ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, January 20, 2011

ਮਨਮੋਹਨ ਸਿੰਘ ਕੈਬਨਿਟ 'ਚ ਫ਼ੇਰਬਦਲ

ਮੰਤਰੀ ਮੰਡਲ ਦਾ ਵਿਸਥਾਰ ਅਤੇ ਫ਼ੇਰਬਦਲ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਤਿੰਨ ਮੰਤਰੀਆਂ ਨੂੰ ਪ੍ਰਮੋਸ਼ਨ ਦਿੱਤਾ, ਜਦਕਿ ਤਿੰਨ ਨੂੰ ਆਜ਼ਾਦ ਤੌਰ 'ਤੇ ਰਾਜ ਮੰਤਰੀ ਬਣਾ ਦਿੱਤਾ। ਪ੍ਰਮੋਸ਼ਨ ਹਾਸਲ ਕਰਨ ਵਾਲਿਆਂ 'ਚ ਐਨ.ਸੀ.ਪੀ. ਦੇ ਪ੍ਰਫ਼ੁੱਲ ਪਟੇਲ ਸ਼ਾਮਲ ਹਨ, ਜਿਨ੍ਹਾਂ ਨੂੰ ਨਾਗਰਿਕ ਉਡਾਣ ਮੰਤਰਾਲੇ ਤੋਂ ਹਟਾ ਕੇ ਕੈਬਨਿਟ ਮੰਤਰੀ ਦੇ ਰੂਪ ਵਿਚ ਭਾਰੀ ਉਦਯੋਗ ਮੰਤਰਾਲਾ ਸੌਂਪਿਆ ਗਿਆ ਹੈ। ਜਦੋਂਕਿ ਸ੍ਰੀ ਪ੍ਰਕਾਸ਼ ਜੈਸਵਾਲ ਨੂੰ ਕੋਲਾ ਵਿਭਾਗ 'ਚ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਲਮਾਨ ਖੁਰਸ਼ੀਦ ਨੂੰ ਜਲ ਸਰੋਤ ਮੰਤਰਾਲੇ ਦੀ ਵਾਗਡੋਰ ਸੰਭਾਲਦਿਆਂ ਵੇਨੀ ਪ੍ਰਸਾਦ ਵਰਮਾ ਨੂੰ ਇਸਪਾਤ ਆਜ਼ਾਦ ਰਾਜ ਮੰਤਰੀ ਅਤੇ ਅਜੇ ਮਾਕਨ ਨੂੰ ਖੇਡ ਤੇ ਯੁਵਾ ਮਾਮਲਿਆਂ ਦੇ ਆਜ਼ਾਦ ਤੌਰ 'ਤੇ ਰਾਜ ਮੰਤਰੀ ਬਣਾਇਆ ਗਿਆ ਹੈ। ਅਸ਼ਵਨੀ ਕੁਮਾਰ ਨੂੰ ਵੀ ਸੁਤੰਤਰ ਤੌਰ 'ਤੇ ਯੋਜਨਾ ਸੰਸਦੀ ਕਾਰਜ ਵਿਗਿਆਨ ਅਤੇ ਤਕਨੀਕੀ ਮਾਮਲਿਆਂ ਦਾ ਰਾਜ ਮੰਤਰੀ ਬਣਾਇਆ ਗਿਆ ਹੈ ਅਤੇ ਕੇ.ਸੀ. ਵੇਨੂ ਗੋਪਾਲ ਊਰਜਾ ਰਾਜ ਮੰਤਰੀ ਹੋਣਗੇ। ਫ਼ੇਰਬਦਲ ਦੀ ਖ਼ਾਸ ਗੱਲ ਇਹ ਰਹੀ ਕਿ ਕੁਮਾਰੀ ਸ਼ੈਲਜਾ ਤੋਂ ਜਿਥੇ ਟੂਰਿਜ਼ਮ ਵਿਭਾਗ ਵਾਪਸ ਲਿਆ ਗਿਆ, ਉਥੇ ਮਨੋਹਰ ਸਿੰਘ ਗਿੱਲ ਤੋਂ ਵੀ ਖੇਡ ਤੇ ਯੁਵਾ ਭਲਾਈ ਵਿਭਾਗ ਵਾਪਸ ਲੈ ਲਿਆ ਗਿਆ ਹੈ।

