ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, December 25, 2009

ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫਰੰਸਾਂ

ਲੱਖਾਂ ਸੰਗਤਾਂ ਨੇ ਠੰਡਾ ਬੁਰਜ ਤੇ ਸ਼ਹੀਦੀ ਅਸਥਾਨ 'ਤੇ ਮੱਥਾ ਟੇਕਿਆ
ਫ਼ਤਿਹਗੜ੍ਹ ਸਾਹਿਬ : ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਫ਼ਤਿਹਗੜ੍ਹ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਲੱਖਾਂ ਸੰਗਤਾਂ ਨੇ ਗੁਰਦੁਆਰਾ ਜੋਤੀ ਸਰੂਪ, ਠੰਡਾ ਬੁਰਜ ਤੇ ਸ਼ਹੀਦੀ ਅਸਥਾਨ 'ਤੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਦੇ ਨਾਲ ਹੀ ਅੱਜ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ 'ਚ ਆਪਣੀਆਂ ਕਾਨਫਰੰਸਾਂ ਕਰਕੇ ਇਕ-ਦੂਜੇ 'ਤੇ ਦੂਸ਼ਣਬਾਜ਼ੀ ਦੇ ਕੜ੍ਹ ਤੋੜੇ।ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਾਂਗਰਸ 'ਤੇ ਸਿੱਖਾਂ ਨਾਲ ਮੁੱਢ-ਕਦੀਮੋਂ ਦੁਸ਼ਮਣੀ ਪਾਲਣ ਦਾ ਦੋਸ਼ ਲਗਾਇਆ ਅਤੇ ਕਾਂਗਰਸ ਨੇ ਬਾਦਲ ਪਰਿਵਾਰ 'ਤੇ ਪੰਜਾਬ ਦਾ ਬੇੜਾ ਡੋਬਣ ਦੀ ਇਲਜ਼ਾਮਬਾਜ਼ੀ ਕੀਤੀ। ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜ਼ਰੀ ਕਾਂਗਰਸ ਦੀ ਕਾਨਫਰੰਸ 'ਚ ਰੜਕਦੀ ਰਹੀ। ਕਾਂਗਰਸ ਦੀ ਕਾਨਫਰੰਸ 'ਚ ਬੀਬੀ ਰਜਿੰਦਰ ਕੌਰ ਭੱਠਲ, ਜਗਮੀਤ ਸਿੰਘ ਬਰਾੜ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ।ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਟੇਜ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਣੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਇਸ ਤੋਂ ਬਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰੈਲੀ 'ਚ ਸਿਮਰਨਜੀਤ ਸਿੰਘ ਮਾਨ ਨੇ ਖ਼ਾਲਿਸਤਾਨ ਦਾ ਰਾਗ ਅਲਾਪਿਆ। ਅਕਾਲੀ ਦਲ ਪੰਚ ਪ੍ਰਧਾਨੀ, ਦਲ ਖ਼ਾਲਸਾ ਅਤੇ ਖ਼ਾਲਸਾ ਐਕਸ਼ਨ ਕਮੇਟੀ ਵਲੋਂ ਸਾਂਝੀ ਸਟੇਜ ਤੋਂ ਡੇਰਾਵਾਦ ਨੂੰ ਜੜ੍ਹੋਂ ਪੁੱਟਣ ਦਾ ਅਹਿਦ ਕੀਤਾ। ਇਸ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਵਿਚ ਅਕਾਲ ਅਕੈਡਮੀ ਬੜੂ ਸਾਹਿਬ ਦੇ ਬੱਚਿਆਂ ਵਲੋਂ ਆਧੁਨਿਕ ਸਕੈਨਰਾਂ ਅਤੇ ਵੀਡੀਓ ਪ੍ਰਾਜੈਕਟਾਂ ਰਾਹੀਂ ਨਸ਼ਾਖੋਰੀ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਜੋ ਸ਼ਰਧਾਵਾਨ ਲੋਕਾਂ ਦੀ ਵੱਡੀ ਆਕਰਸ਼ਨ ਦਾ ਕੇਂਦਰ ਸੀ।

ਨਾਟਕਕਾਰ ਆਤਮਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ

ਚੰਡੀਗੜ੍ਹ : ਇਸ ਵਾਰ ਦਾ ਸਾਹਿਤ ਅਕਾਦਮੀ ਪੁਰਸਕਾਰ ਨਾਟਕਕਾਰ-ਰੰਗਕਰਮੀ ਡਾ. ਆਤਮਜੀਤ ਨੂੰ ਉਨ੍ਹਾਂ ਦੇ ਨਾਟਕ 'ਤੱਤੀ ਤਵੀ ਦਾ ਸੱਚ' ਲਈ ਦਿੱਤਾ ਗਿਆ ਹੈ। ਇਸ ਨਾਟਕ ਵਿਚ ਉਨ੍ਹਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਹੋਰ ਪ੍ਰਸੰਗਾਂ ਬਾਰੇ ਪ੍ਰਚਲਿਤ ਆਮ ਮਿੱਥਾਂ ਤੋੜੀਆਂ ਹਨ। ਨਾਟਕ ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਪਨਪੀ ਧਾਰਮਿਕ ਕੱਟੜਤਾ ਬਾਰੇ ਤਿੱਖੀ ਚਰਚਾ ਕੀਤੀ ਗਈ ਹੈ। ਇਹ ਪੁਰਸਕਾਰ ਅਗਲੇ ਸਾਲ 16 ਫ਼ਰਵਰੀ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਵਿਚ ਦਿੱਤਾ ਜਾਵੇਗਾ।ਡਾ. ਆਤਮਜੀਤ ਦੂਜੀ ਪੀੜ੍ਹੀ ਦੇ ਉਨ੍ਹਾਂ ਚੋਟੀ ਦੇ ਨਾਟਕਕਾਰਾਂ ਵਿਚੋਂ ਹਨ, ਜਿਨ੍ਹਾਂ ਨੇ ਨਾਟਕ ਅਤੇ ਰੰਗਮੰਚ ਦੇ ਰਿਸ਼ਤੇ ਨੂੰ ਪੀਡਾ ਕਰਨ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਾ ਸ਼ੁਮਾਰ ਮੰਚ-ਸੂਝ ਵਾਲੇ ਚੋਟੀ ਦੇ ਨਾਟਕਕਾਰਾਂ ਵਿਚ ਹੁੰਦਾ ਹੈ। ਉਹ ਪੰਜਾਬੀ ਦੇ ਸ਼ਾਇਦ ਇਕੱਲੇ ਅਜਿਹੇ ਰੰਗਕਰਮੀ ਹਨ, ਜਿਨ੍ਹਾਂ ਨੇ ਆਪਣੇ ਨਾਟਕਾਂ ਵਿਚ ਸੰਗੀਤ ਦੀ ਇੰਨੀ ਭਰਵੀਂ ਵਰਤੋਂ ਕੀਤੀ। ਸੈਟ ਡਿਜ਼ਾਇਨਿੰਗ ਵਿਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ। ਉਨ੍ਹਾਂ ਨਾਟਕਾਂ ਵਿਚ ਆਧੁਨਿਕ ਸਰੋਕਾਰਾਂ ਬਾਰੇ ਡੱਟ ਕੇ ਗੱਲ ਤੋਰੀ। ਨਾਟਕਕਾਰ ਅਜਮੇਰ ਸਿੰਘ ਔਲਖ ਵਾਂਗ ਡਾ. ਆਤਮਜੀਤ ਨੇ ਵੀ ਸ਼ੁਰੂਆਤ ਭਾਵੇਂ ਯੂਨੀਵਰਸਿਟੀ ਮੁਕਾਬਲਿਆਂ ਲਈ ਤਿਆਰ ਕੀਤੇ ਜਾਂਦੇ ਨਾਟਕਾਂ ਤੋਂ ਕੀਤੀ, ਪਰ ਦੋਹਾਂ ਨੇ ਬਾਅਦ ਵਿਚ ਪੰਜਾਬੀ ਨਾਟਕ ਨੂੰ ਬੁਲੰਦੀਆਂ 'ਤੇ ਪਹੁੰਚਾਇਆ।

ਸਾਬਕਾ ਡੀਜੀਪੀ ਰਾਠੌਰ ਨੂੰ ਸਿਰਫ 6 ਮਹੀਨੇ ਦੀ ਸਜ਼ਾ

ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਰਾਠੌਰ ਨੂੰ ਆਖਰ 19 ਸਾਲਾਂ ਬਾਅਦ ਆਪਣੇ ਗੁਨਾਹ ਦਾ ਫਲ ਚੱਖਣਾ ਹੀ ਪਿਆ। 1990 ਵਿਚ ਟੈਨਿਸ ਖਿਡਾਰੀ ਰੂਚਿਕਾ ਆਤਮ ਹੱਤਿਆ ਮਾਮਲੇ ਵਿਚ ਸੀਬੀਆਈ ਦੀ ਅਦਾਲਤ ਨੇ ਉਹਨਾਂ ਨੂੰ ਸਿਰਫ਼ 6 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਹਰਿਆਣਾ ਦਾ ਇਹ ਹਾਈ ਪ੍ਰੋਫਾਈਲ ਸਾਬਕਾ ਪੁਲਿਸ ਅਧਿਕਾਰੀ 1990 ਵਿਚ ਆਈ ਜੀ ਰੈਂਕ 'ਤੇ ਅਤੇ ਹਰਿਆਣਾ ਲਾਅਨ ਟੈਨਿਸ ਐਸੋਸੀਏਸ਼ਨ ਦਾ ਮੁਖੀ ਸੀ। ਉਸ 'ਤੇ ਰੂਚਿਕਾ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਸੀ14 ਸਾਲਾ ਰੂਚਿਕਾ ਇਕ ਪ੍ਰਤਿਭਾਸ਼ਾਲੀ ਟੈਨਿਸ ਖਿਡਾਰਨ ਸੀ। ਛੇੜਛਾੜ ਦੇ ਮਾਮਲੇ ਵਿਚ ਇਨਸਾਫ ਵਿਚ ਦੇਰੀ ਦੇ ਸਿੱਟੇ ਵਜੋਂ ਪ੍ਰੇਸ਼ਾਨ ਰੂਚਿਕਾ ਨੇ 1993 ਵਿਚ ਆਤਮ ਹੱਤਿਆ ਕਰ ਲਈ ਸੀ। ਸਜ਼ਾ ਤੋਂ ਇਲਾਵਾ ਰਾਠੌਰ ਨੂੰ ਨਾਂਮਾਤਰ ਇਕ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ।

