ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, February 18, 2010

ਸੱਜਣ ਕੁਮਾਰ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ, ਗੈਰਜ਼ਮਾਨਤੀ ਵਾਰੰਟ ਜਾਰੀ

ਸਰਕਾਰੀ ਗਵਾਹ ਸਹਿਮੇ ਹੋਏ, ਮਿਲ ਰਹੀਆਂ ਨੇ ਧਮਕੀਆਂ : ਸਰਕਾਰੀ ਵਕੀਲ

ਦਿੱਲੀ ਦੀ ਇਕ ਅਦਾਲਤ ਨੇ 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮੁਕੱਦਮਿਆਂ ’ਚ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਅਗਾਊਂ ਜ਼ਮਾਨਤ ਬਾਰੇ ਦੀ ਅਰਜ਼ੀ ਰੱਦ ਕਰ ਦਿੱਤੀ ਹੈ, ਜਦਕਿ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗਵਾਹ ਸਹਿਮੇ ਹੋਏ ਹਨ ਕਿਉਂਕਿ ਉਨ•ਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਸੀਬੀਆਈ ਦੇ ਵਿਸ਼ੇਸ਼ ਜੱਜ ਪੀਐ¤ਸ ਤੇਜੀ ਨੇ ਇਸ ਸਾਬਕਾ ਸੰਸਦ ਮੈਂਬਰ ਨੂੰ ਕਿਸੇ ਤਰ•ਾਂ ਦੀ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ।ਇਸੇ ਦੌਰਾਨ ਦਿੱਲੀ ਦੀ ਇਕ ਕੋਰਟ ਨੇ ਸੱਜਣ ਕੁਮਾਰ ਨੂੰ ਪੇਸ਼ੀ ਉੱਤੇ ਹਾਜ਼ਰ ਨਾ ਹੋਣ ਕਰਕੇ ਉਸਦੇ ਗੈਰਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਕੋਰਟ ਨੇ ਸੱਜਣ ਕੁਮਾਰ ਸਣੇ ਅੱਠ ਹੋਰਨਾਂ ਦੇ ਵਾਰੰਟ ਵੀ ਜਾਰੀ ਕੀਤੇ ਹਨ। ਦਿੱਲੀ ਹਾਈਕੋਰਟ ਨੇ ਮਾਮਲੇ ਦੀ ਛੇਤੀ ਸੁਣਵਾਈ ਲਈ ਸੱਜਣ ਕੁਮਾਰ ਦੀ ਇਕ ਅਪੀਲ ਵੀ ਠੁਕਰਾ ਦਿੱਤੀ ਹੈ ਜਿਸ ਨਾਲ ਸੱਜਣ ਕੁਮਾਰ ਦੀਆਂ ਮੁਸ਼ਕਿਲਾਂ ਕਾਫੀ ਵਧ ਗਈਆਂ ਹਨ। ਸਿੱਖ ਜਥੇਬੰਦੀਆਂ ਨੇ ਸੱਜਣ ਕੁਮਾਰ ਨੂੰ ਫੌਰਨ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਪੁਣੇ ਬੰਬ ਧਮਾਕੇ ਦੇ ਇਕ ਸ਼ੱਕੀ ਦੋਸ਼ੀ ਦੀ ਪਹਿਚਾਣ, ਦੋ ਔਰਤਾਂ ਦੀ ਭਾਲ

