ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, May 20, 2010

ਭਾਰਤੀ ਮੂਲ ਦੇ 8 ਬਰਤਾਨਵੀ ਜਿੱਤੇ

ਪਹਿਲੀ ਵਾਰ ਦੋ ਭਾਰਤੀ ਔਰਤਾਂ ਦੀ ਜਿੱਤ, ਵਰਿੰਦਰ ਸ਼ਰਮਾ ਦੁਬਾਰਾ ਜਿੱਤੇ, ਵਾਜ ਭੈਣ-ਭਰਾ ਨੇ ਵੀ ਇਤਿਹਾਸ ਸਿਰਜਿਆ
ਲੰਡਨ : ਬ੍ਰਿਟੇਨ ਵਿਚ ਪਹਿਲੀ ਵਾਰੀ ਭਾਰਤੀ ਮੂਲ ਦੀਆਂ ਦੋ ਔਰਤਾਂ ਸੰਸਦ ਦੇ ਹੇਠਲੇ ਸਦਨ ਲਈ ਚੁਣੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬਰਤਾਨੀਆ ਵਿਚ ਘੱਟ ਗਿਣਤੀਆਂ ਦੀ ਪ੍ਰਤੀਨਿਧਤਾ ਕਰਨ ਦਾ ਅਧਿਕਾਰ ਪ੍ਰਾਪਤ ਹੋ ਗਿਆ ਹੈ। ਇਹ ਅਪਣੇ ਆਪ ਵਿਚ ਇਕ ਕੀਰਤੀਮਾਨ ਹੈ। ਕੰਜਰਵੇਟਿਵ ਪਾਰਟੀ ਵਲੋਂ ਪ੍ਰੀਤੀ ਪਟੇਲ ਵਿਟਮ ਸੰਸਦੀ ਹਲਕੇ `ਚ ਚੋਣਾਂ ਜਿੱਤਣ ਵਿਚ ਸਫਲ ਰਹੀ ਹੈ, ਜਦਕਿ ਲੇਬਰ ਪਾਰਟੀ ਵਲੋਂ ਵੇਲੇਰੀ ਵਾਜ ਨੇ ਵਾਲਸਾਲ ਸਾਊਥ ਤੋਂ ਜਿੱਤ ਦੇ ਝੰਡੇ ਗੱਡੇ ਹਨ।
ਵੇਲੇਰੀ ਵਾਜ ਭਾਰਤੀ ਮੂਲ ਦੇ ਸੰਸਦ ਮੈਂਬਰ ਕੀਥ ਵਾਜ ਦੀ ਭੈਣ ਹੈ। ਕੀਥ ਵਾਜ ਖੁਦ ਵੀ ਲੀਸਟਰ ਈਸਟ ਹਲਕੇ ਤੋਂ ਅਪਣੀ ਸੀਟ `ਤੇ ਕਬਜ਼ਾ ਬਣਾਏ ਰੱਖਣ ਵਿਚ ਸਫਲ ਹੋਏ ਹਨ ਅਤੇ ਉਹ 7ਵੀਂ ਵਾਰ ਐਮਪੀ ਬਣੇ ਹਨ। ਇਹ ਵੀ ਪਹਿਲਾ ਮੌਕਾ ਹੈ, ਜਦੋਂ ਭੈਣ-ਭਰਾ ਦੀ ਜੋੜੀ ਬ੍ਰਿਟੇਨ ਦੇ ਹਾਊਸ ਆਫ਼ ਕਾਮਨਜ਼ ਤੱਕ ਪਹੁੰਚਣ `ਚ ਸਫਲ ਰਹੀ ਹੈ।
ਇਸ ਵਾਰ 2 ਔਰਤਾਂ ਸਮੇਤ ਭਾਰਤੀ ਮੂਲ ਦੇ 8 ਬਰਤਾਨਵੀ ਨਾਗਰਿਕਾਂ ਨੂੰ ਜਿੱਤ ਹਾਸਲ ਹੋਈ ਹੈ, ਜੋ ਅਪਣੇ ਆਪ ਵਿਚ ਇਕ ਰਿਕਾਰਡ ਹੈ। ਚੁਣੇ ਗਏ ਅੱਠ ਮੈਂਬਰਾਂ ਵਿਚ ਲੀਸਟਰ ਈਸਟ ਤੋਂ ਕੀਥ ਵਾਜ, ਵਾਲਸਾਲ ਸਾਊਥ ਤੋਂ ਵੇਲੇਰੀ ਵਾਜ, ਸਾਊਥਾਲ-ਈਲਿੰਗ ਤੋਂ ਵਰਿੰਦਰ ਸ਼ਰਮਾ, ਵਿਟਮ ਤੋਂ ਪ੍ਰੀਤੀ ਪਟੇਲ, ਬਰੈਡ ਫੋਰਡ ਵੈਸਟ ਤੋਂ ਮਾਰਸ਼ਾ ਸਿੰਘ, ਕੈਂਬਰਿਜਸ਼ਾਇਰ ਨਾਰਥ ਵੈਸਟ ਤੋਂ ਸ਼ੈਲੇਸ਼ ਵਾਰਾ, ਰੀਡਿੰਗ ਵੈਸਟ ਤੋਂ ਆਓਕ ਸ਼ਰਮਾ ਅਤੇ ਵੁਲਵਰਹੈਂਪਟਨ ਸਾਊਥ ਵੈਸਟ ਤੋਂ ਪਾਲ ਉੱਪਲ ਸ਼ਾਮਲ ਹਨ। ਕਾਬਿਲੇਗੌਰ ਹੈ ਕਿ ਇਨ੍ਹਾਂ ਚੋਣਾਂ ਵਿਚ ਅੱਠ ਭਾਰਤੀਆਂ ਸਮੇਤ ਏਸ਼ੀਆਈ ਮੂਲ ਦੇ 18 ਲੋਕਾਂ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ, ਜਿੰਨਾਂ ਵਿਚ ਪਹਿਲੀ ਮੁਸਲਿਮ ਮਹਿਲਾ ਸ਼ਾਹਬਾਨ ਮੁਹੰਮਦ ਵੀ ਸ਼ਾਮਲ ਹੈ।

