਡਾ ਸਿਆਸੀ ਮੋੜ ਕੱਟਿਆ ਅਤੇ ਜਸਵੰਤ ਸਿੰਘ ਨੇ ਤਾਂ ਪਾਰਟੀ ਕਾਰਜਕਾਰਨੀ ਦੀ ਪਟਨਾ ਵਿਖੇ ਪਿਛਲੇ ਹਫਤੇ ਹੋਈ ਮੀਟਿੰਗ ਵਿਚ ਵੀ ਪਾਰਟੀ ਵਿਚ ਮੁੜ ਸ਼ਾਮਿਲ ਹੋਣ ਦਾ ਐਲਾਨ ਵੱਡੇ ਪਾਰਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਕਰਨਾ ਸੀ, ਪਰ ਮੋਦੀ - ਨਿਤਿਸ਼ ਰੱਫੜ ਕਰਕੇ ਉਸ ਦੀ 'ਘਰ ਵਾਪਸੀ' ਨੂੰ ਅਜੇ ਟਾਲ ਦਿੱਤਾ ਗਿਆ ਸੀ। ਕਈ ਹਫਤੇ ਪਹਿਲਾਂ ਹੀ, ਜਸਵੰਤ ਸਿੰਘ ਨੇ ਇਹ ਕਹਿ ਕੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਉਸ ਪਾਰਟੀ ਤੋਂ ਬਾਹਰ ਰਹਿ ਕੇ ਦੁਖੀ ਹਨ ਜਿਸ ਵਿਚ ਰਹਿ ਕੇ ਉਨ੍ਹਾਂ 4 ਦਹਾਕੇ ਕੰਮ ਕੀਤਾ ਹੈ। ਜਸਵੰਤ ਸਿੰਘ ਨੂੰ ਭਾਜਪਾ ਦੀ ਸ਼ਿਮਲੇ ਵਿਚ ਹੋ ਰਹੀ ਚਿੰਤਨ ਬੈਠਕ ਦੌਰਾਨ ਪਾਰਟੀ ਵਿਚੋਂ ਇਸ ਕਰਕੇ ਕੱਢ ਦਿੱਤਾ ਸੀ ਕਿ ਉਨ੍ਹਾਂ ਆਪਣੀ ਮੁਹੰਮਦ ਅਲੀ ਜਿਨਾਹ ਬਾਰੇ ਲਿਖੀ ਕਿਤਾਬ ਵਿਚ ਦੇਸ਼ ਦੀ ਵੰਡ ਲਈ ਸਰਦਾਰ ਪਟੇਲ ਅਤੇ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਜਿਨਾਹ ਨੂੰ ਭਾਵਪੂਰਤ ਅਤੇ ਸਕਾਰਮਤ ਲਹਿਜੇ ਵਿਚ ਪੇਸ਼ ਕੀਤਾ ਸੀ। ਪਰ ਅਜੇ ਤੱਕ ਜਸਵੰਤ ਸਿੰਘ ਨੇ ਆਪਣੀਆਂ ਇਨ੍ਹਾਂ ਟਿੱਪਣੀਆਂ ਦਾ ਖੰਡਨ ਨਹੀਂ ਕੀਤਾ ਅਤੇ ਭਾਜਪਾ ਨੇ ਇਸ ਸਾਰੇ ਘਟਨਾਕ੍ਰਮ ਉੱਤੇ ਮਿੱਟੀ ਪਾਉਣੀ ਬਿਹਤਰ ਸਮਝਿਆ ਹੈ। ਜਸਵੰਤ ਸਿੰਘ, ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਦੇ ਨਾਲ ਇਥੇ ਭਾਜਪਾ ਦੇ ਮੁੱਖ ਦਫਤਰ ਵਿਚ ਪਹੁੰਚੇ। ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਦਾਰਜੀਲਿੰਗ ਤੋਂ ਲੋਕ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਦੀ ਸ਼ਮੂਲੀਅਤ ਸਮਾਰੋਹ ਵਿਚ ਸ੍ਰੀ ਐਲ. ਕੇ. ਅਡਵਾਨੀ ਤੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ।