ਬਾਦਲਾਂ ਦੀ ਜੰਗ : ਮਾਘੀ ਮੇਲੇ ‘ਚ ਮਨਪ੍ਰੀਤ ਤੇ ਸੁਖਬੀਰ ਨੇ ਜੁਟਾਈ ਭੀੜ

ਮੁਕਤਸਰ ਦੇ ਮਾਘੀ ਮੇਲੇ ਮੌਕੇ ਵੱਕਾਰ ਦਾ ਸਵਾਲ ਬਣਾ ਕੇ ਕੀਤੀਆਂ ਗਈਆਂ ਸਿਆਸੀ ਰੈਲੀਆਂ ਵਿਚ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਮਨਪ੍ਰੀਤ ਬਾਦਲ ਦੀ ਰੈਲੀ ਵਿਚ ਵੱਡੀ ਗਿਣਤੀ ‘ਚ ਲੋਕਾਂ ਨੇ ਪਹੁੰਚ ਕੇ ਬਾਦਲ ਸਰਕਾਰ ਅਤੇ ਕਾਂਗਰਸ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਬਿਨਾ ਕੋਈ ਸਿਆਸੀ ਦਲ ਬਣਾਏ ਮਨਪ੍ਰੀਤ ਸਿੰਘ ਬਾਦਲ ਨੇ ਸ਼ਾਨਦਾਰ ਰੈਲੀ ਕਰਕੇ ਵਿਰੋਧੀਆਂ ਨੂੰ ਅਪਣੀ ਤਾਕਤ ਦਾ ਅਹਿਸਾਸ ਕਰਵਾ ਦਿਤਾ ਹੈ। ਦੂਸਰੇ ਪਾਸੇ ਆਮ ਲੋਕਾਂ ਨੇ ਵੀ ਇਹ ਜ਼ਾਹਿਰ ਕਰ ਦਿਤਾ ਹੈ ਕਿ ਉਹ ਬਿਨਾ ਕਿਸੇ ਦਬਾਅ ਦੇ ਰੈਲੀ ਵਿਚ ਪਹੁੰਚੇ ਸਨ। ਇਸ ਗੱਲ ਦਾ ਅੰਦਾਜ਼ਾ ਮੁਕਤਸਰ ਵਿਚ ਚਾਰੇ ਪਾਸੇ ਲੱਗੇ ਲੰਬੇ-ਲੰਬੇ ਟ੍ਰੈਫਿਕ ਜਾਮਾਂ ਤੋਂ ਲਗਾਇਆ ਜਾ ਸਕਦਾ ਸੀ।ਮੁਕਤਸਰ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਰੈਲੀ ਦੇ ਰਸ਼ ਨੂੰ ਕਾਬੂ ਕਰਨ ਵਿਚ ਬਿਲਕੁਲ ਨਾਕਾਮ ਰਿਹਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭੀੜ ਇਕੱਠੀ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿਚ ਲੋਕਾਂ ਦਾ ਜੋਸ਼ ਘੱਟ ਨਜ਼ਰ ਆਇਆ। ਮਨਪ੍ਰੀਤ ਸਿੰਘ ਬਾਦਲ ਦੇ ਇਸ ਸ਼ਕਤੀ ਪ੍ਰਦਰਸ਼ਨ ਵਿਚ ਲੋਕਾਂ ਦੀ ਭਰਵੀਂ ਗਿਣਤੀ ਤੋਂ ਉਹ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਰੈਲੀ ਵਿਚ ਉਹ ਅਪਣੇ ਵਲੋਂ ਕੋਈ ਅਹਿਮ ਐਲਾਨ ਕਰਨਗੇ ਪਰ ਉਨ੍ਹਾਂ ਨੇ ਸਿਰਫ਼ ਏਨਾ ਕਿਹਾ ਕਿ ਉਹ ਇਥੇ ਵੋਟਾਂ ਮੰਗਣ ਨਹੀਂ ਬਲਕਿ ਲੋਕਾਂ ਨੂੰ ਇਨਸਾਫ਼ ਅਤੇ ਇਨਕਲਾਬ ਦੇ ਲਈ ਤਿਆਰ ਕਰਨ ਆਏ ਹਨ। ਮਨਪ੍ਰੀਤ ਸਿੰਘ ਬਾਦਲ ਨੇ ਨਵੀਂ ਪਾਰਟੀ ਬਣਾਉਣ ਬਾਰੇ ਵੀ ਅਜੇ ਪੱਤੇ ਨਹੀਂ ਖੋਲ੍ਹੇ, ਜਦਕਿ ਇਸੇ ਰੈਲੀ ਵਿਚ ਬੀਰਦਵਿੰਦਰ ਸਿੰਘ ਨੇ ਇਹ ਸੰਕੇਤ ਜ਼ਰੂਰ ਦਿਤਾ ਕਿ ਖਟਕੜ ਕਲਾਂ ਦੀ ਰੈਲੀ ਵਿਚ ਨਵੀਂ ਪਾਰਟੀ ਦਾ ਐਲਾਨ ਕਰ ਦਿਤਾ ਜਾਵੇਗਾ। ਬੀਰਦਵਿੰਦਰ ਸਿੰਘ ਨੇ ਮਤਾ ਪਾਸ ਕਰਦਿਆਂ ਹੋਇਆਂ ਕਿਹਾ ਕਿ 23 ਮਾਰਚ ਤੱਕ ਰਾਜਨੀਤਕ ਪਾਰਟੀ ਦੀਆਂ ਸੰਭਾਵਨਾਵਾਂ ਦੀ ਤਲਾਸ਼ ਜ਼ਰੂਰ ਕੀਤੀ ਜਾਵੇਗੀ।