ਸਤਿੰਦਰ ਸਰਤਾਜ ਦਾ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਨਿੱਘਾ ਸਵਾਗਤ

ਸੈਕਰਾਮੈਂਟੋ: ਕੈਲੀਫੋਰਨੀਆ ਦੇ ਅਸੈਂਬਲੀਮੈਨ ਜੋ ਕੋਟੋ ਦੇ ਵਿਸ਼ੇਸ਼ ਸੱਦੇ `ਤੇ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਦਾ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜੋ ਕੋਟੋ ਨੇ ਸਤਿੰਦਰ ਸਰਤਾਜ ਦਾ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਅਸੈਂਬਲੀ ਆਉਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੁਆਰਾ ਗਾਇਕੀ ਦੇ ਖੇਤਰ ਵਿਚ ਦਿੱਤੀ ਦੇਣ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸਟੇਟ ਸੈਨੇਟਰ ਇਲੇਨ ਐਲਕਐਸਟ ਨੇ ਵੀ ਸਤਿੰਦਰ ਸਰਤਾਜ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕਿ ਉਸ ਨੇ ਪਹਿਲੀ ਵਾਰ ਕਿਸੇ ਸੁੂਫ਼ੀ ਗਾਇਕ ਨਾਲ ਮੁਲਾਕਾਤ ਕੀਤੀ ਹੈ। ਉਸ ਨੇ ਆਪਣੇ ਗਰੀਸ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਸਰਤਾਜ ਦੀਆਂ ਅਦਾਵਾਂ ਦੀ ਵੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਸਟੇਟ ਅਸੈਂਬਲੀਮੈਨ ਆਈਰਾ ਰਸਕਿਨ ਨੇ ਵੀ ਸਰਤਾਜ ਨੂੰ ਮਿਲ ਕੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਦੋਂ ਵੀ ਕੈਲੀਫੋਰਨੀਆ ਦੇ ਦੌਰੇ `ਤੇ ਆਉਣ ਤਾਂ ਉਹ ਸਾਡੇ ਮਹਿਮਾਨ ਬਣਕੇ ਅਸੈਂਬਲੀ ਜ਼ਰੂਰ ਆਇਆ ਕਰਨ। ਅਸੈਂਬਲੀਮੈਨ ਪਾਲ ਫੋਗ ਨੇ ਸਰਤਾਜ ਬਾਰੇ ਕਹਿੰਦੇ ਹੋਏ ਦੱਸਿਆ ਕਿ ਉਸ ਦੇ ਇਲਾਕੇ ਦੇ ਪੱਗ ਵਾਲੇ (ਸਿੱਖ) ਉਸ ਦੀ ਬਹੁਤ ਮਦਦ ਕਰਦੇ ਹਨ ਅਤੇ ਸਰਤਾਜ ਨੂੰ ਮਿਲ ਕੇ ਉਸ ਨੂੰ ਖੁਸ਼ੀ ਹੋਈ ਹੈ। ਉਸ ਨੇ ਸਰਤਾਜ ਨੂੰ ਅਸੈਂਬਲੀ ਸੈਸ਼ਨ ਵਿਚ ਸ਼ਾਮਲ ਹੋਣ ਲਈ ਵੀ ਬੇਨਤੀ ਕੀਤੀ।
ਜੋ ਕੋਟੋ ਨੇ ਸਰਤਾਜ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਪਹਿਲੀ ਵਾਰ ਕਿਸੇ ਪੀਐਚਡੀ ਗਾਇਕ ਨੂੰ ਮਿਲਿਆ ਹੈ ਅਤੇ ਸਰਤਾਜ ਨੂੰ ਫਾਰਸੀ ਦੀ ਭਾਸ਼ਾ ਦਾ ਗਿਆਨ ਹੋਣ `ਤੇ ਵੀ ਉਸ ਦੀ ਸ਼ਲਾਘਾ ਕੀਤੀ।