ਲਾਲਾ ਲਾਜਪਤ ਰਾਏ ਸਬੰਧੀ ਟਿੱਪਣੀ ਤੇ ਬੱਬੂ ਮਾਨ ਨੇ ਮੁਆਫ਼ੀ ਮੰਗੀ

ਪਹਿਲਾਂ ਵੀ ਵਿਵਾਦਾਂ ਵਿਚ ਰਹੇ ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੇ ਇੰਗਲੈਂਡ ਦੀ ਇਕ ਸਟੇਜ ਤੇ ਆਜਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਸਬੰਧੀ ਅਪਣੇ ਵਲੋਂ ਇਕ ਸ਼ੇਅਰ ਦੇ ਰੂਪ ਵਿਚ ਸੁਣਾਈਆਂ ਟਿੱਪਣੀਆਂ ਨੂੰ ਵਾਪਸ ਲੈਂਦਿਆਂ ਸਮੁੱਚੇ ਭਾਰਤੀਆਂ ਤੋਂ ਮੁਆਫ਼ੀ ਮੰਗ ਲਈ ਹੈ। ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਕਈ ਸ਼ਹਿਰਾਂ ਵਿਚ ਰੋਸ ਵਜੋਂ ਬੱਬੂ ਮਾਨ ਦੇ ਪੁਤਲੇ ਫੂਕੇ ਜਾ ਰਹੇ ਸਨ ਅਤੇ ਮੋਗਾ ਪੁਲਿਸ ਵਲੋਂ ਗਾਇਕ ਨੂੰ ਸੰਮਨ ਵੀ ਜਾਰੀ ਕਰ ਦਿੱਤੇ ਗਏ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਬੱਬੂ ਮਾਨ ਨੇ ਇੰਗਲੈਂਡ ਵਿਚ ਪਿਛਲੇ ਦਿਨੀਂ ਇਕ ਸ਼ੇਅਰ ਸੁਣਾਇਆ ਸੀ ਜਿਸ ਵਿਚ ਉਸਨੇ ਖੁਲ੍ਹੇਆਮ ਕਿਹਾ ਸੀ ਕਿ ਲਾਲਾ ਲਾਜਪਤ ਰਾਏ ਅੰਗਰੇਜ਼ ਹਕੂਮਤ ਦਾ ਵਿਰੋਧ ਕਰਦੇ ਹੋਏ ਡਾਂਗਾ ਨਾਲ ਨਹੀਂ ਬਲਕਿ ਹਾਰਟ ਅਟੈਕ ਨਾਲ ਮਰੇ ਸਨ। ਵਿਵਾਦ ਭਖਣ ਤੋਂ ਬਾਅਦ ਮੀਡੀਆ ਨੂੰ ਜਾਰੀ ਕੀਤੇ ਗਏ ਤਿੰਨ ਪੰਨਿਆਂ ਦੇ ਇਸ ਮੁਆਫ਼ੀਨਾਮੇ ਵਿਚ ਬੱਬੂ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਗਾਏ ਇਕ ਸ਼ੇਅਰ ਸਬੰਧੀ ਪਿਛਲੇ ਦਿਨੀਂ ਜੋ ਵੀ ਵਿਵਾਦ ਪੈਦਾ ਹੋਇਆ ਅਤੇ ਦੇਸ਼ ਵਾਸੀਆਂ ਦੇ ਮਨਾਂ ਨੂੰ ਠੇਸ ਪਹੁੰਚੀ, ਉਸ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵੀ ਇਨਸਾਨ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ।