ਪਰਵਾਸੀ ਪੰਜਾਬੀ ਸੰਮੇਲਨ : 2000 ਲੋਕਾਂ ਦਾ ਪ੍ਰਬੰਧ ਸੀ, 150 ਪਹੁੰਚੇ

ਜਲੰਧਰ : ਪੰਜਾਬ ਵਿਚ ਐਨਆਰਆਈ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ ਪਰਵਾਸੀ ਪੰਜਾਬੀ ਸੰਮੇਲਨ ਇਕ ਫਲਾਪ ਸ਼ੋਅ ਸਾਬਤ ਹੋਇਆ। ਜਲੰਧਰ ਵਿਚ ਲੰਘੇ ਮੰਗਲਵਾਰ ਨੂੰ ਕਰਵਾਏ ਇਸ ਸੰਮੇਲਨ ਵਿਚ ਲੰਬੀ ਉਡੀਕ ਤੋਂ ਬਾਅਦ ਵੀ ਪ੍ਰਬੰਧਕਾਂ ਨੂੰ ਐਨਆਰਆਈ ਮਹਿਮਾਨਾਂ ਦੇ ਦਰਸ਼ਨ ਦੁਰਲੱਭ ਹੋ ਗਏ। 2000 ਲੋਕਾਂ ਲਈ ਲੱਖਾਂ ਰੁਪਏ ਖਰਚ ਕਰਕੇ ਕਰਵਾਏ ਇਸ ਸੰਮੇਲਨ ਵਿਚ ਸਿਰਫ਼ 150 ਐਨਆਰਆਈਜ਼ ਪਹੁੰਚੇ। ਪਰਵਾਸੀ ਪੰਜਾਬੀ ਮਹਿਮਾਨਾਂ ਦੀ ਭੀੜ ਜੁਟਾਉਣ ਦਾ ਲੰਬਾ ਇੰਤਜਾਰ ਕਰਨ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਢਾਈ ਘੰਟੇ ਲੇਟ ਪਹੁੰਚੇ।ਪੰਜਾਬ ਸਰਕਾਰ ਵਲੋਂ ਕਰਵਾਏ ਗਏ ਇਸ ਫਲਾਪ ਸ਼ੋਅ ਵਿਚ ਜ਼ਿਆਦਾਤਰ ਕੁਰਸੀਆਂ ਖਾਲੀ ਰਹੀਆਂ, ਜਿਹੜੀਆਂ ਸੀਟਾਂ ਭਰੀਆਂ ਹੋਈਆਂ ਸਨ, ਉਨ੍ਹਾਂ ‘ਤੇ ਅਕਾਲੀ ਨੇਤਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਬੈਠੇ ਨਜ਼ਰ ਆਏ। ਇਥੋਂ ਤੱਕ ਕਿ ਮਿੰਨੀ ਪੰਜਾਬ ਕਹਾਉਣ ਵਾਲੇ ਕੈਨੇਡਾ ਤੋਂ ਸਿਰਫ਼ 20 ਬੰਦਿਆਂ ਨੇ ਹੀ ਅਪਣੇ ਨਾਂ ਦਰਜ ਕਰਵਾਏ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਦੌਰੇ ‘ਤੇ ਆਈ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਰੂਬੀ ਢੱਲਾ, ਸੁੱਖ ਧਾਲੀਵਾਲ ਅਤੇ ਪੀਟਰ ਸੰਧੂ ਵੀ ਸੰਮੇਲਨ ਤੋਂ ਦੂਰ ਰਹੇ। ਸਿਰਫ਼ ਯੂਕੇ ਦੇ ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ ਹੀ ਸੰਮੇਲਨ ਵਿਚ ਸੰਬੋਧਨ ਕਰਨ ਲਈ ਪਹੁੰਚੇ।

ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਪੰਥਕ ਰਾਜਨੀਤੀ ਗਰਮਾਈ

ਅੰਮ੍ਰਿਤਸਰ : ਨਾਨਕਸ਼ਾਹੀ ਕੈਲੰਡਰ ਵਿਚ ਕੀਤੀਆਂ ਗਈਆਂ ਸੋਧਾਂ ਤੋਂ ਬਾਅਦ ਕਈ ਗੁਰਪੁਰਬ ਦੋ-ਦੋ ਵਾਰ ਤਰੀਕਾਂ ‘ਤੇ ਮਨਾਏ ਜਾਣ ਕਾਰਨ ਸੰਗਤਾਂ ਵਿਚ ਬਣੀ ਅਸਪੱਸ਼ਟਤਾ ਵਾਲੀ ਸਥਿਤੀ ਨੂੰ ਖ਼ਤਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਜਿਥੇ ਇਕੱਤਰਤਾ ਸੱਦਣ ਦੀ ਮੰਗ ਕੀਤੀ ਹੈ, ਉਥੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਪਣੇ ਸਟੈਂਡ ਕਾਰਨ ਵਿਵਾਦ ਵਿੱਚ ਘਿਰ ਗਏ ਹਨ। ਜਥੇਦਾਰ ਨੰਦਗੜ੍ਹ ਨੇ ਸਪੱਸ਼ਟ ਕੀਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਵਿਲੱਖਣਤਾ ਨੂੰ ਖ਼ਤਮ ਕੀਤੇ ਜਾਣ ਦੇ ਕੋਝੇ ਯਤਨਾਂ ਦਾ ਉਹ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ ਅਤੇ ਇਸ ਦੀ ਵਿਲੱਖਣਤਾ ਬਣਾਈ ਰੱਖਣ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਨ। ਓਧਰ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਸਮੇਤ ਕੁਝ ਪੰਥਕ ਆਗੂਆਂ ਨੇ ਜਥੇਦਾਰ ਨੰਦਗੜ੍ਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਜਾਣ ਦੀ ਮੰਗ ਕਰ ਦਿੱਤੀ ਹੈ। ਆਉਂਦੇ ਦਿਨਾਂ ਵਿਚ ਇਸ ਮਾਮਲੇ ਦੇ ਹੋਰ ਭਖਣ ਦੇ ਆਸਾਰ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤੇ ਜਾਣ ਤੋਂ ਇਕ ਦਿਨ ਬਾਅਦ ਹੀ ਇਥੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਖ਼ਤਾਂ ਦੇ ਸਾਬਕਾ ਅਤੇ ਮੌਜੂਦਾ ਜਥੇਦਾਰਬਾਂ ਸਮੇਤ ਦੇਸ਼-ਵਿਦੇਸ਼ ਦੀ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਵਾਦ-ਵਿਵਾਦ ਨਾ ਖੜ੍ਹਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਕੋਈ ਇਸ ਸਬੰਧ ਵਿੱਚ ਵਿਚਾਰ ਜਾਂ ਸੁਝਾਅ ਦੇਣ ਹੁੰਦਾ ਹੈ ਤਾਂ ਉਹ ਇਨ੍ਹਾਂ ਨੂੰ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਭੇਜ ਸਕਦਾ ਹੈ।