ਜਰਮਨ ਬੇਕਰੀ ’ਚ ਹੋਏ ਧਮਾਕੇ ’ਚ 12 ਵਿਅਕਤੀਆਂ ਦੀ ਮੌਤ, 60 ਜਣੇ ਹੋਏ ਸਨ ਜ਼ਖਮੀਂ

ਪੁਣੇ ਬੰਬ ਧਮਾਕੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੂੰ ਬੇਹਦ ਅਹਿਮ ਸਬੂਤ ਹੱਥ ਲੱਗੇ ਹਨ। ਇਹ ਸਬੂਤ ਹੈ ਸੀਸੀਟੀਵੀ ਕੈਮਰੇ ’ਚ ਕੈਦ ਚਾਰ ਉਹ ਚਿਹਰੇ ਜਿਹੜੇ ਧਮਾਕੇ ਤੋਂ ਠੀਕ ਪਹਿਲਾਂ ਬੇਕਰੀ ਤੋਂ ਬਾਹਰ ਜਾਂਦੇ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਨਾਂ ਵਿਚੋਂ ਇਕ ਦੀ ਪਹਿਚਾਣ ਕਰ ਲਈ ਗਈ ਹੈ। ਇਹ ਵਿਅਕਤੀ ਸਲਮਾਨ ਹੈ, ਜਿਸ ਦਾ ਸਬੰਧ ਇੰਡੀਅਨ ਮੁਜਾਹਦੀਨ ਨਾਲ ਦੱਸਿਆ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਦੋ ਔਰਤਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਇਹ ਔਰਤਾਂ ਧਮਾਕੇ ਤੋਂ ਐਨ ਪਹਿਲਾਂ ਤੱਕ ਉਥੇ ਮੌਜੂਦ ਸਨ ਅਤੇ ਥੋੜੀ ਹੀ ਦੇਰ ਵਿਚ ਗਾਇਬ ਹੋ ਗਈਆਂ। ਪੁਣੇ ਦੇ ਜਰਮਨ ਬੇਕਰੀ ਵਿਚ ਹੋਏ ਵਿਸਫੋਟ ਦੇ ਸਬੰਧ ਵਿਚ ਖੁਫੀਆ ਏਜੰਸੀਆਂ ਦੇ ਹੱਥ ਹਾਲੇ ਭਾਵੇਂ ਕੁਝ ਨਹੀਂ ਲੱਗ ਰਿਹਾ, ਪਰ ਜਾਂਚ ਟੀਮ ਨੂੰ ਛੇਤੀ ਹੀ ਇਹ ਕੇਸ ਹੱਲ ਹੋਣ ਦੀ ਆਸ ਹੈ। ਏਜੰਸੀਆਂ ਬਲਾਸਟ ਤੋਂ ਪਹਿਲਾਂ ਪੁਣੇ ਤੋਂ ਪਾਕਿਸਤਾਨ ਕੰਟਰੋਲ ਵਾਲੇ ਕਸ਼ਮੀਰ ਵਿਚ ਇਕੋ ਨੰਬਰ ’ਤੇ ਕੀਤੀਆਂ 13 ਫੋਨ ਕਾਲਾਂ ਨੂੰ ਵੀ ਖੰਗਾਲ ਰਹੀਆਂ ਹਨ। ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪੁਣੇ ਹਮਲੇ ਦੇ ਤਾਰ ਵੀ ਪਾਕਿਸਤਾਨ ਨਾਲ ਜੁੜੇ ਹੋ ਸਕਦੇ ਹਨ। ਓਧਰ ਬੰਬ ਧਮਾਕੇ ਸੰਬਧੀ ਸੁਰਾਗ ਦੇਣ ਵਾਲੇ ਵਿਅਕਤੀ ਲਈ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।ਪੁਣੇ ਦੀ ਜਰਮਨ ਬੇਕਰੀ ਵਿਚ ਸਨਿਚਰਵਾਰ ਨੂੰ ਹੋਏ ਧਮਾਕੇ ਵਿਚ ਦੋ ਵਿਅਕਤੀਆਂ ਦੇ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਜਾ ਰਹਿਾ ਹੈ। ਇਨਾਂ ਧਮਾਕਿਆਂ ਵਿਚ 12 ਵਿਅਕਤੀ ਮਾਰੇ ਗਏ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਜਰਮਨ ਬੇਕਰੀ ਸਾਹਮਣੇ ਪੰਜ ਤਾਰਾ ਹੋਟਲ ’ਚ ਲੱਗੇ ਕਲੋਜ਼ ਸਰਕਟ ਕੈਮਰਿਆਂ ਤੋਂ ਪ੍ਰਾਪਤ ਤਸਵੀਰਾਂ ਤੋਂ ਅਹਿਮ ਸੁਰਾਗ ਹੱਥ ਲੱਗੇ ਹਨ। ਦੋਵੇਂ ਵਿਅਕਤੀ ਕੋਰੇਗਾਓਂ ਪਾਰਕ ਇਲਾਕੇ ’ਚ ਬੇਕਰੀ ਦੇ ਅੰਦਰ ਵਿਸਫੋਟਕ ਸਮੱਗਰੀ ਨਾਲ ਭਰਿਆ ਇਕ ਥੈਲਾ ਰੱਖ ਕੇ ਇਕ ਆਟੋਰਿਕਸ਼ਾ ਵਿਚ ਫਰਾਰ ਹੋ ਗਏ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇੰਡੀਅਨ ਮੁਜਾਹਦੀਨ ਦੇ ਪੰਜ ਅੱਤਵਾਦੀਆਂ ਦੀ ਟੀਮ ਨੇ ਇਹ ਯੋਜਨਾ ਬਣਾਈ ਅਤੇ ਨੇਪਰੇ ਚਾੜੀ ਹੋ ਸਕਦੀ ਹੈ। ਇਸੇ ਦੌਰਾਨ ਪੁਲਿਸ ਕਮਿਸ਼ਨਰ ਸਤਿਆਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤਵਾਦ ਵਿਰੋਧੀ ਦਸਤੇ, ਕੌਮੀ ਜਾਂਚ ਅਥਾਰਟੀ ਅਤੇ ਪੁਣੇ ਦੀ ਅਪਰਾਧ ਸ਼ਾਖਾ ਸਾਂਝੇ ਰੂਪ ਵਿਚ ਤਾਲਮੇਲ ਨਾਲ ਧਮਾਕੇ ਦੀ ਜਾਂਚ ਕਰ ਰਹੀਆਂ ਹਨ ਅਤੇ ਅੱਤਵਾਦੀਆਂ ਨੂੰ ਛੇਤੀ ਹੀ ਫੜ ਲਏ ਜਾਣ ਦੀ ਆਸ ਹੈ। ਉਨਾਂ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਨਮੂਨੇ ਤੇ ਦੂਸਰੀ ਸਮੱਗਰੀ ਦੀ ਛਾਣਬੀਣ ਪਿੱਛੋਂ ਫੌਰੈਂਸਿਕ ਮਾਹਿਰ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਧਮਾਕੇ ਵਿਚ ਆਰਡੀਐਕਸ ਤਾਂ ਨਹੀਂ ਵਰਤਿਆ ਗਿਆ। ਉਨਾਂ ਦੱਸਿਆ ਕਿ ਚਾਰ ਸ਼ੱਕੀ ਸਾਡੀ ਨਿਗਾ ’ਚ ਹਨ ਅਤੇ ਆਸ ਕਰਦੇ ਹਾਂ ਕੋਈ ਠੋਸ ਜਾਣਕਾਰੀ ਸਾਹਮਣੇ ਆ ਜਾਵੇਗੀ।

ਸਿੱਖ ਵਿਦਵਾਨ ਅਤੇ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਦਾ ਅਕਾਲ ਚਲਾਣਾ

ਸੰਗਰੂਰ ਜਿਲ੍ਹੇ ਦੇ ਪਿੰਡ ਝੂੰਦਾਂ ਵਿੱਚ ਜਵਾਨ ਹੋ ਕੇ ਅਪਣੀ ਲੇਖਣੀ ਨਾਲ ਸਿੱਖ ਜਗਤ ਵਿੱਚ ਵਿਲੱਖਣ ਸਥਾਨ ਅਤੇ ਉੱਚੇਚੀ ਪਛਾਣ ਬਣਾ ਲੈਣ ਵਾਲਾ ਸਾਧਕ, ਚਿੰਤਕ ਅਤੇ ਅਲਬੇਲਾ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਅਪਣਾ ਲੰਮਾ ਸਫ਼ਰ ਤਹਿ ਕਰਨ ਬਾਅਦ ਇਸੇ ਪਿੰਡ ਦੀ ਮਿੱਟੀ ਵਿੱਚ ਸਦਾ ਸਦਾ ਲਈ ਸਮਾ ਗਿਆ। ਅਪਣੀ ਅਮਰ ਸਿਧਾਂਤਕ ਕ੍ਰਿਤ ‘ਸਹਿਜੇ ਰਚਿਓ ਖਾਲਸਾ’ ਅਤੇ ਪੰਜਾਬੀ ਸ਼ਾਇਰੀ ਨੂੰ ਵਿਸ਼ਵ ਸ਼ਾਇਰੀ ਵਿੱਚ ਲਿਆ ਖੜ੍ਹਾ ਕਰਦੀ ਕਾਵਿ ਪੁਸਤਕ ‘ਝਨਾਂ ਦੀ ਰਾਤ’ ਤੋਂ ਇਲਾਵਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਦੋ ਭਾਗਾਂ ਵਾਲੇ ਮਹਾਂ ਕਾਵਿ ‘ਇਲਾਹੀ ਨਦਰ ਦੇ ਪੈਂਡੇ’ ਰਾਹੀਂ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕਰਨ ਵਾਲੇ ਹਰਿੰਦਰ ਸਿੰਘ ਮਹਿਬੂਬ ਸਰੀਰਕ ਤੌਰ ਉੱਤੇ ਭਾਵੇਂ ਸੋਮਵਾਰ 15 ਫਰਵਰੀ 2010 ਨੂੰ ਅਪਣੇ ਅਤਿ ਪਿਆਰੇ ਝੂੰਦਾਂ ਦੀ ਨਿੱਘੀ ਗੋਦ ਵਿੱਚ ਸਦੀਵੀ ਸੌਂ ਗਏ ਹਨ ਪਰ ਉਹ ਅਪਣੇ ਸ਼ਬਦਾਂ ਰਾਹੀਂ ਸਿਰਫ਼ ਇਸ ਇਲਾਕੇ ਵਿੱਚ ਹੀ ਨਹੀਂ ਬਲਕਿ ਧਰਤੀ ਦੇ ਜਿਸ ਹਿੱਸੇ ਵਿੱਚ ਵੀ ਕੋਈ ਸਿੱਖ/ਪੰਜਾਬੀ ਵਸਦਾ ਹੈ, ਉੱਥੇ ਸਦਾ ਖੁਦ ਜਿਉਂਦੇ ਅਤੇ ਪੰਜ ਦਰਿਆਵਾਂ ਦੇ ਜਾਇਆਂ ਨੂੰ ਉਨ੍ਹਾਂ ਦੇ ਮਾਨਵਤਾ ਦੇ ਭਲੇ ਵਾਸਤੇ ਗੁਰਬਾਣੀ ਦੇ ਸੁਨੇਹੇ ਸਬੰਧੀ ਸਦਾ ਜਗਾਉਂਦੇ ਰਹਿਣਗੇ। ਅਣਵੰਡੇ ਪੰਜਾਬ ਵਿੱਚ ਪਾਕਿਸਤਾਨ ਵਾਲੇ ਪਾਸੇ 33 ਲਾਇਲਪੁਰ ਵਿੱਚ ਜਨਮ ਲੈਣ ਬਾਅਦ ਵੰਡ ਕਾਰਨ ਇਧਰਲੇ ਪੰਜਾਬ ਵਿੱਚ ਜਵਾਨ ਹੋਏ ਸ.ਹਰਿੰਦਰ ਸਿੰਘ ਮਹਿਬੂਬ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਉੱਚ ਪੜ੍ਹਾਈ ਕਰਨ ਬਾਅਦ ਹੁਸਿ਼ਆਰਪੁਰ ਜਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਵਿਖੇ ਕਾਲਜ ਅਧਿਆਪਕ ਲੱਗਣ ਬਾਅਦ ਉਸ ਇਲਾਕੇ ਨੂੰ ਅਪਣੀ ਕਰਮਭੂਮੀ ਬਣਾਇਆ।