ਬੱਬੂ ਮਾਨ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸਿਰਦਾਰ ਕਪੂਰ ਸਿੰਘ ਦੀ ਪੁਸਤਕ ‘ਸਾਚੀ ਸਾਖੀ’ ਵਿਚ ਇਹ ਸਤਰਾਂ ਦਰਜ ਹਨ। ਉਨਾਂ ਨੇ ਦੇਸ਼ ਵਾਸੀਆਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਇਨਾਂ ਸਤਰਾਂ ਨੂੰ ਉਹ ਕਿਸੇ ਵੀ ਐਲਬਮ ਵਿਚ ਰਿਕਾਰਡ ਨਹੀਂ ਕਰਾਉਣਗੇ। ਬੱਬੂ ਨੇ ਕਿਹਾ ਕਿ ਇਹ ਸਭ ਕੁੱਝ ਸੁਭਾਵਿਕ ਹੀ ਇਕ ਪੁਸਤਕ ਦੇ ਹਵਾਲੇ ਨਾਲ ਗਾਈਆਂ ਗਈਆਂ ਕੁੱਝ ਸਤਰਾਂ ਕਾਰਨ ਹੋ ਗਿਆ, ਜੋ ਕਿ ਉਨ੍ਹਾਂ ਨੂੰ ਵੀ ਮੰਦਭਾਗਾ ਲੱਗਾ ਹੈ। ਮੁਆਫੀਨਾਮੇਂ ਵਿਚ ਬੱਬੂ ਮਾਨ ਨੇ ਕਿਹਾ ਕਿ ਪਿੰਡ ਢੁੱਡੀਕੇ ਨਾਲ ਸਾਡੀਆਂ ਅੰਦਰੂਨੀ ਭਾਵਨਾਵਾਂ ਜੁੜੀਆਂ ਹੋਈਆਂ ਹਨ, ਕਿਉਂਕਿ ਇਸੇ ਪਿੰਡ ਵਿਚ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਅਤੇ ਖੇਡਾਂ ਬਾਰੇ ਲਿਖਣ ਵਾਲੇ ਪ੍ਰਿੰਸੀਪਲ ਸਰਵਣ ਸਿੰਘ ਦਾ ਨਾਂਅ ਵੀ ਜੁੜਦਾ ਹੈ। ਓਧਰ ਮੋਗਾ ਪੁਲਿਸ ਵਲੋਂ ਬੱਬੂ ਮਾਨ ਖਿਲਾਫ ਲਾਲਾ ਲਾਜਪਤ ਰਾਏ ਬਾਰੇ ਟਿੱਪਣੀ ਕਰਨ ੱਤੇ ਸੰਮਨ ਜਾਰੀ ਕੀਤੇ ਗਏ ਹਨ। ਪਰ ਇਹ ਸੰਮਨ ਵਾਪਸ ਆ ਗਏ, ਕਿਉਂਕਿ ਬੱਬੂ ਮਾਨ ਵਿਦੇਸ਼ ਦੌਰੇ ਤੇ ਹਨ।

ਢਾਈ ਸੌ ਪੰਜਾਬੀ ਨੌਜਵਾਨ ਬੰਦ ਹਨ ਦੁਬਈ ਦੀਆਂ ਜੇਲ੍ਹਾਂ ਵਿਚ

ਦੁਬਈ, ਸ਼ਾਰਜਾਹ ਅਤੇ ਆਬੂਧਾਬੀ ਦੀਆਂ ਜੇਲ੍ਹਾ ਵਿਚ ਲਗਭਗ 250 ਪੰਜਾਬੀ ਨੌਜਵਾਨ ਵੱਖ-ਵੱਖ ਦੋਸ਼ਾਂ ਹੇਠ ਬੰਦ ਹਨ, ਜਿਨ੍ਹਾਂ ਵਿਚੋਂ ਵਧੇਰੇ ਨੌਜਵਾਨਾਂ ਦੇ ਕੇਸਾਂ ਦੀ ਕੋਈ ਪੈਰਵਈ ਨਹੀਂ ਹੋ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਕੋਈ ਮਦਦ ਮਿਲ ਰਹੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਜਸਟਿਸ ਦੇ ਕੋਆਰਡੀਨੇਟਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੁਬਈ ਵਿਚ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਜਸਟਿਸ ਦੇ ਕੋਆਰਡੀਨੇਟਰ ਬਲਜੀਤ ਸਿੰਘ ਦੇ ਹਵਾਲੇ ਨਾਲ ਦੱਸੀ। ਉਨ੍ਹਾਂ ਦੱਸਿਆ ਕਿ ਇਕ ਪੰਜਾਬੀ ਨੌਜਵਾਨ ਅਸ਼ੋਕ ਕੁਮਾਰ ਪੁੱਤਰ ਕੇਸਰ ਦਾਸ, ਮੁਹੱਲਾ ਅਮਰ ਨਗਰ, ਕਪੂਰਥਲਾ ਦੇ ਕਤਲ ਦੇ ਮਾਮਲੇ ਵਿਚ 16 ਵਿਅਕਤੀ ਜੇਲ੍ਹ ਵਿਚ ਹਨ ਜਿਨ੍ਹਾਂ ਵਿਚ 13 ਪੰਜਾਬੀ ਨੌਜਵਾਨ, 2 ਪਾਕਿਸਤਾਨੀ ਅਤੇ ਇਕ ਬੰਗਲਾਦੇਸ਼ੀ ਸ਼ਾਮਿਲ ਹੈ। ਜੇਲ੍ਹ ਵਿਚ ਬੰਦ ਪੰਜਾਬੀਆਂ ਵਿਚ ਸੁਖਦੇਵ ਪਾਲ ਪੁੱਤਰ ਸੁਰਿੰਦਰ ਪਾਲ, ਹਨੀ ਪੁੱਤਰ ਹਰਜਾਪ, ਸੁਨੀਲ ਮਸੀਹ ਪੁੱਤਰ ਜੈਨਿਸ ਮਸੀਹ, ਵਿਜੇ ਕੁਮਾਰ ਪੁੱਤਰ ਅਜੀਤ ਕੁਮਾਰ, ਭੁਪਿੰਦਰ ਸਿੰਘ ਪੁੱਤਰ ਸੂਬਾ ਸਿੰਘ, ਰਾਮ ਪੁੱਤਰ ਤਰਸੇਮ ਲਾਲ, ਮੱਖਣ ਲਾਲ ਪੁੱਤਰ ਸਰੂਪ ਲਾਲ, ਅਮਰਜੀਤ ਸਿੰਘ ਪੁੱਤਰ ਪੂਰਨ ਚੰਦ, ਚਰਨਜੀਤ ਸਿੰਘ ਪੁੱਤਰ ਸੁਰਜੀਤ ਰਾਮ, ਹਰਪਾਲ ਸਿੰਘ, ਜਤਿੰਦਰ ਸਿੰਘ ਪੁੱਤਰ ਮਦਨ ਲਾਲ, ਲਖਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਬੂਟਾ ਸਿੰਘ ਪੁੱਤਰ ਦੌਲਤ ਰਾਮ ਸ਼ਾਮਿਲ ਹਨ।
ਇਸ ਮਾਮਲੇ ਦਾ ਅਹਿਮ ਪਹਿਲੂ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਪਾਲ ਅਤੇ ਹਨੀ ਨੇ ਇਸ ਮਾਮਲੇ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਹੋਇਆ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਲੜਾਈ ਸ਼ਰਾਬੀ ਹਾਲਤ ਵਿਚ ਹੋਈ ਸੀ। ਇਹ ਸਾਰੇ ਨੌਜਵਾਨ ਉੱਥੇ ਲੇਬਰ ਦਾ ਕੰਮ ਕਰਦੇ ਹਨ ਅਤੇ ਖ਼ਬਰ ਹੈ ਕਿ ਸਾਰਿਆਂ ਨੂੰ ਇਕੋ ਹੀ ਸਮੇਂ ਇਕੋ ਕਮਰੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿਚ ਕੇਸ ਅਜੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਮੰਦੇ ਦਾ ਦੁਬਈ ਵਿਚ ਬਹੁਤ ਅਸਰ ਹੋਇਆ ਹੈ, ਜਿਸ ਕਾਰਨ ਟਰਾਂਸਪੋਰਟ ਕੰਪਨੀਆਂ ਫ਼ੇਲ੍ਹ ਹੋ ਗਈਆਂ ਹਨ ਅਤੇ ਲੇਬਰ ਦੇ ਕੰਮ ਤੋਂ ਵਿਹਲੇ ਹੋਏ ਲੋਕ ‘ਡਰੱਗ ਮਾਫ਼ੀਏ’ ਨਾਲ ਮਿਲ ਕੇ ਸ਼ਰਾਬ ਸਮੇਤ ਹੋਰ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ, ਜਿਸ ਕਾਰਨ ਲੜਾਈਆਂ ਅਕਸਰ ਹੁੰਦੀਆਂ ਹਨ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਕ ਉੱਚ ਪੱਧਰੀ ਕਮੇਟੀ ਬਣਾ ਕੇ ਖਾੜੀ ਦੇਸ਼ਾਂ ਅੰਦਰ ਭੇਜਣ ਜਿਹੜੀ ਜੇਲ੍ਹਾਂ ਵਿਚ ਨਜ਼ਰਬੰਦ ਨੌਜਵਾਨਾਂ ਦੇ ਕੇਸਾਂ ਦਾ ਮੁਕੰਮਲ ਵੇਰਵਾ ਤਿਆਰ ਕਰਕੇ ਉਨ੍ਹਾਂ ਦੀ ਢੁਕਵੀਂ ਮਦਦ ਕਰੇ।

ਕਨਿਸ਼ਕ ਕਾਂਡ ਲਈ ਕੈਨੇਡਾ ਸਰਕਾਰ ਦੋਸ਼ੀ ਕਰਾਰ

ਜਾਂਚ ਰਿਪੋਰਟ ਵਿਚ ਮਾਰੇ ਗਏ 329 ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਦੇ ਨਿਰਦੇਸ਼
ਓਟਾਵਾ : ਏਅਰ ਇੰਡੀਆ ਦੇ ਹਵਾਈ ਜਹਾਜ ਨੂੰ 1985 ਵਿਚ ਬੰਬ ਧਮਾਕਾ ਕਰਕੇ ਉਡਾ ਦੇਣ ਦੀ ਘਟਨਾ ਸਬੰਧੀ ਚਿਰਾਂ ਤੋਂ ਉਡੀਕੀ ਜਾ ਰਹੀ ਜਾਂਚ ਰਿਪੋਰਟ ਵਿਚ ਇਸ ਦੁਖਾਂਤ ਨੂੰ ਨਾ ਟਾਲ ਸਕਣ ਦੀ ਸਾਰੀ ਜ਼ਿੰਮੇਵਾਰੀ ਕੈਨੇਡਾ ਸਰਕਾਰ ਸਿਰ ਪਾਈ ਗਈ ਹੈ ਅਤੇ ਸੁਝਾਅ ਦਿੱਤਾ ਗਿਆ ਹੈ ਕਿ ਜਾਂਚ ਏਜੰਸੀਆਂ ਵਿਚਲੇ ਵਿਵਾਦ ਨੂੰ ਸੁਲਝਾਉਣ ਲਈ ਸ਼ਕਤੀਸ਼ਾਲੀ ਕਮੇਟੀ ਕਾਇਮ ਕੀਤੀ ਜਾਵੇ। ਦੁਨੀਆਂ ਵਿਚ ਪਹਿਲੀ ਵਾਰ ਆਸਮਾਨ ਵਿਚ ਬੰਬ ਧਮਾਕੇ ਨਾਲ ਉਡਾਏ ਇਸ ਜਹਾਜ ਵਿਚ ਸਵਾਰ 329 ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ ਮੁਆਵਜ਼ੇ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਮ੍ਰਿਤਕ ਲੋਕਾਂ ਵਿਚ ਜ਼ਿਆਦਾਤਰ ਭਾਰਤੀ ਮੂਲ ਦੇ ਹੀ ਲੋਕ ਸਨ। ਓਟਾਵਾ ਵਿਖੇ ਕਮਿਸ਼ਕ ਬੰਬ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਜੌਹਨ ਮੇਜਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਇਸ ਕਾਂਡ ਦੀ ਜ਼ਿੰਮੇਵਾਰੀ ਕੈਨੇਡਾ ਸਰਕਾਰ ਨੂੰ ਲੈਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਅਜਿਹੇ ਦੁਖਾਂਤ ਨਾ ਵਾਪਰ ਸਕਣ।’