ਕਸਾਬ ਨੂੰ ਫਾਂਸੀ ਦੀ ਸਜ਼ਾ, ਪਰ ਹੋਵੇਗੀ ਦੇਰੀ

ਮੁੰਬਈ : 26 ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਦੋਸ਼ੀ ਅਜਮਲ ਉਮਰ ਕਸਾਬ ਨੂੰ ਭਾਵੇਂ ਵਿਸ਼ੇਸ਼ ਅਦਾਲਤ ਨੇ ਫਾਂਸੀ ਦੀ ਸਜ਼ਾ ਦੇਣ ਦੇ ਹੁਕਮ ਸੁਣਾ ਦਿੱਤਾ ਹੈ ਪਰ ਹਾਲ ਦੀ ਘੜੀ ਕਸਾਬ ਨੂੰ ਫਾਂਸੀ `ਤੇ ਲਟਕਾਉਣਾ ਸੰਭਵ ਨਹੀਂ ਜਾਪਦਾ। ਕਾਨੂੰਨੀ ਉਲਝਣਾਂ ਦੇ ਨਾਲ-ਨਾਲ ਦੇਸ਼ ਭਰ ਦੀਆਂ ਜੇਲ੍ਹਾਂ `ਚ ਫਾਂਸੀ ਲਟਕਾਉਣ ਵਾਲਿਆਂ ਦੀ ਭਾਰੀ ਕਮੀ ਵੀ ਕਸਾਬ ਨੂੰ ਦਿੱਤੀ ਸਜ਼ਾ ਨੂੰ ਅੰਜਾਮ ਦੇਣ `ਚ ਅੜਿੱਕਾ ਪਾਉਂਦੀ ਹੈ। ਵਿਸ਼ੇਸ਼ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਇਸ ਸਜ਼ਾ ਦੀ ਹਾਈਕੋਰਟ ਦੀ ਪ੍ਰਵਾਨਗੀ ਲਾਜ਼ਮੀ ਹੈ। ਹਾਈਕੋਰਟ ਵਲੋਂ ਫਾਂਸੀ ਦੀ ਸਜ਼ਾ ਬਹਾਲ ਰੱਖੇ ਜਾਣ ਦੀ ਸੂਰਤ `ਚ ਕਸਾਬ ਕੋਲ ਸੁਪਰੀਮ ਕੋਰਟ `ਚ ਅਪੀਲ ਪਾਉਣ ਅਤੇ ਰਾਸ਼ਟਰਪਤੀ ਕੋਲ ਦਇਆ ਦੀ ਗੁਹਾਰ ਕਰਨ ਅਧਿਕਾਰ ਵੀ ਬਾਕੀ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਇਸ ਸਭ ਤੋਂ ਵੱਡੇ ਦਹਿਸ਼ਤਵਾਦੀ ਹਮਲੇ ਦੌਰਾਨ ਫੜੇ ਗਏ ਇਕੋ ਇਕ ਪਾਕਿਸਤਾਨੀ ਦਹਿਸ਼ਤਗਰਦ ਅਜਮਲ ਆਮਿਰ ਕਸਾਬ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਪੰਜ ਕੇਸਾਂ `ਚ ਉਸ ਨੂੰ ਮੌਤ ਦੀ ਸਜ਼ਾ, ਪੰਜ ਹੀ ਕੇਸਾਂ `ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਕੁਝ ਹੋਰ ਕੇਸਾਂ `ਚ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਕੱੁਲ 86 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਚੇਤੇ ਰਹੇ ਕਿ ਮੁੰਬਈ ਹਮਲਿਆਂ ਵਿਚ ਵਿਦੇਸ਼ੀਆਂ ਸਮੇਤ 166 ਵਿਅਕਤੀ ਮਾਰੇ ਗਏ ਅਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਸਨ।