ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, April 23, 2010

ਜਵਾਲਾਮੁਖੀ ਨੇ ਠੰਢੀ ਪਾਈ ਯੂਰਪ ਦੀ ਅਰਥ ਵਿਵਸਥਾ

ਦੁਨੀਆ ਭਰ ਦੀਆਂ ਹਵਾਈ ਅਤੇ ਵਪਾਰਕ ਕੰਪਨੀਆਂ ਨੂੰ ਕਰੋੜਾਂ ਦਾ ਨੁਕਸਾਨ
ਪੈਰਿਸ : ਆਈਸਲੈਂਡ ਦੇ ਜਵਾਲਾਮੁਖੀ ਦੇ ਫਟਣ ਨਾਲ ਫੈਲੇ ਧੂੰਏ ਨੇ ਕਾਰੋਬਾਰ ਡੋਬ ਦਿੱਤੇ ਹਨ। ਸਭ ਤੋਂ ਜ਼ਿਆਦਾ ਮਾਰ ਹਵਾਈ ਜਹਾਜ਼ ਕੰਪਨੀਆਂ ਨੂੰ ਪੈ ਰਹੀ ਹੈ। ਇਸ ਤੋਂ ਇਲਾਵਾ ਆਯਾਤ ਨਿਰਯਾਤ ਦੇ ਕੰਮ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਅਨੁਮਾਨ ਹੈ ਕਿ ਜੇਕਰ ਹਾਲਾਤ ਛੇਤੀ ਨਾ ਸੁਧਰੇ ਤਾਂ ਪੂਰੇ ਯੂਰਪ ਦੀ ਅਰਥ ਵਿਵਸਥਾ ਵਿਚ 1 ਤੋਂ 2 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਭਾਰਤ ਉੱਤੇ ਇਸਦਾ ਸਿੱਧਾ ਪ੍ਰਭਾਵ ਪਵੇਗਾ। ਅੰਤਰਰਾਸ਼ਟਰੀ ਹਾਵਈ ਟਰੈਫਿਕ ਪ੍ਰਸ਼ਾਸਨ (ਆਇਟਾ) ਨੇ ਕਿਹਾ ਹੈ ਕਿ ਪ੍ਰਤੀਦਿਨ 27 ਕਰੋੜ ਡਾਲਰ ਦਾ ਘਾਟਾ ਉਠਾਉਣਾ ਪੈ ਰਿਹਾ ਹੈ। ਯੂਰਪ ਦੇ ਸਭ ਤੋਂ ਵੱਡੇ ਟਰੈਵਲ ਆਪ੍ਰੇਟਰ ਥਾਮਸ ਕੁੱਕ ਅਤੇ ਫਸਟ ਚੁਆਇਸ ਨੂੰ ਹਰ ਰੋਜ਼ 50 ਤੋਂ 60 ਲੱਖ ਪੌਂਡ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ ਨੇ ਕਿਹਾ ਹੈ ਕਿ ਸਮੱਸਿਆ ਏਨੀ ਗੰਭੀਰ ਹੈ ਕਿ ਹਵਾਈ ਸੇਵਾ ਪ੍ਰਦਾਨ ਕਰ ਰਹੀਆਂ ਕੰਪਨੀਆਂ ਨੂੰ ਆਰਥਿਕ ਮੱਦਦ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਸ਼ਸ਼ੀ ਥਰੂਰ ਨੇ ਵਿਦੇਸ਼ ਮੰਤਰੀ ਦੀ ਕੁਰਸੀ ਗਵਾਈ