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਅਤੇ ਕੈਨੇਡੀਅਨ ਸੁਰੱਖਿਆ ਤੇ ਖੁਫੀਆ ਸੇਵਾਵਾਂ (ਸੀਐਸਆਈਐਸ) ਵਿਚਲੇ ਵਿਵਾਦ ਨੂੰ ਸੁਲਝਾਉਣ ਲਈ ਖੁੱਲ੍ਹੀਆਂ ਤਾਕਤਾਂ ਦੇ ਦੇਣੀਆਂ ਚਾਹੀਦੀਆਂ ਹਨ। ਕਮਿਸ਼ਨ ਨੇ ਏਅਰ ਇੰਡੀਆ ਫਲਾਈਟ 182 ਵਿਚ 23 ਜੂਨ 1985 ਨੂੰ ਅਸਮਾਨ ਵਿਚ ਹੋਏ ਧਮਾਕੇ ਮਗਰੋਂ 2006 ਵਿਚ ਕਮਿਸ਼ਨ ਨੇ ਜਾਂਚ ਸ਼ੁਰੂ ਕੀਤੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਜੌਹਨ ਮੇਜਰ ਨੂੰ ਕਮਿਸ਼ਨ ਦਾ ਚੇਅਰਮੈਨ ਲਾਇਆ ਸੀ। ਕਮਿਸ਼ਨ ਨੇ ਕਿਹਾ ਕਿ ਉਸ ਨੇ ਦੇਖਿਆ ਹੈ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਤੇ ਕੈਨੇਡਾ ਖੁਫੀਆ ਏਜੰਸੀ ਵਿਚਾਲੇ ਵਿਵਾਦ ਕਾਰਨ ਕੌਮੀ ਸੁਰੱਖਿਆ ਦਾਅ ੱਤੇ ਲੱਗੀ ਹੋਈ ਹੈ। ਉਨ੍ਹਾਂ ਨੇ ਇਸ ਵਿਚ ਵੱਡੇ ਸੁਧਾਰਾਂ ੱਤੇ ਜ਼ੋਰ ਦਿੱਤਾ। ਕੌਮੀ ਸੁਰੱਖਿਆ ਸਲਾਹਕਾਰ, ਜੋ ਇਸ ਵੇਲੇ ਦੇਸ਼ ਦੀ ਸੁਰੱਖਿਆ ਅਤੇ ਖੁਫੀਆਂ ਮਾਮਲਿਆਂ ੱਤੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੰਦਾ ਹੈ, ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਦੋਵਾਂ ਏਜੰਸੀਆਂ ਵਿਚਾਲੇ ਵਿਵਾਦ ਨੂੰ ਹੱਲ ਕਰਨ ਲਈ ਸਾਲਸੀ ਵਜੋਂ ਸੇਵਾਵਾਂ ਦੇਣ। 3200 ਸਫ਼ਿਆਂ ਦੀ ਰਿਪੋਰਟ ਵਿਚ ਜਸਟਿਸ ਮੇਜਰ ਨੇ ਸੰਘੀ ਸਰਕਾਰ ਨੂੰ ਕਿਹਾ ਹੈ ਕਿ ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਅਜਿਹਾ ਮੁੜ ਨਾ ਹੋਵੇ। ਇਹ ਕੈਨੇਡੀਅਨਾਂ ਤੇ ਘੋਰ ਅੱਤਿਆਚਾਰ ਹੈ।