ਨਿੱਕੀ ਨੇ ਗਵਰਨਰ ਦਾ ਅਹੁਦਾ ਸੰਭਾਲਿਆ

ਵਾਸ਼ਿੰਗਟਨ : ਅਮਰੀਕਾ ਦੇ ਦੱਖਣੀ ਕੈਰੋਲੀਨਾ ਸੂਬੇ ਦੇ ਲਈ 12 ਜਨਵਰੀ ਦਾ ਦਿਨ ਕਾਫੀ ਅਹਿਮ ਸੀ, ਕਿਉਂਕਿ ਇਸ ਦਿਨ ਦੱਖਣੀ ਕੈਰੋਲੀਨਾ ਵਿਚ ਪਹਿਲੀ ਵਾਰ ਕਿਸੇ ਔਰਤ ਨੇ ਗਵਰਨਰ ਦਾ ਸਰਬਉੱਚ ਅਹੁਦਾ ਸੰਭਾਲਿਆ। ਅੰਮ੍ਰਿਤਸਰ ਦੇ ਸਿੱਖ ਪਰਿਵਾਰ ਦੀ ਧੀ ਨਿੱਕੀ ਹੈਲੇ ਉਰਫ਼ ਨਮਰਤਾ ਰੰਧਾਵਾ ਅਮਰੀਕਾ ਵਿਚ ਗਵਰਨਰ ਅਹੁਦਾ ਸੰਭਾਲਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਹੈ। ਹਾਲਾਂਕਿ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੇ ਤੌਰ ‘ਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਉਹ ਦੂਸਰੀ ਸ਼ਖਸੀਅਤ ਹੈ।ਸਹੁੰ ਚੁੱਕਣ ਤੋਂ ਬਾਅਦ ਰਾਜਭਵਨ ‘ਚ ਅਪਣੇ ਪਹਿਲੇ ਸੰਬੋਧਨ ਵਿਚ ਨਿੱਕੀ ਹੈਲੀ ਨੇ ਭਾਰਤ ਨਾਲ ਜੁੜੀਆਂ ਅਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨਾਂ ਨੇ ਕਿਹਾ ਕਿ ਮੈਂ ਭਾਰਤੀ ਤੇ ਪੰਜਾਬੀ ਪਰਵਾਸੀਆਂ ਦੀ ਮਾਣ ਮੱਤੀ ਬੇਟੀ ਦੇ ਰੂਪ ‘ਚ ਤੁਹਾਡੇ ਸਾਹਮਣੇ ਖੜ੍ਹੀ ਹਾਂ। ਇਸ ਇਤਿਹਾਸਕ ਸਮਾਗਮ ਦੌਰਾਨ ਅਮਰੀਕਾ ‘ਚ ਭਾਰਤ ਦੀ ਰਾਜਦੂਤ ਮੀਰਾ ਸ਼ੰਕਰ, ਰਿਪਬਲਿਕਨ ਪਾਰਟੀ ਦੇ ਕਈ ਆਹਲਾ ਆਗੂ, ਕਾਂਗਰਸ ਦੇ ਕਈ ਮੈਂਬਰ ਅਤੇ ਅਮਰੀਕਾ ਭਰ ‘ਚ ਫੈਲੇ ਕਈ ਭਾਰਤੀ ਮੂਲ ਦੇ ਅਮਰੀਕੀ ਮੌਜੂਦ ਸਨ। ਨਿੱਕੀ ਨੂੰ ਸਹੁੰ ਸੁਪਰੀਮ ਕੋਰਟ ਦੇ ਜੱਜ ਨੇ ਚੁਕਾਈ। ਨਿੱਕੀ ਰੰਧਾਵਾ ਨੇ ਕਿਹਾ ਕਿ ਦੱਖਣੀ ਕੈਰੋਲਿਨਾ ਦੇ ਛੋਟੇ ਜਿਹੇ ਪੇਂਡੂ ਕਸਬੇ ‘ਚ ਜੰਮੀ ਪਲ਼ੀ ਮੈਂ ਅਤੇ ਮੇਰੇ ਪਰਿਵਾਰ ਨੇ ਇਸ ਪ੍ਰਦੇਸ਼ ਅਤੇ ਦੇਸ਼ ਨੂੰ ਬਹੁਤ ਨੇੜਿਓਂ ਵੇਖਿਆ ਹੈ। ਨਿੱਕੀ ਨੇ ਕਿਹਾ ਕਿ ਸਾਡਾ ਹਰ ਦਿਨ ਬਹੁਤ ਵਧੀਆ ਨਹੀਂ ਸੀ ਹੁੰਦਾ। ਅਜਿਹਾ ਨਹੀਂ ਸੀ ਹੁੰਦਾ ਕਿ ਅਸੀਂ ਬੋਝਾਂ ਤੇ ਪਰੇਸ਼ਾਨੀਆਂ ਤੋਂ ਮੁਕਤ ਰਹਿੰਦੇ ਸਾਂ। ਅਹੁਦੇ ਦੀ ਸਹੁੰ ਚੁੱਕਣ ਪਿਛੋਂ ਉਨ੍ਹਾਂ ਕਿਹਾ ਕਿ ਮੇਰੇ ਮਾਤਾ-ਪਿਤਾ ਤੇ ਮੇਰੇ ਭਰਾਵਾਂ ਤੇ ਭੈਣਾਂ ਨੇ ਹਮੇਸ਼ਾ ਇਹ ਯਾਦ ਦਿਵਾਇਆ ਕਿ ਅਸੀਂ ਇਸ ਦੇਸ਼ ‘ਚ ਰਹਿਣ ਵਾਲੇ ਭਾਗਸ਼ਾਲੀ ਨਾਗਰਿਕ ਹਾਂ।1982 ਵਿਚ ਜਨਮੀਂ ਨਮਰਤਾ ਰੰਧਾਵਾ ਇਸ ਵਕਤ ਲੇਵਿੰਗਸਟਨ ਵਿਚ ਅਪਣੇ ਪਤੀ ਮਾਈਕਲ ਅਤੇ ਦੋ ਬੱਚਿਆਂ ਪੁੱਤਰੀ ਰੈਨਾ ਤੇ ਪੁੱਤਰ ਨਲਿਨ ਨਾਲ ਰਹਿ ਰਹੀ ਹੈ।