Tuesday, December 22, 2009

ਵੱਖਰੀ ਕਮੇਟੀ ਲਈ ਹਰਿਆਣਾ ਦੇ ਸਿੱਖ ਜਾਣਗੇ ਹਾਈਕੋਰਟ

ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਕਰ ਰਹੇ ਐਡਹਾਕ ਕਮੇਟੀ ਦੇ ਪ੍ਰਧਾਨ ਸ: ਦੀਦਾਰ ਸਿੰਘ ਨਲਵੀ ਨੇ ਕਿਹਾ ਹੈ ਕਿ ਉਹ ਹਰਿਆਣਾ 'ਚ ਵੱਖਰੀ ਕਮੇਟੀ ਬਣਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਕੌਮੀ ਘੱਟ ਗਿਣਤੀ ਆਯੋਗ ਦੀ ਟੀਮ ਨੂੰ ਮਿਲ ਕੇ ਆਏ ਸ. ਨਲਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਸੂਬੇ 'ਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾ ਕੇ ਹਰਿਆਣਾ ਦੇ ਸਿੱਖਾਂ ਨੂੰ ਪੰਜਾਬ ਕਮੇਟੀ ਦੇ ਅਧੀਨ ਕਰਨ ਦਾ ਪ੍ਰਬੰਧ ਕਰ ਰਹੀ ਹੈ, ਪਰ ਇਹ ਕੋਸ਼ਿਸ਼ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਸ ਬਾਬਤ ਘੱਟ ਗਿਣਤੀ ਆਯੋਗ ਦੇ ਮੈਂਬਰਾਂ ਨੂੰ ਤਿੰਨ ਸੂਤਰੀ ਮੰਗ ਪੱਤਰ ਵੀ ਦਿੱਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਮੇਟੀ ਅਗਲੇ ਸਾਲ ਦੀ ਮਈ-ਜੂਨ ਤੱਕ ਸਰਕਾਰ ਦੇ ਫ਼ੈਸਲੇ ਦੀ ਉਡੀਕ ਕਰੇਗੀ ਤੇ ਇਸ ਤੋਂ ਬਾਅਦ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਜਾਵੇਗੀ।ਸ: ਨਲਵੀ ਨੇ ਹਰਿਆਣਾ 'ਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਵੀ ਆਯੋਗ ਨੂੰ ਦਬਾਅ ਪਾਉਣ ਦੀ ਅਪੀਲ ਕੀਤੀ।

ਹੌਲੀਵੁੱਡ ਅਭਿਨੇਤਰੀ ਮਰਫ਼ੀ ਦਾ ਦੇਹਾਂਤ

ਲਾਸ ਐਂਜਲਿਸ : ਜਸਟ ਮੈਰਿਡ, ਕਲੂਲੇਸ ਅਤੇ ਅੱਪ ਡਾਊਨ ਗਰਲ ਵਰਗੀਆਂ ਹੌਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਮਰੀਕੀ ਅਭਿਨੇਤਰੀ ਬ੍ਰਿਟਨੀ ਮਰਫ਼ੀ ਦਾ ਕੱਲ੍ਹ ਦੇਰ ਰਾਤ ਇੱਥੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।ਲਾਸ ਐਂਜਲਿਸ ਸਥਿਤ ਇੱਕ ਨਿੱਜੀ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਰਫ਼ੀ ਹੌਲੀਵੁੱਡ ਹਿਲਸ ਸਥਿਤ ਆਪਣੇ ਘਰ ਵਿੱਚ ਬੇਹੋਸ਼ ਹੋ ਗਈ, ਜਿਸਦੀ ਸੂਚਨਾ ਉਹਨਾਂ ਦੀ ਮਾਂ ਨੇ ਦਿੱਤੀ। ਹਸਪਤਾਲ ਵਿੱਚ ਭਰਤੀ ਕਰਵਾਉਣ ਦੇ ਦੋ ਘੰਟਿਆਂ ਦੇ ਅੰਦਰ ਹੀ ਮਰਫ਼ੀ ਨੇ ਦਮ ਤੋੜ੍ਹ ਦਿੱਤਾ।ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਮਰਫ਼ੀ ਦੀ ਮੌਤ ਕਿਸੇ ਸ਼ੱਕੀ ਸਥਿਤੀਆਂ ਵਿੱਚ ਨਹੀਂ ਹੋਈ ਲੱਗਦੀ ਹੈ, ਪ੍ਰੰਤੂ ਉਹਨਾਂ ਦਾ ਪੋਸਟਮਾਰਟਮ ਅਗਲੇ ਕੁੱਝ ਦਿਨਾਂ ਵਿੱਚ ਕਰਵਾਇਆ ਜਾਵੇਗਾ।

ਬਰਫ਼ਬਾਰੀ ਨੇ ਤੋੜਿਆ ਸੌ ਸਾਲਾਂ ਦਾ ਰਿਕਾਰਡ

ਮਾਸਕੋ 'ਚ 19 ਸੈਂਟੀਮੀਟਰ ਬਰਫ਼ਬਾਰੀ ਦੇ ਬਾਅਦ 21 ਦਸੰਬਰ ਤੋਂ ਪਹਿਲਾਂ ਦੇ ਸੌ ਸਾਲਾਂ ਦਾ ਰਿਕਾਰਡ ਟੁੱਟ ਗਿਆ ਅਤੇ ਇਸ ਬਰਫ਼ਬਾਰੀ ਕਾਰਣ ਲੱਗਭਗ 17 ਸੌ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ।ਯਾਂਡੇਕਸ ਸਰਚ ਇੰਝਣ ਮੁਤਾਬਕ ਸਵੇਰੇ ਅੱਠ ਵੱਜਕੇ ਦਸ ਮਿੰਟ ਤੋਂ ਲੈ ਕੇ ਦੁਪਹਿਰ 12 ਵੱਜਕੇ 20 ਮਿੰਟ ਤੱਕ ਟ੍ਰੈਫ਼ਿਕ ਜਾਮ ਦੀ ਲੰਬਾਈ 17 ਸੌ ਕਿੱਲੋਮੀਟਰ ਸੀ,ਜੋ ਕਿ ਸਧਾਰਣ 700 ਕਿਲੋਮੀਟਰ ਤੋਂ ਕਿਤੇ ਜ਼ਿਆਦਾ ਹੈ।ਪ੍ਰਸ਼ਾਸਨ ਨੇ ਲੋਕਾਂ ਨੂੰ ਸਰਵਜਨਕ ਵਾਹਨਾਂ ਦੇ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।ਐਤਵਾਰ ਨੂੰ ਸ਼ੁਰੂ ਹੋਈ ਇਸ ਬਰਫ਼ਬਾਰੀ ਨੂੰ ਹਟਾਉਣ ਲਈ ਲੱਗਭਗ 15 ਹਜ਼ਾਰ ਵਾਹਨ ਲਗਾਏ ਗਏ ਹਨ।ਨਵੇਂ ਸਾਲ ਦੀਆਂ ਛੁੱਟੀਆਂ ਦੇ ਚੱਲਦੇ ਭਾਰੀ ਸੰਖਿਆ 'ਚ ਅਤੇ ਵਾਹਨਾ ਦੇ ਆਉਣ ਦੀ ਆਸ਼ੰਕਾ ਹੈ,ਜਿਸ ਨਾਲ ਸਥਿੱਤੀ ਹੋਰ ਵੀ ਗੰਭੀਰ ਹੋ ਸਕਦੀ ਹੈ।ਮੌਸਮ ਵਿਭਾਗ ਅਨੁਸਾਰ ਅੱਜ ਬਰਫ਼ਬਾਰੀ ਨਾ ਹੋਣ ਅਤੇ ਦਿਨ ਦਾ ਤਾਪਮਾਨ ਜ਼ੀਰੋ ਤੋਂ 13 ਡਿਗਰੀ ਘੱਟ ਰਹਿ ਦੀ ਸੰਭਾਵਨਾ ਹੈ।

Saturday, December 19, 2009

ਧੋਨੀ ਉੱਤੇ ਲੱਗੀ ਦੋ ਮੈਚਾਂ ਦੀ ਪਾਬੰਦੀ

ਨਵੀਂ ਦਿੱਲੀ : ਨਾਗਪੁਰ ਵਿਖੇ ਖੇਡਿਆ ਗਿਆ ਦੂਜਾ ਇੱਕ ਰੋਜਾ ਕ੍ਰਿਕਟ ਮੈਚ ਭਾਰਤੀ ਟੀਮ ਦੇ ਲਈ ਬੇਹੱਦ ਨੁਕਸਾਨਦੇਹ ਸਾਬਿਤ ਹੋਇਆ, ਇੱਕ ਤਾਂ ਇਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਦੂਜਾ ਇਸ ਮੈਚ ਦੌਰਾਨ ਧੀਮੀ ਗਤੀ ਦੇ ਨਾਲ ਓਵਰ ਕਰਨ ਦੇ ਚੱਲਦਿਆਂ ਭਾਰਤੀ ਟੀਮ ਦੇ ਕੈਪਟਨ ਮਹਿੰਦਰ ਸਿੰਘ ਧੋਨੀ ਨੂੰ ਦੋ ਮੈਚਾਂ ਦੀ ਰੋਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੈਚ ਰੋਕ ਦੇ ਬਾਅਦ ਟੀਮ ਕਪਤਾਨ ਧੋਨੀ ਕਟਕ ਅਤੇ ਕੋਲਕਾਤਾ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਨਹੀਂ ਕਰ ਪਾਉਣਗੇ। ਸੂਤਰਾਂ ਦੇ ਮੁਤਾਬਿਕ ਹੁਣ ਧੋਨੀ 27 ਦਸੰਬਰ ਨੂੰ ਦਿੱਲੀ ਵਿਖੇ ਹੋਣ ਵਾਲਾ ਸੀਰੀਜ਼ ਦਾ ਅੰਤਿਮ ਮੈਚ ਹੀ ਖੇਡ ਸਕਣਗੇ। ਧੋਨੀ ਉੱਤੇ ਇਹ ਰੋਕ ਮੈਚ ਰੈਫ਼ਰੀ ਕ੍ਰੋ ਨੇ ਲਗਾਈ ਹੈ।ਯਾਦ ਰਹੇ ਕਿ ਨਾਗਪੁਰ ਵਿੱਚ ਦੂਜਾ ਵਨਡੇ ਆਪਣੇ ਨਿਰਧਾਰਿਤ ਸਮੇਂ ਤੋਂ 45 ਮਿੰਟ ਦੇਰੀ ਦੇ ਨਾਲ ਖ਼ਤਮ ਹੋਇਆ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਭਾਰਤੀ ਟੀਮ ਦੀ ਕਮਾਨ ਹੁਣ ਗੌਤਮ ਗੰਭੀਰ ਦੇ ਹੱਥ ਵਿੱਚ ਆ ਗਈ ਹੈ ਜਦਕਿ ਵਿਕਟ ਕੀਪਰ ਦੀ ਜਿੰਮੇਦਾਰੀ ਸੰਭਾਲਣ ਦੇ ਲਈ ਦਿਨੇਸ਼ ਕਾਰਤਿਕ ਨੂੰ ਟੀਮ ਵਿੱਚ ਬੁਲਾਇਆ ਗਿਆ ਹੈ।

ਪੰਜਾਬ 'ਚ ਸਵਾਈਨ ਫਲੂ ਨਾਲ ਚਾਰ ਹੋਰ ਮੌਤਾਂ

ਸਵਾਈਨ ਫਲੂ ਨਾਲ ਬੀਤੀ ਰਾਤ ਜ਼ਿਲੇ ਦੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਅਤੇ ਹੁਣ ਤੱਕ ਜ਼ਿਲੇ ਵਿਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। 42 ਸਾਲਾ ਨਰਿੰਦਰ ਸਿੰਘ ਵਾਸੀ ਕਾਲਕਟ (ਸ਼ਾਮਚੁਰਾਸੀ) ਦੀ ਡੀ.ਐਮ.ਸੀ ਲੁਧਿਆਣਾ ਵਿਖੇ ਮੌਤ ਹੋ ਗਈ। 11 ਦਸੰਬਰ ਨੂੰ ਇਸ ਨੂੰ ਡੀ.ਐਮ.ਸੀ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਟੂਟੋ ਮਜਾਰਾ ਅਤੇ ਤਲਵੰਡੀ ਸੱਲਾਂ ਦੇ ਦੋ ਵਿਅਕਤੀਆਂ ਦੀ ਵੀ ਸਵਾਈਨ ਫਲੂ ਕਾਰਨ ਮੌਤ ਹੋ ਚੁੱਕੀ ਹੈ। ਉੱਧਰ ਨਾਭਾ ਸ਼ਹਿਰ 'ਚ ਵੀ ਇਕ ਨੌਜਵਾਨ ਦੀ ਸਵਾਇਨ ਫਲੂ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਾਭਾ ਦੇ ਸੰਗਤਪੁਰਾ ਦੇ ਵਾਸੀ ਰਜਤ ਗਰਗ ਪੁੱਤਰ ਹਰਬੰਸ ਲਾਲ, ਜੋ ਕਿ ਐਚ.ਡੀ.ਐਫ.ਸੀ. ਬੈਂਕ ਵਿਚ ਕੰਮ ਕਰਦਾ ਸੀ, ਦੀ ਪੀ.ਜੀ.ਆਈ. ਚੰਡੀਗੜ੍ਹ ਵਿਖੇ ਸਵਾਇਨ ਫਲੂ ਨਾਲ ਮੌਤ ਹੋ ਗਈ।ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਨਾਭਾ ਰਵਿੰਦਰ ਕੋਹਲੀ ਨੇ ਦੱਸਿਆ ਕਿ ਉਨ੍ਹਾ ਨੇ ਡਾਕਟਰਾਂ ਦੀ ਇਕ ਟੀਮ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਮੁਆਇਨਾ ਕਰਨ ਲਈ ਭੇਜੀ ਹੈ।ਲੋਂਗੋਵਾਲ ਵਿਖੇ ਵੀ ਇਕ ਨੌਜਵਾਨ ਦੀ ਸਵਾਇਨ ਫਲੂ ਨਾਲ ਹੋਈ ਦੁਖਦਾਈ ਮੌਤ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਸਿਹਤ ਵਿਭਾਗ ਦੀ ਟੀਮ ਨੂੰ ਤਿੰਨ ਘੰਟੇ ਬੰਦੀ ਬਣਾ ਕੇ ਰੱਖਿਆ, ਜਿਸਦੇ ਚਲਦਿਆਂ ਲੌਂਗੋਵਾਲ ਦੇ ਸਮੁੱਚੇ ਬਾਜ਼ਾਰ ਬੰਦ ਰਹੇ ਅਤੇ ਮ੍ਰਿਤਕ ਦੇ ਘਰ ਦੇ ਨੇੜੇ ਸੈਂਕੜੇ ਹੀ ਲੋਕ ਪ੍ਰਸਾਸ਼ਨ ਖਿਲਾਫ਼ ਬਾਅਦ ਦੁਪਹਿਰ ਤੱਕ ਪ੍ਰਦਰਸ਼ਨ ਕਰਦੇ ਰਹੇ। ਲੋਕਾਂ ਨੇ ਦੋਸ਼ ਲਗਾਇਆ ਕਿ ਅਸ਼ਵਨੀ ਕੁਮਾਰ ਦਾ ਸਹੀ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋਈ।ਇਸ ਤੋਂ ਬਿਨਾਂ ਜਲੰਧਰ ਸਿਵਲ ਹਸਪਤਾਲ 'ਚ ਵੀ ਦਾਖਲ ਇਕ ਹੋਰ ਮਰੀਜ਼ ਦੀ ਮੌਤ ਸਵਾਈਨ ਫਲੂ ਨਾਲ ਹੋਣ ਦੀ ਸੂਚਨਾ ਮਿਲੀ ਹੈ।

ਫਿਰ ਫਸੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ

ਕੇਂਦਰ ਨੇ ਦਿੱਲੀ ਦੇ ਗਵਰਨਰ ਨੂੰ ‘84 ਸਿੱਖ ਕਤਲੇਆਮ ਕੇਸ ਵਿਚ ਛੇਤੀ ਐਕਸ਼ਨ ਲੈਣ ਲਈ ਕਿਹਾ
ਸਬੂਤਾਂ ਦੀ ਘਾਟ ਪੀੜਤਾਂ ਨੂੰ ਇਨਸਾਫ ਮਿਲਣ ਵਿਚ ਰੁਕਾਵਟ ਬਣੀ : ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਅਤੇ ਸਾਬਕਾ ਐਮਪੀ ਸੱਜਣ ਕੁਮਾਰ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਮੁੜ ਤੋਂ ਫਸਦੇ ਨਜ਼ਰ ਆ ਰਹੇ ਹਨ। ਸੀਬੀਆਈ ਨੇ ਸਿੱਖ ਕਤਲੇਆਮ ਦੇ ਕੇਸਾਂ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਿਰੁਧ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ ਹੈ। ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸੋਮਵਾਰ ਨੂੰ ਪਾਰਲੀਮੈਂਟ ਦੀ ਰਾਜ ਸਭਾ ਵਿਚ ਦੱਸਿਆ ਕਿ ਸੀਬੀਆਈ ਨੇ ਸੱਤ ਮਾਮਲਿਆਂ ਵਿਚ ਅਪਣੀ ਜਾਂਚ ਪੂਰੀ ਕਰ ਲਈ ਹੈ। ਇਹ ਮਾਮਲੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਧਰਮਦਾਸ ਸ਼ਾਸ਼ਤਰੀ ਦੇ ਖਿਲਾਫ ਹਨ। ਸ੍ਰੀ ਚਿੰਦਬਰਮ ਨੇ ਕਿਹਾ ਕਿ ਭਾਰਤ ਸਰਕਾਰ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਸੀਬੀਆਈ ਵਲੋਂ ਇਨ੍ਹਾਂ ਨੇਤਾਵਾਂ `ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਜਲਦੀ ਕਰਨ ਲਈ ਕਿਹਾ ਹੈ। ਜੇ ਸੀਬੀਆਈ ਜਗਦੀਸ਼ ਟਾਈਟਲਰ `ਤੇ ਦੁਬਾਰਾ ਮੁਕੱਦਮਾ ਚਲਾਉਣਾ ਚਾਹੁੰਦੀ ਹੈ ਤਾਂ ਕਾਂਗਰਸ ਟਾਈਟਲਰ ਨੂੰ ਬਿਹਾਰ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਲੈ ਸਕਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਚਿਦੰਬਰਮ ਨੇ ਰਾਜ ਸਭਾ ਵਿਚ ਮੰਨਿਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਵਿਚ ਦੇਰ ਇਸ ਕਾਰਨ ਹੋ ਰਹੀ ਹੈ ਕਿਉਂਕਿ ਵੱਖੋ-ਵੱਖ ਸੂਬਾਈ ਸਰਕਾਰਾਂ ਵੱਖੋ-ਵੱਖ ਕਾਰਨਾਂ ਜਿਵੇਂ ਕਿ ਸਬੂਤਾਂ ਦੀ ਘਾਟ ਕਾਰਨ ਇਸ ਸਬੰਧੀ ਅੱਗੇ ਕਾਰਵਾਈ ਕਰਨ ਤੋਂ ਅਸਮਰਥ ਹਨ। ਉਹ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦੇ ਰਹੇ ਸਨ ਕਿ ਕੇਂਦਰ ਵਲੋਂ ਤੈਅ ਕੀਤੇ ਗਏ ਮੁਆਵਜ਼ੇ ਦਾ 40 ਫ਼ੀ ਸਦੀ ਹਿੱਸਾ ਹਾਲੇ ਅਣਵੰਡਿਆ ਪਿਆ ਹੈ। ਚਿਦੰਬਰਮ ਨੇ ਕਿਹਾ ਕਿ ਅਸੀਂ ਸਮੇਂ ਸਮੇਂ ਉਤੇ ਮੁੱਖ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਦਾਅਵਿਆਂ ਦਾ ਨਿਬੇੜਾ ਕਰਨ। ਮੈ ਇਕ ਵਾਰੀ ਫੇਰ ਇਸ ਸਬੰਧੀ ਮੁੱਖ ਮੰਤਰੀਆਂ ਨੂੰ ਲਿਖਣ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਪਛਮੀ ਬੰਗਾਲ, ਤਾਮਿਲਨਾਡੂ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੂੰ ਮਹੀਨੇ ਦੇ ਅਖ਼ੀਰ ਤਕ ਮੁਆਵਜ਼ੇ ਵੰਡਣ ਲਈ ਕਿਹਾ ਹੈ।

ਸਿੱਖ ਹੋਣ ਦੇ ਨਾਤੇ ਗੁਰੂ ਘਰਾਂ ਦਾ ਪ੍ਰਬੰਧ ਸੁਧਾਰਨਾ ਮੇਰਾ ਫਰਜ਼ : ਕੈਪਟਨ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਇਕ ਬਿਆਨ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਸਬੰਧੀ ਕਾਂਗਰਸ ਪਾਰਟੀ ਦੇ ਸਟੈਂਡ ਦਾ ਚੰਗੀ ਤਰ੍ਹਾਂ ਪਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਦੋ ਚੋਣਾਂ ਉਨ੍ਹਾਂ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਅਤੇ ਕਾਂਗਰਸ ਨੇ ਇਨ੍ਹਾਂ ਚੋਣਾਂ ਵਿਚ ਕਦੀ ਵੀ ਸ਼ਮੂਲੀਅਤ ਨਹੀਂ ਕੀਤੀ।
ਬੀਤੇ ਦਿਨਾਂ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ.ਪੀ. ਅਤੇ ਵਿਧਾਨ ਸਭਾ ਵਿਚ ਕਾਂਗਰਸ ਵੱਲੋਂ ਵਿਰੋਧੀ ਧਿਰ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਬਿਆਨ ਦੇ ਇਹ ਕਹਿ ਕੇ ਕੀਤੇ ਗਏ ਵਿਰੋਧ ਕਿ ਕਾਂਗਰਸ ਸ਼੍ਰੋਮਣੀ ਕਮੇਟੀ ਚੋਣ ਲਈ ਕਿਸੇ ਵੀ ਧਿਰ ਨੂੰ ਨਾ ਤਾਂ ਸਮੱਰਥਨ ਦੇ ਸਕਦੀ ਹੈ ਅਤੇ ਨਾ ਹੀ ਇਸ ਵਿਚ ਹਿੱਸਾ ਲੈ ਸਕਦੀ ਹੈ, ਸਬੰਧੀ ਦੋਵਾਂ ਆਗੂਆਂ ਦਾ ਨਾਂਅ ਜਾਂ ਹਵਾਲਾ ਦਿੱਤੇ ਬਿਨਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਪਰ ਬਤੌਰ ਸਿੱਖ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਕਬਜ਼ੇ ਹੇਠ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ ਹੈ ਅਤੇ ਇਹ ਹਰ ਇਕ ਸਿੱਖ ਦਾ ਨੈਤਿਕ ਫਰਜ਼ ਹੈ ਕਿ ਉਹ ਸਿੱਖ ਧਾਰਮਿਕ ਅਦਾਰਿਆਂ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਕੋਸ਼ਿਸ ਕਰੇ। ਉਨ੍ਹਾਂ ਕਿਹਾ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋਵੇਗਾ, ਮੈਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਾਂਗਾ ਕਿ ਉਹ ਬਾਦਲ ਦਲ ਦਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਬਜ਼ਾ ਅਤੇ ਗ਼ਲਬਾ ਖਤਮ ਕਰਨ ਲਈ ਯਤਨ ਕਰੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੈਂ ਬਤੌਰ ਸਿੱਖ ਅਖ਼ਬਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਆਪਣੀ ਨਿੱਜੀ ਰਾਏ ਪ੍ਰਗਟਾਈ ਸੀ, ਉਸ ਸਬੰਧੀ ਮੈਨੂੰ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸੁਨੇਹਾ ਨਹੀਂ ਆਇਆ।

ਸੀਬੀਆਈ ਜਾਂਚ `ਚ ਨਿਰਮਲ ਸਿੰਘ ਕਾਹਲੋਂ ਦੋਸ਼ੀ ਕਰਾਰ

ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਵੇਲੇ ਭਰਤੀ `ਚ ਘਪਲੇਬਾਜ਼ੀ ਦਾ ਦੋਸ਼
ਚੰਡੀਗੜ੍ਹ: ਸੀਬੀਆਈ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਪੰਚਾਇਤ ਸਕੱਤਰਾਂ ਦੀ ਭਰਤੀ ਵਿਚ ਘੋਟਾਲਾ ਕਰਨ ਦਾ ਦੋਸ਼ੀ ਠਹਿਰਾਇਆ ਹੈ। ਸੀਬੀਆਈ ਅਨੁਸਾਰ 1996-2001 ਦੌਰਾਨ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਸੂਬੇ ਵਿਚ 900 ਪੰਚਾਇਤ ਸਕੱਤਰਾਂ ਦੀ ਭਰਤੀ ਪੈਸੇ ਲੈ ਕੇ ਕੀਤੀ ਗਈ। ਵਰਤਮਾਨ ਸਮੇਂ ਵਿਚ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਉਸ ਵੇਲੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਨ। ਸੀਬੀਆਈ ਦੀ ਰਿਪੋਰਟ ਮੁਤਾਬਕ ਪੰਚਾਇਤ ਸਕੱਤਰਾਂ ਦੀ ਭਰਤੀ ਕਰਨ ਲਈ ਰਿਸ਼ਵਤ ਦੇ ਤੌਰ `ਤੇ ਲਗਭਗ 4 ਕਰੋੜ ਰੁਪਏ ਇਕੱਠੇ ਕੀਤੇ, ਜਿਨ੍ਹਾਂ ਵਿਚੋਂ ਅੱਧੇ ਪੈਸੇ ਕਾਹਲੋਂ ਦੇ ਹਿੱਸੇ ਆਏ।
ਸੀਬੀਆਈ ਦੀ 54 ਸਫਿਆਂ ਦੀ ਰਿਪੋਰਟ ਵਿਚ ਨਿਰਮਲ ਸਿੰਘ ਕਾਹਲੋਂ ਦੇ ਨਾਲ ਹੀ 15 ਹੋਰ ਅਫ਼ਸਰਾਂ ਨੂੰ ਇਸ ਘਪਲੇਬਾਜ਼ੀ ਵਿਚ ਸ਼ਾਮਲ ਦੱਸਿਆ ਗਿਆ ਹੈ। ਇਨ੍ਹਾਂ ਵਿਚ ਮਨਦੀਪ ਸਿੰਘ ਅਤੇ ਜੇ ਐਸ ਕੇਸਰ ਨਾਂ ਦੇ ਦੋ ਆਈਏਐਸ ਅਫ਼ਸਰ ਵੀ ਸ਼ਾਮਲ ਹਨ। ਸੀਬੀਆਈ ਨੇ ਰਿਪੋਰਟ ਵਿਚ ਕਿਹਾ ਹੈ ਕਿ ਇਸ ‘ਨੋਟ ਬਦਲੇ ਨੌਕਰੀ’ ਘੁਟਾਲੇ ਵਿਚ ਵੱਢੀ ਦੇ ਪੈਸੇ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਗਈ।
ਕਾਬਿਲੇਗੌਰ ਹੈ ਕਿ 1996-2001 ਦੌਰਾਨ ਹੋਈ ਭਰਤੀ `ਚ ਘੋਟਾਲੇ ਦੀ ਸੀਬੀਆਈ ਜਾਂਚ ਦੇ ਹੁਕਮ 2003 ਵਿਚ ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤੇ ਸਨ। ਸੀਬੀਆਈ ਨੇ ਭ੍ਰਿਸ਼ਟਾਚਾਰ ਦਾ ਇਹ ਕੇਸ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਚਾਇਤ ਵਿਭਾਗ ਵਿਚ 909 ਪੰਚਾਇਤ ਸਕੱਤਰ ਦੀ ਭਰਤੀ ਦੇ ਮਾਮਲੇ ਵਿਚ ਤਤਕਾਲੀ ਪੰਚਾਇਤ ਮੰਤਰੀ ਨਿਰਮਲ ਸਿੰਘ ਕਾਹਲੋਂ, ਦੋ ਆਈਏਐਸ ਅਫ਼ਸਰਾਂ ਅਤੇ ਪੰਚਾਇਤ ਵਿਭਾਗ ਦੇ ਅੱਧੀ ਦਰਜਨ ਤੋਂ ਵੱਧ ਅਫ਼ਸਰਾਂ ਵਿਰੁਧ ਦਰਜ ਕੀਤਾ ਸੀ। ਸੀਬੀਆਈ ਨੇ ਦੋਸ਼ੀ ਪਾਏ ਲੋਕਾਂ ਉਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਲਈ ਪੰਜਾਬ ਸਰਕਾਰ ਨੂੰ 9 ਮਹੀਨੇ ਪਹਿਲਾਂ ਇਕ ਚਿੱਠੀ ਲਿਖੀ ਸੀ, ਪਰ ਬਾਦਲ ਸਰਕਾਰ ਨੇ ਹੁਣ ਤੱਕ ਇਨ੍ਹਾਂ ਦੋਸ਼ੀ ਪਾਏ ਲੋਕਾਂ ਵਿਰੁਧ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ। ਇਸੇ ਕਾਰਨ ਸੀਬੀਆਈ ਪਟਿਆਲਾ ਦੀ ਸਪੈਸ਼ਲ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਨਾ ਕਰ ਸਕੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਿਰਮਲ ਸਿੰਘ ਕਾਹਲੋਂ ਅਤੇ ਹੋਰ ਸ਼ਾਮਲ ਅਫ਼ਸਰਾਂ `ਤੇ ਮੁਕੱਦਮਾ ਚਲਾਉਣ ਲਈ ਪੁਖ਼ਤਾ ਸਬੂਤ ਹਨ। ਦਿੱਲੀ ਵਿਚਲੇ ਸੀਬੀਆਈ ਦੇ ਬੁਲਾਰੇ ਹਰਸ਼ ਪਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਾਂਚ ਏਜੰਸੀ ਨੇ ਨਿਰਮਲ ਸਿੰਘ ਕਾਹਲੋਂ ਅਤੇ ਹੋਰ ਕਥਿਤ ਤੌਰ `ਤੇ ਸ਼ਾਮਲ ਅਫ਼ਸਰਾਂ ਉਤੇ ਮੁਕੱਦਮਾ ਚਲਾਉਣ ਲਈ ਪੰਜਾਬ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਓਧਰ ਇਸ ਸਬੰਧੀ ਜਦੋਂ ਨਿਰਮਲ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਾਂ ਸਿਰਫ਼ ਸਰਕਾਰ ਹੀ ਕੁੱਝ ਦੱਸ ਸਕਦੀ ਹੈ।