ਵਰਨਣਯੋਗ ਹੈ ਕਿ ਹਰਿੰਦਰ ਸਿੰਘ ਮਹਿਬੂਬ ਨੂੰ ਉਨ੍ਹਾਂ ਦੀ ਸ਼ਾਇਰੀ ਦੀ ਪੁਸਤਕ ‘ਝਨਾਂ ਦੀ ਰਾਤ‘ ਲਈ ਭਾਰਤ ਸਰਕਾਰ ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ‘ਸਹਿਜੇ ਰਚਿਓ ਖਾਲਸਾ‘ ਅਤੇ ‘ਇਲਾਹੀ ਨਦਰਿ ਦੇ ਪੈਂਡੇ‘ ਪੁਸਤਕਾਂ ਲਿਖੀਆਂ। ‘ਇਲਾਹੀ ਨਦਰਿ ਦੇ ਪੈਂਡੇ‘ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਉਤੇ ਆਧਾਰਤ ਹੈ। ਉਹ ਪੰਥ ਦੇ ਮੰਨੇ-ਪ੍ਰਵੰਨੇ ਵਿਦਵਾਨ ਸਨ। ਲੰਬਾ ਸਮਾਂ ਉਨ੍ਹਾਂ ਨੇ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਕੀਤੀ। ਉਨ੍ਹਾਂ ਦੀ ਪਹਿਲੀ ਕਿਤਾਬ ‘ਸਹਿਜੇ ਰਚਿਓ ਖ਼ਾਲਸਾ‘ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਕਵਿਤਾਵਾਂ ਦੀ ਕਿਤਾਬ ‘ਝਨਾਂ ਦੀ ਰਾਤ‘ ਛਪੀ ਸੀ, ਜਿਸ ਨੂੰ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ। ਫਿਰ ਉਨ੍ਹਾਂ ਨੂੰ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਵੀ ਮਿਲਿਆ। ਇਸ ਤੋਂ ਬਾਅਦ ‘ਇਲਾਹੀ ਨਦਰਿ ਦੇ ਪੈਂਡੇ‘ ਦੇ ਦੋ ਭਾਗ ਛਪ ਚੁੱਕੇ ਹਨ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਮਹਾ ਕਾਵਿ ਦੇ ਰੂਪ ਵਿਚ ਲਿਖਿਆ। ਤੀਜਾ ਭਾਗ ਉਹ ਇਸ ਵੇਲੇ ਲਿਖ ਰਹੇ ਸੀ, ਜਿਸ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਕੰਮ ਪੂਰਾ ਕਰ ਲਿਆ ਸੀ ਤੇ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਉਹ ਕੰਮ ਕਰ ਰਹੇ ਸਨ। ਉਹ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ।