ਸੁਰਿੰਦਰ ਜਾਖੜ ਦੀ ਗੋਲੀ ਲੱਗਣ ਨਾਲ ਮੌਤ

ਅਬੋਹਰ : ਸਹਿਕਾਰੀ ਸੰਸਥਾ ਇਫਕੋ (ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋ-ਆਪ੍ਰੇਟਿਵਜ਼) ਦੇ ਚੇਅਰਮੈਨ ਅਤੇ ਅੰਤਰਰਾਸ਼ਟਰੀ ਸਹਿਕਾਰੀ ਸੰਗਠਨ (ਇੰਟਰਨੈਸ਼ਨਲ ਕੋਆਪ੍ਰੇਟਿਵ ਅਲਾਇੰਸ) ਦੇ ਡਾਇਰੈਕਟਰ ਚੌਧਰੀ ਸੁਰਿੰਦਰ ਕੁਮਾਰ ਜਾਖੜ ਦੀ ਉਨ੍ਹਾਂ ਦੇ ਪਿੰਡ ਮੌਜਗੜ੍ਹ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਉਨ੍ਹਾਂ ਦੇ ਸਿਰ ਵਿਚ ਸੱਜੇ ਤੋਂ ਖੱਬੇ ਪਾਸੇ ਲੱਗੀ ਹੈ। ਸੁਰਿੰਦਰ ਕੁਮਾਰ ਸਾਬਕਾ ਲੋਕ ਸਭਾ ਸਪੀਕਰ ਤੇ ਮੱਧ ਪ੍ਰਦੇਸ਼ ਦੇ ਸਾਬਕਾ ਰਾਜਪਾਲ ਡਾ. ਬਲਰਾਮ ਜਾਖੜ ਦੇ ਪੁੱਤਰ, ਸਾਬਕਾ ਮੰਤਰੀ ਸੱਜਣ ਕੁਮਾਰ ਜਾਖੜ ਅਤੇ ਅਬੋਹਰ ਦੇ ਵਿਧਾਇਕ ਸੁਨੀਲ ਕੁਮਾਰ ਜਾਖੜ ਦੇ ਭਰਾ ਸਨ।ਜਾਣਕਾਰੀ ਅਨੁਸਾਰ ਸੁਰਿੰਦਰ ਜਾਖੜ ਅਪਣੇ ਫਾਰਮ ਹਾਊਸ ‘ਤੇ ਅਪਣੀ ਪਿਸਤੌਲ ਸਾਫ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ। ਉਨ੍ਹਾਂ ਨੂੰ ਲਗਭਗ ਸਾਢੇ ਤਿੰਨ ਵਜੇ ਹਸਪਤਾਲ ਲਿਆਂਦਾ ਗਿਆ ਜਿਥੇ ਮੁੱਖ ਮੈਡੀਕਲ ਅਫ਼ਸਰ ਡਾ. ਰਮੇਸ਼ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਕਪਤਾਨ ਵਰਿੰਦਰ ਸਿੰਘ ਬਰਾੜ ਅਨੁਸਾਰ ਇਸ ਬਾਬਤ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਪੁੱਤਰ ਸਤਨਰਾਇਣ ਦੇ ਧਾਰਾ 174 ਤਹਿਤ ਬਿਆਨ ਦਰਜ ਕੀਤੇ ਗਏ ਹਨ। ਸੁਰਿੰਦਰ ਕੁਮਾਰ ਜਾਖੜ ਅਪਣੇ ਪਿੱਛੇ ਇਕ ਪੁੱਤਰ, ਇਕ ਧੀ ਅਤੇ ਪਤਨੀ ਛੱਡ ਗਏ ਹਨ। ਉਨ੍ਹਾਂ ਦਾ ਪੁੱਤਰ ਸੰਦੀਪ ਜਾਖੜ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਹੈ।