Saturday, December 12, 2009

ਯੁਵਰਾਜ ਨੇ ਅਪਣੇ ਜਨਮ ਦਿਨ ਮੌਕੇ ਭਾਰਤ ਨੂੰ ਦੁਆਈ ਸ਼ਾਨਦਾਰ ਜਿੱਤ

ਮੋਹਾਲੀ ਟਵੰਟੀ 20 ਕ੍ਰਿਕਟ ਮੈਚ : 25 ਗੇਂਦਾਂ ’ਚ ਨਾਬਾਦ 60 ਦੌੜਾਂ ਬਣਾਈਆਂ
ਸਥਾਨਕ ਪੀਸੀਏ ਕ੍ਰਿਕਟ ਮੈਦਾਨ ਉੱਤੇ ਭਾਰਤ ਨੇ ਟਵੈਂਟੀ 20 ਸੀਰੀਜ਼ ਦੇ ਦੂਜੇ ਮੈਚ ਵਿੱਚ ਸ਼੍ਰੀਲੰਕਾ ਨੂੰ ਜ਼ੋਰਦਾਰ ਹਾਰ ਦਿੱਤੀ ਅਤੇ ਇਸ ਜਿੱਤ ਦੇ ਨਾਲ ਹੀ ਭਾਰਤ ਸੀਰੀਜ਼ ਵਿੱਚ 1.1 ਦੀ ਬਰਾਬਰੀ ਉੱਤੇ ਪਹੁੰਚ ਗਿਆ। ਇਸ ਜਿੱਤ ਦੇ ਨਾਇਕ ਯੁਵਰਾਜ ਸਿੰਘ ਨੇ ਜਿੱਥੇ 25 ਗੇਂਦਾਂ ਦੇ ਵਿੱਚ 60 ਦੌੜਾਂ ਬਣਾਈਆਂ, ਉੱਥੇ ਹੀ ਗੇਂਦਬਾਜੀ ਕਰਦਿਆਂ ਤਿੰਨ ਓਵਰਾਂ ਵਿੱਚ 23 ਦੌੜਾਂ ਦੇਕੇ ਤਿੰਨ ਵਿਕਟਾਂ ਵੀ ਪੁੱਟੀਆਂ। 29 ਸਾਲਾਂ ਦੇ ਹੋਏ ਯੁਵਰਾਜ ਦੇ ਇਲਾਵਾ ਇਸ ਜਿੱਤ ਵਿੱਚ ਵਰਿੰਦਰ ਸਹਿਵਾਗ (64) ਅਤੇ ਮਹਿੰਦਰ ਧੋਨੀ (46) ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਸ਼੍ਰੀਲੰਕਾਈ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਭਾਰਤ ਦੇ ਅੱਗੇ ਜਿੱਤ ਲਈ 206 ਦੌੜਾਂ ਦਾ ਟੀਚਾ ਰੱਖਿਆ, ਜਿਸਨੂੰ ਭਾਰਤੀ ਟੀਮ ਨੇ 19ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਚਾਰ ਵਿਕਟਾਂ ਗੁਆਉਣ ਪਿੱਛੋਂ 211 ਦੌੜਾਂ ਬਣਾਕੇ ਹਾਸਿਲ ਕੀਤਾ।
ਯੁਵਰਾਜ ਲਈ ਲੱਕੀ ਦਿਨ : ਅੱਜ ਦਾ ਦਿਨ ਯੁਵਰਾਜ ਸਿੰਘ ਦੇ ਲਈ ਉਸ ਵੇਲੇ ਹੋਰ ਵੀ ਖਾਸ ਹੋ ਗਿਆ, ਜਦੋਂ ਉਹਨਾਂ ਨੇ ਰਿਟਰਨ ਗਿਫ਼ਟ ਦੇ ਤੌਰ 'ਤੇ ਆਪਣੇ ਪ੍ਰਸ਼ੰਸਕਾਂ ਦੀ ਝੋਲੀ ਦੇ ਵਿੱਚ ਜਿੱਤ ਪਾਈ। ਜੀ ਹਾਂ, ਇਸ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਅੱਜ ਜਨਮ ਦਿਨ ਹੈ ਅਤੇ ਉਹ ਅੱਜ 29 ਵਰ੍ਹਿਆਂ ਦੇ ਹੋ ਗਏ ਹਨ। ਯੁਵਰਾਜ ਸਿੰਘ ਨੇ ਬੱਲੇਬਾਜੀ ਦੇ ਨਾਲ ਨਾਲ ਅੱਜ ਗੇਂਦਬਾਜੀ ਦੇ ਵਿੱਚ ਕਰਾਮਾਤ ਕਰ ਵਿਖਾਈ।

ਪ੍ਰਵੀਨ ਮਹਾਜਨ ਦੀ ਸਥਿਤੀ ਬੇਹੱਦ ਨਾਜ਼ੁਕ

ਭਾਜਪਾ ਆਗੂ ਪ੍ਰਮੋਦ ਮਹਾਜਨ ਦੀ ਹੱਤਿਆ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਉਸ ਦੇ ਛੋਟੇ ਭਰਾ ਪ੍ਰਵੀਨ ਮਹਾਜਨ ਦੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਬਲੱਡ ਪ੍ਰੈਸ਼ਰ ਵੱਧਣ ਦੀ ਸ਼ਿਕਾਇਤ ਕਾਰਨ ਉਸ ਨੂੰ ਬੀਤੀ ਦੇਰ ਰਾਤ ਥਾਨੇ ਦੇ ਜੁਪੀਟਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਵੀਨ ਨੂੰ ਬਰੇਨ ਹੈਂਬਰੇਜ਼ ਹੋ ਗਿਆ ਹੈ। ਉਸ ਦੀ ਸਥਿਤੀ ਬੇਹੱਦ ਨਾਜ਼ੁਕ ਹੈ। ਖ਼ਬਰ ਦੀਆਂ ਆਖ਼ਰੀ ਸਤਰਾਂ ਲਿਖੇ ਜਾਣ ਤੱਕ ਉਹ ਕੋਮਾ 'ਚ ਸੀ। ਜ਼ਿਕਰਯੋਗ ਹੈ ਕਿ ਪ੍ਰਵੀਨ ਨੂੰ ਅਦਾਲਤ ਨੇ ਖ਼ਰਾਬ ਸਿਹਤ ਕਾਰਨ ਦੋ ਹਫ਼ਤੇ ਪਹਿਲਾਂ ਨਾਸਿਕ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਕੀਤਾ ਸੀ। ਪੈਰੋਲ ਦਾ ਸਮਾਂ ਅੱਜ ਸ਼ਨਿੱਚਰਵਾਰ ਨੂੰ ਸਮਾਪਤ ਹੋ ਜਾਵੇਗਾ। ਪ੍ਰਵੀਨ ਨੂੰ ਮੁੰਬਈ ਦੀ ਇਕ ਅਦਾਲਤ ਨੇ 9 ਦਸੰਬਰ 2007 ਨੂੰ ਦੋਸ਼ੀ ਕਰਾਰ ਦਿੱਤਾ ਸੀ। ਪ੍ਰਵੀਨ 'ਤੇ 22 ਅਪ੍ਰੈਲ 2006 ਨੂੰ ਆਪਣੇ ਵੱਡੇ ਭਰਾ ਪ੍ਰਮੋਦ ਮਹਾਜਨ ਦੀ ਉਸ ਦੇ ਘਰ 'ਚ ਹੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਸੀ।

ਦਮਦਮੀ ਟਕਸਾਲ ਤੇ ਸੰਤ ਸਮਾਜ ਵਲੋਂ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਐਲਾਨ

ਦਮਦਮੀ ਟਕਸਾਲ ਤੇ ਸੰਤ ਸਮਾਜ ਵਲੋਂ ਲੁਧਿਆਣਾ ਗੋਲੀ ਕਾਂਡ ਸਬੰਧੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਮੀਟਿੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲੁਧਿਆਣਾ ਗੋਲੀ ਕਾਂਡ ਸਬੰਧੀ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਇਆ ਜਾਵੇਗਾ। ਭਾਈ ਰੋਡੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ ਗਿਆ ਹੈ, ਸਮੇਂ ਦਾ ਐਲਾਨ ਹੁੰਦਿਆਂ ਹੀ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਸਿੱਖ ਸੰਗਤਾਂ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇਗਾ। ਸਿੱਖ ਵਫ਼ਦ ਵਲੋਂ ਪ੍ਰਧਾਨ ਮੰਤਰੀ ਕੋਲੋਂ ਇਹ ਵੀ ਪੁੱਛਿਆ ਜਾਵੇਗਾ ਕਿ ਪੰਜਾਬ ਅੰਦਰ ਗੁਰੂਡੰਮ ਨੂੰ ਸ਼ਹਿ ਦੇ ਕੇ ਮੁੜ ਮਾੜੇ ਹਾਲਾਤ ਪੈਦਾ ਕਰਨ ਪਿੱਛੇ ਕਾਂਗਰਸ ਦਾ ਹੱਥ ਹੈ ਜਾਂ ਬਾਦਲ ਸਰਕਾਰ ਦਾ।

ਦੋ ਸਿੱਖਾਂ ਦੀ ਅਮਰੀਕੀ ਸੈਨਾ 'ਚ ਪੱਗ ਸਮੇਤ ਤਾਇਨਾਤੀ

ਨਿਊਯਾਰਕ : ਅਮਰੀਕਾ ਵਿਚ ਸਿੱਖਾਂ ਦੀ ਮੁਹਿੰਮ ਦਾ ਸਕਾਰਾਤਮਕ ਟੀਚਾ ਵਿਖਾਈ ਦਿੱਤਾ ਅਤੇ ਇੱਕ ਹੋਰ ਸਿੱਖ ਅਧਿਕਾਰੀ ਨੂੰ ਅਮਰੀਕੀ ਸੈਨਾ ਵਿਚ ਪੱਗ ਨਾਲ ਸਰਗਰਮ ਤਾਇਨਾਤੀ ਮਿਲ ਗਈ। ਬੀਤੇ 23 ਵਰ੍ਹਿਆਂ ਵਿਚ ਅਜਿਹਾ ਪਹਿਲੀ ਦਫਾ ਹੋਇਆ ਕਿ ਦੋ ਸਿੱਖ ਆਪਣੀ ਧਾਰਮਿਕ ਪਹਿਚਾਨ ਦੇ ਨਾਲ ਸੈਨਾ ਵਿਚ ਸ਼ਾਮਲ ਹੋਏ।ਦੰਦਾਂ ਦੇ ਡਾਕਟਰ ਕੈਪਟਨ ਤੇਜਦੀਪ ਸਿੰਘ ਰਤਨ ਅਤੇ ਡਾਕਟਰ ਕੈਪਟਨ ਕਮਲਜੀਤ ਸਿੰਘ ਕਲਸੀ ਨੂੰ ਸੈਨਾ ਨੇ ਸਰਗਰਮ ਤਾਇਨਾਤੀ ਨਾਲ ਪੱਗ ਰੱਖਣ ਦਾ ਆਦੇਸ਼ ਦਿੱਤਾ ਸੀ।ਦੋਵੇਂ ਸਿੱਖਾਂ ਨੇ ਇੱਕ ਫੌਜੀ ਪ੍ਰੋਗਰਾਮ ਅਧੀਨ ਡਾਕਟਰੀ ਸਿੱਖਿਆ ਹਾਸਲ ਕੀਤੀ ਸੀ। ਸੈਨਾ ਨੇ ਉਹਨਾਂ ਦੀ ਸਿੱਖਿਆ ਦਾ ਖਰਚਾ ਚੁੱਕਿਆ ਸੀ।ਦੋਵੇਂ ਡਾਕਟਰਾਂ ਨੇ ਪੱਗ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਖ ਸੰਗਠਨਾਂ ਦੀ ਮੁਹਿੰਨਮ ਮਗਰੋਂ ਅਕਤੂਬਰ ਵਿਚ ਸੈਨਾ ਨੇ ਕੈਪਟਨ ਕਲਸੀ ਨੂੰ ਸਰਗਰਮ ਤਾਇਨਾਤੀ ਦੇਣ ਦਾ ਫੈਸਲਾ ਕੀਤਾ। ਹੁਣ ਉਸ ਨੇ ਕੈਪਟਨ ਰਤਨ ਨੂੰ ਵੀ ਸਰਗਰਮ ਤਾਇਨਾਤੀ ਦੇ ਦਿੱਤੀ ਹੈ। ਅਮਰੀਕੀ ਸੈਨਾ ਨੇ ਸਾਲ 1981 ਵਿਚ ਸਾਰੀਆਂ ਧਾਰਮਿਕ ਪਹਿਚਾਨਾਂ ਉੱਪਰ ਰੋਕ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਸੈਨਾ ਵਿਚ ਸ਼ਾਮਲ ਸਿੱਖ ਪੱਗ ਦੇ ਨਾਲ ਸਰਗਰਮ ਤਾਇਨਾਤੀ ਵਿਚ ਬਰਕਰਾਰ ਰਹਿ ਸਕਦੇ ਸਨ ਪਰ ਹੁਣ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਦੋਵੇਂ ਡਾਕਟਰਾਂ ਨੂੰ ਦਿੱਤੀ ਗਈ ਛੋਟ ਨਾਲ ਧਾਰਮਿਕ ਪਹਿਚਾਨ ਉੱਪਰ ਰੋਕ ਦਾ ਨਿਯਮ ਖਤਮ ਨਹੀਂ ਹੋਇਆ ਹੈ।