ਰਾਮ ਸਰੂਪ ਅਣਖੀ ਨੂੰ ਅੰਤਮ ਵਿਦਾਇਗੀ

ਚੰਡੀਗੜ : ਸ਼੍ਰੋਮਣੀ ਸਾਹਿਤਕਾਰ ਰਾਮ ਸਰੂਪ ਅਣਖੀ 14 ਤੇ 15 ਫਰਵਰੀ ਦੀ ਰਾਤ ਨੂੰ ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਰਾਤ ਨੂੰ ਤਬੀਅਤ ਵਿਗੜਣ ਕਾਰਨ ਉਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ ਕਿ ਉਹ ਅਕਾਲ ਚਲਾਣਾ ਕਰ ਗਏ। ਸੋਮਵਾਰ ਨੂੰ ਜਦੋਂ ਰਾਮ ਸਰੂਪ ਅਣਖੀ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਸਪੁੱਤਰ ਕ੍ਰਾਂਤੀਪਾਲ ਅਗਨ ਭੇਂਟ ਕਰ ਰਹੇ ਸਨ ਤਾਂ ਸ਼੍ਰੀ ਅਣਖੀ ਦੀ ਕਲਮ ਦੇ ਹਜ਼ਾਰਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਸਨ।28 ਅਗਸਤ 1932 ਨੂੰ ਬਰਨਾਲਾ ਜਿਲੇ ਦੇ ਪਿੰਡ ਧੌਲਾ ਵਿਖੇ ਜਨਮੇਂ ਰਾਮ ਸਰੂਪ ਅਣਖੀ ਨੇ ਆਪਣਾ ਲੇਖਕ ਜੀਵਨ ਕਵਿਤਾ ਤੋਂ ਸ਼ੁਰੂ ਕੀਤਾ। ਉਨਾਂ ਦੇ ਨਾਵਲ ‘ਕੋਠੇ ਖੜਕ ਸਿੰਘ’ ਨੂੰ 1986 ਵਿਚ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਹੋਇਆ। ਉਨਾਂ ਦੇ ਪ੍ਰਸਿੱਧ ਨਾਵਲ ਪਰਦਾ ਤੇ ਰੋਸ਼ਨੀ, ਸੁਲਗਦੀ ਰਾਤ, ਕੱਖਾਂ ਕਾਨਿਆਂ ਦੇ ਪੁਲ, ਜ਼ਖ਼ਮੀ ਅਤੀਤ, ਢਿੱਡ ਦੀ ਆਂਦਰ ਆਦਿ ਹਨ। ਸੁੱਤਾ ਨਾਗ, ਕੱਚਾ ਧਾਗਾ, ਟੀਸੀ ਦਾ ਬੇਰ, ਖਾਰਾ ਦੁੱਧ, ਕਿੱਧਰ ਜਾਵਾਂ, ਸਵਾਲ ਦਰ ਸਵਾਲ, ਛੱਡ ਕੇ ਨਾ ਜਾ, ਚਿੱਟੀ ਕਬੂਤਰੀ ਆਦਿ ਉਨਾਂ ਦੀਆਂ ਪ੍ਰਸਿੱਧ ਕਹਾਣੀਆਂ ਹਨ। ਉਨਾਂ ਦੀ ਸਵੈ ਜੀਵਨੀ ‘ਮਲੇ ਝਾੜੀਆਂ’ ਵੀ ਬਹੁਤ ਪ੍ਰਸਿੱਧ ਹੋਈ। ਅੱਜ ਕੱਲ ਉਹ ‘ਹੱਡੀਂ ਬੈਠੇ ਪਿੰਡ’ ਪੁਸਤਕ ਦੀ ਤਿਆਰੀ ਕਰ ਰਹੇ ਸਨ। ਭਾਰਤ ਭਾਸ਼ਾ ਪ੍ਰੀਸ਼ਦ ਕਲਕੱਤਾ ਤੋਂ ਉਨਾਂ ਨੂੰ ‘ਮਿੱਟੀ ਦੀ ਜਾਤ’ ਕਹਾਣੀ ਸੰਗ੍ਰਹਿ ਤੇ 1990 ਵਿਚ ਐਵਾਰਡ ਮਿਲਿਆ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਲੋਂ 1992 ਵਿਚ ਕਰਤਾਰ ਸਿੰਘ ਧਾਲੀਵਾਲ ਯਾਦਗਾਰੀ ਐਵਾਰਡ ਦਿਤਾ ਗਿਆ। ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਨੇ ਉਨਾਂ ਦੇ ਕਹਾਣੀ ਸੰਗ੍ਰਹਿ ‘ਲੋਹੇ ਦਾ ਗੇਟ’ ’ਤੇ 1994 ਵਿਚ ਐਵਾਰਡ ਦਿਤਾ। ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਐਵਾਰਡ 2005 ਵਿਚ ਦਿਤਾ ਗਿਆ। ਉਨ•ਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਿੰਦੀ ਵਿਚ ਅਨੁਵਾਦ ਹੋਈਆਂ। ਉਨਾਂ ਦੇ ਨਾਵਲ ਪ੍ਰਤਾਪੀ ਨੂੰ ਟੈਲੀਵਿਜ਼ਨ ਚੈਨਲ ’ਤੇ 70 ਕਿਸਤਾਂ ਵਿਚ ਪੇਸ਼ ਕੀਤਾ ਗਿਆ। ਉਨਾਂ ਦੀਆਂ ਇਕ ਦਰਜਨ ਤੋਂ ਵੱਧ ਕਹਾਣੀਆਂ ਦੂਰਦਰਸ਼ਨ’ਤੇ ਪੇਸ਼ ਹੋ ਚੁੱਕੀਆਂ ਹਨ। ਉਨਾਂ ਦਾ ਨਾਵਲ ‘ਕੋਠੇ ਖੜਕ ਸਿੰਘ’ 1940 ਤੋਂ ਲੈ ਕੇ ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਬਣਨ ਅਤੇ ਇੰਦਰਾ ਗਾਂਧੀ ਦੇ ਦੁਬਾਰਾ ਸ਼ਕਤੀਸ਼ਾਲੀ ਬਣ ਜਾਣ ਤਕ ਤਿੰਨ ਪੁਸ਼ਤਾਂ ਨੂੰ ਬਿਆਨਦਾ ਹੈ। ਉਨਾਂ 16 ਨਾਵਲ, 14 ਕਹਾਣੀ ਸੰਗ੍ਰਹਿ ਲਿਖੇ। ਨਾਵਲ ‘ਭੀਮਾ’ ਵਿਚ ਬਿਹਾਰੀ, ਯੂਪੀ ਦੇ ਭਈਏ ਜੋ ਪੰਜਾਬ ਵਿਚ ਆ ਰਹੇ ਹਨ, ਕਿਵੇਂ ਪੰਜਾਬ ਦੇ ਮਾਹੌਲ ਬਦਲ ਰਹੇ ਹਨ, ਨੂੰ ਬਾਖ਼ੂਬੀ ਚਿਤਰਿਆ ਹੈ।

ਸੰਤੋਖ਼ ਸਿੰਘ ਧੀਰ ਦੇ ਦਿਮਾਗ ਦਾ ਰਾਜ਼ ਚੀਨ ’ਚ ਖੁੱਲੇਗਾ

ਇੰਟਰਨੈਸ਼ਨਲ ਕਾਨਫਰੰਸ ਆਨ ਨਿਊਰੋਸਾਇੰਸ ਵਿਚ ਮਾਹਰ ਕਰਨਗੇ ਚਰਚਾ

ਚੰਡੀਗੜ : ਮਰਹੂਮ ਪੰਜਾਬੀ ਸਾਹਿਤਕਾਰ ਸੰਤੋਖ਼ ਸਿੰਘ ਧੀਰ ਹੁਣ ਸਾਰੀ ਦੁਨੀਆ ਦੇ ਸਿਹਤ ਵਿਗਿਆਨੀਆਂ ਲਈ ਖੋਜ ਦਾ ਵਿਸ਼ਾ ਬਣਨ ਜਾ ਰਹੇ ਹਨ। ਸਿਹਤ ਵਿਗਿਆਨੀ ਇਹ ਜਾਨਣਾ ਚਾਹੁੰਦੇ ਹਨ ਕਿ ਆਖ਼ਰੀ 90 ਸਾਲ ਤੋਂ ਵੱਧ ਉਮਰ ਦੇ ਇਸ ਬਜ਼ੁਰਗ ਲੇਖਕ ਵਿਚ ਕੀ ਸੀ ਜੋ ਉਸ ਵਿਚ ਆਖ਼ਰੀ ਸਮੇਂ ਤੱਕ ਚਮਕਦਾ ਰਿਹਾ। ਇਹ ਜਾਨਣ ਲਈ ਉਨਾਂ ਦੇ ਦਿਮਾਗ ’ਤੇ ਚੀਨ ਵਿਚ ਖੋਜ ਸ਼ੁਰੂ ਕੀਤੀ ਜਾਵੇਗੀ। ਪੀਜੀਆਈ ਹੀ ਨਹੀਂ ਬਲਕਿ ਦੁਨੀਆ ਦੇ ਕਈ ਸਿਹਤ ਵਿਗਿਆਨੀ ਉਨਾਂ ਦੇ ਦਿਮਾਗ ਦਾ ਅਧਿਐਨ ਕਰਨਗੇ।20 ਅਤੇ 21 ਮਾਰਚ ਨੂੰ ਚੀਨ ਵਿਚ ਆਯੋਜਿਤ ਹੋਣ ਵਾਲੀ ਇੰਟਰਨੈਸ਼ਨਲ ਕਾਨਫਰੰਸ ਆਨ ਨਿਊਰੋਸਾਇੰਸ ਵਿਚ ਸੰਤੋਖ਼ ਸਿੰਘ ਧੀਰ ਦੇ ਦਿਮਾਗ ਨਾਲ ਸਬੰਧਤ ਦਸਤਾਵੇਜਾਂ ਨੂੰ ਪੀਜੀਆਈ ਇੰਟਰਨੈਸ਼ਨਲ ਫੈਕਲਟੀਜ਼ ਸਾਹਮਣੇ ਪੇਸ਼ ਕਰੇਗਾ। ਪੀਜੀਆਈ ਦੇ ਐਨਾਟਮੀ ਵਿਭਾਗ ਦੀ ਪ੍ਰੋ. ਡੇ ਜੀ ਸਾਹਨੀ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਸਾਰੀ ਦੁਨੀਆ ਦੇ ਸਿਹਤ ਵਿਗਿਆਨੀ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਉਹ ਸੰਤੋਖ਼ ਸਿੰਘ ਧੀਰ ਦੇ ਦਿਮਾਗ ਦੇ ‘ਗ੍ਰੇ ਮੈਟਰਸ’ (ਬੌਧਿਕ ਸਮਰਥਾ ਵਾਲਾ ਹਿੱਸਾ) ’ਤੇ ਅਧਿਐਨ ਕਰਨਗੇ। ਉਸ ਤੋਂ ਬਾਅਦ ਬ੍ਰੇਨ ਦੇ ਖੱਬੇ ਪਾਸੇ ਦੇ ਹਿੱਸੇ ਵਿਚ ਮੌਜੂਦ ‘ਬ੍ਰੋਂਕ ਸੈਲਜ਼’ (ਲੇਖਕ ਸਮਰਥਾ ਪਰਖ਼ਣ ਵਾਲੀਆਂ ਕੋਸ਼ਿਕਾਵਾਂ) ਦੀ ਥਿਕਨੈਸ ਜਾਂਚੀ ਜਾਵੇਗੀ। ਹੁਣ ਤੱਕ ਇਹ ਮੰਨਿਆ ਜਾਂਦਾ ਹੈ ਕਿ ਬ੍ਰੋਂਕ ਸੈਲਜ਼ ਦੀ ਥਿਕਨੈਸ ਜਿੰਨੀ ਜ਼ਿਆਦਾ ਹੋਵੇਗੀ ਉਸ ਵਿਅਕਤੀ ਦੀ ਲਿਖਣ ਦੀ ਸਮਰਥਾ ਉਨੀ ਹੀ ਜ਼ਿਆਦਾ ਤੇਜ਼ ਹੋਵੇਗੀ। 20 ਮਾਰਚ ਤੋਂ ਪਹਿਲਾਂ ਤੱਕ ਇਸ ਸਬੰਧੀ ਪੂਰੀ ਜਾਣਕਾਰੀ ਇਕੱਠੀ ਕਰ ਲਈ ਜਾਵੇਗੀ, ਤਾਂ ਕਿ ਉਸ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ ਜਾ ਸਕੇ।