ਕੈਪਟਨ ਬਲਬੀਰ ਸਿੰਘ ਬਾਠ ਬਣੇ ਕੈਬਨਿਟ ਮੰਤਰੀ

ਚੰਡੀਗੜ੍ਹ : ਗੁਰਦਾਸਪੁਰ ਦੇ ਕੈਪਟਨ ਬਲਬੀਰ ਸਿੰਘ ਬਾਠ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਬਨਿਟ ਮੰਤਰੀ ਤਾਂ ਬਣਾ ਦਿੱਤਾ, ਪਰ ਉਨਾਂ ਨੂੰ ਅਪਣੀ ਕੈਬਨਿਟ ਵਿਚ ਲੋ-ਪ੍ਰੋਫਾਈਲ ਮੰਤਰੀ ਰੱਖਣ ਦਾ ਸੰਕੇਤ ਵੀ ਦਿੱਤਾ ਹੈ। ਬਲਬੀਰ ਸਿੰਘ ਬਾਠ ਦੇ ਸਹੁੰ ਚੁੱਕ ਸਮਾਰੋਹ ਅਤੇ ਉਸ ਤੋਂ ਬਾਅਦ ਦਿੱਤੇ ਗਏ ਵਿਭਾਗਾਂ ਨੇ ਕੁਝ ਅਜਿਹੇ ਸੰਕੇਤ ਹੀ ਦਿੱਤੇ ਹਨ। ਮੁੱਖ ਮੰਤਰੀ ਸਮੇਤ ਕੁੱਲ ਅਠਾਰਾਂ ਮੰਤਰੀਆਂ ਵਿਚੋਂ ਦੋ ਤਿਹਾਈ ਦਾ ਗੈਰਹਾਜ਼ਰ ਰਹਿਣਾ ਵੀ ਇਸ ਗੱਲ ਦਾ ਸੰਕੇਤ ਹੀ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਕੋਲ ਹਾਲਾਂਕਿ ਕਈ ਵੱਡੇ ਅਤੇ ਅਹਿਮ ਵਿਭਾਗਾਂ ਦਾ ਬੋਝ ਹੈ, ਪਰ ਕੈਪਟਨ ਬਲਬੀਰ ਸਿੰਘ ਬਾਠ ਨੂੰ ਉਨ੍ਹਾਂ ਨੇ ਕਿਸੇ ਵੀ ਵੱਡੇ ਵਿਭਾਗ ਦਾ ਜਿੰਮਾ ਨਹੀਂ ਸੌਂਪਿਆ। ਸੂਤਰਾਂ ਅਨੁਸਾਰ ਕੈਪਟਨ ਬਲਬੀਰ ਸਿੰਘ ਬਾਠ ਨੇ ਮੁੱਖ ਮੰਤਰੀ ਨੂੰ ਇਸ ਅਹੁਦੇ ਦੇ ਲਈ ਮਜ਼ਬੂਰ ਕੀਤਾ ਦੱਸਿਆ ਜਾ ਰਿਹਾ ਹੈ, ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਵੀ ਇਸ ਤੋਂ ਨਾਖੁਸ਼ ਦੱਸਿਆ ਜਾ ਰਿਹਾ ਹੈ। ਦੋਵੇਂ ਪਾਰਟੀਆਂ ਦੇ ਕਈ ਵੱਡੇ ਆਗੂਆਂ ਅਤੇ ਮੰਤਰੀਆਂ ਦੀ ਗੈਰ ਮੌਜੂਦਗੀ ਪਿਛੇ ਕੋਈ ਵਿਸ਼ੇਸ਼ ਕਾਰਨ ਨਹੀਂ ਸੀ, ਪਰ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਉਨਾਂ ਦੀ ਪਾਰਟੀ ਨਾਲ ਸਬੰਧਤ ਮੰਤਰੀ ਤੇ ਵਿਧਾਇਕ ਅਪਣੇ ਅਪਣੇ ਇਲਾਕੇ ਵਿਚ ਰੁਝੇ ਹੋਏ ਹੋਣ ਕਰਕੇ ਨਹੀਂ ਪਹੁੰਚੇ।ਕੈਪਟਨ ਬਲਬੀਰ ਸਿੰਘ ਬਾਠ ਨੂੰ ਪੰਜਾਬ ਰਾਜ ਭਵਨ ਵਿਖੇ ਰਾਜਪਾਲ ਸ਼ਿਵਰਾਜ ਪਾਟਿਲ ਵਲੋਂ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਵੀ ਹਾਜ਼ਰ ਸਨ। ਕੈਪਟਨ ਬਾਠ ਨੂੰ ਸੈਨਿਕ ਸੇਵਾਵਾਂ ਦਾ ਕਲਿਆਣ, ਕਾਨੂੰਨੀ ਤੇ ਵਿਧਾਨਕ ਮਾਮਲੇ, ਐਨਆਰਆਈ ਮਸਲੇ, ਪੈਨਸ਼ਨ ਅਤੇ ਖਜ਼ਾਨਾ ਵਿਭਾਗ ਦੇ ਪੈਨਸ਼ਨ ਵਿਭਾਗ ਦੇ ਕਲਿਆਣ ਤੋਂ ਇਲਾਵਾ ਸ਼ਿਕਾਇਤ ਨਿਵਾਰਨ ਦੇ ਵਿਧਾਇਕ ਦਿੱਤੇ ਗਏ। ਕੈਪਟਨ ਬਾਠ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਹਲਕੇ ਤੋਂ ਵਿਧਾਇਕ ਹਨ।

