ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, September 24, 2010

ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਦੇ ਫ਼ੈਸਲੇ ਨੂੰ ਇਕ ਹਫ਼ਤੇ ਲਈ ਟਾਲ ਦਿੱਤਾ

ਸੁਪਰੀਮ ਕੋਰਟ ਨੇ ਅਯੁੱਧਿਆ ਦੇ ਵਿਵਾਦਗ੍ਰਸਤ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਮਾਮਲੇ 'ਚ ਫ਼ੈਸਲੇ ਨੂੰ ਇਕ ਹਫ਼ਤੇ ਲਈ ਟਾਲ ਦਿੱਤਾ ਹੈ। ਇਲਾਹਾਬਾਦ ਹਾਈਕੋਰਟ ਵਲੋਂ ਇਸ ਮਾਮਲੇ 'ਚ ਜ਼ਮੀਨੀ ਹੱਕ ਬਾਰੇ ਫ਼ੈਸਲਾ ਕੱਲ੍ਹ ਨੂੰ ਸੁਣਾਇਆ ਜਾਣਾ ਸੀ, ਪਰ ਇਸ ਮਾਮਲੇ 'ਤੇ ਫ਼ੈਸਲਾ ਟਾਲਣ ਦੀ ਇਕ ਅਪੀਲ 'ਤੇ ਗੌਰ ਕਰਦਿਆਂ ਸੁਪਰੀਮ ਕੋਰਟ ਨੇ ਫ਼ੈਸਲੇ 'ਤੇ ਰੋਕ ਲਗਾ ਦਿੱਤੀ, ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ।ਸੁਪਰੀਮ ਕੋਰਟ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਦੱਸਿਆ ਹੈ ਕਿ ਬਾਬਰੀ ਮਸਜਿਦ ਮਾਮਲੇ 'ਤੇ ਅਗਲੀ ਸੁਣਵਾਈ 28 ਤਰੀਕ ਨੂੰ ਹੋਵੇਗੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਇਲਾਹਾਬਾਦ ਹਾਈਕੋਰਟ ਨੇ ਫ਼ੈਸਲਾ ਟਾਲਣ ਦੀ ਅਪੀਲ ਰੱਦ ਕਰਕੇ ਪਟੀਸ਼ਨਰ ਨੂੰ ਜ਼ੁਰਮਾਨਾ ਵੀ ਕੀਤਾ ਸੀ, ਜਿਸ ਤੋਂ ਬਾਅਦ ਪਟੀਸ਼ਨਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਟੀਸ਼ਨਰ ਅਨੁਸਾਰ ਰਾਮਜਨਮ ਭੂਮੀ-ਬਨਾਮ ਬਾਬਰੀ ਮਸਜਿਦ ਮਾਮਲੇ ਦਾ ਹੱਲ ਅਦਾਲਤ ਤੋਂ ਬਾਹਰ ਵਧੀਆ ਢੰਗ ਨਾਲ ਹੋ ਸਕਦਾ ਹੈ ਅਤੇ ਇਸ ਲਈ ਕੁਝ ਸਮਾਂ ਦਿੱਤੇ ਜਾਣ ਦੀ ਲੋੜ ਹੈ।

ਉੱਜਲ ਦੋਸਾਂਝ ਦੀਆਂ ਖਾਲਿਸਤਾਨ ਸਬੰਧੀ ਟਿੱਪਣੀਆਂ `ਤੇ ਤਿੱਖਾ ਪ੍ਰਤੀਕਰਮ