ਓਬਾਮਾ ਨੋਬਲ ਪੁਰਸਕਾਰ ਨਾਲ ਸਨਮਾਨਿਤ

ਓਸਲੋ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਰੇ ਦੋ ਅਹਿਮ ਨਿਸ਼ਾਨੇ ਵਾਤਾਵਰਣ ਤਬਦੀਲੀ ਨੂੰ ਕਾਬੂ ਕਰਨਾ ਤੇ ਪ੍ਰਮਾਣੂ ਹਥਿਆਰਾਂ ’ਚ ਕਟੌਤੀ ਹਨ। ਜੇਕਰ ਮੈਂ ਇਨ੍ਹਾਂ ਨੂੰ ਹਾਸਿਲ ਕਰਨ ਵਿਚ ਸਫ਼ਲ ਹੋ ਜਾਂਦਾ ਹਾਂ ਤਾਂ ਮੈਨੂੰ ਵਿਸ਼ਵ ਸ਼ਾਂਤੀ ਪੁਰਸਕਾਰ ਮਿਲਣ ’ਤੇ ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਆਪਣੇ-ਆਪ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਸ ਪੁਰਸਕਾਰ ਦੇ ਯੋਗ ਵਿਸ਼ਵ ਵਿਚ ਹੋਰ ਵੀ ਲੋਕ ਹੋਣਗੇ ਪਰ ਮੈਨੂੰ ਉਮੀਦ ਹੈ ਕਿ ਮੈਂ ਆਪਣੀ ਯੋਗਤਾ ਸਾਬਿਤ ਕਰਨ ਵਿਚ ਸਫ਼ਲ ਹੋਵਾਂਗਾ। ਉਨ੍ਹਾਂ ਸਵੀਕਾਰ ਕੀਤਾ ਕਿ ਜੇਕਰ ਮੈਂ ਆਪਣੇ ਟੀਚੇ ਹਾਸਿਲ ਕਰਨ ਵਿਚ ਅਸਫ਼ਲ ਰਹਿੰਦਾ ਹਾਂ ਤਾਂ ਕਿਸੇ ਪੁਰਸਕਾਰ ਜਾਂ ਪ੍ਰਸੰਸਾ ਦੇ ਕੋਈ ਮਾਅਨੇ ਨਹੀਂ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਮੇਰੀ ਤਮੰਨਾ ਹੈ ਕਿ ਪੂਰੀ ਦੁਨੀਆ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਹੋ ਜਾਵੇ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਜੰਗ ਦੀ ਵੀ ਲੋੜ ਪੈਂਦੀ ਹੈ ਤੇ ਅੱਤਵਾਦ ਦੇ ਖ਼ਿਲਾਫ਼ ਸਾਡੀ ਲੜਾਈ ਜਾਰੀ ਹੈ। ਜੰਗ ਵਿਚ ਕਈ ਵਾਰ ਜ਼ਿਆਦਤੀਆਂ ਵੀ ਹੋ ਜਾਂਦੀਆਂ ਹਨ ਪਰ ਇਨ੍ਹਾਂ ਕਾਰਵਾਈਆਂ ਨੂੰ ਠੱਲ੍ਹਣਾ ਪੂਰੇ ਵਿਸ਼ਵ ਦੀ ਭਲਾਈ ਵਿਚ ਹੈ। ਉਨ੍ਹਾਂ ਨੇ ਸ਼ਾਂਤੀ ਦੀ ਗੱਲ ਕਰਦਿਆਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਵੀ ਚੇਤੇ ਕੀਤਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਅਫਗਾਨਿਸਤਾਨ ਵਿਚ ਫ਼ੌਜਾਂ ਹੁਣ ਵੀ ਭੇਜੀਆਂ ਹਨ ਪਰ ਜੁਲਾਈ 2011 ਤਕ ਉਥੋਂ ਦੇ ਬਲਾਂ ਨੂੰ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇਗੀ।

ਹੈਲੀਕਾਪਟਰ ਹਾਦਸੇ ’ਚ ਵਾਲ-ਵਾਲ ਬਚੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ

ਭੁਵਨੇਸ਼ਵਰ : ਰਾਸ਼ਟਰਪਤੀ ਪ੍ਰਤਿਭਾ ਪਾਟਿਲ ਉਸ ਵੇਲੇ ਵਾਲ-ਵਾਲ ਬਚ ਗਏ ਜਦੋਂ ਪੁਰੀ ਤੋਂ ਭੁਵਨੇਸ਼ਵਰ ਲੈ ਕੇ ਆ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੁੰਦਾ ਹੋਇਆ ਬਚ ਗਿਆ। ਇਥੇ ਹਵਾਈ ਅੱਡੇ ’ਤੇ ਉਤਰਦਿਆਂ ਹੈਲੀਕਾਪਟਰ ਦੇ ਪਰ ਇਕ ਇਮਾਰਤ ਨਾਲ ਟਕਰਾਅ ਗਏ। ਹੈਲੀਕਾਪਟਰ ਦੇ ਪਰ ਇਮਾਰਤ ਨਾਲ ਟਕਰਾਉਣ ਕਾਰਨ ਹੈਲੀਕਾਪਟਰ ਇਕ ਮਿੰਟ ਲਈ ਅਸੰਤੁਲਿਤ ਹੋ ਗਿਆ ਹਾਲਾਂਕਿ ਕਿ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਤੇ ਉਹ ਸੁਰੱਖਿਅਤ ਹਨ। ਬਾਅਦ ’ਚ ਉਨ੍ਹਾਂ ਨੂੰ ਤੁਰੰਤ ਰਾਜ ਭਵਨ ਲਿਜਾਇਆ ਗਿਆ। ਰਾਸ਼ਟਰਪਤੀ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਅਤੇ ਉੜੀਸਾ ਦੇ ਰਾਜਪਾਲ ਐਮ. ਸੀ. ਭੰਡਾਰੀ ਵੀ ਉਨ੍ਹਾਂ ਦੇ ਨਾਲ ਸਨ। ਇਕ ਉਚ ਅਧਿਕਾਰੀ ਤੋਂ ਮਿਲੇ ਵੇਰਵਿਆਂ ਅਨੁਸਾਰ ਰਾਸ਼ਟਰਪਤੀ ਸਮੇਤ ਸਾਰੇ ਸੁਰੱਖਿਅਤ ਹਨ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਜਗਨਨਾਥ ਮੰਦਿਰ ਵਿਚ ਆਪਣੇ ਪਰਿਵਾਰਕ ਮੈਂਬਰ ਨਾਲ ਮੱਥਾ ਟੇਕਿਆ।
ਸਥਾਨਕ ਅਧਿਕਾਰੀਆਂ ਨੇ ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਦਾ ਕੰਮ ਆਰੰਭ ਕਰ ਦਿੱਤਾ ਹੈ। ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਨੁੱਖੀ ਗਲਤੀ ਸੀ ਕਿ ਜਾਂ ਫਿਰ ਕਿਸੇ ਤਕਨੀਕੀ ਨੁਕਸ ਕਾਰਨ ਅਜਿਹਾ ਵਾਪਰਿਆ।

ਤੇਜ ਗੇਂਦਬਾਜ਼ ਸ੍ਰੀਸੰਥ ਨੂੰ ਸਵਾਈਨ ਫਲੂ

ਭਾਰਤ ਤੇ ਸ੍ਰੀਲੰਕਾ ਦਰਮਿਆਨ ਖੇਡੇ ਜਾਣ ਵਾਲੇ ਦੂਜੇ 20-20 ਮੈਚ ਤੋਂ ਪਹਿਲਾਂ ਤੇਜ ਗੇਂਦਬਾਜ਼ ਐਸ. ਸ੍ਰੀਸੰਥ ਨੂੰ ਸਵਾਈਨ ਫਲੂ ਹੋ ਗਿਆ ਹੈ। ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਬੀਤੇ ਕੱਲ੍ਹ ’ਤੋਂ ਦਾਖਲ ਸ੍ਰੀਸੰਥ ਨੂੰ ਪਹਿਲਾਂ ਬੁਖਾਰ ਤੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਸੀ। ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ: ਅਸ਼ੀਸ਼ ਬੈਨਰਜੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਠੰਢ ਲੱਗੀ ਹੋਈ ਹੈ। ਇਸ ਪਿੱਛੋਂ ਉਨ੍ਹਾਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋ ਗਈ। ਉਨ੍ਹਾਂ ਦੀ ਬਿਮਾਰੀ ਸਬੰਧੀ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਨੇ ਕਿਹਾ ਹੈ, ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਤੇ ਉਸਨੂੰ ਦੋ ਦਿਨਾਂ ਤੱਕ ਛੁੱਟੀ ਮਿਲਣ ਦੀ ਉਮੀਦ ਹੈ ਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਬਿਮਾਰ ਹੋਣ ਕਰਕੇ ਉਹ ਮੈਚ ਵੀ ਨਹੀਂ ਖੇਡ ਸਕਣਗੇ।