ਦਸਮ ਪਾਤਸ਼ਾਹ ਦੀ ਕਲਗੀ ਅਸਲੀ ਨਹੀਂ’

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਏਸ ਸੰਸਥਾ ਕੋਲ, ਡੇਢ ਸਾਲ ਪਹਿਲਾਂ, ਇੰਗਲੈਂਡ ਤੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਕਹਿ ਕੇ ਆਈ ਕਲਗੀ ਅਸਲੀ ਨਹੀਂ ਹੈ। ਸੀਨੀਅਰ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਅਤੇ ਲੁਧਿਆਣਾ ਦੇ ਕਮਲਜੀਤ ਸਿੰਘ ਬੋਪਰਾਏ ਦੀ ਇਕ ਟੀਮ ਪਹਿਲੀ ਜੁਲਾਈ 2009 ਨੂੰ ਇਹ ਕਲਗੀ, ਇੰਗਲੈਂਡ ਤੋਂ ਲਿਆਈ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਸ ਕਲਗੀ ਦਾ ਸੁਆਗਤ ਕੀਤਾ ਸੀ। ਸ਼ਰਧਾਲੂਆਂ ਨੇ ਹਵਾਈ ਅੱਡੇ ਤੋਂ ਦਰਬਾਰ ਸਾਹਿਬ ਤੱਕ 10.00 ਕਿਲੋਮੀਟਰ ਲੰਮੀ ਕਤਾਰ ਬਣਾ ਕੇ ਇਸ ‘ਨਿਸ਼ਾਨੀ‘ ਦੇ ਦਰਸ਼ਨ ਕੀਤੇ ਸਨ।
ਪਰ ਜਦ ਹਰਪ੍ਰੀਤ ਸਿੰਘ ਸਿੱਧੂ ਅਤੇ ਬੋਪਰਾਏ ਇਹ ਦੱਸਣ ‘ਚ ਨਾਕਾਮ ਰਹੇ ਕਿ ਉਹ ਇਹ ਕਲਗੀ ਕਿਥੋਂ ਲਿਆਏ ਹਨ ਤਾਂ ਇਸ ਦੇ ਅਸਲੀ ਹੋਣ ਬਾਰੇ ਸ਼ੰਕੇ ਖੜ੍ਹੇ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਦੀ ਜਾਂਚ ਲਈ ਇਕ ਕਮੇਟੀ ਕਾਇਮ ਕੀਤੀ ਗਈ। ਇਸ ਕਮੇਟੀ ਵਿਚ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਡਾ.ਕਿਰਪਾਲ ਸਿੰਘ, ਇਤਿਹਾਸਕ ਮਾਹਿਰ ਡਾ. ਬਲਵੰਤ ਸਿੰਘ ਢਿੱਲੋਂ, ਡਾ.ਸੁਖਦਿਆਲ ਸਿੰਘ, ਹਰਬੰਸ ਸਿੰਘ ਚਾਵਲਾ, ਮੋਹਣ ਸਿੰਘ, ਮਹਿੰਦਰ ਸਿੰਘ, ਐਸਪੀ ਸਿੰਘ, ਐਸਜੀਪੀਸੀ ਦੇ ਸਕੱਤਰ ਦਲਮੇਘ ਸਿੰਘ ਅਤੇ ਖੁਦ ਬੋਪਾਰਾਏ ਵੀ ਸ਼ਾਮਲ ਸਨ। ਇਸ ਕਮੇਟੀ ਦੀ ਇਕੋ ਹੀ ਮੀਟਿੰਗ ਅਗਸਤ 2009 ਵਿਚ ਚੰਡੀਗੜ੍ਹ ‘ਚ ਹੋਈ ਸੀ। ਮੀਟਿੰਗ ਵਿਚ ਹਰਪ੍ਰੀਤ ਸਿੰਘ ਸਿੱਧੂ ਅਤੇ ਬੋਪਰਾਏ ਨੇ ਇਹ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਇਹ ਕਲਗੀ ਕਿਥੋਂ ਲਿਆਏ ਹਨ। ਹਾਲਾਂਕਿ ਇਸ ਬਾਰੇ ਜਾਂਚ ਦੀ ਕੋਈ ਰਿਪੋਰਟ ਨਹੀਂ ਆਈ ਜਿਸ ਨੂੰ ਇਸ ਫੈਸਲੇ ਦਾ ਆਧਾਰ ਬਣਾਇਆ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਸ ਕਲਗੀ ਦੀ ਪ੍ਰਾਚੀਨਤਾ ਬਾਰੇ ਪਤਾ ਲਾਉਣ ਲਈ ਇਸ ਦੀ ਕਾਰਬਨ ਡੇਟਿੰਗ ਪਰਖ ਦੀ ਗੱਲ ਵੀ ਚੱਲੀ ਪਰ ਵੱਖ ਵੱਖ ਧਾਰਮਿਕ ਅਤੇ ਵਿਗਿਆਨਕ ਪੱਖਾਂ ਤੋਂ ਇਸ ਬਾਰੇ ਨਾਂਹ ਪੱਖੀ ਹੁੰਗਾਰਾ ਮਿਲਣ ਕਰਕੇ ਇਹ ਨਹੀਂ ਕਰਵਾਈ ਗਈ।