ਕ੍ਰਿਕਟ ਆਈਪੀਐਲ ਦੀ ਕੋਚੀ ਟੀਮ ਵਿਚਲੀ ਹਿੱਸੇਦਾਰੀ ਦਾ ਮਾਮਲਾ

ਨਵੀਂ ਦਿੱਲੀ : ‘ਟਵਿੱਟਰ’ ਉੱਤੇ ਅਪਣੀਆਂ ਟਿੱਪਣੀਆਂ ਕਾਰਨ ਅਕਸਰ ਵਿਵਾਦਾਂ ਵਿਚ ਰਹੇ ਭਾਰਤ ਦੇ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੂੰ ਆਖਰ ਅਪਣਾ ਅਹੁਦਾ ਗਵਾਉਣਾ ਪਿਆ। ਇਸ ਵਾਰ ਉਹ ਕ੍ਰਿਕਟ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਨਵੀਂ ਕੋਚੀ ਟੀਮ ਵਿਚਲੀ ਹਿੱਸੇਦਾਰੀ ਨੂੰ ਲੈ ਕੇ ਵਿਵਾਦ ਵਿਚ ਫਸੇ ਸਨ। ਉਨਾਂ ’ਤੇ ਇਲਜ਼ਾਮ ਸੀ ਕਿ ਸ਼ਸ਼ੀ ਥਰੂਰ ਨੇ ਅਪਣੇ ਅਹੁਦੇ ਦੀ ਧੌਂਸ ’ਤੇ ਕ੍ਰਿਕਟ ਟੀਮ ਦੀ ਮਾਲਕੀਅਤ ਵਿਚ ਅਪਣੀ ਮਹਿਲਾ ਮਿੱਤਰ ਸੁਨੰਦਾ ਪੁਸ਼ਕਰ ਨੂੰ 70 ਕਰੋੜ ਰੁਪਏ ਦਾ ਹਿੱਸੇਦਾਰ ਬਣਵਾਇਆ ਸੀ। ਵਿਰੋਧੀ ਧਿਰ ਥਰੂਰ ਉਪਰ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਲਾਉਂਦਿਆਂ ਉਸ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਸੀ। ਪਾਰਟੀ ਦੇ ਸੀਨੀਅਰ ਆਗੂ ਐਲਕੇ ਅਡਵਾਨੀ ਤੇ ਕਮਿਊਨਿਸਟ ਆਗੂ ਪ੍ਰਕਾਸ਼ ਕਰਾਤ ਥਰੂਰ ਤੋਂ ਅਸਤੀਫ਼ੇ ਦੀ ਮੰਗ ਕਰ ਚੁੱਕੇ ਸਨ। ਵਿਰੋਧੀ ਧਿਰ ਨੇ ਇਹ ਮੁੱਦਾ ਲੋਕ ਸਭਾ ਵਿਚ ਉਠਾਇਆ ਸੀ ਤੇ ਥਰੂਰ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਆਈਪੀਐਲ ਵਿਵਾਦ ਬਾਰੇ ਬਿਆਨ ਦੇਣ।