Monday, December 7, 2009

ਜਲਵਾਯੂ ਬਦਲਾਅ 'ਤੇ ਕੋਪਨਹੇਗਨ ਸੰਮੇਲਨ ਦਾ ਉਦਘਾਟਨ

ਸੋਮਵਾਰ, 7 ਦਿਸੰਬਰ 2009
ਕੋਪਨਹੇਗਨ : ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੋੱਕੇ ਰਾਸਮੁੱਸੇਨ ਵੱਲੋਂ ਧਰਤੀ ਬਚਾਉਣ ਦਾ ਅਚੂਕ ਮੌਕਾ ਕਰਾਰ ਦਿੱਤੇ ਜਾਣ ਦੇ ਨਾਲ ਹੀ ਜਲਵਾਯੂ ਬਦਲਾਅ ਦੇ ਮੁੱਦੇ ਉੱਪਰ ਹੁਣ ਤੱਕ ਦਾ ਸੱਭ ਤੋਂ ਵੱਡਾ ਵਾਤਾਵਰਣ ਸੰਮੇਲਨ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿਖੇ ਅੱਜ ਰਸਮੀ ਰੂਪ ਨਾਲ ਸ਼ੁਰੂ ਹੋ ਗਿਆ।ਰਾਸਮੁੱਸੇਨ ਨੇ ਸੰਮੇਲਨ ਦੇ ਉਦਘਾਟਨ ਮੌਕੇ ਕਿਹਾ ਕਿ ਇਸ ਮੌਕੇ ਦਾ ਲਾਹਾ ਲੈ ਕੇ ਅਸੀਂ ਜਲਵਾਯੂ ਬਦਲਾਅ ਬਾਰੇ ਅਸਾਨੀ ਨਾਲ ਸਮਝੌਤਾ ਕਰ ਸਕਦੇ ਹਾਂ।ਉਹਨਾਂ ਕਿਹਾ ਕਿ ਸੰਮੇਲਨ ਵਿਚ ਭਾਗ ਲੈ ਰਹੇ ਦੁਨੀਆ ਦੇ ਕਈ ਨੇਤਾ ਜਲਵਾਯੂ ਬਦਲਾਅ ਦੇ ਖਤਰਿਆਂ ਨੂੰ ਘਟਾਉਣ ਲਈ ਕੋਈ ਇੱਕ ਰਾਏ ਬਣਾ ਸਕਦੇ ਹਨ।ਉਹਨਾਂ ਕਿਹਾ ਕਿ ਇਹ ਇੱਕ ਵੱਡਾ ਮੌਕਾ ਹੈ।ਇਹ ਇੱਕ ਅਜਿਹਾ ਮੌਕਾ ਹੈ ਜਿਸ ਨੂੰ ਸੰਸਾਰ ਗੁਆਉਣਾ ਨਹੀਂ ਚਾਹੁੰਦਾ।ਉਹਨਾਂ ਕਿਹਾ ਕਿ ਸੰਮੇਲਨ ਵਿਚ ਕਾਰਬਨ ਨਿਕਾਸੀ ਕਟੌਤੀ ਬਾਰੇ ਅਮਰੀ ਅਤੇ ਗਰੀਬ ਦੇਸ਼ਾਂ ਵਿਚਕਾਰ ਚੱਲ ਰਹੇ ਵਿਵਾਦ ਦਾ ਨਿਬਟਾਰਾ ਵੀ ਕਰਨਾ ਹੋਵੇਗਾ। ਸੰਮੇਲਨ ਵਿਚ ਦੁਨੀਆ ਭਰ ਤੋਂ ਆਏ 15 ਹਜ਼ਾਰ ਅਧਿਕਾਰੀ, ਵਾਤਾਵਰਣ ਵਿਗਿਆਨੀ ਅਤੇ ਪੱਤਰਕਾਰ ਭਾਗ ਲੈ ਰਹੇ ਹਨ।ਦੋ ਵਰ੍ਹਿਆਂ ਦੀ ਕੋਸ਼ਿਸ਼ ਮਗਰੋਂ ਇਸ ਬੈਠਕ ਵਿਚ ਸ਼ਾਮਲ ਹੋ ਰਹੇ 192 ਦੇਸ਼ ਜਲਵਾਯੂ ਬਦਲਾਅ ਦੇ ਮਾੜ੍ਹੇ ਸਿੱਟਿਆਂ ਨੂੰ ਰੋਕਣ ਲਈ ਕਿਸੇ ਠੋਸ ਸਿੱਟੇ ਉੱਪਰ ਪੁੱਜਣ ਦੀ ਕੋਸ਼ਿਸ਼ ਕਰਨਗੇ।ਸੰਮੇਲਨ ਵਿਚ ਭਾਗ ਲੈਣ ਲਈ ਵਿਸ਼ਵ ਦੇ 105 ਨੇਤਾਵਾਂ ਨੇ ਸੱਦਾ ਕਬੂਲ ਕੀਤਾ ਹੈ ਜਿੰਨ੍ਹਾਂ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਚੀਨੀ ਨੇਤਾ ਵੇਨ ਜਿਆਬਾਓ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹਨ।

Sunday, December 6, 2009

ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਤਨਖ਼ਾਹੀਆ ਕਰਾਰ

ਅੰਮ੍ਰਿਤਸਰ : ਅਮਰੀਕਾ ਦੇ ਨਿਊਯਾਰਕ ਸਥਿਤ ਰੋਚੈਸਟਰ ਗੁਰਦੁਆਰਾ ਸਾਹਿਬ ਵਿਖੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦਾ ਸਪਸ਼ਟੀਕਰਨ ਲੈਣ ਲਈ ਸੱਦੀ ਗਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਵੱਲੋਂ ਹਾਜ਼ਰ ਨਾ ਹੋਣ ਦੇ ਦੋਸ਼ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ। ਇਸ ਸਬੰਧੀ ਆਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ। ਇਹ ਆਦੇਸ਼ ਸਿੱਖ ਸੰਗਤ ਨੂੰ ਜਾਰੀ ਕਰਦਿਆਂ ਉਨਾਂ ਕਿਹਾ ਕਿ ਉਕਤ ਮਾਮਲੇ ਵਿਚ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੂੰ 5 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ’ਚ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਲਈ ਹਦਾਇਤ ਕੀਤੀ ਗਈ ਸੀ। ਇਸ ਸਬੰਧ ਵਿਚ ਪੰਜ ਸਿੰਘ ਸਾਹਿਬਾਨ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਉਨਾਂ ਦੀ ਉਡੀਕ ਕਰਦੇ ਰਹੇ। ਉਨਾਂ ਦੋਸ਼ ਲਾਇਆ ਕਿ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨਿੱਜੀ ਹਊਮੇ-ਹੰਕਾਰ ਅਤੇ ਖੁਦਗਰਜ਼ੀ ਦਾ ਪ੍ਰਗਟਾਵਾ ਕਰਦੇ ਹੋਏ ਪੇਸ਼ ਨਹੀਂ ਹੋਏ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਅਤੇ ਸਿਧਾਂਤ ਦੀ ਘੋਰ ਉ¦ਘਣਾ ਹੈ। ਕਿਹਾ ਕਿ ਉਕਤ ਦੋਸ਼ ਹੇਠ ਪ੍ਰੋ: ਦਰਸ਼ਨ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ। ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਜਦ ਤੱਕ ਪ੍ਰੋ: ਦਰਸ਼ਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ’ਚ ਹਾਜ਼ਰ ਹੋ ਕੇ ਤਨਖ਼ਾਹ ਨਹੀਂ ਲਗਵਾ ਲੈਂਦੇ, ਉਸ ਸਮੇਂ ਤੱਕ ਉਨਂ ਨੂੰ ਕਿਸੇ ਗੁਰਦੁਆਰੇ ਵਿਚ ਧਾਰਮਿਕ ਸਮਾਗਮ ਅਤੇ ਸਭਾ-ਸੁਸਾਇਟੀਆਂ ਦੇ ਸਮਾਗਮ ’ਚ ਸਮਾਂ ਅਤੇ ਸਹਿਯੋਗ ਨਾ ਦਿੱਤਾ ਜਾਏ।

ਲੁਧਿਆਣਾ ’ਚ ਹਿੰਸਾ : ਆਸ਼ੂਤੋਸ਼ ਦੇ ਸਤਸੰਗ ਦਾ ਵਿਰੋਧ ਕਰ ਰਹੇ ਸਿੱਖ ਪ੍ਰਦਰਸ਼ਨਕਾਰੀ ਤੇ ਪੁਲਿਸ ਗੋਲੀਬਾਰੀ, 1 ਸਿੱਖ ਦੀ ਮੌਤ

ਲੁਧਿਆਣਾ ਵਿਖੇ ਅਜੇ ਮਜ਼ਦੂਰਾਂ ਨਾਲ ਹੋਈ ਬਦਸਲੂਕੀ ਦਾ ਮਾਮਲਾ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਸ਼ਨੀਵਾਰ ਨੂੰ ਦਿਵਯਾ ਜੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ੂਤੋਸ਼ ਦਾ ਸਤਸੰਗ ਰੋਕਣ ਲਈ ਜਾਂਦੇ ਹੋਏ ਹਥਿਆਰ ਬੰਦ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਮੁੜ ਤੋਂ ਝੜਪ ਹੋ ਗਈ। ਸਿੱਖ ਪ੍ਰਦਰਸ਼ਨਕਾਰੀ ਲੁਧਿਆਣਾ ਵਿਖੇ ਆਸ਼ੂਤੋਸ਼ ਦੇ ਸਤਸੰਗ ਦਾ ਵਿਰੋਧ ਕਰ ਰਹੇ ਸਨ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਜਿਸ ਵਿਚ ਦਮਦਮੀ ਟਕਸਾਲ ਦੇ 1 ਪ੍ਰਦਰਸ਼ਨਕਾਰੀ ਮੌਤ ਹੋ ਗਈ ਜਦੋਂ ਕਿ ਬੀਬੀਸੀ ਮੁਤਾਬਕ ਮ੍ਰਿਤਕ ਗਿਣਤੀ ਚਾਰ ਦੱਸੀ ਗਈ ਹੈ। ਘਟਨਾ ਮਗਰੋਂ ਸ਼ਹਿਰ ਦੇ 9 ਥਾਣਾ ਖੇਤਰਾਂ ਵਿਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਕਿਸੇ ਅਨਹੋਣੀ ਤੋਂ ਬਚਣ ਲਈ ਪੂਰੇ ਸ਼ਹਿਰ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਅਕਾਲ ਤਖਤ ਦੇ ਜੱਥੇਦਾਰ ਜਸਬੀਰ ਸਿੰਘ ਰੋਡੇ, ਦਮਦਮੀ ਟਕਸਾਲ ਦੇ ਮੁਖੀ ਮੋਹਕਮ ਸਿੰਘ ਅਤੇ ਹਰਨਾਮ ਸਿੰਘ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸਿੱਖ ਸਟੂਡੈਂਟ ਫੈਡਰੇਸ਼ਨ(ਗਰੇਵਾਲ) ਨੇ ਵੀ ਆਸ਼ੂਤੋਸ਼ ਮਹਾਰਾਜ ਦੇ ਆਯੋਜਨ ਦਾ ਪਹਿਲਾਂ ਵਿਰੋਧ ਕੀਤਾ ਸੀ।ਉੱਧਰ ਪੁਲਿਸ ਗੋਲੀਬਾਰੀ ਦੇ ਵਿਰੋਧ ਵਿਚ ਸਿੱਖ ਸਮਾਜ ਨੇ ਛੇ ਦਸੰਬਰ ਨੂੰ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਹੈ।