ਫ਼ਿਲਮ ਅਦਾਕਾਰ ਵਿਵੇਕ ਸ਼ੌਕ ਨਹੀਂ ਰਹੇ

ਮੁੰਬਈ : ਅਪਣੀ ਬੇਜੋੜ ਅਦਾਕਾਰੀ ਨਾਲ ਦੇਸ਼ ਵਿਦੇਸ਼ ਵਿਚ ਨਾਮ ਕਮਾਉਣ ਵਾਲੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਵਿਵੇਕ ਸ਼ੌਕ ਮੁੰਬਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹਨ। 47 ਸਾਲਾ ਵਿਵੇਕ ਸ਼ੌਕ ਨੇ ਜਲੰਧਰ ਦੂਰਦਰਸ਼ਨ ਤੋਂ ‘ਹਾਸਿਆਂ ਦੀ ਪਿਟਾਰੀ‘ ਪ੍ਰੋਗਰਾਮ ਤੋਂ ਅਪਣੀ ਅਦਾਕਾਰੀ ਅਤੇ ਕਾਮੇਡੀ ਦੀ ਸ਼ੁਰੂਆਤ ਕੀਤੀ ਅਤੇ ਕੁਝ ਹੀ ਸਾਲਾਂ ਵਿਚ ਉਹ ਬੌਲੀਵੁੱਡ ‘ਚ ਵੀ ਜਾਣੇ ਪਹਿਚਾਣੇ ਕਲਾਕਾਰ ਬਣ ਗਏ। ਪੰਜਾਬੀ ਫਿਲਮਾਂ, ਬੌਲੀਵੁੱਡ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿਚ ਅਮਿੱਟ ਛਾਪ ਛੱਡਣ ਵਾਲੇ ਵਿਵੇਕ ਸ਼ੌਕ ਦਾ ਥੀਏਟਰ ਦੀ ਦੁਨੀਆ ਵਿਚ ਵੱਡਾ ਨਾਂ ਸੀ। ਤਕਰੀਬਨ 54 ਫਿਲਮਾਂ ਵਿਚ ਉਨਾਂ ਨੇ ਕੰਮ ਕੀਤਾ, ਜਿਨ੍ਹਾਂ ਵਿਚੋਂ ਫਿਲਮ ‘ਗਦਰ-ਇਕ ਪ੍ਰੇਮ ਕਥਾ‘, ‘ਅੰਦਾਜ਼‘ ਅਤੇ ‘ਦਿਲ ਹੁਆ ਤੁਮਾਰਾ‘ ਵਿਚ ਨਿਭਾਏ ਕਿਰਦਾਰ ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਟੀਵੀ ਸਕਰੀਨ ‘ਤੇ ਉਨਾਂ ਨੇ ਕਾਮੇਡੀਅਨ ਜਸਪਾਲ ਭੱਟੀ ਨਾਲ ‘ਉਲਟਾ ਪੁਲਟਾ‘ ਅਤੇ ‘ਫਲਾਪ ਸ਼ੋਅ‘ ਵਿਚ ਵੀ ਅਪਣੀ ਪਹਿਚਾਣ ਗੂੜੀ ਕੀਤੀ। ‘ਨਾਲਾਇਕ‘ ਵਰਗੀਆਂ ਕੁਝ ਫਿਲਮਾਂ ਬਣਾਈਆਂ ਵੀ ਹਨ। ਉਨਾਂ ਦੀਆਂ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਅਜੇ ਰਿਲੀਜ਼ ਹੋਣੀਆਂ ਬਾਕੀ ਹਨ।
ਵਿਵੇਕ ਸ਼ੌਕ ਅਪਣੇ ਪਿਤਾ ਧਰਮ ਸਿੰਘ ਸ਼ੌਕ ਤੇ ਮਾਤਾ ਪਦਮਾ ਸ਼ੌਕ ਦੇ ਲਾਡਲੇ ਪੁੱਤਰ ਅਤੇ ਭੈਣ ਬੱਬਲ ਦੇ ਇਕਲੌਤੇ ਭਰਾ ਸਨ। ਉਨ੍ਹਾਂ ਚੰਡੀਗੜ੍ਹ ਦੇ ਸੈਕਟਰ-35 ਦੇ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਤੋਂ ਮੁੱਢਲੀ ਸਿੱਖਿਆ ਲੈਣ ਉਪਰੰਤ ਇੰਜੀਨੀਅਰਿੰਗ ਦੀ ਪੜ੍ਹਾਈ ਚੰਡੀਗੜ੍ਹ ਦੇ ਸੈਕਟਰ 30 ਸੀਐੱਸਆਈਓ ਤੋਂ ਪੂਰੀ ਕੀਤੀ। ਟੀਵੀ ਦੇ ਪ੍ਰੋਗਰਾਮਾਂ ਦੇ ਸਫ਼ਰ ਤੋਂ ਹੁੰਦੇ ਹੋਏ ਪੰਜਾਬੀ ਤੇ ਹਿੰਦੀ ਫਿਲਮਾਂ ਵਿਚ ਅਪਣਾ ਨਿਵੇਕਲਾ ਸਥਾਨ ਬਣਾਇਆ।