ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, October 29, 2009

ਸੇਵਾ ਸਿੰਘ ਸੇਖਵਾਂ ਐਨ ਆਰ ਆਈਜ਼ ਵਿਭਾਗ ਦੇ ਮੰਤਰੀ ਬਣੇ

ਚੰਡੀਗੜ੍ਹ : ਸੇਵਾ ਸਿੰਘ ਸੇਖਵਾਂ ਪੰਜਾਬ ਸਰਕਾਰ ਦੇ ਨਵੇਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਹੋਣਗੇ। ਪਹਿਲਾਂ ਇਹ ਵਿਭਾਗ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਸੀ। ਇੱਥੇ ਜਾਰੀ ਸਰਕਾਰੀ ਬਿਆਨ ਦੇ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੇਖਵਾਂ ਨੂੰ ਇਸ ਵਿਭਾਗ ਦੇ ਇਲਾਵਾ ਐਨ ਆਰ ਆਈਜ਼ ਵੈਲਫੇਅਰ ਆਫ ਡਿਫੈਂਸ ਸਰਵਿਸਜ਼ ਤੇ ਪੈਨਸ਼ਨਰਜ਼ ਤੇ ਸ਼ਿਕਾਇਤ ਨਿਵਾਰਨ ਵਿਭਾਗ ਵੀ ਅਲਾਟ ਕੀਤੇ ਹਨ। ਇਹ ਤਿੰਨ ਵਿਭਾਗ ਸਵਰਗੀ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੇ ਕੋਲ ਸਨ ਤੇ ਉਹਨਾਂ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਖੁਦ ਇਨ੍ਹਾਂ ਦੀ ਦੇਖ ਰੇਖ ਕਰ ਰਹੇ ਸਨ। ਮੀਡੀਆ 'ਚ ਲਾਈਆਂ ਜਾ ਰਹੀਆਂ ਅਟਕਲਾਂ ਦੇ ਠੀਕ ਉਲਟ ਮੁੱਖ ਮੰਤਰੀ ਨੇ ਸਹਿਕਾਰਤਾ ਵਿਭਾਗ ਆਪਣੇ ਕੋਲ ਹੀ ਰੱਖ ਲਿਆ ਹੈ। ਪਹਿਲਾਂ ਇਹ ਵਿਭਾਗ ਵੀ ਕੈਪਟਨ ਕੰਵਲਜੀਤ ਸਿੰਘ ਦੇ ਕੋਲ ਹੀ ਸੀ ਤੇ ਮੀਡੀਆ 'ਚ ਇਹ ਕਿਹਾ ਜਾ ਰਿਹਾ ਸੀ ਕਿ ਇਹ ਵਿਭਾਗ ਸ਼ਾਇਦ ਸੀਨੀਅਰ ਅਕਾਲੀ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਦੇਣਗੇ, ਪਰ ਅਜਿਹਾ ਨਹੀਂ ਹੋਇਆ। ਮੁੱਖ ਮੰਤਰੀ ਨੇ ਮੁੱਖ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਨੂੰ ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਨਾਲ ਲਾ ਦਿੱਤਾ ਹੈ। ਨਵੇਂ ਲੋਕ ਸੰਪਰਕ ਮੰਤਰੀ ਨਿਯੁਕਤ ਹੋਣ ਦੇ ਨਾਲ ਹੀ ਵਿਭਾਗ ਦੇ ਸੈਕਟਰੀ ਤੇ ਡਾਇਰੈਕਟਰ ਵੀ ਬਦਲੇ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਤੇ ਐਡੀਸ਼ਨਲ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨ ਸਿੰਘ ਬਰਾੜ ਕ੍ਰਮਵਾਰ ਲੋਕ ਸੰਪਰਕ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ : ਜਨਰਲ ਇਜਲਾਸ 25 ਨੂੰ, ਜਥੇਦਾਰ ਮੱਕੜ ਮੁੜ ਪ੍ਰਧਾਨਗੀ ਦੇ ਦਾਅਵੇਦਾਰ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਕਾਰਜਕਾਰਨੀ ਕਮੇਟੀ ਨੇ 25 ਨਵੰਬਰ ਨੂੰ ਸਾਲਾਨਾ ਜਨਰਲ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵੀ ਆਉਂਦੇ ਵਰ੍ਹੇ ਦੇ ਸ਼ੁਰੂ ਵਿਚ ਹੋਣ ਦੇ ਆਸਾਰ ਹਨ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦਾ ਇਕ ਸਾਲ ਦਾ ਕਾਰਜਕਾਲ 25 ਨਵੰਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਕਰਕੇ ਸ਼੍ਰੋਮਣੀ ਕਮੇਟੀ ਨੇ ਸਾਲਾਨਾ ਜਨਰਲ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਦੌੜ ਵਿਚ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੋਂ ਇਲਾਵਾ ਬੀਬੀ ਜਗੀਰ ਕੌਰ ਅਤੇ ਕ੍ਰਿਪਾਲ ਸਿੰਘ ਬਡੂੰਗਰ ਵੀ ਮਜ਼ਬੂਤ ਦਾਅਵੇਦਾਰ ਹਨ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਕਲਗੀਧਰ ਨਿਵਾਸ 'ਚ ਹੋਈ। ਜਥੇਦਾਰ ਮੱਕੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹੋਰਾਂ ਮਾਮਲਿਆਂ ਤੋਂ ਇਲਾਵਾ ਮੁੱਖ ਤੌਰ 'ਤੇ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਇਜਲਾਸ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਅਦ ਦੁਪਹਿਰ ਇਕ ਵਜੇ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਇਸ ਕਰਕੇ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ ਕਿ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਹੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਆਉਣ ਵਾਲੀਆਂ ਹਨ। ਨਵੰਬਰ ਦੇ ਸਾਲਾਨਾ ਇਜਲਾਸ ਵਿਚ ਬਣਨ ਵਾਲੇ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਹੀ ਆਮ ਚੋਣਾਂ ਲੜੀਆਂ ਜਾਣਗੀਆਂ।ਜਥੇਦਾਰ ਮੱਕੜ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਬਣਨ ਲਈ ਤਿਆਰ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਤਾਂ ਪਾਰਟੀ ਲੀਡਰਸ਼ਿਪ ਨੇ ਹੀ ਕਰਨਾ ਹੈ, ਪਰ ਉਨ੍ਹਾਂ ਦਾ ਕੰਮ ਸਭ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿੰਨੀਆਂ ਜ਼ਮੀਨਾਂ ਦੇ ਕਬਜ਼ੇ ਛੁਡਾਏ ਹਨ ਅਤੇ ਕੋਈ ਰਿਸ਼ਤੇਦਾਰੀ ਨਹੀਂ ਪਾਲੀ।ਚੰਡੀਗੜ੍ਹ/ ਬਿਊਰੋ ਨਿਊਜ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਕਾਰਜਕਾਰਨੀ ਕਮੇਟੀ ਨੇ 25 ਨਵੰਬਰ ਨੂੰ ਸਾਲਾਨਾ ਜਨਰਲ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵੀ ਆਉਂਦੇ ਵਰ੍ਹੇ ਦੇ ਸ਼ੁਰੂ ਵਿਚ ਹੋਣ ਦੇ ਆਸਾਰ ਹਨ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦਾ ਇਕ ਸਾਲ ਦਾ ਕਾਰਜਕਾਲ 25 ਨਵੰਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਕਰਕੇ ਸ਼੍ਰੋਮਣੀ ਕਮੇਟੀ ਨੇ ਸਾਲਾਨਾ ਜਨਰਲ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਦੌੜ ਵਿਚ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੋਂ ਇਲਾਵਾ ਬੀਬੀ ਜਗੀਰ ਕੌਰ ਅਤੇ ਕ੍ਰਿਪਾਲ ਸਿੰਘ ਬਡੂੰਗਰ ਵੀ ਮਜ਼ਬੂਤ ਦਾਅਵੇਦਾਰ ਹਨ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਕਲਗੀਧਰ ਨਿਵਾਸ 'ਚ ਹੋਈ। ਜਥੇਦਾਰ ਮੱਕੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹੋਰਾਂ ਮਾਮਲਿਆਂ ਤੋਂ ਇਲਾਵਾ ਮੁੱਖ ਤੌਰ 'ਤੇ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਇਜਲਾਸ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਅਦ ਦੁਪਹਿਰ ਇਕ ਵਜੇ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਇਸ ਕਰਕੇ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ ਕਿ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਹੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਆਉਣ ਵਾਲੀਆਂ ਹਨ। ਨਵੰਬਰ ਦੇ ਸਾਲਾਨਾ ਇਜਲਾਸ ਵਿਚ ਬਣਨ ਵਾਲੇ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਹੀ ਆਮ ਚੋਣਾਂ ਲੜੀਆਂ ਜਾਣਗੀਆਂ।ਜਥੇਦਾਰ ਮੱਕੜ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਬਣਨ ਲਈ ਤਿਆਰ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਤਾਂ ਪਾਰਟੀ ਲੀਡਰਸ਼ਿਪ ਨੇ ਹੀ ਕਰਨਾ ਹੈ, ਪਰ ਉਨ੍ਹਾਂ ਦਾ ਕੰਮ ਸਭ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿੰਨੀਆਂ ਜ਼ਮੀਨਾਂ ਦੇ ਕਬਜ਼ੇ ਛੁਡਾਏ ਹਨ ਅਤੇ ਕੋਈ ਰਿਸ਼ਤੇਦਾਰੀ ਨਹੀਂ ਪਾਲੀ।

ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਨਾ ਜਾਣ ਸਿੱਖ : ਭਾਰਤ ਸਰਕਾਰ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਹੈ। ਇਹ ਸਲਾਹ ਗ੍ਰਹਿ ਵਿਭਾਗ ਵਲੋਂ ਆਈ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਵਿਚ ਲਗਾਤਾਰ ਵਿਆਪਕ ਪੱਧਰ 'ਤੇ ਫ਼ੈਲ ਰਹੀ ਹਿੰਸਾ ਅਤੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਭਾਰਤ ਸਰਕਾਰ ਨੇ ਖ਼ਾਸ ਤੌਰ 'ਤੇ ਪੰਜਾਬ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਯਾਤਰਾ ਕਰਨ ਤੋਂ ਗੁਰੇਜ਼ ਕਰਨ ਲਈ ਆਖਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਪਾਕਿਸਤਾਨ ਵਿਚ ਅੱਤਵਾਦੀ ਹਮਲਿਆਂ ਅਤੇ ਵਿਆਪਕ ਹਿੰਸਾ ਦਾ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਯਾਤਰੀਆਂ ਦਾ ਜਥਾ ਵੀ ਉਥੋਂ ਦੇ ਹਾਲਾਤ ਖ਼ਰਾਬ ਹੋ ਜਾਣ 'ਤੇ ਅੱਧ-ਵਿਚਾਲੇ ਵਾਪਸ ਆ ਗਿਆ ਸੀ। ਹੁਣ ਭਾਰਤ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਨੂੰ ਪਾਕਿਸਤਾਨ ਦੇ ਹਾਲਾਤਾਂ ਦੇ ਮੱਦੇਨਜ਼ਰ ਪਾਕਿ ਯਾਤਰਾ ਕਰਨ ਤੋਂ ਗੁਰੇਜ਼ ਕਰਨ ਲਈ ਆਖਿਆ ਹੈ। ਇਹ ਅਪੀਲ ਸਿੱਖ ਭਾਈਚਾਰੇ ਲਈ ਇਸ ਸਮੇਂ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਅਗਲੇ ਕੁਝ ਦਿਨਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਪਾਕਿਸਤਾਨ ਜਾਣ ਦੀਆਂ ਤਿਆਰੀਆਂ ਕਰ ਰਹੀਆਂ ਸਨ।

Saturday, October 24, 2009

ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਮੁੜ ਤੋਂ ਮੁੱਖ ਮੰਤਰੀ

ਕਾਂਗਰਸ ਨੇ ਅਸ਼ੋਕ ਚਵਾਨ ਨੂੰ ਮਹਾਂਰਾਸ਼ਟਰ ਅਤੇ ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ਮੁੜ ਤੋਂ ਮੁੱਖ ਮੰਤਰੀ ਬਨਾਉਣ ਦਾ ਫੈਸਲਾ ਕੀਤਾ ਹੈ।ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸੰਮਤੀ ਦੇ ਸੁਪਰ ਵਾਇਜ਼ਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਇਹ ਫੈਸਲਾ ਕੀਤਾ।ਇਹਨਾਂ ਸੁਪਰ ਵਾਇਜ਼ਰਾਂ ਨੇ ਗਾਂਧੀ ਨਾਲ ਉਹਨਾਂ ਦੇ ਨਿਵਾਸ ਸਥਾਨ ਵਿਖੇ ਮੁਲਾਕਾਤ ਕੀਤੀ।ਮੁਲਾਕਾਤ ਮਗਰੋਂ ਮਹਾਂਰਾਸ਼ਟਰ ਦੇ ਪ੍ਰਭਾਰੀ ਅਤੇ ਰੱਖਿਆ ਮੰਤਰੀ ਏਕੇ ਐਂਟਨੀ ਨੇ ਦੱਸਿਆ ਕਿ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਲਈ ਚਵਾਨ ਦੇ ਨਾਂ ਦੀ ਸਿਫਾਰਸ਼ ਕੀਤੀ।ਹਰਿਆਣਾ ਵਿਧਾਇਕ ਦਲ ਦਾ ਨੇਤਾ ਚੁਨਣ ਲਈ ਵੀ ਗਾਂਧੀ ਦੇ ਘਰ ਕਈ ਬੈਠਕਾਂ ਹੋਈਆਂ ਜਿੰਨ੍ਹਾਂ ਵਿਚ ਹੁੱਡਾ ਦੇ ਨਾਂ 'ਤੇ ਸਹਿਮਤੀ ਬਣੀ।ਚੌਹਾਨ ਅਤੇ ਹੁੱਡਾ ਦੇ ਸਹੁੰ ਚੁਕਾਈ ਸਮਾਰੋਹ ਬਾਰੇ ਅਜੇ ਕੋਈ ਅਧਿਕਾਰਕ ਐਲਾਣ ਨਹੀਂ ਹੋਇਆ ਹੈ ਪਰ ਸੂਤਰਾਂ ਮੁਤਾਬਕ ਹੁੱਡਾ ਸ਼ਾਮ ਤੱਕ ਸਹੁੰ ਚੁੱਕ ਸਕਦੇ ਹਨ।ਹੁੱਡਾ ਨੂੰ ਲਗਾਤਾਰ ਦੂਜੇ ਕਾਰਜਕਾਲ ਲਈ ਹਰਿਆਣਾ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਣ ਕੇਂਦਰੀ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਕੀਤਾ।

ਅਮਰੀਕੀ ਫ਼ੌਜ ਵੱਲੋਂ ਸਾਬਤ ਸੂਰਤ ਸਿੱਖਾਂ ਦੀ ਭਰਤੀ ਨੂੰ ਪ੍ਰਵਾਨਗੀ

ਨਿਊ ਯਾਰਕ : ਅਮਰੀਕੀ ਫ਼ੌਜ ਨੇ ਵੀ ਹੁਣ ਸਾਬਤ-ਸੂਰਤ ਸਿੱਖਾਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹਾਲ਼ੇ ਦੋ ਕੁ ਦਿਨ ਪਹਿਲਾਂ ਸਿੱਖ ਸੁਰੱਖਿਆ ਗਾਰਡਾਂ ਨੂੰ ਦਸਤਾਰ ਤੇ ਦਾੜ੍ਹੀ ਸਮੇਤ ਆਪਣੀ ਡਿਊਟੀ ਉਤੇ ਜਾਣ ਦੀ ਬਾਕਾਇਦਾ ਮਨਜ਼ੂਰੀ ਦਿੱਤੀ ਗਈ ਸੀ। ਇਹ ਸੱਚਮੁਚ ਸਿੱਖ ਕੌਮ ਲਈ ਇੱਕ ਮਾਣ ਵਾਲ਼ੀ ਗੱਲ ਹੈ। ਅਮਰੀਕਾ ਦੀ ਸਮੂਹ ਸਿੱਖ ਸੰਗਤ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਫ਼ੌਜ ਦੇ ਇਸ ਫ਼ੈਸਲੇ ਦਾ ਤਹਿ ਦਿਲੋਂ ਸੁਆਗਤ ਕੀਤਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਦਰਅਸਲ, ਕੈਪਟਨ ਕੰਵਲਜੀਤ ਸਿੰਘ ਕਲਸੀ ਨੂੰ ਹੁਣ ਆਪਣੀ ਦਾੜ੍ਹੀ, ਕੇਸਾਂ ਅਤੇ ਦਸਤਾਰ ਸਮੇਤ ਆਪਣੀ ਫ਼ੌਜੀ ਡਿਊਟੀ ਉਤੇ ਹਾਜ਼ਰ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਮਰੀਕੀ ਫ਼ੌਜ ਵਿੱਚ ਭਰਤੀ ਹੋਣ ਵਾਲ਼ੇ ਸ. ਕਲਸੀ ਪਹਿਲੇ ਸਾਬਤ ਸੂਰਤ ਸਿੱਖ ਹੋਣਗੇ। ਇਸ ਫ਼ੈਸਲੇ ਰਾਹੀਂ 1980ਵਿਆਂ ਤੋਂ ਚੱਲ ਰਹੀ ਉਸ ਫ਼ੌਜੀ ਨੀਤੀ ਨੂੰ ਰੱਦ ਨਹੀਂ ਕੀਤਾ ਗਿਆ ਹੈ, ਜਿਹੜੀ ਧਾਰਮਿਕ ਚਿੰਨ੍ਹ ਪਾਉਣ ਦੇ ਮਾਮਲਿਆਂ ਨੂੰ ਨਿਯੰਤ੍ਰਿਤ ਕਰਦੀ ਹੈ। ਸ. ਕਲਸੀ ਨੂੰ ਇਹ ਜਾਣਕਾਰੀ ਐਕਟਿੰਗ ਡਿਪਟੀ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਜਿਨਾ ਫ਼ਰੀਸੀ ਵੱਲੋਂ ਭੇਜੀ ਇੱਕ ਚਿੱਠੀ ਰਾਹੀਂ ਦਿੱਤੀ ਗਈ ਹੈ। ਫ਼ੌਜ ਨੇ ਸ. ਕਲਸੀ ਨੂੰ ਡਿਊਟੀ ਉਤੇ ਹਾਜ਼ਰ ਹੋਣ ਦੀ ਮਨਜ਼ੂਰੀ ਇੱਕ ਵਿਅਕਤੀਗਤ ਕੇਸ ਦੇ ਆਧਾਰ ਉਤੇ ਦਿੱਤੀ ਹੈ। ਫ਼ੌਜੀ ਅਧਿਕਾਰੀਆਂ ਨੇ ਇਹ ਪ੍ਰਵਾਨਗੀ ਦੇਣ ਤੋਂ ਪਹਿਲਾਂ ਯੂਨਿਟ ਦੇ ਸਾਰੇ ਨਿਯਮਾਂ ਦੀ ਪਾਲਣਾ, ਨੈਤਿਕਤਾ, ਅਨੁਸ਼ਾਸਨ, ਸੁਰੱਖਿਆ ਅਤੇ ਸਿਹਤ ਜਿਹੇ ਮੁੱਦਿਆਂ ’ਤੇ ਪੂਰੀ ਤਰ੍ਹਾਂ ਗ਼ੌਰ ਕੀਤਾ ਹੈ। ਫ਼ੌਜ ਦੇ ਤਰਜਮਾਨ ਸ੍ਰੀਮਤੀ ਜਿਲ ਮਿਊਲਰ ਨੇ ਕਿਹਾ ਕਿ ਅਜਿਹਾ ਕੋਈ ਸੰਕੇਤ ਨਹੀਂ ਮਿਲ਼ਿਆ ਕਿ ਇਸ ਸਬੰਧੀ ਸਮੁੱਚੀ ਨੀਤੀ ਉਤੇ ਕੋਈ ਗ਼ੌਰ ਕੀਤਾ ਗਿਆ ਹੈ। ਫ਼ਿਲਹਾਲ ਸਿਰਫ਼ ਸ੍ਰੀ ਕਲਸੀ ਦੇ ਵਿਅਕਤੀਗਤ ਮਾਮਲੇ ਉਤੇ ਗ਼ੌਰ ਕਰਦਿਆਂ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਇਸ ਪ੍ਰਵਾਨਗੀ ਨਾਲ਼ ਨਿਸਚਤ ਤੌਰ ਉਤੇ ਹੋਰਨਾਂ ਸਾਬਤ ਸੂਰਤ ਸਿੱਖਾਂ ਲਈ ਵੀ ਅਮਰੀਕੀ ਫ਼ੌਜ ਵਿੱਚ ਭਰਤੀ ਦਾ ਰਾਹ ਖੁੱਲ੍ਹੇਗਾ। ਸ. ਕਲਸੀ ਨੂੰ ਅਜਿਹੀ ਪ੍ਰਵਾਨਗੀ ਦਿੱਤੇ ਜਾਣ ਦਾ ਸਿੱਧਾ ਇਹੋ ਮਤਲਬ ਹੈ ਕਿ ਉਚ ਫ਼ੌਜੀ ਅਧਿਕਾਰੀ ਸਾਬਤ ਸੂਰਤ ਸਿੱਖਾਂ ਨੂੰ ਭਰਤੀ ਕਰਨ ਦੇ ਚਾਹਵਾਨ ਹਨ।

ਮਨਮੋਹਨ ਸਿੰਘ ਨਾਲ ਓਬਾਮਾ ਦਾ ਲਗਾਅ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਬੜੀ ਬੇਸਬਰੀ ਨਾਲ ਉਡੀਕ ਹੈ ਅਤੇ ਓਬਾਮਾ ਦੀ ਨਜ਼ਰ 'ਚ ਭਾਰਤ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਹਨ।ਭਾਰਤੀ ਮੂਲ ਦੇ ਪ੍ਰਸਿੱਧ ਅਮਰੀਕੀ ਵਪਾਰੀ ਤੇ ਰਾਜਨੀਤਕ ਸ਼ਖ਼ਸੀਅਤ ਸ. ਸੰਤ ਸਿੰਘ ਛਤਵਾਲ ਨੇ ਬਰਾਕ ਓਬਾਮਾ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਈਟ ਹਾਊਸ ਨੇ ਡਾ. ਮਨਮੋਹਨ ਸਿੰਘ ਦੀ 24 ਨਵੰਬਰ ਨੂੰ ਫੇਰੀ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਬਰਾਕ ਓਬਾਮਾ ਡਾ. ਮਨਮੋਹਨ ਸਿੰਘ ਦੀ ਸਖ਼ਸ਼ੀਅਤ ਤੋਂ ਬਹੁਤ ਪ੍ਰਭਾਵਿਤ ਹਨ, ਇਸੇ ਕਰਕੇ ਹੀ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ।ਓਬਾਮਾ ਨੇ ਆਪਣੇ ਰਾਸ਼ਟਰਪਤੀ ਕਾਲ ਦੌਰਾਨ ਡਾ. ਮਨਮੋਹਨ ਸਿੰਘ ਦੀ ਅਮਰੀਕਾ ਫੇਰੀ ਲਈ ਰੱਬ ਦਾ ਸ਼ੁਕਰਾਨਾ ਕੀਤਾ। ਮੀਟਿੰਗ ਦੌਰਾਨ ਸ. ਛਤਵਾਲ ਨਾਲ ਸੈਨੇਟਰ ਕ੍ਰਿਸਟੋਫਰ ਡੋਡ ਵੀ ਹਾਜ਼ਰ ਸਨ।ਮੀਟਿੰਗ ਦੌਰਾਨ ਓਬਾਮਾ ਨਾਲ ਹੋਈ ਗੱਲਬਾਤ ਤੋਂ ਉਤਸ਼ਾਹਿਤ ਛਤਵਾਲ ਨੇ ਕਿਹਾ ਕਿ ਓਬਾਮਾ ਦੇ ਡਾ. ਮਨਮੋਹਨ ਸਿੰਘ ਪ੍ਰਤੀ ਇਨ੍ਹਾਂ ਵਿਚਾਰਾਂ ਨਾਲ ਉਹ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ।ਓਬਾਮਾ ਨੇ ਭਾਰਤ ਨਾਲ ਮਜ਼ਬੂਤ ਸੰਬੰਧਾਂ ਦੀ ਕਾਮਨਾ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਨਾਲ ਕੀਤੇ ਜਾਣ ਵਾਲੇ ਰਾਤ ਦੇ ਖਾਣੇ ਨੂੰ ਪਰਿਵਾਰਕ ਖਾਣੇ ਦਾ ਨਾਮ ਦਿੱਤਾ।

Friday, October 23, 2009

ਸੁਖਬੀਰ-ਕਾਲੀਆ ਕਮੇਟੀ ਵਲੋਂ ਪੰਜਾਬ 'ਚ ਸਬਸਿਡੀਆਂ 'ਤੇ ਪੁਨਰਵਿਚਾਰ ਦਾ ਫ਼ੈਸਲਾ

ਚੰਡੀਗੜ੍ਹ : ਆਖ਼ਰਕਾਰ ਪੰਜਾਬ ਸਰਕਾਰ ਨੇ ਸਬਸਿਡੀਆਂ ਦੇ ਮੁੱਦੇ ਨੂੰ ਤਰਕਸੰਗਤ ਬਣਾਉਣ ਲਈ ਇਸ 'ਤੇ ਪੁਨਰਵਿਚਾਰ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਫ਼ੈਸਲਾ ਸਬਸਿਡੀਆਂ ਅਤੇ ਵਧੀਆਂ ਬਿਜਲੀ ਦਰਾਂ 'ਤੇ ਵਿਚਾਰ ਕਰਨ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਮਨੋਰੰਜਨ ਕਾਲੀਆ 'ਤੇ ਆਧਾਰਤ ਕਮੇਟੀ ਨੇ ਕੀਤਾ। ਕਮੇਟੀ ਦੀ ਉਚ ਪੱਧਰੀ ਮੀਟਿੰਗ ਦੌਰਾਨ ਸਬਸਿਡੀਆਂ ਤੋਂ ਇਲਾਵਾ ਸਾਸ਼ਨ ਨੂੰ ਬਿਹਤਰ ਬਣਾਉਣ ਅਤੇ ਸੱਤਾ 'ਚ ਭਾਈਵਾਲ ਅਕਾਲੀ-ਭਾਜਪਾ ਵਿਚਾਲੇ ਇਕਜੁਟਤਾ ਅਤੇ ਮਜ਼ਬੂਤੀ ਲਈ ਵੀ ਵਿਚਾਰ ਕੀਤਾ ਗਿਆ।ਯਾਦ ਰਹੇ ਕਿ ਪਿਛਲੇ ਦਿਨੀਂ ਰਾਜ 'ਚ ਭਖੇ ਸਬਸਿਡੀਆਂ ਦੇ ਮੁੱਦੇ ਦਰਮਿਆਨ ਵਧੀਆਂ ਬਿਜਲੀ ਦਰਾਂ ਨੂੰ ਵਾਪਸ ਲੈਣ ਲਈ ਭਾਜਪਾ ਨੇ ਅਕਾਲੀ ਦਲ 'ਤੇ ਦਬਾਅ ਪਾਇਆ ਸੀ। ਇਸ ਦੌਰਾਨ ਇਨ੍ਹਾਂ ਮਾਮਲਿਆਂ 'ਤੇ ਉਚ ਪੱਧਰੀ ਵਿਚਾਰ ਲਈ ਸੁਖਬੀਰ ਬਾਦਲ ਅਤੇ ਮਨੋਰੰਜਨ ਕਾਲੀਆ 'ਤੇ ਆਧਾਰ 2 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ। 22 ਸਤੰਬਰ ਨੂੰ ਗਠਿਤ ਕੀਤੀ ਇਸ ਕਮੇਟੀ ਨੇ ਇਕ ਮਹੀਨੇ ਅੰਦਰ ਆਪਣੀ ਰਿਪੋਰਟ ਦੇਣੀ ਸੀ ਪਰ ਕਮੇਟੀ ਦੀ ਪਹਿਲੀ ਮੀਟਿੰਗ ਹੀ ਦੋ ਮਹੀਨੇ ਬਾਅਦ ਸੰਭਵ ਹੋ ਸਕੀ। ਇਹ ਮੀਟਿੰਗ ਵੀ ਭਾਜਪਾ ਦੇ ਮੰਤਰੀ ਮਨੋਰੰਜਨ ਕਾਲੀਆ ਵਲੋਂ ਨਾਰਾਜ਼ਗੀ ਜਤਾਉਣ ਤੋਂ ਬਾਅਦ ਹੀ ਹੋਈ। ਮਨੋਰੰਜਨ ਕਾਲੀਆ ਦੀ ਰਿਹਾਇਸ਼ 'ਤੇ ਹੋਈ ਇਸ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਸਬਸਿਡੀਆਂ ਦੇ ਮੁੱਦੇ 'ਤੇ ਅਗਲੀ ਮੀਟਿੰਗ ਵਿਚ ਠੋਸ ਮਤਾ ਲਿਆਂਦਾ ਜਾਵੇਗਾ, ਇਸ ਤੋਂ ਪਹਿਲਾਂ ਸਬਸਿਡੀਆਂ ਦੇ ਮੁੱਦੇ 'ਤੇ ਪੁਨਰਵਿਚਾਰ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਰਾਜ ਦੀ ਖਰਾਬ ਹੋ ਰਹੀ ਵਿੱਤੀ ਸਥਿਤੀ ਨੂੰ ਸੰਭਾਲਣ ਲਈ ਵੀ ਵਿਚਾਰ ਕੀਤਾ ਗਿਆ। ਇਸ ਦੌਰਾਨ ਕੁਝ ਨਵੇਂ ਟੈਕਸ ਲਗਾਉਣ ਉਤੇ ਵੀ ਚਰਚਾ ਕੀਤੀ ਗਈ, ਜਿਨ੍ਹਾਂ ਵਿਚ ਪ੍ਰਾਪਰਟੀ ਟੈਕਸ ਸ਼ਾਮਲ ਹੈ।

ਜਥੇਦਾਰ ਝੀਡਾ ਦੋਸ਼ੀ ਕਰਾਰ, ਤਨਖਾਹ ਲਾਉਣ ਦਾ ਮਾਮਲਾ ਫਿਰ ਲਟਕਿਆ!

ਅੰਮ੍ਰਿਤਸਰ: ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰੇ ਪਾਤਸ਼ਾਹੀ ਛੇਵੀਂ ਦੇ ਕਬਜ਼ੇ ਸਬੰਧੀ ਮਾਮਲੇ ਵਿਚ ਹਰਿਆਣਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਪਰ ਉਨ੍ਹਾਂ ਨੂੰ ਤਨਖਾਹ ਲਾਉਣ ਦਾ ਫੈਸਲਾ ਰਾਖਵਾਂ ਰੱਖ ਲਿਆ ਗਿਆ। ਤਨਖਾਹ ਲਾਉਣ ਸਬੰਧੀ ਫੈਸਲਾ 15 ਨਵੰਬਰ ਜਾਂ ਇਸ ਤੋਂ ਬਾਅਦ ਹੋਣ ਵਾਲੀ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਲਿਆ ਜਾਵੇਗਾ। ਸ. ਝੀਂਡਾ ਅਤੇ ਉਨ੍ਹਾਂ ਦੇ ਸਾਥੀ ਜੋਗਾ ਸਿੰਘ, ਅਵਤਾਰ ਸਿੰਘ ਚੱਕੂ, ਕਮਲਜੀਤ ਸਿੰਘ ਅਜਰਾਣਾ ਅਤੇ ਹਜੂਰਾ ਸਿੰਘ ਅਕਾਲ ਤਖ਼ਤ ਸਾਹਬਿ ਦੇ ਆਦੇਸ਼ ਅਨੁਸਾਰ ਚੌਥੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਏ ਸਨ।
ਵਰਨਣਯੋਗ ਹੈ ਕਿ ਬੀਤੀ 19 ਸਤੰਬਰ ਨੂੰ ਪਹਿਲੀ ਵਾਰ ਸ. ਝੀਂਡਾ ਅਤੇ ਉਨ੍ਹਾਂ ਦੇ ਸਾਥੀ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਏ ਸਨ। ਉਨ੍ਹਾਂ ਨੇ ਸਿੰਘ ਸਾਹਿਬਾਨ ਸਾਹਮਣੇੇ ਆਪਣਾ ਪੱਖ ਪੇਸ਼ ਕੀਤਾ ਸੀ ਅਤੇ ਸਿੰਘ ਸਾਹਿਬਾਨ ਨੇ ਇਹ ਕਿਹਾ ਸੀ ਕਿ ਉਨ੍ਹਾਂ ਪਾਸੋਂ ਸਪੱਸ਼ਟੀਕਰਨ ਲੈ ਲਿਆ ਗਿਆ ਹੈ ਅਤੇ ਇਸ ਸਬੰਧੀ ਪੜਤਾਲ ਕਰਕੇ ਅਗਲੀ ਕਾਰਵਾਈ 1 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਕੀਤੀ ਜਾਵੇਗੀ। ਇਕ ਅਕਤੂਬਰ ਨੂੰ ਹੋਈ ਮੀਟਿੰਗ ਤੋਂ ਬਾਅਦ ਸਿੰਘ ਸਾਹਿਬਾਨ ਨੇ ਸ. ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ 14 ਅਕਤੂਬਰ ਨੂੰ ਮੁੜ ਪੇਸ਼ ਹੋਣ ਲਈ ਕਿਹਾ ਸੀ।

ਅਮਰੀਕਾ 'ਚ ਸਿੰਘਾਂ ਦੀ ਸਰਦਾਰੀ, ਦਸਤਾਰ ਸਜਾਉਣ ਅਤੇ ਦਾੜ੍ਹੀ ਵਧਾਉਣ ਦੀ ਇਜਾਜ਼ਤ

ਵਾਸ਼ਿੰਗਟਨ : ਅਮਰੀਕਾ ਨੇ ਉਨ੍ਹਾਂ ਸਿੱਖ ਅਧਿਕਾਰੀਆਂ ਨੂੰ ਦਸਤਾਰ ਸਜਾਉਣ ਅਤੇ ਦਾੜ੍ਹੀ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਸੁਰੱਖਿਆ ਏਜੰਸੀਆਂ ਨਾਲ ਜੁੜੇ ਹੋਏ ਹਨ। ਸਰਕਾਰ ਦੇ ਇਸ ਫ਼ੈਸਲੇ ਨੂੰ ਸਿੱਖ ਭਾਈਚਾਰੇ ਵਿਚ ਇਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸਰਕਾਰ ਨੇ ਪੱਗ ਅਤੇ ਦਾੜ੍ਹੀ ਸਮੇਤ ਸੁਰੱਖਿਆ ਸੇਵਾਵਾਂ 'ਚ ਲਾਈ ਰੋਕ ਇਕ ਸਿੱਖ ਅਧਿਕਾਰੀ ਵਲੋਂ ਦਾਇਰ ਕੇਸ ਤੋਂ ਬਾਅਦ ਹਟਾਈ ਹੈ। ਇਕ ਸਿੱਖ ਅਧਿਕਾਰੀ ਨੇ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਇਕ ਕੇਸ ਪਾਇਆ ਸੀ। ਜਿਸ ਵਿਚ ਕਿਹਾ ਗਿਆ ਕਿ ਜਦੋਂ ਉਹ ਨੌਕਰੀ 'ਤੇ ਸੀ ਤਾਂ ਉਸ ਨੂੰ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਮਨਾਹੀ ਸੀ। ਹੁਣ ਅਮਰੀਕਾ ਨੇ ਸੁਰੱਖਿਆ ਏਜੰਸੀਆਂ ਨਾਲ ਜੁੜੇ ਸਿੱਖ ਅਧਿਕਾਰੀਆਂ ਨੂੰ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਬਹੁਤ ਵੱਡੀ ਜਿੱਤ ਹੈ। ਅਜਿਹਾ ਵੀ ਪਹਿਲੀ ਵਾਰ ਹੋਇਆ ਹੈ ਕਿ ਯੂਐਸ ਦੀ ਸੁਰੱਖਿਆ ਏਜੰਸੀ ਨੇ ਆਪਣੇ ਕਾਨੂੰਨ ਵਿਚ ਕੋਈ ਬਦਲਾਅ ਕੀਤਾ ਹੋਵੇ। ਅਮਰੀਕੀ ਸਿੱਖਾਂ ਦੇ ਇਕ ਗਰੁੱਪ 'ਸਿੱਖ ਕੁਲੀਸ਼ਨ' ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਇਕ ਸਿੱਖ ਸੁਰੱਖਿਆ ਅਧਿਕਾਰੀ ਵਲੋਂ ਵਿਤਕਰੇ ਬਾਰੇ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਸਿੱਖ ਸੁਰੱਖਿਆ ਮੁਲਾਜ਼ਮਾਂ 'ਤੇ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਬਾਰੇ ਲੱਗੀ ਹੋਈ ਰੋਕ ਹਟਾ ਲਈ ਗਈ ਹੈ। ਉਕਤ ਸਿੱਖ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਆਪਣੇ ਕੰਮ ਦੇ ਸਮੇਂ ਨਾ ਤਾਂ ਪਗੜੀ ਬੰਨ੍ਹ ਸਕਦਾ ਹੈ ਅਤੇ ਨਾ ਹੀ ਦਾੜ੍ਹੀ ਰੱਖ ਸਕਦਾ ਹੈ। ਇਸ ਮੁਕੱਦਮੇ ਬਾਰੇ ਹੋਏ ਫੈਸਲੇ ਨੇ ਸਿੱਖ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਬਾਰੇ ਇਕ ਵੱਡੀ ਜਿੱਤ ਹੋਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ। ਕਾਨੂੰਨ ਬਣਾਉਣ ਵਾਲੀ ਇਕ ਫੈਡਰੈਸ ਸੰਸਥਾ ਨੇ ਸਿੱਖਾਂ ਦੇ ਭਰੋਸੇ ਨਾਲ ਸਬੰਧਤ ਵਸਤਾਂ ਨੂੰ ਅਪਨਾਉਣ ਪ੍ਰਤੀ ਉਦਾਰਤਾ ਦਿਖਾਈ ਹੈ। ਮੇਜਰ ਗਿੱਲ ਨਾਂ ਨਾਲ ਪ੍ਰਸਿੱਧ ਰਘਬੀਰ ਸਿੰਘ ਦੀ ਸ਼ਿਕਾਇਤ 'ਤੇ ਸਿੱਖ ਕੁਲੀਸ਼ਨ ਅਤੇ ਸਾਨ ਫਰਾਂਸਿਸਕੋ ਦੀ ਮਨੁੱਖੀ ਅਧਿਕਾਰਾਂ ਬਾਰੇ ਵਕੀਲਾਂ ਦੀ ਕਮੇਟੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਕਾਰਨ ਇਹ ਮੁਕੱਦਮਾ ਦਾਇਰ ਕੀਤਾ ਗਿਆ ਸੀ। ਮੇਜਰ ਗਿੱਲ 34 ਸਾਲ ਤੱਕ ਭਾਰਤੀ ਫੌਜ ਵਿਚ ਕੰਮ ਕਰ ਚੁੱਕੇ ਹਨ। ਉਹ 5 ਸਾਲ ਪਹਿਲਾਂ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ ਅਤੇ ਉਥੋਂ ਦੀ ਇਕ ਕੰਪਨੀ ਵਿਚ ਨੌਕਰੀ ਕਰਨ ਲੱਗ ਪਏ ਸਨ। ਇਸ ਕੰਪਨੀ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਹੈਟ ਪਾਉਣ ਲਈ ਕਿਹਾ ਗਿਆ ਸੀ ਅਤੇ ਦਾੜ੍ਹੀ ਰੱਖਣ ਦੀ ਮਨਾਹੀ ਸੀ, ਇਸ ਕਾਰਨ ਮੇਜਰ ਸਿੰਘ ਨਾ ਸਿਰ 'ਤੇ ਪਗੜੀ ਬੰਨ੍ਹ ਸਕਦੇ ਸਨ ਤੇ ਨਾ ਦਾੜ੍ਹੀ ਰੱਖ ਸਕਦੇ ਸਨ। ਸਿੱਖ ਕੁਲੀਸ਼ਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਬੰਧਤ ਵਿਭਾਗ 2005 ਵਿਚ ਗਲਤ ਤਰੀਕੇ ਨਾਲ ਬਰਖਾਸਤ ਕੀਤੇ ਗਏ ਰਘਬੀਰ ਸਿੰਘ ਨੂੰ ਹਰਜਾਨਾ ਦੇਣ ਲਈ ਵੀ ਰਾਜ਼ੀ ਹੋ ਗਿਆ ਹੈ। ਰਘੁਬੀਰ ਸਿੰਘ ਨੂੰ ਦਾੜ੍ਹੀ ਰੱਖਣ ਅਤੇ ਪੱਗ ਪਹਿਨਣ ਕਾਰਨ ਬਰਖਾਸਤ ਕਰ ਦਿੱਤਾ ਗਿਆ ਸੀ।

Friday, October 9, 2009

ਜਾਣੇ ਪਛਾਣੇ ਪੰਜਾਬੀ ਗੀਤਕਾਰ ਇੰਦਰਜੀਤ ਹਸਨਪੁਰੀ ਨਹੀਂ ਰਹੇ

ਜਾਣੇ ਪਛਾਣੇ ਪੰਜਾਬੀ ਗੀਤਕਾਰ ਇੰਦਰਜੀਤ ਹਸਨਪੁਰੀ ਨਹੀਂ ਰਹੇ। ਉਹ ਬਿਮਾਰੀ ਦੀ ਹਾਲਤ ਵਿੱਚ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਦਾਖਲ ਸਨ। ਉਨ੍ਹਾਂ ਦੀ ਉਮਰ 80 ਸਾਲ ਸੀ। ਪੰਜਾਬੀ ਗੀਤਕਾਰੀ ਤੇ ਫਿਲਮ ਜਗਤ ਵਿੱਚ ਹਸਨਪੁਰੀ ਇੱਕ ਜਾਣਿਆ ਪਛਾਣਿਆ ਨਾਂ ਸੀ। ਉਨ੍ਹਾਂ ਦੇ ਕਿੰਨੇ ਹੀ ਗੀਤ ਪੰਜਾਬ ਵਿੱਚ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੋਏ ਹਨ। ਉਨ੍ਹਾਂ ਕਈ ਪੰਜਾਬੀ ਫਿਲਮਾਂ ਦੀ ਸਕਰਿਪਟ ਵੀ ਲਿਖੀ, ਜਿਨ੍ਹਾਂ ਵਿੱਚ ਤੇਰੀ ਮੇਰੀ ਇੱਕ ਜਿੰਦੜੀ, ਦਾਜ, ਸੁਖੀ ਪਰਿਵਾਰ ਆਦਿ ਸ਼ਾਮਲ ਹਨ। ਹਿੰਦੀ ਫਿਲਮ ਦਹੇਜ ਦੀ ਸਕਰਿਪਟ ਵੀ ਉਨ੍ਹਾਂ ਲਿਖੀ। ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਕਈ ਸੁਪਰ ਹਿੱਟ ਪੰਜਾਬੀ ਫਿਲਮਾਂ ਲਈ ਗੀਤ ਵੀ ਲਿਖੇ ਗਏ, ਜਿਨ੍ਹਾਂ ਵਿਚ ਮਨ ਜੀਤੇ ਜਗਜੀਤ, ਦੁਖ ਭੰਜਨ ਤੇਰਾ ਨਾਮ ਅਤੇ ਲੌਂਗ ਦਾ ਲਿਸ਼ਕਾਰਾ ਜ਼ਿਕਰਯੋਗ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਵੀ ਪ੍ਰਕਾਸ਼ਤ ਹੋਈਆਂ। ਉਨ੍ਹਾਂ ਦੇ ਤਿੰਨ ਲੜਕੇ ਤੇ ਇੱਕ ਲੜਕੀ ਹੈ। ਪੰਜਾਬ ਦੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿਖਿਆ ਤੇ ਭਾਸ਼ਾ ਬਾਰੇ ਮੰਤਰੀ ਡਾ ਉਪਿੰਦਰਜੀਤ ਕੌਰ ਨੇ ਇੰਦਰਜੀਤ ਹਸਨਪੁਰੀ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

ਭਾਰਤੀ 'ਵੈਕੀ' ਰਾਮਕ੍ਰਿਸ਼ਨਨ ਨੂੰ ਨੋਬਲ ਪੁਰਸਕਾਰ

ਤਾਮਿਲਨਾਡੂ ਦੇ ਜੰਮਪਲ ਵੈਂਕਟਰਾਮਨ ਰਾਮਕ੍ਰਿਸ਼ਨਨ ਨੂੰ ਹੋਰ ਵਿਗਿਆਨੀਆਂ ਸਹਿਤ ਇਸ ਸਾਲ ਰਸਾਇਣ ਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ। ਇਹ ਐਲਾਨ ਨੋਬਲ ਪੁਰਸਕਾਰ ਕਮੇਟੀ ਨੇ ਕੀਤਾ। ਰਾਮਕ੍ਰਿਸ਼ਨਨ ਕੈਂਬਰਿਜ ਦੀ ਐਮ ਆਰ ਸੀ ਲੈਬਾਰਟਰੀ ਆਫ ਮੌਲੀਕਿਊਲਰ ਬਾਇਓਲੋਜੀ ਦੇ ਸੀਨੀਅਰ ਸਾਇੰਸਦਾਨ ਹਨ।1952 ਵਿਚ ਚਿਦੰਬਰਮ ਵਿਖੇ ਜਨਮੇ ਰਾਮਕ੍ਰਿਸ਼ਨਨ ਅਮਰੀਕਾ ਦੇ ਥਾਮਸ ਈ. ਸਟੀਜ਼ ਅਤੇ ਅਦਾ ਈ. ਯੋਨਥ (ਇਜ਼ਰਾਈਲ) ਦੇ ਨਾਲ ਨੋਬਲ ਪੁਰਸਕਾਰ ਸਾਂਝਾ ਕਰਨਗੇ। ਇਨ੍ਹਾਂ ਨੂੰ ਰਿਬੋਸਮ ਦੇ ਢਾਂਚੇ ਅਤੇ ਕੰਮਕਾਰ ਦੇ ਅਧਿਐਨ ਬਦਲੇ ਇਹ ਪੁਰਸਕਾਰ ਮਿਲਿਆ। ਇਸ ਸਮੇਂ ਉਹ ਅਮਰੀਕੀ ਨਾਗਰਿਕ ਹਨ।ਰਾਮਕ੍ਰਿਸ਼ਨਨ ਨੇ ਬੜੌਦਾ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ 'ਚ ਬੀ ਐਸ ਸੀ (1971) ਅਤੇ ਓਹਾਇਓ ਯੂਨੀਵਰਸਿਟੀ ਤੋਂ (1976) ਭੌਤਿਕ ਵਿਗਿਆਨ ਵਿਚ ਪੀ ਐਚ ਡੀ ਹਾਸਲ ਕੀਤੀ ਸੀ।

Thursday, October 8, 2009

ਰਣਨੀਤਕ ਫ਼ੈਸਲਾ : ਡੇਰਾ ਸਿਰਸਾ ਨੇ ਰਾਜਸੀ ਹਮਾਇਤ ਬਾਰੇ ਪ੍ਰੇਮੀਆਂ ਤੋਂ ਰਾਇ ਮੰਗੀ

ਸਿਰਸਾ : ਡੇਰਾ ਸੱਚਾ ਸੌਦਾ ਦੇ ਰਾਜਨੀਤਕ ਵਿੰਗ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿਚ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਸਬੰਧੀ ਅਹਿਮ ਰਣਨੀਤਕ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਤਹਿਤ ਡੇਰਾ ਪ੍ਰੇਮੀਆਂ ਦੇ ਵਿਚਾਰ ਜਾਣਨ ਲਈ ਉਨ੍ਹਾਂ ਨੂੰ ਪਰਚੀਆਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਕੋਲੋਂ ਪੁੱਛਿਆ ਗਿਆ ਹੈ ਕਿ ਉਹ ਕਿਹੜੀ ਪਾਰਟੀ ਜਾਂ ਕਿਸ ਉਮੀਦਵਾਰ ਨੂੰ ਵੋਟ ਪਾਉਣ ਦੇ ਹੱਕ ਵਿਚ ਹਨ। ਇਸ ਪਰਚੀ ਵਿਚ ਚਾਰ ਕਾਲਮ ਬਣਾਏ ਗਏ ਹਨ। ਪਹਿਲੇ ਕਾਲਮ ਵਿਚ ਡੇਰਾ ਪ੍ਰੇਮੀਆਂ ਨੂੰ ਪੁੱਛਿਆ ਗਿਆ ਹੈ ਕਿ ਸਰਬ ਸਾਂਝੇ ਹਿੱਤ ਵਿਚ ਕਿਸ ਨੂੰ ਵੋਟ ਪਾਈ ਜਾਵੇ। ਇਸੇ ਕਾਲਮ ਵਿਚ ਪੁੱਛਿਆ ਗਿਆ ਹੈ ਕਿ ਜਿਸ ਰਾਜਨੀਤਕ ਪਾਰਟੀ ਨੂੰ ਵੋਟ ਦੇਣੀ ਹੈ ਤਾਂ ਉਸ ਪਾਰਟੀ ਦਾ ਨਾਂ ਲਿਖਿਆ ਜਾਵੇ। ਜੇ ਵੋਟ ਨਹੀਂ ਦੇਣੀ ਤਾਂ ਨਾਂਹ ਲਿਖ ਦਿੱਤਾ ਜਾਵੇ। ਅੱਗੇ ਪੁੱਛਿਆ ਗਿਆ ਹੈ ਕਿ ਜੇ ਵੋਟ ਦੇਣੀ ਹੈ ਤਾਂ ਪਹਿਲੀ, ਦੂਜੀ, ਤੀਜੀ ਪਸੰਦ ਦੇ ਉਮੀਦਵਾਰ ਦਾ ਨਾਂ ਲਿਖਿਆ ਜਾਵੇ। ਇਸ ਤੋਂ ਅਗਲੇ ਕਾਲਮ ਵਿਚ ਰਾਇ ਪੁੱਛੀ ਗਈ ਹੈ ਕਿ ਹਮਾਇਤ ਦੇਣ ਦਾ ਫ਼ੈਸਲਾ ਕਿਸੇ ਉਮੀਦਵਾਰ ਜਾਂ ਪਾਰਟੀ ਨੂੰ ਕਿੰਨੇ ਦਿਨ ਪਹਿਲਾਂ ਕੀਤਾ ਜਾਵੇ।

ਕੈਪਟਨ ਕੰਵਲਜੀਤ ਸਿੰਘ ਦੀ ਮੌਤ ਬਾਰੇ ਅਜੇ ਵੀ ਨਹੀਂ ਆਈ ਮੈਜਿਸਟਰੇਟੀ ਜਾਂਚ ਰਿਪੋਰਟ

ਚੰਡੀਗੜ੍ਹ : ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ ਦੀ ਮੈਜਿਸਟਰੇਟੀ ਜਾਂਚ ਦੇ ਕਿਸੇ ਤਣ ਪੱਤਣ ਨਾ ਲੱਗਣ ਨੇ ਰਾਜਨੀਤਕ ਹਲਕਿਆਂ ਵਿਚ ਰਹੱਸ ਪੈਦਾ ਕਰ ਦਿੱਤਾ ਹੈ। ਤਤਕਾਲੀਨ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ ਨੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਜਸਬੀਰ ਸਿੰਘ ਬੀਰ ਨੂੰ ਇਸ ਹਾਦਸੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਭਰੋਸੇਯੋਗ ਸੂਤਰਾਂ ਅਨੁਸਾਰ ਮੈਜਿਸਟਰੇਟੀ ਜਾਂਚ ਦੀ ਮੁਕੰਮਲ ਰਿਪੋਰਟ ਅਜੇ ਤੱਕ ਸਰਕਾਰ ਨੂੰ ਨਹੀਂ ਸੌਂਪੀ ਗਈ। ਦਰਅਸਲ ਮੈਜਿਸਟਰੇਟੀ ਜਾਂਚ ਮੁੱਢਲੇ ਪੜਾਅ ਤੋਂ ਅੱਗੇ ਹੀ ਨਹੀਂ ਤੁਰੀ। ਦੂਜੇ ਪਾਸੇ ਪੰਜਾਬ ਪੁਲਿਸ ਵਲੋਂ ਫੋਰੈਂਸਿਕ ਮਾਹਰਾਂ ਤੋਂ ਕਰਾਈ ਜਾਂਚ ਨੇ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਇਕ ਹਾਦਸੇ 'ਚ ਹੋਣ ਅਤੇ ਉਨ੍ਹਾਂ ਦੀ ਨਿੱਜੀ ਕਾਰ ਦੇ ਡਰਾਈਵਰ ਵਲੋਂ ਅਣਗਹਿਲੀ ਵਰਤਣ ਅਤੇ ਤੇਜ਼ ਰਫਤਾਰ ਨਾਲ ਕਾਰ ਚਲਾਉਣ ਦਾ ਸਿੱਟਾ ਕੱਢਿਆ ਹੈ। ਫੋਰੈਂਸਿਕ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਹੱਤਵਪੂਰਨ ਵਿਅਕਤੀਆਂ ਦੀਆਂ ਕਾਰਾਂ ਦੇ ਡਰਾਈਵਰਾਂ ਵਲੋਂ ਤੇਜ਼ ਰਫਤਾਰ ਨਾਲ ਕਾਰਾਂ ਚਲਾਉਣਾ ਜਿੱਥੇ ਆਮ ਲੋਕਾਂ ਲਈ ਖਤਰੇ ਤੋਂ ਖਾਲੀ ਨਹੀਂ, ਉੱਥੇ ਕਾਰ ਵਿਚ ਸਵਾਰ ਮਹੱਤਵਪੂਰਨ ਵਿਅਕਤੀਆਂ ਲਈ ਵੀ ਖਤਰਨਾਕ ਹੋ ਸਕਦਾ ਹੈ।ਮੈਜਿਸਟਰੇਟੀ ਜਾਂਚ ਦੇ ਹੁਕਮਾਂ ਤੋਂ ਬਾਅਦ ਇਕ ਦਫਾ ਤਾਂ ਜਸਬੀਰ ਸਿੰਘ ਬੀਰ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਅਤੇ ਹਾਦਸੇ ਦੇ ਮੁੱਢਲੇ ਕਾਰਨਾਂ ਬਾਰੇ ਤੱਥ ਇਕੱਤਰ ਕਰਕੇ ਮੁਢਲੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਸੀ। ਇਸ ਤੋਂ ਬਾਅਦ ਕੀ ਹੋਇਆ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਮੁੱਖ ਸਕੱਤਰ ਪੰਜਾਬ ਦੇ ਦਫਤਰ ਨੂੰ ਵੀ ਇਸ ਰਿਪੋਰਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤਕਰੀਬਨ 6 ਮਹੀਨਿਆਂ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਰਿਪੋਰਟ ਜਨਤਕ ਨਾ ਹੋਣ ਕਾਰਨ ਮਰਹੂਮ ਮੰਤਰੀ ਦੇ ਵਾਰਿਸਾਂ ਨੂੰ ਵੀ ਉਹ ਤਸੱਲੀ ਨਹੀਂ ਮਿਲ ਰਹੀ ਕਿ ਸਰਕਾਰ ਮਰਹੂਮ ਸਹਿਕਾਰਤਾ ਮੰਤਰੀ ਦੀ ਮੌਤ ਨਾਲ ਜੁੜੇ ਤੱਥਾਂ ਨੂੰ ਜਾਣਨ ਲਈ ਸੰਜੀਦਾ ਹੈ। ਸੂਤਰਾਂ ਮੁਤਾਬਕ ਸਵਰਗੀ ਮੰਤਰੀ ਦੀ ਸਪੁੱਤਰੀ ਮਨਪ੍ਰੀਤ ਕੌਰ ਡੌਲੀ ਨੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਤੋਂ ਰਿਪੋਰਟ ਬਾਰੇ ਜਾਨਣਾ ਚਾਹਿਆ ਤਾਂ ਉਹਨਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ। ਇਸ 'ਤੇ ਉਨ੍ਹਾਂ ਨੇ ਮੁਹਾਲੀ ਦੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸਵਰਗੀ ਮੰਤਰੀ ਦੀ ਧੀ ਨੂੰ ਇਸ ਵਿਚ ਵੀ ਸਫਲਤਾ ਨਾ ਮਿਲ ਸਕੀ। ਡੌਲੀ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ਦੀ ਰਿਪੋਰਟ ਬਾਰੇ ਅਜੇ ਤੱਕ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲੀ, ਪਰ ਸਾਡੇ ਪਰਿਵਾਰ ਨੂੰ ਹੈਰਾਨੀ ਜ਼ਰੂਰ ਹੈ ਕਿ ਪ੍ਰਸ਼ਾਸਨ ਨੇ ਇਕ ਵੱਡੇ ਰਾਜਸੀ ਆਗੂ ਦੀ ਹਾਦਸੇ ਵਿਚ ਹੋਈ ਮੌਤ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ।

ਭਾਰਤ ਦੇ ਤਿੰਨ ਸੂਬਿਆਂ ਵਿਚ ਭਿਆਨਕ ਹੜ੍ਹ, 200 ਤੋਂ ਵੱਧ ਮੌਤਾਂ

ਨਵੀਂ ਦਿੱਲੀ : ਦੇਸ਼ ਦੇ ਤਿੰਨ ਸੂਬਿਆਂ ਵਿਚ ਆਏ ਹੜ੍ਹ ਨੇ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ। ਸਥਿਤੀ ਇੰਨੀ ਭਿਆਨਕ ਹੋ ਚੁੱਕੀ ਹੈ ਕਿ ਲੱਖਾਂ ਲੋਕ ਬੇਘਰ ਹੋ ਗਏ ਹਨ, ਜਦੋਂਕਿ 200 ਦੇ ਕਰੀਬ ਲੋਕ ਜਾਨ ਤੋਂ ਹੱਥ ਧੋ ਚੁੱਕੇ ਹਨ। ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਵਿਚ ਆਏ ਹੜ੍ਹਾਂ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਵੱਡੀ ਗਿਣਤੀ ਵਿਚ ਡੰਗਰ, ਮਾਲ ਦਾ ਤਾਂ ਨੁਕਸਾਨ ਹੋਇਆ ਹੀ ਹੈ, ਜਾਨੀ ਨੁਕਸਾਨ ਵੀ 200 ਤੋਂ ਪਾਰ ਕਰ ਗਿਆ ਹੈ। ਹੜ੍ਹ ਦਾ ਸਭ ਤੋਂ ਵੱਧ ਅਸਰ ਕਰਨਾਟਕ ਵਿਚ ਹੋਇਆ, ਜਿਸ ਦੇ 15 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ ਅਤੇ ਲੱਖਾਂ ਲੋਕ ਆਪਣਾ ਘਰ-ਬਾਰ ਗੁਆ ਚੁੱਕੇ ਹਨ। ਕੇਂਦਰ ਅਤੇ ਸੂਬਾ ਸਰਕਾਰਾਂ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ, ਜਦੋਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਆਉਂਦੇ 24 ਘੰਟਿਆਂ ਦਰਮਿਆਨ ਵੀ ਦਰਮਿਆਨੀ ਤੋਂ ਭਾਰੀ ਬਾਰਸ਼ ਹੋ ਸਕਦੀ ਹੈ।ਇਥੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਚੰਡੀਗੜ੍ਹ ਸਣੇ ਪੰਜਾਬ ਦੇ ਵੀ ਕੁਝ ਜ਼ਿਲ੍ਹਿਆਂ ਵਿਚ ਹਲਕੇ ਤੋਂ ਤੇਜ਼ ਮੀਂਹ ਪਿਆ, ਜਿਸ ਨਾਲ ਖੇਤਾਂ ਵਿਚ ਝੋਨੇ ਦੀ ਪੱਕੀ ਅਤੇ ਵੱਢੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ। ਇਸ ਦੇ ਨਾਲ ਹੀ ਜਿਹੜੀ ਫ਼ਸਲ ਮੰਡੀਆਂ ਵਿਚ ਪਈ ਸੀ, ਉਹ ਵੀ ਪਾਣੀ-ਪਾਣੀ ਹੋ ਗਈ।

ਪੰਜਾਬ 'ਚ ਗਠਬੰਧਨ ਰਹੇਗਾ ਜ਼ਾਰੀ : ਢੀਂਡਸਾ

ਚੰਡੀਗੜ੍ਹ : ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਕਿਹਾ ਕਿ ਪੰਜਾਬ ਵਿਚ ਲੋਕਸਭਾ ਚੌਣਾਂ ਵਿਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਭਾਜਪਾ ਨਾਲ ਉਹਨਾਂ ਦੀ ਪਾਰਟੀ ਦਾ ਗਠਬੰਧਨ ਜ਼ਾਰੀ ਰਹੇਗਾ. ਢੀਂਡਸਾ ਨੇ ਭਾਸ਼ਾ ਨੂੰ ਬੀਤੀ ਰਾਤ ਇੱਥੇ ਦੱਸਿਆ ਕਿ ਦੋਵਾਂ ਪਾਰਟੀਆਂ ਵਿਚਕਾਰ ਕਾਫੀ ਪੁਰਾਣਾ ਗਠਬੰਧਨ ਹੈ ਅਤੇ ਇਸ ਉੱਪਰ ਮੁੜ ਵਿਚਾਰ ਦਾ ਕੋਈ ਸਵਾਲ ਹੀ ਨਹੀਂ. ਹਾਲਾਂਕਿ ਉਹਨਾਂ ਕਿਹਾ ਕਿ ਲੋਕਸਭਾ ਚੌਣਾਂ ਵਿਚ ਪ੍ਰਦਰਸ਼ਨ ਦੀ ਸਮੀਖਿਆ ਲਈ ਦੋਵੇਂ ਪਾਰਟੀਆਂ ਦੀ ਜਲਦੀ ਹੀ ਸੰਯੁਕਤ ਬੈਠਕ ਬੁਲਾਈ ਜਾਵੇਗੀ.