ਪੰਜਾਬ ਬਿਜਲੀ ਬੋਰਡ ਦੇ ਦੋ ਟੁਕੜੇ

‘ਪਾਵਰਕਾਮ’ ਅਤੇ ‘ਟ੍ਰਾਂਸਕਾਮ’ ਕੰਪਨੀਆਂ ਨੇ ਲਈ ਬੋਰਡ ਦੀ ਜਗਾ
ਚੰਡੀਗੜ : ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜਮਾਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਸਰਕਾਰ ਨੇ ਬੋਰਡ ਦੇ ਨਿਗਮੀਕਰਨ ਨੂੰ ਪ੍ਰਵਾਨਗੀ ਦਿੰਦਿਆਂ ਇਸ ਨੂੰ ‘ਪਾਵਰਕਾਮ’ ਅਤੇ ‘ਟ੍ਰਾਂਸਕਾਮ’ ਕੰਪਨੀਆਂ ਵਿਚ ਵੰਡਣ ਦਾ ਐਲਾਨ ਕਰ ਦਿੱਤਾ ਹੈ। ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਰਾਜ ਦੇ ਮੁੱਖ ਸਕੱਤਰ ਸੁਬੋਧ ਅਗਰਵਾਲ ਨੇ ਦੱਸਿਆ ਕਿ ਰਾਜ ਵਿਚ ਬਿਜਲੀ ਸੁਧਾਰ ਲਾਗੂ ਕਰਨ ਸਬੰਧੀ ਕੇਂਦਰ ਵਲੋਂ ਰਾਜ ਨੂੰ ਮਿਲੀ 17ਵੀਂ ਮੁਹਲਤ ਖਤਮ ਹੋ ਜਾਣ ਦੇ ਨਾਲ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਕੇ ਇਸ ਨੂੰ ਦੋ ਸਰਕਾਰੀ ਕੰਪਨੀਆਂ ਵਿਚ ਵੰਡੇ ਜਾਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਅਧੀਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨਾਂਅ ਦੀਆਂ ਦੋ ਕੰਪਨੀਆਂ ਰਜਿਸਟਰਡ ਕਰਵਾਈਆਂ ਜਾਣਗੀਆਂ। ਪਹਿਲੀ ਕੰਪਨੀ ਬਿਜਲੀ ਦੀ ਪੈਦਾਵਾਰ ਅਤੇ ਵੰਡ ਦਾ ਕੰਮ ਵੇਖੇਗੀ, ਜਦੋਂਕਿ ਦੂਸਰੀ ਕੰਪਨੀ ਬਿਜਲੀ ਦੇ ਟਰਾਂਸਮਿਸ਼ਨ ਦੇ ਕੰਮ ਨੂੰ ਸੰਭਾਲੇਗੀ। ਉਨਾਂ ਕਿਹਾ ਕਿ ਇਹ ਦੋਨੋਂ ਕੰਪਨੀਆਂ ਪੂਰਨ ਤੌਰ ’ਤੇ ਸਰਕਾਰੀ ਹੋਣਗੀਆਂ ਅਤੇ ਇਨਾਂ ਵਿਚ ਕੋਈ ਨਿੱਜੀ ਭਾਈਵਾਲੀ ਨਹੀਂ ਹੋਵੇਗੀ। ਉਨਾਂ ਦੱਸਿਆ ਕਿ ਟਰਾਂਸਮਿਸ਼ਨ ਲਈ ਵੱਖਰੀ ਬਣਾਈ ਜਾਣ ਵਾਲੀ ਕੰਪਨੀ ਲਈ ਮੁੱਖ ਕੰਪਨੀ ਤੋਂ ਕੋਈ 3500 ਮੁਲਾਜ਼ਮ ਡੈਪੂਟੇਸ਼ਨ ’ਤੇ ਲਏ ਜਾਣਗੇ ਅਤੇ ਇਨਾਂ ਦੋਵਾਂ ਕੰਪਨੀਆਂ ਦੇ ਚੇਅਰਮੈਨ, ਐ¤ਮਡੀ ਅਤੇ ਡਾਇਰੈਕਟਰ ਰਾਜ ਸਰਕਾਰ ਵਲੋਂ ਨਿਯੁਕਤ ਕੀਤੇ ਜਾਣਗੇ।

ਕਮਲਜੀਤ ਸਿੰਘ ਹੇਅਰ ਮੁੜ ਬਣੇ ਐਨਆਰਆਈ ਸਭਾ ਦੇ ਪ੍ਰਧਾਨ

ਚੋਣ ਲਈ ਪਹਿਲੀ ਵਾਰ ਪਈਆਂ ਵੋਟਾਂ, ਇਕ ਦੂਜੇ ’ਤੇ ਦੂਸ਼ਣਬਾਜ਼ੀ
ਅਕਸਰ ਵਿਵਾਦਾਂ ਵਿਚ ਘਿਰੀ ਰਹਿਣ ਵਾਲੀ ਐਨਆਰਆਈ ਸਭਾ, ਪੰਜਾਬ ਦੀ ਚੋਣ ਵਿਚ ਪਿਛਲੇ 2 ਸਾਲ ਸਭਾ ਦੇ ਪ੍ਰਧਾਨ ਰਹੇ ਕਮਲਜੀਤ ਸਿੰਘ ਹੇਅਰ ਨੂੰ ਹੀ ਮੁੜ ਪ੍ਰਧਾਨ ਚੁਣ ਲਿਆ ਗਿਆ। ਪ੍ਰਾਪਤ ਨਤੀਜੇ ਮੁਤਾਬਕ ਹੇਅਰ ਨੇ ਅਪਣੇ ਨੇੜਲੇ ਵਿਰੋਧੀ ਜਸਬੀਰ ਸਿੰਘ ਸ਼ੇਰਗਿੱਲ ਨੂੰ 405 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸ. ਸ਼ੇਰਗਿੱਲ ਨੂੰ 609 ਵੋਟਾਂ ਪਈਆਂ ਜਦਕਿ ਸਭਾ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨੌਰੰਗਪੁਰ ਨੂੰ 573 ਵੋਟਾਂ ਮਿਲੀਆਂ। 1996 ਵਿਚ ਬਣੀ ਸਭਾ ਵਿਚ ਵੋਟਾਂ ਰਹੀ ਪ੍ਰਧਾਨ ਚੁਣੇ ਜਾਣ ਦਾ ਇਹ ਪਹਿਲਾ ਮੌਕਾ ਸੀ। ਇਸ ਤੋਂ ਪਹਿਲਾਂ ਲੁਕਵੀਂ ਸਿਆਸੀ ਦਖਲ ਅੰਦਾਜ਼ੀ ਜਾਂ ਸਰਬਸੰਮਤੀ ਨਾਲ ਹੀ ਪ੍ਰਧਾਨ ਚੁਣੇ ਜਾਂਦੇ ਰਹੇ ਹਨ। ਸਭਾ ਦੇ ਸੰਵਿਧਾਨ ਅਨੁਸਾਰ ਚੋਣ ਤੋਂ ਪਹਿਲਾਂ ਸਰਬਸੰਮਤੀ ਦੀ ਕੋਸ਼ਿਸ਼ ਕੀਤੀ ਗਈ ਪਰ ਸਰਬਸੰਮਤੀ ਨਾ ਬਣਨ ’ਤੇ ਵੋਟਾਂ ਪੁਆਏ ਜਾਣ ਦਾ ਐਲਾਨ ਕੀਤਾ ਗਿਆ। ਇਸ ਚੋਣ ਲਈ ਉਸੇ ਦਿਨ ਹੀ ਉਮੀਦਵਾਰਾਂ ਦੇ ਸਾਹਮਣੇ ਆਉਣ ਦੀ ਵਿਵਸਥਾ ਹੈ। ਜ¦ਧਰ-ਫ਼ਗਵਾੜਾ ਰੋਡ ’ਤੇ ਸਥਿਤ ‘ਬਾਠ ਕੈਸਲ’ ਵਿਚ ਚੋਣ ਕਰਵਾਏ ਜਾਣ ਦਾ ਅਮਲ ਸ਼ੁਰੂ ਹੋਣ ’ਤੇ ਹੇਅਰ, ਨੌਰੰਗਪੁਰ ਅਤੇ ਸ਼ੇਰਗਿੱਲ ਤੋਂ ਇਲਾਵਾ ਚੌਥੇ ਉਮੀਦਵਾਰ ਦੇ ਰੂਪ ਵਿਚ ਸਰਬਜੀਤ ਸਿੰਘ ਗਿਲਜੀਆਂ ਪਰਵਾਸੀ ਭਾਰਤੀਆਂ ਅਤੇ ਉਨਾਂ ਦੇ ਨੁਮਾਇੰਦਿਆਂ ਦੇ ਸਾਹਮਣੇ ਆਪਣੀ ਉਮੀਦਵਾਰੀ ਦੇ ਦਾਅਵੇ ਲੈ ਕੇ ਪੇਸ਼ ਹੋਏ ਪਰ ਸ. ਗਿਲਜੀਆਂ ਕੋਲ ਹਾਜ਼ਰ ਮੈਂਬਰਾਂ ਵਿਚੋਂ 10 ਪ੍ਰਤੀਸ਼ਤ ਦਾ ਸਮਰਥਨ ਨਾ ਹੋਣ ਕਾਰਨ ਉਹ ਮੁਕਾਬਲੇ ਵਿਚੋਂ ਬਾਹਰ ਹੋ ਗਏ।