ਸਾਬਕਾ ਪ੍ਰੇਮੀ ਦੇ ਕਤਲ ਦੀ ਦੋਸ਼ੀ ਪੰਜਾਬਣ ਨੂੰ ਉਮਰ ਕੈਦ

ਲਖਵੀਰ ਕੌਰ ਨੇ ਅਪਣੇ ਬੇਵਫ਼ਾ ਪ੍ਰੇਮੀ ਲਖਵਿੰਦਰ ਨੂੰ ਜ਼ਹਿਰ ਦੇ ਕੇ ਮਾਰਿਆ ਸੀ
ਪੰਜਾਬੀ ਮੂਲ ਦੀ ਲਖਬੀਰ ਕੌਰ ਜਿਸ ਨੂੰ ਆਪਣੇ ਸਾਬਕਾ ਪ੍ਰੇਮੀ ਲਖਵਿੰਦਰ ਸਿੰਘ ਚੀਮਾ ਨੂੰ ਜ਼ਹਿਰ ਦੇ ਮਾਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ। ਉਸ ਨੂੰ ਘੱਟੋ ਘੱਟ 23 ਸਾਲ ਜੇਲ ਵਿਚ ਗੁਜ਼ਾਰਨਗੇ ਹੋਣਗੇ। ਡਿਟੈਕਟਿਵ ਇੰਸਪੈਕਟਰ ਟੋਨੀ ਬਿਸ਼ਪ ਨੇ ਕਿਹਾ, ‘ਅਸੀਂ ਉਨਾਂ ਵਿਗਿਆਨੀਆਂ ਅਤੇ ਮਾਹਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨਾਂ ਨੇ ਹਤਿਆ ਲਈ ਵਰਤੇ ਗਏ ਜ਼ਹਿਰ ਦੇ ਸਰੋਤ ਦਾ ਪਤਾ ਲਗਾਇਆ। ਮੈਂ ਆਪ ਲੋਕਾਂ ਨੂੰ ਵੀ ਅਜਿਹਾ ਕਹਿਣਾ ਚਾਹੁੰਦਾ ਹਾਂ ਕਿ ਅਜਿਹੇ ਮਾਮਲੇ ਬਹਤੁ ਵਿਰਲੇ ਹੁੰਦੇ ਹਨ।’ ਬਰਤਾਨੀਆ ਦੇ ਪਿਛਲੇ 128 ਸਾਲਾਂ ਦੇ ਇਤਿਹਾਸ ਵਿਚ ਇਹ ਆਪਣੀ ਤਰਾਂ ਦਾ ਪਹਿਲਾ ਮਾਮਲਾ ਹੈ। ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਨਾਲ ਲਖਬੀਰ ਕੌਰ ਦੀ ਕਈ ਵਰੇ ਮੁਹੱਬਤ ਰਹੀ ਪਰ ਲਖਵਿੰਦਰ ਸਿੰਘ ਗੁਰਜੀਤ ਨਾਂ ਦੀ ਕਿਸੇ ਹੋਰ ਕੁੜੀ ਨਾਲ ਪਿਆਰ ਦੇ ਚੱਕਰ ਵਿਚ ਆ ਗਿਆ। ਬੇਵਫਾਈ ਨਾ ਝੱਲਦਿਆਂ ਲਖਬੀਰ ਕੌਰ ਜਦੋਂ ਇੰਡੀਆ ਤੋਂ ਵਾਪਸ ¦ਡਨ ਗਈ ਤਾਂ ਉਹ ਅਪਣੇ ਨਾਲ ਜ਼ਹਿਰ ਲੈ ਗਈ, ਜਿਸਨੂੰ ਉਸ ਨੇ ਲਖਵਿੰਦਰ ਸਿੰਘ ਲਈ ਬਣਾਈ ਚਿਕਨ ਕਰੀ ਵਿਚ ਮਿਲਾ ਦਿੱਤਾ। ਇਸ ਜ਼ਹਿਰੀਲੀ ਕਰੀ ਨੂੰ ਲਖਵਿੰਦਰ ਅਤੇ ਉਸ ਦੀ ਪ੍ਰੇਮਿਕਾ ਗੁਰਜੀਤ ਨੇ ਖਾਧਾ, ਜਿਸ ਦੌਰਾਨ ਲਖਵਿੰਦਰ ਸਿੰਘ ਦੀ ਮੌਤ ਹੋ ਗਈ, ਪਰ ਗੁਰਜੀਤ ਚੂੰਗ ਬਚ ਗਈ।