Monday, October 5, 2009

ਸੁਖਬੀਰ ਬਾਦਲ ਨੂੰ ਲਿਜਾ ਰਿਹਾ ਹੈਲੀਕਾਪਟਰ ਵੀ ਉਡਾਣ ਭਰਨਯੋਗ ਨਹੀਂ ਸੀ

ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਬੀਤੀ 30 ਅਗਸਤ ਨੂੰ ਉਡਾਣ ਭਰਨ ਵਾਲ਼ਾ ਹੈਲੀਕਾਪਟਰ ਇੱਕ ਵਾਰ ਫਿਰ ਚਰਚਾ ਵਿੱਚ ਹੈ ਕਿਉਂਕਿ ਇੱਕ ਜਾਂਚ ਕਮਿਸ਼ਨ ਦੀ ਪੜਤਾਲ ਤੋਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਉਹ ਹੈਲੀਕਾਪਟਰ ਵੀ ਉਡਾਣ ਭਰਨਯੋਗ ਨਹੀਂ ਸੀ। ਬੀਤੀ 30 ਅਗਸਤ ਵਾਲ਼ੇ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਾ ਰਹੇ ਚਾਰਟਰਡ ਬੈਲ 230 ਹੈਲੀਕਾਪਟਰ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਜਲਾਲਾਬਾਦ ਦੇ ਗੋਬਿੰਦ ਨਗਰ ਇਲਾਕੇ ’ਚ ਬੀ ਐਸ ਐਫ਼ ਦੇ ਹੈਲੀਪੈਡ ਤੋਂ ਸਿਰਫ਼ 500 ਗਜ਼ ਦੀ ਦੂਰੀ ’ਤੇ ਹੰਗਾਮੀ ਹਾਲਾਤ ਵਿੱਚ ਉਤਰਨਾ ਪਿਆ ਸੀ। ਪਹਿਲਾਂ ਵੀ ਇਹੋ ਹੈਲੀਕਾਪਟਰ ਉਦੋਂ ਚਰਚਾ ਵਿੱਚ ਆਇਆ ਸੀ ਜਦੋਂ ਇਹ ਇੰਕਸ਼ਾਫ਼ ਹੋਇਆ ਸੀ ਕਿ ਉਸ ਨੂੰ ਮੁੱਖ ਪਾਇਲਟ ਦੀ ਕਥਿਤ ‘ਗਰਲ ਫ਼ਰੈਂਡ’ ਉਸ ਹੈਲੀਕਾਪਟਰ ਨੂੰ ਗ਼ੈਰ-ਅਧਿਕਾਰਤ ਢੰਗ ਨਾਲ਼ ਚਲਾ ਰਹੀ ਸੀ।
ਸ. ਸੁਖਬੀਰ ਬਾਦਲ ਦੀ ਸੁਰੱਖਿਆ ਵਿੱਚ ਇੰਨੇ ਵੱਡੇ ਪੱਧਰ ਉਤੇ ਉ¦ਘਣਾ ਨਾਲ਼ ਪੰਜਾਬ ਸਰਕਾਰ ਦੇ ਉਚ ਅਧਿਕਾਰੀਆਂ ਵਿੱਚ ਹੁਣ ਇੱਕ ਵਾਰ ਫਿਰ ਸਨਸਨੀ ਫੈਲ ਗਈ ਹੈ। ਸੂਤਰਾਂ ਪ੍ਰਾਪਤ ਵੇਰਵਿਆਂ ਮੁਤਾਬਕ ਹਵਾਬਾਜ਼ੀ ਬਾਰੇ ਡਾਇਰੈਕਟਰ ਜਨਰਲ (ਡੀ ਜੀ ਸੀ ਏ) ਦੇ ਅੰਕੜਿਆਂ ਅਨੁਸਾਰ 1993 ਮਾਡਲ ਦਾ ਇਹ ਹੈਲੀਕਾਪਟਰ ਉਡਾਣ ਭਰਨਯੋਗ ਨਹੀਂ ਸੀ ਕਿਉਂਕਿ ਇਸ ਲਈ ਵੈਧ ਲਾਇਸੈਂਸ ਪ੍ਰੇਮ ਏਅਰ ਨਾਂਅ ਦੀ ਏਅਰ-ਸਰਵਿਸ ਨੇ ਹਾਸਲ ਹੀ ਨਹੀਂ ਕੀਤਾ ਸੀ। ਡੀ ਜੀ ਸੀ ਏ ਦੇ ਰਿਕਾਰਡਾਂ ਤੋਂ ਹੀ ਇਹ ਵੀ ਪਤਾ ਲੱਗਾ ਹੈ ਕਿ ਅਸਲ ਵਿੱਚ ਇਹ ਜਹਾਜ਼ ਅਮਰੀਕੀ ਸੂਬੇ ਨੇਵਾਦਾ ਦੀ ਕੰਪਨੀ ਹੈਲੀ ਟਰਾਂਸ ਐਲ ਐਲ ਸੀ ਦਾ ਸੀ ਅਤੇ ਭਾਰਤ ਵਿੱਚ ਪ੍ਰੇਮ ਏਅਰ ਨਾਂਅ ਦੀ ਇੱਕ ਕੰਪਨੀ ਨੇ ਇਸ ਨੂੰ ਲੀਜ਼ ਉਤੇ ਲਿਆ ਹੋਇਆ ਸੀ। ਇਸ ਹੈਲੀਕਾਪਟਰ ਨੂੰ 18 ਦਸੰਬਰ 2006 ਨੂੰ ਉਡਾਣ ਭਰਨ ਲਈ ਸਰਟੀਫ਼ਿਕੇਟ ਜਾਰੀ ਕੀਤਾ ਗਿਆ ਸੀ ਅਤੇ ਉਸ ਸਰਟੀਫ਼ਿਕੇਟ ਦੀ ਮਿਆਦ 28 ਫ਼ਰਵਰੀ, 2009 ਨੂੰ ਪੁੱਗ ਚੁੱਕੀ ਸੀ ਅਤੇ ਰਿਕਾਰਡ ਵਿੱਚ ਇਸ ਸਰਟੀਫ਼ਿਕੇਟ ਨੂੰ ਨਵਿਆਉਣ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ।

ਸਰਹੱਦ ਉੱਤੇ ਤਾਇਨਾਤ ਹੋਣਗੇ ਟੈਂਕ

ਪਾਕਿ ਸਰਹੱਦ 'ਤੇ ਤਾਇਨਾਤ ਹੋਣਗੇ ਮਿੱਗ-29
ਨਵੀਂ ਦਿੱਲੀ-ਆਦਮਪੁਰ : ਭਾਰਤੀ ਫ਼ੌਜ ਵੱਲੋਂ ਚੀਨ ਤੇ ਪਾਕਿਸਤਾਨ ਸਰਹੱਦ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ 300 ਹਲਕੇ ਟੈਂਕ ਤਾਇਨਾਤ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।ਇਸ ਦੇ ਨਾਲ ਹੀ ਰਿਕਵੈਸਟ ਫਾਰ ਇਨਫਾਰਮੇਸ਼ਨ (ਆਰ. ਐਫ਼. ਆਈ.) ਵੀ ਜਾਰੀ ਕੀਤਾ ਜਾ ਰਿਹਾ ਹੈ। ਫ਼ੌਜੀ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਟੈਂਕਾਂ ਨੂੰ ਉਤਰੀ ਜੰਮੂ ਅਤੇ ਕਸ਼ਮੀਰ ਦੇ ਪਹਾੜੀ ਇਲਾਕਿਆਂ, ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਉਤਰ-ਪੂਰਬੀ ਸਰਹੱਦੀ ਇਲਾਕਿਆਂ ਵਿਚ ਤਾਇਨਾਤ ਕੀਤਾ ਜਾਵੇਗਾ।ਦੂਜੇ ਪਾਸੇ ਆਦਮਪੁਰ ਵਿਖੇ ਏਅਰ ਕਮਾਂਡਰ ਐਚ. ਐਸ. ਅਰੋੜਾ ਨੇ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ 'ਤੇ ਮਿੱਗ-29 ਲੜਾਕੂ ਜਹਾਜ਼ ਤਾਇਨਾਤ ਕੀਤੇ ਜਾ ਰਹੇ ਹਨ। ਚੀਨ-ਪਾਕਿ ਸਰਹੱਦ 'ਤੇ ਤਾਇਨਾਤ ਕੀਤੇ ਜਾਣ ਵਾਲੇ ਟੈਂਕਾਂ ਦਾ ਵਜ਼ਨ ਕਰੀਬ 22 ਟਨ ਹੋਵੇਗਾ ਅਤੇ ਇਹ ਪਹਾੜੀ ਇਲਾਕਿਆਂ ਵਿਚ 3 ਹਜ਼ਾਰ ਮੀਟਰ ਤੋਂ ਵੀ ਜ਼ਿਆਦਾ ਉਚਾਈ ਤੱਕ ਕਾਰਵਾਈ ਕਰਨ ਦੇ ਸਮਰੱਥ ਹੋਣਗੇ।ਪਹਾੜੀ ਇਲਾਕਿਆਂ ਵਿਚ ਭਾਰੇ ਟੈਂਕ ਨਹੀਂ ਪਹੁੰਚ ਸਕਦੇ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਵਿਚ ਭਾਰੇ ਟੈਂਕ ਇਕਦਮ ਮੋੜੇ ਵੀ ਨਹੀਂ ਜਾ ਸਕਦੇ। ਫ਼ੌਜ ਚਾਹੁੰਦੀ ਹੈ ਕਿ ਦੁਸ਼ਮਣ ਦੇ ਉਚ ਸੁਰੱਖਿਆ ਵਾਲੇ ਬਖ਼ਤਰਬੰਦ ਵਾਹਨਾਂ ਅਤੇ ਵੱਡੇ ਟੈਂਕਾਂ ਨੂੰ ਦੋ ਕਿਲੋਮੀਟਰ ਤੋਂ ਵਧੇਰੇ ਦੂਰੀ ਤੱਕ ਨਸ਼ਟ ਕਰਨ ਅਤੇ ਟੈਂਕ ਨਿਰੋਧਕ ਮਿਜ਼ਾਇਲਾਂ ਨੂੰ ਤਬਾਹ ਕਰਨ ਦੀ ਸਮਰੱਥਾ ਹੋਵੇ।

Sunday, October 4, 2009

ਆਂਧਰਾ ਪ੍ਰਦੇਸ਼ 'ਚ ਹੜ੍ਹ, 40 ਮਰੇ

ਆਂਧਰਾ ਪ੍ਰਦੇਸ਼ ਵਿੱਚ ਹੜ੍ਹ ਨਾਲ ਹੁਣ ਤੱਕ ਕਰੀਬ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਮਹਿਬੂਬ ਨਗਰ ਦੇ ਇੱਕ ਲੱਖ 30 ਹਜਾਰ ਤੋਂ ਜਿਆਦਾ ਲੋਕ ਹੜ੍ਹ ਦੇ ਪਾਣੀ ਵਿੱਚ ਫੱਸ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਬੂਬ ਨਗਰ ਵਿੱਚ ਕਈ ਮੰਦਿਰ ਅਤੇ ਇਮਾਰਤਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ। ਇਸਦੇ ਇਲਾਵਾ ਲੋਕ ਜਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਹੇ ਹਨ।ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਮਹਿਬੂਬ ਨਗਰ, ਕਰਨੂਲ, ਕ੍ਰਿਸ਼ਨਾ, ਗੁੰਟੂਰ ਅਤੇ ਨਲਗੋਂਡਾ ਦੇ ਲੋਕ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਕਰਨੂਲ ਜਿਲ੍ਹਾ ਪਾਣੀ ਵਿੱਚ ਡੁੱਬਣ ਦੀ ਕਗਾਰ ਉੱਤੇ ਹੋਣ ਦੇ ਕਾਰਣ ਸਥਾਨਕ ਤੁੰਗਭਦਰਾ ਨਦੀ ਦੇ ਪਾਣੀ ਨੂੰ ਕ੍ਰਿਸ਼ਨਾ ਜਿਲ੍ਹੇ ਦੇ ਪ੍ਰਕਾਸ਼ਮ ਬੈਰੇਜ ਵੱਲ ਮੋੜ੍ਹਿਆ ਗਿਆ ਹੈ, ਪਰੰਤੂ ਇਸ ਫੈਸਲੇ ਦੇ ਕਾਰਣ ਕ੍ਰਿਸ਼ਨਾ ਜਿਲ੍ਹੇ ਵਿੱਚ ਵੀ ਹੜ੍ਹ ਆ ਗਿਆ।ਸਰਕਾਰ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਘਰ ਖਾਲੀ ਕਰਨ ਦੀ ਅਪੀਲ ਕੀਤੀ ਗਈ ਸੀ, ਪਰੰਤੂ ਲੋਕਾਂ ਨੇ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ, ਜਿਸਦਾ ਨਤੀਜਾ ਉਹ ਹੁਣ ਭੁਗਤ ਰਹੇ ਹਨ।

ਅਗਲੇ ਮਹੀਨੇ ਅਮਰੀਕਾ ਜਾਣਗੇ ਮਨਮੋਹਨ ਸਿੰਘ

ਬਰਾਕ ਓਬਾਮਾ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਪਹਿਲੀ ਸਰਕਾਰੀ ਵਾਈਟ ਹਾਊਸ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਮਿਸ਼ੈਲ ਓਬਾਮਾ ਖੁਦ ਡਾ: ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਦੀ ਮੇਜ਼ਬਾਨੀ ਕਰਨਗੇ।ਇਹ ਮਿਲਣੀ 24 ਨਵੰਬਰ ਨੂੰ ਨਿਸ਼ਚਿਤ ਕੀਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੇਰੀ ਦੌਰਾਨ ਡਾ: ਮਨਮੋਹਨ ਸਿੰਘ ਅਤੇ ਬਰਾਕ ਓਬਾਮਾ ਦੋਵਾਂ ਦੇਸ਼ਾਂ ਦੇ ਹਿੱਤਾਂ ਨਾਲ ਸਬੰਧਿਤ ਕੌਮਾਂਤਰੀ, ਖੇਤਰੀ ਅਤੇ ਦੁਵੱਲੇ ਮੁੱਦਿਆਂ 'ਤੇ ਗੱਲਬਾਤ ਕਰਨਗੇ। ਦੋਵੇਂ ਨੇਤਾ ਜੁਲਾਈ ਵਿਚ ਅਮਰੀਕਾ ਦੀ ਵਿਦੇਸ਼ ਮੰਤਰੀ ਹਲੇਰੀ ਕਲਿੰਟਨ ਦੀ ਭਾਰਤ ਯਾਤਰਾ ਸਮੇਂ ਸ਼ੁਰੂ ਕੀਤੀ ਗਈ ਨੀਤੀਗਤ ਗੱਲਬਾਤ ਬਾਰੇ ਵੀ ਵਿਚਾਰ-ਵਟਾਂਦਰਾ ਕਰ ਸਕਦੇ ਹਨ।ਵਾਈਟ ਹਾਊਸ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਭਾਰਤੀ ਪ੍ਰਧਾਨ ਮੰਤਰੀ ਨਾਲ ਮਿਲ ਕੇ ਦੋਵਾਂ ਦੇਸ਼ਾਂ ਵਿਚਲੀ ਭਾਈਵਾਲਤਾ ਨੂੰ ਮਜ਼ਬੂਤੀ ਦੇਣ ਅਤੇ ਵਧਾਉਣ ਪ੍ਰਤੀ ਆਸਵੰਦ ਹਨ।

ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿਆਰ ਹਾਂ : ਬਾਦਲ

ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਆਪਣੇ ਵਿਰੋਧੀਆਂ ਦੇ ਪ੍ਰਚਾਰ ਦਾ ਜਵਾਬ ਵਿਚ ਸਪਸ਼ਟ ਸ਼ਬਦਾਂ 'ਚ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਜਦੋਂ ਚਾਹੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਲਏ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਲੜਣ ਲਈ ਪੂਰੀ ਤਰ੍ਹਾਂ ਤਿਆਰ ਹੈ।ਸ: ਬਾਦਲ ਇਥੇ ਨਵੀਂ ਸਬਜ਼ੀ ਮੰਡੀ ਵਿਖੇ ਪੰਜਾਬ ਮੰਡੀ ਬੋਰਡ ਵੱਲੋਂ 3.75 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਪੈਕ-ਹਾਊਸ ਦਾ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਇਸ ਮੌਕੇ ਉਨ੍ਹਾਂ ਨਾਲ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ, ਕੈਬਨਿਟ ਮੰਤਰੀ ਸ: ਹੀਰਾ ਸਿੰਘ ਗਾਬੜੀਆ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਅਤੇ ਮੰਡੀ ਬੋਰਡ ਦੇ ਸਕੱਤਰ ਸ: ਏ. ਐਸ. ਮਿਗਲਾਨੀ ਵੀ ਮੌਜੂਦ ਸਨ।ਸ: ਬਾਦਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਦੇ ਵੀ ਚੋਣਾਂ ਤੋਂ ਨਹੀਂ ਭੱਜਦੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਇੰਸਟੀਚਿਊਟ ਦੀ ਜ਼ਮੀਨ ਨੂੰ ਲੈ ਕੇ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਨੂੰ ਅਜਿਹੇ ਬੇਬੁਨਿਆਦ ਦੋਸ਼ ਲਾਉਣ ਦੀ ਆਦਤ ਹੈ।

ਅਭਿਨੇਤਾ ਸ਼ਾਇਨੀ ਅਹੂਜਾ ਰਿਹਾਅ

ਆਪਣੀ 20 ਵਰ੍ਹਿਆਂ ਦੀ ਨੌਕਰਾਣੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਅਭਿਨੇਤਾ ਸ਼ਾਇਨੀ ਅਹੂਜਾ ਨੂੰ ਸਾਢੇ ਤਿੰਨ ਮਹੀਨਿਆਂ ਪਿੱਛੋਂ ਭਾਰੀ ਸੁਰੱਖਿਆ ਵਾਲੀ ਆਰਥਰ ਰੋਡ ਜੇਲ੍ਹ 'ਚੋਂ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਮੁਕੱਦਮੇ ਦੀ ਸੁਣਵਾਈ ਤੱਕ ਦਿੱਲੀ ਵਿਚ ਹੀ ਰਹਿਣਾ ਪਵੇਗਾ।
ਵਰਣਨਯੋਗ ਹੈ ਕਿ 15 ਜੂਨ ਨੂੰ ਗ੍ਰਿਫ਼ਤਾਰ ਕੀਤੇ ਗਏ 36 ਵਰ੍ਹਿਆਂ ਦੇ ਅਦਾਕਾਰ ਸ਼ਾਇਨੀ ਅਹੂਜਾ ਦੀ ਬੰਬੇ ਹਾਈ ਕੋਰਟ ਨੇ ਪਹਿਲੀ ਅਕਤੂਬਰ ਨੂੰ ਜ਼ਮਾਨਤ ਮਨਜ਼ੂਰ ਕਰ ਲਈ ਸੀ ਪ੍ਰੰਤੂ ਉਸ ਦੇ ਵਕੀਲਾਂ ਵੱਲੋਂ ਲੋੜੀਂਦੀ ਕਾਰਵਾਈ ਕਰਨ 'ਚ ਅਸਫਲ ਰਹਿਣ 'ਤੇ ਉਸ ਨੂੰ ਰਿਹਾਈ ਨਹੀਂ ਸੀ ਮਿਲ ਸਕੀ।ਗਾਂਧੀ ਜੈਅੰਤੀ ਦੀ ਛੁੱਟੀ ਹੋਣ ਕਾਰਨ ਸ਼ੁਕਰਵਾਰ ਵੀ ਉਸ ਨੂੰ ਜੇਲ੍ਹ 'ਚ ਹੀ ਰਹਿਣਾ ਪਿਆ। ਹਾਈ ਕੋਰਟ ਨੇ ਅਹੂਜਾ ਨੂੰ ਜ਼ਮਾਨਤ ਦਿੰਦਿਆਂ ਇਹ ਸ਼ਰਤ ਵੀ ਲਗਾਈ ਹੈ ਕਿ ਉਹ ਮੁਕੱਦਮੇ ਦੀ ਸੁਣਵਾਈ ਦੌਰਾਨ ਦਿੱਲੀ 'ਚ ਹੀ ਰਹੇਗਾ ਤਾਂ ਜੋ ਸਬੂਤਾਂ ਨਾਲ ਛੇੜਛਾੜ ਨਾ ਹੋਣ ਦਾ ਯਕੀਨ ਬਣਿਆ ਰਹੇ।ਅਦਾਲਤ ਨੇ ਉਸ ਨੂੰ ਤਿੰਨ ਹਫ਼ਤਿਆਂ ਅੰਦਰ 50000 ਰੁਪਏ ਦੀ ਜ਼ਮਾਨਤ ਤੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਅਤੇ ਗਵਾਹਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਦੇਣ ਜਾਂ ਧਮਕਾਉਣ ਤੋਂ ਗੁਰੇਜ਼ ਰੱਖਣ ਦਾ ਨਿਰਦੇਸ਼ ਦਿੱਤਾ ਹੈ।

ਆਖਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿਖੇ ਪਰਤ ਆਏ

97 ਦਿਨਾਂ ਬਾਅਦ ਆਖਰ ਭਾਜਪਾ ਦੇ ਨੌਜਵਾਨ ਸਾਂਸਦ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿਖੇ ਪਰਤ ਆਏ ਅਤੇ ਉਹਨਾਂ ਦੀ ਇਸ ਵਾਪਸੀ ਮੌਕੇ ਉਹਨਾਂ ਦਾ ਭਾਜਪਾ ਵਰਕਰਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।ਉਹ ਸਥਾਨਕ ਹਵਾਈ ਅੱਡੇ ਤੋਂ ਸਿੱਧਾ ਭਾਜਪਾ ਦੇ ਮੁੱਖ ਦਫ਼ਤਰ ਪੁੱਜੇ ਅਤੇ ਉਸਦੇ ਬਾਅਦ ਉਹ ਅੱਗੇ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਹਰਮੰਦਿਰ ਸਾਹਿਬ ਮੱਥਾ ਟੇਕਣ ਗਏ, ਜਿੱਥੇ ਉਹਨਾਂ ਨੂੰ ਸੂਚਨਾ ਅਧਿਕਾਰੀ ਗੁਰਬਚਨ ਸਿੰਘ ਨੇ ਸਿਰੋਪਾ ਭੇਂਟ ਕੀਤਾ।
ਹੋਰਨਾਂ ਤੋਂ ਇਲਾਵਾ ਨਗਰ ਨਿਗਮ ਮੇਅਰ ਸੈਫ਼ ਮਲਿਕ, ਜਿਲ੍ਹਾ ਭਾਜਪਾ ਪ੍ਰਧਾਨ ਕਰਨਲ ਅਮਰੀਕ ਸਿੰਘ, ਸਿੱਧੂ ਦੀ ਪਤਨੀ ਨਵਜੋਤ ਕੌਰ, ਵਿਧਾਇਕ ਅਨਿਲ ਜੋਸ਼ੀ ਅਤੇ ਹਜਾਰਾਂ ਦੀ ਸੰਖਿਆ ਵਿੱਚ ਭਾਜਪਾ ਵਰਕਰ ਮੌਜੂਦ ਸਨ।ਪ੍ਰੈੱਸ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਉਹ ਰਾਜਿੰਦਰ ਮੋਹਨ ਸਿੰਘ ਛੀਨਾ ਦੇ ਵਿਰੁੱਧ ਨਹੀਂ ਬਲਕਿ ਉਹ ਇਸ ਗੱਲ ਦੇ ਵਿਰੁੱਧ ਹਨ ਕਿ ਪਾਰਟੀ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਦੀ ਕਦਰ ਕਰਨ ਦੀ ਬਜਾਏ ਪੈਸੇ ਵਾਲੇ ਧਨਾਢ ਲੋਕਾਂ ਦੇ ਪੱਖ ਵਿੱਚ ਫੈਸਲੇ ਦੇ ਰਹੀ ਹੈ, ਜੋ ਪਾਰਟੀ ਦੇ ਲਈ ਨੁਕਸਾਨਦੇਹ ਸਿੱਧ ਹੋ ਸਕਦਾ ਹੈ।ਉਹਨਾਂ ਨੇ ਕਿਹਾ ਕਿ ਉਹ ਹੁਣ ਪਰਤ ਆਏ ਹਨ ਅਤੇ ਉਹ ਹੁਣ ਪੂਰਾ ਧਿਆਨ ਵਿਕਾਸ ਕਾਰਜਾਂ ਉੱਤੇ ਦੇਣਗੇ, ਤਾਂ ਕਿ ਜਨਤਾ ਦੁਆਰਾ ਉਹਨਾਂ ਨੂੰ ਜਿਤਾਇਆ ਜਾਣਾ ਸਹੀ ਸਿੱਧ ਹੋ ਸਕੇ।

Saturday, October 3, 2009

ਗੁਰਦੁਆਰਾ ਚੋਣ ਕਮਿਸ਼ਨ ਲਈ ਗੈਰ-ਸਿੱਖ ਮੁੱਖ ਕਮਿਸ਼ਨਰ ਦੀ ਨਿਯੁਕਤੀ ਤੋਂ ਵਿਵਾਦ

ਸ਼੍ਰੋਮਣੀ ਕਮੇਟੀ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ
ਅੰਮ੍ਰਿਤਸਰ : ਗੁਰਦੁਆਰਾ ਚੋਣ ਕਮਿਸ਼ਨ ਦਾ ਮੁੱਖ ਚੋਣ ਕਮਿਸ਼ਨਰ ਗੈਰ- ਸਿੱਖ ਨੂੰ ਲਾਏ ਜਾਣ ਨਾਲ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਵੱਡਾ ਟਕਰਾਅ ਛਿੜ ਗਿਆ ਹੈ। ਜਸਟਿਸ ਜੇ.ਸੀ. ਵਰਮਾ ਨੂੰ ਗੁਰਦੁਆਰਾ ਕਮਿਸ਼ਨ ਦਾ ਮੁੱਖ ਕਮਿਸ਼ਨਰ ਥਾਪੇ ਜਾਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਸ ਫ਼ੈਸਲੇ ਦੀ ਕਰੜੀ ਵਿਰੋਧਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੈਰ-ਸਿੱਖ ਮੁੱਖ ਕਮਿਸ਼ਨਰ ਬਿਲਕੁਲ ਮਨਜ਼ੂਰ ਨਹੀਂ ਹੈ। ਸ਼੍ਰੋਮਣੀ ਕਮੇਟੀ ਨੇ ਸਖ਼ਤ ਸ਼ਬਦਾਂ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਇਸ ਫ਼ੈਸਲੇ 'ਤੇ ਮੁੜ ਗੌਰ ਕਰਨ ਲਈ ਤੇ ਕਿਸੇ ਸਿੱਖ ਨੂੰ ਹੀ ਗੁਰਦੁਆਰਾ ਚੋਣਾਂ ਲਈ ਮੁੱਖ ਕਮਿਸ਼ਨਰ ਲਾਏ ਜਾਣ ਲਈ ਕਿਹਾ ਹੈ। ਪੱਤਰ ਕਿਹਾ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਧਰਮ ਅਸਥਾਨਾਂ ਦੀ ਸੇਵਾ-ਸੰਭਾਲ ਵਾਲੀ ਸੰਸਥਾ ਹੈ, ਇਸ ਕਰਕੇ ਸਿੱਖਾਂ ਦੀਆਂ ਧਾਰਮਿਕ ਰਵਾਇਤਾਂ 'ਚ ਦਖ਼ਲਅੰਦਾਜੀ ਨਾ ਕੀਤੀ ਜਾਵੇ ਅਤੇ ਸਿੱਖ ਕੌਮ ਕਦੇ ਵੀ ਗੁਰਦੁਆਰਾ ਚੋਣ ਕਮਿਸ਼ਨ ਲਈ ਕਿਸੇ ਗੈਰ ਸਿੱਖ ਨੂੰ ਮੁੱਖ ਕਮਿਸ਼ਨਰ ਵਜੋਂ ਸਵੀਕਾਰ ਨਹੀਂ ਕਰ ਸਕਦੇ। ਗੁਰਦੁਆਰਾ ਕਮਿਸ਼ਨ ਦੇ ਗੈਰ-ਸਿੱਖ ਮੁੱਖ ਕਮਿਸ਼ਨਰ ਦਾ ਮੁੱਦਾ ਰਾਜਸੀ ਹਲਕਿਆਂ 'ਚ ਵੱਡਾ ਵਿਵਾਦ ਪੈਦਾ ਕਰ ਸਕਦਾ ਹੈ, ਕਿਉਂਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਖੁਦ ਸਿੱਖ ਹੋਣ ਕਾਰਨ ਇਹ ਮਾਮਲੇ ਬੇਲੋੜੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।