ਜਸਟਿਸ ਮੇਜਰ ਨੇ ਜਾਂਚ ਰਿਪੋਰਟ ਤਿਆਰ ਕਰਨ ਲਈ ਚਾਰ ਸਾਲਾਂ ਵਿਚ ਹਜ਼ਾਰਾਂ ਦਸਤਾਵੇਜ਼ ਘੋਖੇ ਅਤੇ 200 ਤੋਂ ਵੱਧ ਗਵਾਹਾਂ ਨੂੰ ਸੁਣਿਆ। ਉਨ੍ਹਾਂ ਕਿਹਾ, ਇਹ ਕੈਨੇਡਾ ਦੇ ਇਤਿਹਾਸ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਸਮੂਹਿਕ ਘਾਣ ਹੈ।’ ਜਸਟਿਸ ਮੇਜਰ ਨੇ ਕਿਹਾ ਕਿ ਮ੍ਰਿਤਕਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਦੇਸ਼ ਦੀ ਹਵਾਬਾਜ਼ੀ ਪ੍ਰਣਾਲੀ ਸੁਰੱਖਿਅਤ ਬਣਾ ਦਿੱਤੀ ਜਾਵੇ। ਉਨ੍ਹਾਂ ਮੁਤਾਬਕ, ‘ਇੲ ਆਖਰੀ ਸਹਿਯੋਗ ਤੇ ਵਸੀਲਿਆਂ ਦੇ ਰਾਹੀਂ ਸੰਭਵ ਹੈ, ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਦੇਸ਼ ਦੀ ਲੀਡਰਸ਼ਿਪ ਇਸ ਪਾਸੇ ਅਵੇਸਲੀ ਨਾ ਹੋਵੇ।

‘ਅਗਲੀ ਵਾਰ ਨਹੀਂ ਛੱਡਾਂਗਾ ਸਿਰਸਾ ਵਾਲੇ ਰਾਮ ਰਹੀਮ ਨੂੰ’

ਖੁੱਲ੍ਹ ਕੇ ਬੋਲਿਆ ਅੰਮ੍ਰਿਤਸਰ `ਚੋਂ ਗ੍ਰਿਫਤਾਰ ਖਾੜਕੂ ਬਖਸ਼ੀਸ਼ ਸਿੰਘ
ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਦੱਸੇ ਜਾਂਦੇ ਖਾੜਕੂ ਬਖਸ਼ੀਸ਼ ਸਿੰਘ ‘ਬਾਬਾ’ ਦਾ ਪਹਿਲਾ ਟਾਰਗੇਟ ਅਜੇ ਵੀ ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਹੀ ਹੈ। ਪੇਸ਼ੀ ਭੁਗਤਣ ਤੋਂ ਬਾਅਦ ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਖੁੱਲ ਕੇ ਗੱਲਬਾਤ ਕਰਦਿਆਂ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮੌਕਾ ਮਿਲਣ `ਤੇ ਉਹ ਅਤੇ ਉਸਦਾ ਸੰਗਠਨ ਡੇਰਾ ਮੁਖੀ `ਤੇ ਹਮਲਾ ਕਰਨ ਵਿਚ ਕੋਈ ਗਲਤੀ ਨਹੀਂ ਕਰੇਗਾ। ਉਸਨੇ ਕਿਹਾ, ‘ਪਹਿਲੇ ਹਮਲੇ ਵਿਚ ਤਾਂ ਰਾਮ ਰਹੀਮ ਨੂੰ ਉਪਰ ਵਾਲੇ ਨੇ ਬਚਾ ਲਿਆ, ਪਰ ਹੁਣ ਮੌਕਾ ਮਿਲਿਆ ਤਾਂ ਕੋਈ ਵੀ ਚੂਕ ਨਹੀਂ ਹੋਵੇਗੀ।’