Monday, February 15, 2010

ਰਵਿਦਾਸੀਆ ਧਰਮ ਦਾ ਡੇਰੇ `ਚ ਹੀ ਵਿਰੋਧ ਹੋਣ ਲੱਗਾ

ਡੇਰਾ ਸੱਚਖੰਡ ਬੱਲਾਂ ਦੇ ਵਾਈਸ ਚੇਅਰਮੈਨ ਸੰਤ ਸੁਰਿੰਦਰ ਦਾਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾ ਛੱਡਣ ਦਾ ਫੈਸਲਾ ਲਿਆ
ਜਲੰਧਰ: ਨਵੇਂ ਰਵਿਦਾਸੀਆ ਧਰਮ ਅਤੇ ਨਵੇਂ ਗ੍ਰੰਥ ਦੇ ਕੀਤੇ ਗਏ ਐਲਾਨ ਨੇ ਰਵਿਦਾਸੀਆ ਭਾਈਚਾਰੇ ਨੂੰ ਦੋ ਗੁਟਾਂ ਵਿਚ ਵੰਡ ਦਿੱਤਾ ਹੈ ਦਿਲਚਸਪ ਗੱਲ ਇਹ ਹੈ ਕਿ ਭਾਈਚਾਰੇ ਦੀ ਬਹੁਸੰਮਤੀ ਨੇ ਇਸ ਨਵੇਂ ਧਰਮ ਨੂੰ ਮੰਨਣ ਤੋਂ ਸਾਫ ਇਨਕਾਰ ਕੀਤਾ ਹੈ। ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਰੰਜਣ ਦਾਸ ਤੋਂ ਬਾਅਦ ਸਭ ਤੋਂ ਸੀਨੀਅਰ ਸੰਤ ਸੁਰਿੰਦਰ ਦਾਸ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਇਸ ਨਾਲ ਸਹਿਮਤ ਨਹੀਂ ਅਤੇ ਇਸ ਸਾਰੀ ਕਾਰਵਾਈ ਦਾ ਉਹ ਬਾਈਕਾਟ ਕਰਦੇ ਹਨ। ਸੰਤ ਸੁਰਿੰਦਰ ਦਾਸ ਡੇਰਾ ਬੱਲਾਂ ਟਰੱਸਟ ਦੇ ਵਾਈਸ ਚੇਅਰਮੈਨ ਹਨ। ਸੁਰਿੰਦਰ ਦਾਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾ ਛੱਡਣ ਦਾ ਫੈਸਲਾ ਲਿਆ ਅਤੇ ਅਪਣੇ ਡੇਰੇ ਵਿਚ ਨਵਾਂ ਗ੍ਰੰਥ ਸਥਾਪਿਤ ਕਰਨ ਤੋਂ ਵੀ ਨਾਂਹ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਚੌਕਸੀ ਵਿਖਾਉਂਦਿਆਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਸਹੁਜਨ ਸਮਾਜ ਪਾਰਟੀ ਅਤੇ ਰਵਿਦਾਸੀਆ ਭਾਈਚਾਰੇ ਦੇ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਵਾਦ ਦੇ ਚੱਲਦਿਆਂ ਡੇਰਾ ਸੱਚਖੰਡ ਬੱਲਾਂ ਨੇ ਐਲਾਨ ਤੋਂ ਅਗਲੇ ਦਿਨ ਤੋਂ ਹੀ ਮੀਡੀਆ ਤੋਂ ਦੂਰੀ ਬਣਾ ਰੱਖੀ ਹੈ ਅਤੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੰਘੀ 30 ਜਨਵਰੀ ਨੂੰ ਕਾਂਸ਼ੀ ਦੇ ਤੀਰਥ ਅਸਥਾਨ ਸ਼ੀਰ ਗੋਵਰਧਨਪੁਰ ਵਿਖੇ ਡੇਰਾ ਸੱਚਖੰਡ ਬੱਲਾਂ ਦੀ ਅਗਵਾਈ ਵਿਚ ਰਵਿਦਾਸੀਆ ਭਾਈਚਾਰੇ ਦੇ ਇਕੱਠ ਵਿਚ ਨਵੇਂ ਧਰਮ, ਨਵੇਂ ਗ੍ਰੰਥ ਅਤੇ ਨਵੇਂ ਚਿੰਨ੍ਹ ਦਾ ਐਲਾਨ ਕਰਦਿਆਂ ਬਕਾਇਦਾ ਧਰਮ ਕੋਡ ਵੀ ਜਾਰੀ ਕੀਤਾ ਗਿਆ ਸੀ। ਜਿਸ ਨੇ ਵਿਸ਼ਵ ਭਰ ਵਿਚ ਫੈਲੇ ਰਵਿਦਾਸੀਆ ਭਾਈਚਾਰੇ ਅਤੇ ਪੰਥਕ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਵੱਖਰੇ ਧਰਮ ਦੇ ਐਲਾਨ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਨੂੰ ਜਿੱਥੇ ਰਵਿਦਾਸੀਆਂ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੁਣ ਡੇਰੇ ਦੇ ਅੰਦਰੋਂ ਵੀ ਡਟਵੇਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੇਰਾ ਸੱਚਖੰਡ ਬੱਲਾਂ ਦੀ ਇੱਕ ਬ੍ਰਾਂਚ ਨੂਪੁਰ-ਢੇਪੁਰ ਨੇੜੇ ਅੱਡਾ ਕਠਾਰ `ਚ ਸੰਤ ਸੁਰਿੰਦਰ ਦਾਸ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਵਿਸ਼ਵਾਸ ਤੇ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਹੈ। ਉਨ੍ਹਾਂ ਮੌਜੂਦਾ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਤੇ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਨੂੰ ਬਰਾਬਰ ਦੇ ਦੋਸ਼ੀ ਦੱਸਿਆ, ਜਿਨ੍ਹਾਂ ਨੇ ਰਵਿਦਾਸੀਆ ਭਾਈਚਾਰੇ ਨਾਲ ਹੋ ਰਹੇ ਵਿਤਕਰਿਆਂ ਨੂੰ ਦੂਰ ਕਰਨ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ। ਓਧਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਜਿਸ ਵਿਚ ਰਾਮਦਾਸੀਆ ਭਾਈਚਾਰੇ ਦੇ 150 ਡੇਰੇ ਸ਼ਾਮਲ ਹਨ ਨੇ ਇਸ ਨਵੇਂ ਗ੍ਰੰਥ ਨੂੰ ਰੱਦ ਕੀਤਾ ਹੈ।
ਜਾਣਕਾਰੀ ਮੁਤਾਬਕ ਡੇਰਾ ਸੱਚਖੰਡ ਬੱਲਾਂ ਵਲੋਂ ਨਵੇਂ ਧਾਰਮਿਕ ਗ੍ਰੰਥ ‘ਅੰਮ੍ਰਿਤ ਬਾਣੀ ਜਗਤਗੁਰੂ ਰਵਿਦਾਸ ਜੀ’ ਦੀਆਂ ਜੋ ਵੀਹ ਹਜ਼ਾਰ ਪੋਥੀਆਂ ਬਨਾਰਸ ਵਿਖੇ ਵੰਡੀਆਂ ਗਈਆਂ ਹਨ, ਉਸ ਗ੍ਰੰਥ ਦੇ 177 ਪੰਨੇ ਹਨ ਅਤੇ ਇਸ ਵਿਚ ਗੁਰੂ ਰਵਿਦਾਸ ਜੀ ਦੇ 240 ਸ਼ਬਦ ਅਤੇ ਸਲੋਕ ਦਰਜ ਹਨ। ਜਿਨ੍ਹਾਂ ਵਿਚ 40 ਸ਼ਬਦ ਉਹ ਵੀ ਸ਼ਾਮਲ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਗ੍ਰੰਥ ਜਲੰਧਰ ਜ਼ਿਲ੍ਹੇ ਦੇ ਪਿੰਡ ਢੱਡੇ ਨੰਗਲ ਕਰਾਰ ਖਾਨ ਅਤੇ ਡੇਰਾ ਸੱਚਖੰਡ ਬੱਲਾਂ ਵਿਚ ਪ੍ਰਕਾਸ਼ ਕੀਤਾ ਗਿਆ ਹੈ।
ਨਵੇਂ ਧਰਮ ਤੇ ਨਵੇਂ ਗ੍ਰੰਥ ਸਬੰਧੀ ਡੇਰਾ ਬੱਲਾਂ ਦੇ ਸੰਤ ਸੁਰਿੰਦਰ ਦਾਸ ਨੇ ਡੇਰੇ ਦੇ ਗੱਦੀਨਸ਼ੀਨ ਦੇ ਫੈਸਲੇ ਨਾਲ ਅਸਹਿਮਤੀ ਜਾਹਰ ਕਰਦਿਆਂ ਕਿਹਾ ਕਿ ਇਹ ਮਾਮਲਾ ਸਮਾਜ ਦੇ ਲੋਕਾਂ `ਚ ਵਿਚਾਰਨ ਲਈ ਖੁੱਲ੍ਹਾ ਛੱਡਣਾ ਚਾਹੀਦਾ ਸੀ। ਇਸ ਬਾਰੇ ਲੰਬਾ ਸਮਾਂ ਚਰਚਾ ਕਰਵਾਉਣੀ, ਸੈਮੀਨਾਰ ਕਰਵਾਉਣੇ ਤੇ ਵਿਦਵਾਨਾਂ ਦੀ ਰਾਏ ਲੈਣੀ ਚਾਹੀਦੀ ਸੀ। ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਹੁਣ ਜੋ ਕੁਝ ਹੋ ਰਿਹਾ ਹੈ, ਉਹ ਸੰਤ ਰਾਮਾਨੰਦ ਦੀ ਵਿਚਾਰਧਾਰਾ ਦੇ ਅਨਕੂਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸੰਤ ਰਾਮਾਨੰਦ ਨੇ ਆਪਣੀ ਸ਼ਹਾਦਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਚਾਰ ਕੀਤਾ। ਉਹ ਡੇਰੇ `ਚ ਵੀ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਪੜ੍ਹਾਉਂਦੇ ਸਨ। ਉਨ੍ਹਾ ਗੱਲਬਾਤ ਦੌਰਾਨ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖ ਭਾਈਚਾਰੇ ਦਾ ਹੀ ਗ੍ਰੰਥ ਨਹੀਂ ਹੈ। ਸੰਤ ਸੁਰਿੰਦਰ ਦਾਸ ਨੇ ਧਾਰਮਿਕ ਲੀਡਰਸ਼ਿਪ ਤੇ ਖਾਸ ਕਰਕੇ ਜਥੇਦਾਰਾਂ ਦੀ ਤਿੱਖੀ ਅਲੋਚਨਾ ਕੀਤੀ ਕਿ ਜਿਨ੍ਹਾਂ ਨੇ ਜਾਤਪਾਤ ਖਤਮ ਕਰਨ ਲਈ ਕੁਝ ਵੀ ਨਹੀਂ ਕੀਤਾ।