ਸਿੱਖ ਆਗੂਆਂ ਨੇ ਕਿਹਾ, ਜ਼ਹਿਰੀਲਾ ਪ੍ਰਚਾਰ ਕੈਨੇਡਾ ਦੀ ਦੂਜੀ ਤੇ ਤੀਜੀ ਸਿੱਖ ਪੀੜ੍ਹੀ ਨਹੀਂ ਕਰ ਰਹੀ, ਸਗੋਂ ਖੁਦ ਦੁਸਾਂਝ ਕਰ ਰਹੇ ਹਨ‘ਕੈਨੇਡਾ ਦੀ ਨੌਜਵਾਨ ਸਿੱਖ ਪੀੜ੍ਹੀ ਕੌਮ ਦਾ ਸੁਨਹਿਰੀ ਭਵਿੱਖ ਸਿਰਜਣ ਵੱਲ’ : ਸੁੱਖ ਧਾਲੀਵਾਲ
ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਅਤੇ ਮੌਜੂਦਾ ਪਾਰਲੀਮੈਂਟ ਮੈਂਬਰ ਉੱਜਲ ਦੋਸਾਂਝ ਨੇ ਇਕ ਵਾਰ ਫਿਰ ਖਾਲਿਸਤਾਨ ਬਾਰੇ ਟਿੱਪਣੀਆਂ ਕਰਕੇ ਵਿਵਾਦ ਸਹੇੜ ਲਿਆ ਹੈ। ਖਾਲਿਸਤਾਨ ਬਾਰੇ ਇਹ ਬਿਆਨਬਾਜ਼ੀ ਉਨਾਂ ਨੇ ਅਪਣੇ ਹਾਲੀਆ ਪੰਜਾਬ ਦੌਰੇ ਮੌਕੇ ਕੀਤੀ ਸੀ ਅਤੇ ਕੁਝ ਦਿਨ ਪਹਿਲਾਂ ਇਕ ਇੰਟਰਵਿਊ ਦੌਰਾਨ ਵੀ ਉਨਾਂ ਨੇ ਇਹੀ ਬਿਆਨ ਦਹੁਰਾਏ ਹਨ। ਕਾਬਿਲੇਗੌਰ ਹੈ ਕਿ ਉੱਜਲ ਦੋਸਾਂਝ ਨੇ ਕੈਨੇਡੀਅਨ ਸਰਕਾਰ ਨੰੂ ਪਰਵਾਸੀ ਸਿੱਖਾਂ ਦੀ ਦੂਜੀ ਤੇ ਤੀਜੀ ਪੀੜ੍ਹੀ ਵਲੋਂ ਖਾਲਿਸਤਾਨ ਦੇ ਕੀਤੇ ਜਾ ਰਹੇ ਪ੍ਰਚਾਰ ਬਾਰੇ ਖਬਰਦਾਰ ਕੀਤਾ ਹੈ। ਅਪਣੇ ਜੀਵਨ ਤੇ ਪ੍ਰਾਪਤੀਆਂ ਬਾਰੇ 45 ਮਿੰਟ ਦੀ ਇਕ ਦਸਤਾਵੇਜ਼ੀ ਫਿਲਮ ਦੇ ਰਿਲੀਜ਼ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀ ਉੱਜਲ ਦੌਸਾਂਝ ਨੇ ਕਿਹਾ ਕਿ ਕਈ ਵਾਰ ਇਹ ਪ੍ਰਚਾਰ ਕੁਸੈਲਾ ਤੇ ਮੰਦਭਾਵੀ ਹੋ ਜਾਦਾ ਹੈ। ਸਮਾਂ ਆ ਗਿਆ ਹੈ ਕਿ ਕੈਨੇਡਾ ਸਰਕਾਰ ਇਨਾਂ ਖਾਲਿਸਤਾਨੀ ਸਰਗਰਮੀਆਂ ਵਿਰੁਧ ਲੋੜੀਂਦੇ ਕਦਮ ਉਠਾਏ, ਨਹੀਂ ਤਾਂ ਸਥਿਤੀ ਹੱਥੋਂ ਨਿਕਲ ਸਕਦੀ ਹੈ। ਇਸ ਦਸਤਾਵੇਜ਼ੀ ਦਾ ਨਿਰਮਾਣ ਕੈਨੇਡਾ ਵਿਚ ਓਮਨੀ ਟੈਲੀਵਿਜ਼ਨ ਦੀ ਮੀਰਾ ਦੀਵਾਨ ਨੇ ਕੀਤਾ ਹੈ ਅਤੇ ਇਸ ਵਿਚ ਪ੍ਰਾਂਤਕ ਰਾਜਨੀਤੀ ਵਿਚ ਉੱਜਲ ਦੋਸਾਂਝ ਦੀ ਚੜ੍ਹਤ ਤੋਂ ਇਲਾਵਾ ਖਾਲਿਸਤਾਨੀ ਲਹਿਰ ਖ਼ਿਲਾਫ ਉਸ ਦੇ ਸਟੈਂਡ ਬਾਰੇ ਵੀ ਚਰਚਾ ਕੀਤੀ ਗਈ ਹੈ। ਦੋਸਾਂਝ ਨੇ ਕਿਹਾ ਕਿ ਕੈਨੇਡਾ ਵਿਚ ਖਾਲਿਸਤਾਨ ਬਾਰੇ ਪ੍ਰਚਾਰ ਕਰਨ ਵਾਲੇ ਵਿਅਕਤੀ ਸਿੱਖਾਂ ਦਾ ਹਿੱਤ ਨਹੀਂ ਸੰਵਾਰ ਰਹੇ ਸਗੋਂ ਨੁਕਸਾਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਜਦੋਂ ਖਾੜਕੂਵਾਦ ਸਿਖਰ `ਤੇ ਸੀ ਤਾਂ ਦੋਸਾਂਝ ਉਤੇ ਵੈਨਕੂਵਰ ਵਿਚ ਹਮਲਾ ਹੋਇਆ ਸੀ, ਉਸ ਤੋਂ ਬਾਅਦ ਵੀ ਉਨਾਂ ਨੇ ਖਾਲਿਸਤਾਨ ਵਿਰੁਧ ਬਿਆਨਬਾਜ਼ੀ ਜਾਰੀ ਰੱਖੀ।
ਤਾਜ਼ਾ ਬਿਆਨਬਾਜ਼ੀ ਤੋਂ ਉੱਜਲ ਦੋਸਾਂਝ ਨੂੰ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਲੰਮੇਂ ਹੱਥੀਂ ਲਿਆ ਹੈ। ਲਿਬਰਲ ਪਾਰਟੀ ਦੇ ਹੀ ਨਿਊਟਨ ਨਾਰਥ ਡੈਲਟਾ ਤੋਂ ਐਮਪੀ ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ ਜ਼ੋਰਦਾਰ ਸ਼ਬਦਾਂ `ਚ ਕਿਹਾ ਹੈ ਕਿ ਕੈਨੇਡਾ `ਚ ਸਿੱਖ ਵੱਖਵਾਦ ਦੇ ਫੈਲਣ ਦਾ ਦਾਅਵਾ ਖੋਖਲਾ ਅਤੇ ਬੇਬੁਨਿਆਦ ਹੈ, ਜਦਕਿ ਕੈਨੇਡਾ ਦੀ ਸਿੱਖ ਨੌਜਵਾਨ ਪੀੜ੍ਹੀ ਤਾਂ ਇਸ ਵੇਲੇ ਕੌਮ ਦਾ ਸੁਨਹਿਰੀ ਭਵਿੱਖ ਸਿਰਜਣ ਵੱਲ ਸਰਗਰਮ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਯੂਥ’ ਇਸ ਵੇਲੇ ਵਪਾਰ-ਕਾਰੋਬਾਰ, ਸਿਆਸਤ ਤੇ ਮੀਡੀਏ ਆਦਿ ਹਰ ਖੇਤਰ `ਚ ਵੱਡੀਆਂ ਮੱਲਾਂ ਮਾਰ ਕੇ ਨਾ ਸਿਰਫ਼ ਸਿੱਖਾਂ ਲਈ ਹੀ, ਸਗੋਂ ਸਮੂਹ ਪੰਜਾਬੀਆਂ ਤੇ ਭਾਰਤੀਆਂ ਲਈ ਵੀ ਵਿਸ਼ਵ ਪੱਧਰ `ਤੇ ਬਿਹਤਰੀਨ ਸੰੰਭਾਵਨਾਵਾਂ ਨੂੰ ਜਨਮ ਦੇ ਰਹੀ ਹੈ ਅਤੇ ਹੈਤੀ ਦੇ ਭੂਚਾਲ ਪੀੜਤਾਂ ਲਈ ਮਿਲੀਅਨ ਡਾਲਰ ਇਕੱਠੇ ਕਰਨ, ਬੇਸਹਾਰਿਆਂ ਲਈ ਲੰਗਰ ਲਾਉਣ ਅਤੇ ਕੈਨੇਡਾ `ਚ ਸਭ ਤੋਂ ਵੱਧ ਯੂਨਿਟ ਖੂਨਦਾਨ ਕਰਨ ਦੇ ਮਹਾਨ ਕਾਰਜ ਕਰ ਰਹੀ ਹੈ। ਸਾਊਥ ਏਸ਼ੀਅਨ ਰੀਵਿਊ ਦੇ ਭੁਪਿੰਦਰ ਮੱਲ੍ਹੀ ਨੇ ਐਮਪੀ ਦੁਸਾਂਝ ਦੇ ਬਿਆਨ ਨੂੰ ਜਿਥੇ ਭਾਈਚਾਰੇ ਅੰਦਰ ਵਖਰੇਵਾਂ ਪਾਉਣ ਵਾਲਾ ਕਰਾਰ ਦਿੱਤਾ, ਉਥੇ ਅਹਿਮ ਇੰਕਸ਼ਾਫ਼ ਕਰਦਿਆਂ ਕਿਹਾ ਹੈ ਕਿ ਸ੍ਰੀ ਦੋਸਾਂਝ ਜਦੋਂ ਬੀਸੀ ਦੇ ਅਟਾਰਨੀ ਜਨਰਲ ਸਨ, ਉਸ ਵੇਲੇ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਪੁੁਲਿਸ ਕਾਰਵਾਈ ਕਰਦਿਆਂ, ਉਨ੍ਹਾਂ ਆਦਿਵਾਸੀ ਲੋਕਾਂ `ਤੇ 75,000 ਗੋਲੀਆਂ ਚਲਾ ਕੇ, ਮਨੁੱਖੀ ਹੱਕਾਂ ਦੇ ਘਾਣ ਦੀ ਸਭ ਤੋਂ ਭਿਆਨਕ ਮਿਸਾਲ ਪੇਸ਼ ਕੀਤੀ ਸੀ।

ਯਸ਼ਵੰਤ ਸਿਨਹਾ ਦਾ ਅਸਤੀਫ਼ਾ ਪ੍ਰਵਾਨ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਯਸ਼ਵੰਤ ਸਿਨਹਾ ਦਾ ਅਸਤੀਫ਼ਾ ਪਾਰਟੀ ਪ੍ਰਧਾਨ ਨੇ ਸਵੀਕਾਰ ਕਰ ਲਿਆ ਹੈ। ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਸਿਨਹਾ ਦਾ ਅਸਤੀਫ਼ਾ ਮਨਜ਼ੂਰ ਕਰਦਿਆਂ ਕੈਪਟਨ ਅਭਿਮਨਿਊ ਨੂੰ ਪੰਜਾਬ ਮਾਮਲਿਆਂ ਦਾ ਕਾਰਜਕਾਰੀ ਚਾਰਜ ਸੌਂਪ ਦਿੱਤਾ ਗਿਆ ਹੈ। ਯਸ਼ਵੰਤ ਸਿਨਹਾ ਨੂੰ ਬਲਬੀਰ ਪੁੰਜ ਦੀ ਥਾਂ ਭਾਜਪਾ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਸਿਨਹਾ ਨੇ ਝਾਰਖੰਡ ਵਿੱਚ ਮੁੱਖ ਮੰਤਰੀ ਦੀ ਚੋਣ ਤੋਂ ਖਫ਼ਾ ਹੋ ਕੇ ਪੰਜਾਬ ਮਾਮਲਿਆਂ ਦੀ ਜ਼ਿੰਮੇਵਾਰੀ ਤੋਂ ਅਸਤੀਫ਼ਾ ਦਿੱਤਾ ਹੈ। ਗਡਕਰੀ ਨੇ ਅਸਤੀਫ਼ਾ ਸਵੀਕਾਰ ਕਰਕੇ ਇਹ ਸੰਕੇਤ ਦਿੱਤਾ ਹੈ ਕਿ ਪਾਰਟੀ ਕਿਸੇ ਦਬਾਅ ਵਿੱਚ ਕੰਮ ਨਹੀਂ ਕਰੇਗੀ। ਸਿਨਹਾ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਪਾਰਟੀ ਹਾਈਕਮਾਨ ਵਲੋਂ ਪੰਜਾਬ ਦੇ ਇੰਚਾਰਜ ਲਈ ਕਿਸੇ ਮਜ਼ਬੂਤ ਨੇਤਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਫ਼ਿਲਹਾਲ ਸਹਿ-ਇੰਚਾਰਜ ਕੈਪਟਨ ਅਭਿਮਨਿਊ ਹੀ ਪੰਜਾਬ ਦਾ ਕੰਮਕਾਜ ਦੇਖਣਗੇ।