ਬਖਸ਼ੀਸ਼ ਸਿੰਘ ਨੇ ਅਪਣੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ। ਗੱਲਬਾਤ ਦੌਰਾਨ ਉਸਦੇ ਚਿਹਰੇ `ਤੇ ਕੋਈ ਵੀ ਪ੍ਰੇਸ਼ਾਨੀ ਦੀ ਝਲਕ ਨਜ਼ਰ ਨਾ ਆਈ। ਉਸਨੇ ਪੱਤਰਕਾਰਾਂ ਦੇ ਹਰ ਇਕ ਸਵਾਲ ਦਾ ਜਵਾਬ ਦਿੱਤਾ। ਡੇਰਾ ਮੁਖੀ ਦੀ ਗੱਲ ਆਈ ਤਾਂ ਬਖਸ਼ੀਸ਼ ਦੇ ਤੇਵਰ ਬਦਲ ਗਏ। ਉਸਨੇ ਮੀਡੀਆ ਦੇ ਸਾਹਮਣੇ ਕਿਹਾ, ‘ਮੈਂ ਗੁਰਮੀਤ ਰਾਮ ਰਹੀਮ `ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸੇ ਨੂੰ ਜ਼ਿੰਦਗੀ ਬਖਸ਼ਣ ਅਤੇ ਮੌਤ ਦੇਣ ਵਾਲਾ ਰੱਬ ਹੈ। .. ਤੇ ਉਪਰ ਵਾਲੇ ਦੀ ਮਿਹਰ ਨਾਲ ਡੇਰਾ ਮੁਖੀ ਉਸ ਸਮੇਂ ਬਚ ਗਿਆ।’ ਬਖਸ਼ੀਸ਼ ਸਿੰਘ ਨੇ ਡੇਰਾ ਮੁਖੀ ਨੂੰ ਗੁਨਾਹਗਾਰ ਦੱਸਦਿਆਂ ਉਸ ਉਪਰ ਕਈ ਇਲਜ਼ਾਮ ਲਗਾਏ ਅਤੇ ਕਿਹਾ ਕਿ ਉਹ ਅਜਿਹੇ ਵਿਅਕਤੀ ਨੂੰ ਜਿਉਂਦਾ ਨਹੀਂ ਛੱਡੇਗਾ। ਬਖਸ਼ੀਸ਼ ਸਿੰਘ ਨੇ ਕਿਹਾ ਕਿ ਹੁਣ ਜਦੋਂ ਵੀ ਉਸ ਨੂੰ ਦੁਬਾਰਾ ਮੌਕਾ ਮਿਲਿਆ ਤਾਂ ਉਹ ਡੇਰਾ ਮੁਖੀ ਉਪਰ ਸਟੀਕ ਹਮਲਾ ਕਰੇਗਾ।
ਚੇਤੇ ਰਹੇ ਕਿ ਪੰਜ ਲੱਖ ਰੁਪਏ ਦੀ ਇਨਾਮ ਰਾਸ਼ੀ ਵਾਲੇ ਬਖਸ਼ੀਸ਼ ਸਿੰਘ ਨੂੰ ਪੰਜਾਬ ਪੁਲਿਸ ਨੇ ਆਰਡੀਐਕਸ ਸਮੇਤ ਭਾਰੀ ਅਸਲੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਬਖਸ਼ੀਸ਼ ਸਿੰਘ ਉਪਰ ਇਲਜ਼ਾਮ ਹੈ ਕਿ ਉਸਨੇ ਹੀ ਕਰਨਾਲ ਲਾਗੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਾਫਲੇ ਉਪਰ ਸਟਿੱਪਣੀ ਬੰਬ ਰਾਹੀਂ ਹਮਲਾ ਕਰਨ ਦੀ ਸਾਜਿਸ਼ ਰਚੀ ਸੀ ਅਤੇ ਧਮਾਕਾਖੇਜ਼ ਸਮੱਗਰੀ ਮੁਹੱਈਆ ਕਰਵਾਈ ਸੀ। ਇਸ ਤੋਂ ਇਲਾਵਾ ਬਖਸ਼ੀਸ਼ ਸਿੰਘ ਉਪਰ ਨਾਭਾ ਦੇ ਐਲਪੀਜੀ ਬਾਟਲਿੰਗ ਪਲਾਂਟ, ਹਲਵਾਰਾ ਏਅਰਫੋਰਸ ਸਟੇਸ਼ਨ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਸਾਜਿਸ਼ ਰਚੀ ਸੀ।