ਸਿੱਖ ਕਤਲੇਆਮ ਦੀ ਸੁਣਵਾਈ 6 ਮਹੀਨੇ `ਚ ਪੂਰੀ ਹੋਵੇ`

ਸੀਬੀਆਈ ਤੇ ਦਿੱਲੀ ਪੁਲਿਸ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ `ਤੇ ਸਹਿਮਤ
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਤੇ ਦਿੱਲੀ ਪੁਲਿਸ ਨੇ 1984 `ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮੁਕੱਦਮੇ ਲੜਨ ਲਈ ਦਿੱਲੀ ਹਾਈ ਕੋਰਟ ਸਾਹਮਣੇ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਇਨ੍ਹਾਂ ਸਾਰੇ ਮੁਕੱਦਮਿਆਂ ਦਾ ਨਿਪਟਾਰਾ 6 ਮਹੀਨਿਆਂ ਦੇ ਅੰਦਰ ਅੰਦਰ ਕਰ ਦੇਵੇ। ਜਾਂਚ ਏਜੰਸੀਆਂ ਨੇ ਅਦਾਲਤ ਨੂੰ ਦੱਸਿਆ ਹੈ ਕਿ ਇਨ੍ਹਾਂ ਮੁਕੱਦਮਿਆਂ ਲਈ ਸੀਨੀਅਰ ਵਕੀਲਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਦਿੱਲੀ ਹਾਈ ਕੋਰਟ ਨੇ ਜਾਂਚ ਏਜੰਸੀਆਂ ਦੀ ਖਿਚਾਈ ਕਰਦਿਆਂ ਸੀ. ਬੀ. ਆਈ. ਦੇ ਡਾਇਰੈਕਟਰ ਨੂੰ ਆਦੇਸ਼ ਦਿੱਤੇ ਸਨ ਕਿ ਗੁਜਰਾਤ ਦੰਗਿਆਂ ਦੇ ਮੁਕੱਦਮਿਆਂ ਦੀ ਤਰਜ਼ `ਤੇ ਸੀਨੀਅਰ ਵਕੀਲਾਂ ਨੂੰ ਵਿਸ਼ੇਸ਼ ਤੌਰ `ਤੇ ਇਹ ਮੁਕੱਦਮੇ ਲੜਨ ਲਈ ਨਿਯੁਕਤ ਕੀਤਾ ਜਾਵੇ। ਸੀ. ਬੀ. ਆਈ. ਵੱਲੋਂ ਪੇਸ਼ ਹੋਏ ਵਕੀਲ ਵਿਕਾਸ ਪਾਹਵਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੀਨੀਅਰ ਵਕੀਲ ਆਰ. ਐੱਸ. ਚੀਮਾ ਅਤੇ ਵਾਈ. ਕੇ. ਸਕਸੈਨਾ ਨੂੰ ਸੁਣਵਾਈ ਕਰ ਰਹੀ ਅਦਾਲਤ ਅਤੇ ਵਧੀਕ ਸੋਲਿਸਟਰ ਜਨਰਲ ਏ. ਐੱਸ. ਚੰਡੋਕ ਹਾਈ ਕੋਰਟ `ਚ `84 ਦੰਗਿਆਂ ਦੀ ਪੈਰਵੀ ਕਰਨਗੇ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਸੀਨੀਅਰ ਵਕੀਲ ਬੀ. ਐੱਸ. ਜੂਨ ਹੇਠਲੀ ਅਦਾਲਤ ਅਤੇ ਸੀਨੀਅਰ ਵਕੀਲ ਐੱਚ. ਜੇ. ਐੱਸ. ਆਹਲੂਵਾਲੀਆ ਹਾਈ ਕੋਰਟ `ਚ ਲੰਬਿਤ ਪਏ `84 ਦੇ ਦੰਗਿਆਂ ਦੇ ਕੇਸ ਜਿਨ੍ਹਾਂ `ਚ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵੀ ਸ਼ਾਮਿਲ ਹਨ ਦੀ ਪੈਰਵੀ ਕਰਨਗੇ।

ਸੰਤੋਖ ਸਿੰਘ ਧੀਰ ਦਾ ਅਕਾਲ ਚਲਾਣਾ

ਪੀਲੀਏ ਕਾਰਨ ਪੀਜੀਆਈ `ਚ ਸਨ ਜ਼ੇਰੇ ਇਲਾਜ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਚੰਡੀਗੜ੍ਹ: ਪੰਜਾਬੀ ਦੇ ਉੱਘੇ ਲੇਖਕ ਸੰਤੋਖ ਸਿੰਘ ਧੀਰ ਅਕਾਲ ਚਲਾਣਾ ਕਰ ਗਏ ਹਨ। ਚੰਡੀਗੜ੍ਹ ਦੇ ਪੀਜੀਆਈ ਵਿਚ ਜ਼ੇਰੇ ਇਲਾਜ ਸ. ਧੀਰ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਸ ਵੇਲੇ ਹੰਭ ਗਈਆਂ ਜਦੋਂ ਦਿਲ ਦਾ ਦੌਰਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। ਸੱਤ ਦਹਾਕਿਆਂ ਤੋਂ ਪੰਜਾਬੀ ਬੋਲੀ ਦੀ ਸੇਵਾ ਵਿਚ 50 ਦੇ ਕਰੀਬ ਪੁਸਤਕਾਂ ਲਿਖਣ ਵਾਲੇ ਲੋਕਾਂ ਦੇ ਲੇਖਕ ਸੰਤੋਖ ਸਿੰਘ ਧੀਰ ਹਫਤਾ ਪਹਿਲਾਂ ਪੀਲੀਏ ਦੀ ਜਕੜ `ਚ ਆ ਕੇ ਪੀਜੀਆਈ ਵਿਚ ਦਾਖਲ ਹੋਏ ਸਨ ਪਰ ਸੋਮਵਾਰ ਨੂੰ ਸ਼ਾਮੀ ਪੰਜ ਵਜੇ ਦਿਲ ਦਾ ਦੌਰੇ ਕਾਰਨ ਦਮ ਤੋੜ ਗਏ। ਡਾਕਟਰਾਂ ਨੂੰ ਇਲਾਜ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੈ ਜਿਸ ਕਰਕੇ ਪੀਲੀਆ ਹੋ ਗਿਆ ਸੀ। ਉਹ ਆਪਣੇ ਪਿਛੇ ਇਕ ਬੇਟਾ ਅਤੇ ਚਾਰ ਬੇਟੀਆਂ ਛੱਡ ਗਏ ਹਨ।
ਸੰਤੋਖ ਸਿੰਘ ਧੀਰ ਦੇ ਦਾਮਾਦ ਦਵਿੰਦਰਜੀਤ ਸਿੰਘ ਦਰਸ਼ੀ, ਬਲਜੀਤ ਪੰਨੂ ਅਤੇ ਬੰਤ ਸਿੰਘ ਰਾਏਪੁਰੀ ਦੀ ਪੱਤਰਕਾਰੀ ਖੇਤਰ ਵਿਚ ਵੱਖਰੀ ਪਛਾਣ ਹੈ। ਪਰਿਵਾਰ ਵਲੋਂ ਸ. ਦਰਸ਼ੀ ਨੇ ਜਾਣਕਾਰੀ ਦਿੱਤੀ ਹੈ ਕਿ ਸ. ਧੀਰ ਦੀਆਂ ਅੱਖਾਂ ਤਾਂ ਪਹਿਲਾਂ ਹੀ ਦਾਨ ਕਰ ਦਿੱਤੀਆਂ ਗਈਆਂ ਸਨ ਪਰ ਪਰਿਵਾਰ ਨੇ ਉਨ੍ਹਾਂ ਦੀ ਦੇਹ ਵੀ ਸਸਕਾਰ ਕਰਨ ਦੀ ਥਾਂ ਪੀਜੀਆਈ ਨੂੰ ਦਾਨ ਕਰਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਪੀਜੀਆਈ ਦੇ ਅਧਿਕਾਰੀਆਂ ਨੇ ਪ੍ਰਵਾਨ ਕਰ ਲਿਆ ਹੈ।
ਪੰਜਾਬੀ ਸਾਹਿਤ ਵਿਚ ਸਿੱਕਾ ਜਮਾਉਣ ਵਾਲੇ ਸ. ਧੀਰ ਬਸੀ ਪਠਾਣਾ ਕਸਬੇ ਦੇ ਜੰਮਪਲ ਹਨ। ਉਨ੍ਹਾਂ ਨੇ ਆਪਣਾ ਕੁਝ ਸਮਾਂ ਰਾਵਲਪਿੰਡੀ ਆਪਣੇ ਨਾਨਕੇ ਵੀ ਗੁਜਾਰਿਆ ਸੀ। ਉਨ੍ਹਾਂ ਨੇ 20 ਸਾਲ ਦੀ ਉਮਰ ਵਿਚ ਹੀ ‘ਗੁੱਡੀਆਂ ਪਟੋਲੇ’ ਅਤੇ ‘ਪਹੁ ਫੁਟਾਲਾ’ ਪੁਸਤਕਾਂ ਲਿਖ ਦਿੱਤੀਆਂ ਸਨ। ਉਨ੍ਹਾਂ ਨੇ ਬਿਸਤਰੇ `ਤੇ ਪਿਆਂ ਬਿਮਾਰੀ ਦੀ ਹਾਲਤ ਵਿਚ ਹੀ ਪਿਛਲੇ ਦਿਨੀਂ ‘ਕੋਧਰੇ ਦਾ ਮਹਾਂਗੀਤ’ ਪੁਸਤਕ ਲਿਖੀ ਸੀ ਜਿਹੜੀ ਕਿ ਉਨ੍ਹਾਂ ਦੀ ਆਖਰੀ ਪੁਸਤਕ ਬਣ ਗਈ। ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਸੇਵਾ ਲਈ ਸ਼ੋ੍ਰਮਣੀ ਸਹਿਤਕਾਰ ਐਵਾਰਡ ਨਾਲ ਸਨਮਾਨਿਆ ਗਿਆ ਸੀ। ਉਨ੍ਹਾਂ ਨੇ ਕਹਾਣੀਆਂ, ਕਵਿਤਾਵਾਂ, ਸਵੈ-ਜੀਵਨੀ, ਸਫਰਨਾਮਾ ਅਤੇ ਨਾਵਲਾਂ ਸਮੇਤ 50 ਦੇ ਲਗਭਗ ਪੁਸਤਕਾਂ ਪੰਜਾਬੀ ਬੋਲੀ ਨੂੰ ਦਿੱਤੀਆਂ।