ਪਰਵਾਸੀ ਭਾਰਤੀ ਸੰਮੇਲਨ ਅਗਲੇ ਸਾਲ ਦਿੱਲੀ 'ਚ

ਨੌਵਾਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਅਗਲੇ ਸਾਲ 7 ਤੋਂ 9 ਜਨਵਰੀ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕਰਵਾਇਆ ਜਾਵੇਗਾ। ਇਸ ਵਾਰ ਦੇ ਪਰਵਾਸੀ ਭਾਰਤੀ ਸੰਮੇਲਨ 'ਚ ਪੂਰਬ-ਉਤਰ ਖੇਤਰ ਦੇ ਸੂਬਿਆਂ ਦੀ ਵੱਡੀ ਭੂਮਿਕਾ ਹੋਵੇਗੀ। ਪਰਵਾਸੀ ਭਾਰਤੀ ਮਾਮਲਿਆਂ ਦਾ ਵਿਭਾਗ ਇਸ ਵਾਰ ਇਹ ਸੰਮੇਲਨ ਪੂਰਬ-ਉਤਰ ਖੇਤਰ ਵਿਕਾਸ ਵਿਭਾਗ ਅਤੇ ਉਦਯੋਗ ਸੰਗਠਨ ਸੀ.ਆਈ.ਆਈ. ਦੇ ਨਾਲ ਮਿਲ ਕੇ ਕਰ ਰਿਹਾ ਹੈ। ਇਸ 'ਚ ਸਿੱਕਮ ਸਮੇਤ ਪੂਰਬ-ਉਤਰ ਦੇ ਅੱਠ ਸੂਬਿਆਂ ਨੂੰ ਹਿੱਸੇਦਾਰ ਬਣਾਇਆ ਗਿਆ ਹੈ। ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਵਾਇਲਾਰ ਰਵੀ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਠ ਜਨਵਰੀ 2011 ਨੂੰ ਇਸ ਸੰਮੇਲਨ ਦਾ ਰਸਮੀ ਉਦਘਾਟਨ ਕਰਨਗੇ। ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ 9 ਜਨਵਰੀ ਨੂੰ ਸਮਾਪਤੀ ਸਮਾਗਮ 'ਚ ਪਰਵਾਸੀ ਭਾਰਤੀ ਸਨਮਾਨ ਪ੍ਰਦਾਨ ਕਰਨਗੇ। ਰਵੀ ਨੇ ਦੱਸਿਆ ਕਿ ਇਸ ਸੰਮੇਲਨ 'ਚ ਪਹਿਲੀ ਵਾਰ ਦੇਸ਼ ਦੇ ਪੂਰਬ-ਉਤਰ ਦੇ ਅੱਠ ਸੂਬਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਪਰਵਾਸੀ ਭਾਰਤੀਆਂ ਨੂੰ ਉਥੇ ਉਪਲਬਧ ਸੰਸਥਾਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਸ ਵਾਰ ਨੌਜਵਾਨ ਪਰਵਾਸੀ ਭਾਰਤੀਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਜੋੜਿਆ ਜਾ ਸਕੇ।

ਹਿੰਦੂ ਪ੍ਰੀਸ਼ਦ ਸਿੱਖ ਗੁਰਧਾਮਾਂ ਤੋਂ ਰਾਮ ਮੰਦਰ ਦੀ ਰਾਜਨੀਤੀ ਕਰਨ ਲੱਗੀ

ਰਾਮ ਮੰਦਰ ਬਾਰੇ ਸਹਿਮਤੀ ਜੁਟਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਪ੍ਰਧਾਨ ਅਸ਼ੋਕ ਸਿੰਘਲ ਪੰਜਾਬ ਦੌਰੇ `ਤੇ
ਚੰਡੀਗੜ੍ਹ : ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅਸ਼ੋਕ ਸਿੰਘਲ ਅਤੇ ਭਾਜਪਾ ਪੱਖੀ ਹਿੰਦੂ ਜਥੇਬੰਦੀਆਂ ਦੇ ਕੁਝ ਆਗੂ ਅੱਜ ਕੱਲ੍ਹ ਪੰਜਾਬ ਦੌਰੇ `ਤੇ ਹਨ, ਜਿਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ੋ੍ਰਮਣੀ ਅਕਾਲੀ ਦਲ ਬਾਦਲ, ਨਾਨਕਸਰ ਸੰਪਰਦਾ, ਗੁਰਦੁਆਰਾ ਰਾੜਾ ਸਾਹਿਬ, ਨਾਮਧਾਰੀ ਸੰਪਰਦਾ ਭੈਣੀ ਸਾਹਿਬ ਸਮੇਤ ਪੰਜਾਬ ਦੇ ਧਾਰਮਿਕ ਸਥਾਨਾਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਵਿਚ ਸਹਿਯੋਗ ਦੀ ਮੰਗ ਕੀਤੀ ਹੈ। ਅਸ਼ੋਕ ਸਿੰਘਲ ਨੇ ਕਿਹਾ ਹੈ ਕਿ ਸ੍ਰੀ ਰਾਮ ਚੰਦਰ ਦੀ ਜਨਮ ਭੂਮੀ ਲਈ ਹਿੰਦੂਆਂ ਨੇ 76 ਵਾਰ ਯੁੱਧ ਕੀਤਾ ਜਿਸ ਵਿਚ 3 ਲੱਖ 60 ਹਜ਼ਾਰ ਰਾਮ ਭਗਤਾਂ ਨੇ ਅਪਣੇ ਪ੍ਰਾਣ ਦਿੱਤੇ। ਉਸ ਸਥਾਨ `ਤੇ ਰਾਮ ਮੰਦਰ ਦੀ ਪ੍ਰਾਚੀਨ ਢੰਗ ਨਾਲ ਉਸਾਰੀ ਕਰਨ ਲਈ ਉਹ ਦੇਸ਼ ਵਿਚਲੇ ਧਾਰਮਿਕ ਸਥਾਨਾਂ ਤੇ ਸੰਪਰਦਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕਰ ਰਹੇ ਹਨ, ਤਾਂ ਜੋ ਸਾਰੇ ਧਰਮਾਂ ਤੇ ਸੰਪਰਦਾਵਾਂ ਦੇ ਸਹਿਯੋਗ ਨਾਲ ਸ੍ਰੀ ਰਾਮ ਚੰਦਰ ਦੇ ਮੰਦਰ ਦਾ ਨਿਰਮਾਣ ਸ਼ੁਰੂ ਹੋ ਸਕੇ।