ਸਵਾਈਨ ਫਲੂ ਨਾਲ ਰਾਜਸਥਾਨ 'ਚ 68 ਮਰੇ

ਜੈਪੁਰ : ਰਾਜਸਥਾਨ ਵਿਚ ਸਵਾਈਨ ਫਲੂ ਦਾ ਕਹਿਰ ਜ਼ਾਰੀ ਹੈ ਅਤੇ ਇਸ ਨਾਲ ਸੱਤ ਲੋਕਾਂ ਦੀ ਮੌਤ ਹੋਣ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 68 ਹੋ ਗਈ ਹੈ।ਸਿਹਤ ਵਿਭਾਗ ਮੁਤਾਬਕ ਇਸ ਬਿਮਾਰੀ ਨਾਲ ਜੈਪੁਰ ਦੇ ਵਿਸ਼ਵਕਰਮਾ ਖੇਤਰ ਦੀ ਊਸ਼ਾ ਅਤੇ ਮਮਤਾ ਸਮੇਤ ਪ੍ਰਦੀਪ ਦੀ ਮੌਤ ਹੋ ਗਈ ਜਦੋਂ ਕਿ ਚੁਰੂ ਅਤੇ ਗੰਗਾਨਗਰ ਵਿਖੇ ਇੱਕ-ਇੱਕ ਵਿਅਕਤੀ ਇਸ ਬਿਮਾਰੀ ਦੇ ਸ਼ਿਕਾਰ ਬਣੇ।ਰਾਜ ਵਿਚ ਹੁਣ ਤੱਕ 1807 ਲੋਕਾਂ ਵਿਚ ਸਵਾਈਨ ਫਲੂ ਪਾਜ਼ੀਟਿਵ ਮਿਲਿਆ ਹੈ ਅਤੇ ਇਸ ਵਿਚ ਅੱਜ ਪ੍ਰਭਾਵ ਵਿਚ ਆਏ 21 ਸਕੂਲੀ ਬੱਚਿਆਂ ਸਮੇਤ 53 ਨਵੇਂ ਮਰੀਜ਼ ਵੀ ਸ਼ਾਮਲ ਹਨ।ਰਾਜਧਾਨੀ ਜੈਪੁਰ ਵਿਚ 21 ਬੱਚਿਆਂ ਸਮੇਤ ਸੱਭ ਤੋਂ ਵੱਧ 27 ਲੋਕਾਂ ਵਿਚ ਸਵਾਈਨ ਫਲੂ ਪਾਜ਼ੀਟਿਵ ਮਿਲਿਆ ਹੈ ਅਤੇ ਹੁਣ ਤੱਕ ਰਾਜ ਵਿਚ ਇਸ ਤੋਂ ਪ੍ਰਭਾਵਿਤ ਸੱਭ ਤੋਂ ਵੱਧ 1129 ਲੋਕ ਵੀ ਜੈਪੁਰ ਦੇ ਹੀ ਹਨ।

ਹਰਸਿਮਰਤ ਕੌਰ ਬਾਦਲ ਨੇ 84 ਸਿੱਖ ਕਤਲੇਆਮ ਨਿਆਂ ਦਾ ਮੁੱਦਾ ਜ਼ੋਰ ਨਾਲ ਉਠਾਇਆ

'84 ਦੇ ਦੰਗਿਆਂ 'ਤੇ ਅਸੀਂ ਹਾਂ ਸ਼ਰਮਸਾਰ : ਭਾਰਤ ਸਰਕਾਰ
ਨਵੀਂ ਦਿੱਲੀ: ਸਰਕਾਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਸਭ ਤੋਂ ਵੱਡੇ ਦੁਖਾਂਤਾਂ ਵਿਚੋਂ ਇਕ ਕਰਾਰ ਦਿੰਦਿਆਂ ਕਿਹਾ ਕਿ ਇਸ ਕਾਰਨ ਪੂਰਾ ਮੁਲਕ ਸ਼ਰਮਸਾਰ ਹੈ। ਇਹ ਇਕਬਾਲ ਇਸ ਕਤਲੇਆਮ ਤੋਂ 25 ਸਾਲ ਬਾਅਦ ਕੀਤਾ ਗਿਆ ਹੈ। ਨਾਲ ਹੀ ਸਰਕਾਰ ਨੇ ਕਿਹਾ ਕਿ ਇਸ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਭਰਪੂਰ ਯਤਨ ਕਰੇਗੀ।ਬੁੱਧਵਾਰ ਨੂੰ ਜਦੋਂ ਲੋਕ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿਫ਼ਰ ਕਾਲ ਦੌਰਾਨ ਜ਼ੋਰਦਾਰ ਤਰੀਕੇ ਨਾਲ ਕਿਹਾ ਕਿ, ''ਇਸ ਕਾਂਡ ਨੂੰ 25 ਸਾਲ ਗੁਜ਼ਰ ਚੁੱਕੇ ਹਨ, ਪਰ ਬੜੇ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਇਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। 7 ਹਜ਼ਾਰ ਸਿੱਖਾਂ ਦੇ ਕਤਲ ਕਰਨ ਵਾਲੇ ਲੋਕ ਸ਼ਰੇਆਮ ਘੁੰਮ ਰਹੇ ਹਨ, ਜਦੋਂਕਿ ਪੀੜਤ ਹਾਲੇ ਵੀ ਸਹਿਮੇ ਹੋਏ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹ ਇਨਸਾਫ਼ ਦੀ ਉਡੀਕ 'ਚ ਜੀਅ ਰਹੇ ਹਨ, ਪਰ ਇਨਸਾਫ਼ ਦੀ ਕਿਰਨ ਕਿਧਰੇ ਨਜ਼ਰ ਨਹੀਂ ਆ ਰਹੀ।'' ਇਸ 'ਤੇ ਸਦਨ ਦੇ ਆਗੂ ਪ੍ਰਣਬ ਮੁਖਰਜੀ ਨੇ ਆਪਣੀ ਸੀਟ ਤੋਂ ਖੜਖ਼ੇ ਹੋ ਕੇ ਕਿਹਾ, ''ਜੋ ਕੁਝ ਹੋਇਆ ਉਸ 'ਤੇ ਅਸੀਂ ਸਾਰੇ ਸ਼ਰਮਿੰਦਾ ਹਾਂ। ਅਸੀਂ ਉਨ੍ਹਖ਼ਾਂ ਨੂੰ ਵਾਪਸ ਨਹੀਂ ਲਿਆ ਸਕਦੇ, ਜੋ ਕਤਲੇਆਮ ਦਾ ਸ਼ਿਕਾਰ ਹੋਏ। ਅਸੀਂ ਪੀੜਤਾਂ ਦੇ ਜ਼ਖ਼ਮਾਂ ਨੂੰ ਭਰ ਨਹੀਂ ਸਕਦੇ, ਪਰ ਅਸੀਂ ਉਸ ਅਤੀਤ ਤੋਂ ਸਬਕ ਜ਼ਰੂਰ ਲੈ ਸਕਦੇ ਹਾਂ ਕਿ ਭਵਿੱਖ ਵਿਚ ਅਜਿਹਾ ਕੁਝ ਨਾ ਵਾਪਰੇ। ਅਕਾਲੀ ਦਲ ਦੀ ਮੈਂਬਰ ਨੇ ਇਸ ਵੱਡੇ ਦੁਖ਼ਾਂਤ ਬਾਰੇ ਮੇਰੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ।''ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਜਦੋਂ ਇਹ ਮੁੱਦਾ ਜਜ਼ਬਾਤੀ ਢੰਗ ਨਾਲ ਚੁੱਕਿਆ ਗਿਆ ਤਾਂ ਸਾਰੀ ਵਿਰੋਧੀ ਧਿਰ ਉਨਖ਼ਾਂ ਨਾਲ ਖੜਖ਼ੀ ਹੋਈ। ਇਸ 'ਤੇ ਸ੍ਰੀ ਮੁਖਰਜੀ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਆਪਣੇ ਹੋਰ ਸਹਿਯੋਗੀਆਂ ਨਾਲ ਗੱਲ ਕਰਨਗੇ ਤਾਂ ਜੋ ਪੀੜਤਾਂ ਨੂੰ ਇਨਸਾਫ਼ ਲਈ ਹੋਰ ਉਡੀਕ ਨਾ ਕਰਨੀ ਪਵੇ।ਅਕਾਲੀ ਦਲ ਦੀ ਮੈਂਬਰ ਨੇ ਕਿਹਾ ਕਿ, ''ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਨਾਨਾਵਤੀ ਕਮਿਸ਼ਨ ਨੇ 2005 ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਤੇ ਹੋਰਨਾਂ ਵਿਰੁੱਧ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ, ਪਰ ਹਾਲੇ ਤੱਕ ਇਕ ਵੀ ਕੇਸ ਦਰਜ ਨਹੀਂ ਕੀਤਾ ਗਿਆ। ਸੀ.ਬੀ.ਆਈ ਨੇ ਕਿਸੇ ਖਿਲਾਫ਼ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ। ਦਰਅਸਲ ਸਰਕਾਰ ਨੇ ਸੀ.ਬੀ.ਆਈ. ਨੂੰ ਚਾਰਜਸ਼ੀਟ ਦਾਖ਼ਲ ਕਰਨ ਦੀ ਮਨਜ਼ੂਰੀ ਹੀ ਨਹੀਂ ਦਿੱਤੀ। ਜਿਹੜੀ ਚਾਰਜਸ਼ੀਟ ਤਿੰਨ ਮਹੀਨੇ 'ਚ ਦਾਇਰ ਕਰਨੀ ਹੁੰਦੀ ਹੈ, ਉਹ ਚਾਰ ਸਾਲ ਬੀਤ ਜਾਣ 'ਤੇ ਵੀ ਨਹੀਂ ਦਾਖ਼ਲ ਹੋਈ। ਇਹ ਕਿਥੋਂ ਦਾ ਨਿਆਂ ਹੈ?'' ਇਸ ਦੌਰਾਨ ਸਦਨ ਵਿਚ 'ਸ਼ਰਮ ਕਰੋ-ਸ਼ਰਮ ਕਰੋ' ਦੇ ਨਾਅਰੇ ਗੂੰਜਣ ਲੱਗੇ। ਬੀਬੀ ਬਾਦਲ ਨੇ ਇਹ ਵੀ ਕਿਹਾ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ '84 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਕਈ ਕਮਿਸ਼ਨ ਤੇ ਕਮੇਟੀਆਂ ਬੈਠੀਆਂ, ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ। ਹਾਲੇ ਤੱਕ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸੁਝਾਅ ਦਿੱਤਾ ਕਿ ਸਰਕਾਰ ਹੋਰ ਸਾਰੀਆਂ ਗੱਲਾਂ ਛੱਡ ਕੇ ਇਸ ਕਤਲੇਆਮ ਦੇ ਕੇਸਾਂ 'ਤੇ ਛੇਤੀ ਕਾਰਵਾਈ ਲਈ ਇਕ ਛੋਟੀ ਜਿਹੀ ਪਾਰਲੀਮਾਨੀ ਕਮੇਟੀ ਕਾਇਮ ਕਰੇ।