ਸਿੰਘਲ ਨੇ ਨਾਮਧਾਰੀ ਸੰਪਰਦਾ ਦੇ ਮੁੱਖ ਕੇਂਦਰ ਗੁਰਦੁਆਰਾ ਭੈਣੀ ਸਾਹਿਬ ਵਿਖੇ ਚਾਰ ਘੰਟੇ ਦੀ ਫੇਰੀ ਦੌਰਾਨ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਜਗਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ ਨਾਨਕਸਰ ਸੰਪਰਦਾ ਤੇ ਗੁਰਦੁਆਰਾ ਰਾੜਾ ਸਾਹਿਬ ਦੇ ਮੁੱਖ ਸੇਵਾਦਾਰਾਂ ਨੂੰ ਮਿਲੇ। ਇਸ ਤੋਂ ਇਲਾਵਾ ਡੇਰਾ ਬਿਆਸ ਦੇ ਮੁਖੀ ਨਾਲ ਗੱਲਬਾਤ ਲਈ ਵੀ ਉਨਾਂ ਨੇ ਪ੍ਰੋਗਰਾਮ ਉਲੀਕਿਆ ਹੋਇਆ ਸੀ। ਅਪਣੇ ਦੋ ਦਿਨਾ ਦੌਰੇ ਮੌਕੇ ਉਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼ੋ੍ਰਮਣੀ ਕਮੇਟੀ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਮੱਕੜ, ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਇਸ ਮੁੱਦੇ `ਤੇ ਗੱਲਬਾਤ ਕੀਤੀ ਹੈ। ਸਿੰਘਲ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ। ਅੰਮ੍ਰਿਤਸਰ ਵਿਚ ਸਿੰਘਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਸਰਕਾਰੀ ਕੋਠੀ ਵਿਚ ਮੁਲਾਕਾਤ ਕੀਤੀ ਜੋ ਲਗਭਗ ਅੱਧੇ ਘੰਟੇ ਤੱਕ ਚੱਲੀ। ਇਸ ਮੌਕੇ ਕੋਈ ਹੋਰ ਵਿਅਕਤੀ ਮੌਜੂਦ ਨਹੀਂ ਸੀ।
ਅਸ਼ੋਕ ਸਿੰਘਲ ਦੀ ਇਸ ਅਚਨਚੇਤ ਫੇਰੀ ਕਾਰਨ ਪੰਥਕ ਹਲਕਿਆਂ ਵਿਚ ਵੀ ਘੁਸਰਫੁਸਰ ਹੋ ਰਹੀ ਹੈ। ਸਿਆਸੀ ਜਾਣਕਾਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਦੀ ਇਸ ਫੇਰੀ ਨੂੰ ਸਿੱਖ ਗੁਰਧਾਮਾਂ ਤੋਂ ਰਾਮ ਮੰਦਰ ਦੇ ਨਾਂ `ਤੇ ਰਾਜਨੀਤੀ ਦਾ ਆਗਾਜ਼ ਦੱਸ ਰਹੇ ਹਨ। ਸਿੰਘਲ ਦੀ ਫੇਰੀ ਮੌਕੇ ਪੰਜਾਬ ਸਰਕਾਰ ਨੇ ਸੂਬੇ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਕਿਸੇ ਵਿਰੋਧ ਜਾਂ ਅਣਸੁਖਾਵੀਂ ਘਟਨਾ ਦੇ ਡਰੋਂ ਮੁਲਕਾਤ ਵਾਲੀਆਂ ਥਾਵਾਂ ਨੇੜੇ ਪੁਲਿਸ ਨੇ ਸਖਤ ਨਾਕੇਬੰਦੀ ਕੀਤੀ ਹੋਈ ਸੀ।