ਰਾਜਨੀਤੀ : ਜਗਦੀਸ਼ ਸਿੰਘ ਝੀਂਡਾ ਅਤੇ ਉਸਦੇ ਸਾਥੀਆਂ ਨੂੰ 14 ਅਕਤੂਬਰ ਨੂੰ ਦੁਬਾਰਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ

ਅੰਮ੍ਰਿਤਸਰ : ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦੇ ਮੁੱਦਈ ਜਗਦੀਸ਼ ਸਿੰਘ ਝੀਂਡਾ ਅਤੇ ਉਸਦੇ ਸਾਥੀਆਂ ਨੂੰ 14 ਅਕਤੂਬਰ ਨੂੰ ਦੁਬਾਰਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰ ਲਿਆ ਗਿਆ ਹੈ। ਕੁਰੂਕਸ਼ੇਤਰ ਦੇ ਗੁਰਦੁਆਰੇ 'ਤੇ ਜ਼ਬਰੀ ਕਬਜ਼ੇ ਦੇ ਮਾਮਲੇ 'ਚ ਝੀਂਡਾ ਅਤੇ ਉਸਦੇ 6 ਸਾਥੀ ਦੂਜੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ। ਪੰਜ ਸਿੰਘ ਸਾਹਿਬਾਨਾਂ ਨੇ ਦੋਹਾਂ ਧਿਰਾਂ ਦੇ ਪੱਖਾਂ ਦੀ ਪੂਰੀ ਘੋਖ-ਪੜਤਾਲ ਕਰਨ ਲਈ ਦੁਬਾਰਾ 14 ਅਕਤੂਬਰ ਨੂੰ ਝੀਂਡਾ ਤੇ ਸਾਥੀਆਂ ਨੂੰ ਬੁਲਾ ਲਿਆ ਹੈ। ਬਾਅਦ ਦੁਪਹਿਰ ਜਗਦੀਸ਼ ਸਿੰਘ ਝੀਂਡਾ ਅਤੇ ਉਸਦੇ ਸਾਥੀ ਅਵਤਾਰ ਸਿੰਘ ਚੱਕੂਲਦਾਣਾ, ਕੰਵਲਜੀਤ ਸਿੰਘ ਅਜਰਾਣਾ, ਹਜ਼ੂਰ ਸਿੰਘ ਨੰਬਰਦਾਰ ਅਤੇ ਜੋਗਾ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ। ਉਨ੍ਹਾਂ ਨਾਲ ਅੱਜ ਵੀ ਹਰਿਆਣਾ ਦੇ ਸਿੱਖ ਵੱਡੀ ਗਿਣਤੀ 'ਚ ਆਏ ਹੋਏ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਮਾਮਲੇ ਦੀ ਅਸਲੀਅਤ ਤੱਕ ਜਾਣ ਲਈ ਕੁਝ ਦਿਨ ਲੱਗਣਗੇ, ਜਿਸ ਕਰਕੇ ਝੀਂਡਾ ਤੇ ਸਾਥੀਆਂ ਨੂੰ ਦੁਬਾਰਾ 14 ਅਕਤੂਬਰ ਨੂੰ ਬੁਲਾਇਆ ਗਿਆ ਹੈ। ਇਸ ਪੂਰੇ ਮਾਮਲੇ ਵਿਚ ਜਿਥੇ ਰਾਜਨੀਤੀ ਝਲਕ ਰਹੀ ਹੈ, ਉਥੇ ਹਰਿਆਣਾ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਦਾ ਵੀ ਅਸਰ ਦਿਖਾ ਰਿਹਾ ਹੈ।

ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਸ਼ਕਤੀ ਖ਼ਤਮ : ਕੈਪਟਨ ਅਮਰਿੰਦਰ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਸ਼ਕਤੀ ਖ਼ਤਮ ਹੋ ਗਈ ਹੈ, ਜਿਸ ਕਰਕੇ ਉਹ ਪੰਜਾਬ ਨੂੰ ਦਿਨੋ-ਦਿਨ ਰਸਾਤਲ ਵੱਲ ਵੱਧਣ ਤੋਂ ਰੋਕਣ ਲਈ ਕੋਈ ਠੋਸ ਨਿਰਣਾ ਨਹੀਂ ਲੈ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਪੰਜਾਬ ਦੀ ਵਾਗਡੋਰ ਸੰਭਾਲੀ ਬੈਠੇ ਦੋਵੇਂ ਬਾਦਲ ਪਿਓ-ਪੁੱਤ ਦੀ ਸੋਚ 'ਚ ਬਹੁਤ ਵੱਡਾ ਪਾੜਾ ਹੈ, ਜਿਸ ਕਰਕੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਲੱਖਾਂ ਦੀ ਗੱਲ ਕਰ ਰਿਹਾ ਹੈ ਤੇ ਸੁਖਬੀਰ ਕਰੋੜਾਂ ਦੇ ਸੁਪਨੇ ਦੇਖ ਰਿਹਾ ਹੈ। ਇਨ੍ਹਾਂ ਦੇ ਨਾਕਾਮ ਸ਼ਾਸਨ ਕਾਰਨ ਹੀ ਪੰਜਾਬ 'ਚ ਬਿਜਲੀ, ਸਨਅਤ, ਖੇਤੀ ਤੇ ਮੁਲਾਜ਼ਮਾਂ ਦਾ ਭੱਠਾ ਬੈਠਦਾ ਜਾ ਰਿਹਾ ਹੈ। ਇਥੋਂ ਤੱਕ ਕਿ ਹੁਣ ਰਾਜਧਾਨੀ ਚੰਡੀਗੜ੍ਹ 'ਚ ਵੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ।

ਚੁਰਾਸੀ ਦੇ ਦੰਗਿਆਂ ਬਾਰੇ ਕੇਸ ਵਿਚੋਂ ਤਿੰਨ ਮੁਲਜ਼ਮ ਬਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੱਛਮੀ ਵਿਹਾਰ ਦੇ ਇਕ ਇਲਾਕੇ ਵਿਚ ਇਕ ਨੌਜਵਾਨ ਦੇ ਕਤਲ ਨਾਲ ਸਬੰਧਤ ਕੇਸ 'ਚ ਨਾਮਜ਼ਦ ਤਿੰਨਾਂ ਕਥਿਤ ਦੋਸ਼ੀਆਂ ਨੂੰ ਇਥੋਂ ਦੀ ਪਟਿਆਲਾ ਹਾਊਸ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ। ਉਧਰ ਪੀੜਤ ਧਿਰ ਵਲੋਂ ਇਸ ਫੈਸਲੇ ਦੀ ਕਾਪੀ ਮਿਲਣ ਮਗਰੋਂ ਹਾਈਕੋਰਟ ਵਿਚ ਇਸ ਨੂੰ ਚੁਣੌਤੀ ਦਿੱਤੀ ਜਾਵੇਗੀ।ਪਟਿਆਲਾ ਹਾਊਸ ਦੀ ਅਦਾਲਤ ਵਿਚ ਵਧੀਕ ਜੱਜ ਮਿਸ ਪਿੰਕੀ ਦੀ ਅਦਾਲਤ ਵਲੋਂ ਆਏ ਫੈਸਲੇ 'ਚ ਕਿਹਾ ਗਿਆ ਕਿ ਤਿੰਨ ਮੁਲਜ਼ਮਾਂ ਨੂੰ ਬਰੀ ਕੀਤਾ ਜਾਂਦਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਮੁਲਜ਼ਮਾਂ ਦੇ ਵਕੀਲ ਸੰਤੁਸ਼ਟ ਹਨ। ਗੁਰਬਖ਼ਸ਼ੀਸ਼ ਨਾਂ ਦੇ ਨੌਜਵਾਨ ਨੂੰ ਪਹਿਲੀ ਨਵੰਬਰ 1984 ਨੂੰ ਭੜਕੀ ਹੋਈ ਭੀੜ ਨੇ ਉਸਦੇ ਪੱਛਮ ਵਿਹਾਰ ਸਥਿਤ ਘਰ ਵਿਚੋਂ ਬਾਹਰ ਧੂਹ ਕੇ ਪਿਤਾ ਸਰਵਣ ਸਿੰਘ ਭਾਟੀਆ ਦੀਆਂ ਅੱਖਾਂ ਸਾਹਮਣੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਘਰ ਦੇ ਇਕ ਨੌਕਰ ਨੂੰ ਵੀ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਸਰਵਣ ਸਿੰਘ ਭਾਟੀਆ ਵਲੋਂ 2008 ਨੂੰ ਆਪਣੀ ਗਵਾਹੀ 'ਚ ਜਗਦੀਸ਼, ਈਸ਼ਵਰ ਸਿੰਘ ਤੇ ਸੱਜਣ ਦੀ ਸ਼ਨਾਖਤ ਕੀਤੀ ਗਈ ਸੀ ਤੇ ਇਨ੍ਹਾਂ ਤਿੰਨਾਂ ਨੂੰ ਉਸ ਭੀੜ ਦਾ ਹਿੱਸਾ ਦੱਸਿਆ ਗਿਆ ਸੀ।

ਅਡਵਾਨੀ 8 ਨਵੰਬਰ ਨੂੰ ਲੈਣਗੇ ਸੰਨਿਆਸ!

ਨਵੀਂ ਦਿੱਲੀ : ਭਾਜਪਾ ਦੇ ਚੋਟੀ ਦੇ ਨੇਤਾ ਐਲ ਕੇ ਅਡਵਾਨੀ ਵਲੋਂ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦੇ ਚਰਚਿਆਂ ਦਰਮਿਆਨ ਹੁਣ ਇਹ ਕਿਹਾ ਜਾਣ ਲੱਗਾ ਹੈ ਕਿ ਉਹ 8 ਨਵੰਬਰ ਨੂੰ ਇਹ ਕਦਮ ਚੁੱਕ ਸਕਦੇ ਹਨ। ਉਸ ਦਿਨ ਅਡਵਾਨੀ ਦਾ ਜਨਮ ਦਿਨ ਵੀ ਹੈ। ਉਹ ਹਰ ਕਦਮ ਨੂੰ ਯਾਦਗਾਰ ਬਣਾਉਣ ਦੀ ਆਪਣੀ ਆਦਤ ਮੁਤਾਬਕ ਉਸ ਦਿਨ ਦੀ ਵਰਤੋਂ ਇਸ ਮੰਤਵ ਲਈ ਕਰ ਸਕਦੇ ਹਨ। ਭਾਜਪਾ ਅਤੇ ਸੰਘ ਪਰਿਵਾਰ ਦੇ ਸੂਤਰਾਂ ਦਾ ਦਾਅਵਾ ਹੈ ਕਿ ਅਡਵਾਨੀ ਬੇਸ਼ਕ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲੈਣ, ਪਰ ਉਹਨਾਂ ਦੇ ਤਜਰਬੇ ਦਾ ਲਾਭ ਭਾਜਪਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਿਲਦਾ ਰਹੇਗਾ। ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਅਤੇ ਅਡਵਾਨੀ ਦਾ ਪਾਰਟੀ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਰਿਹਾ ਹੈ।ਸੂਤਰ ਦੱਸਦੇ ਹਨ ਕਿ 6 ਤੋਂ 12 ਨਵੰਬਰ ਤੱਕ ਹੋਣ ਵਾਲੀ ਸੰਘ ਦੀ ਬੈਠਕ ਵਿਚ ਇਸ ਮੁੱਦੇ 'ਤੇ ਪ੍ਰਮੁਖਤਾ ਨਾਲ ਵਿਚਾਰ ਹੋਵੇਗਾ।ਰਾਜਨਾਥ ਨੇ ਕੀਤਾ ਖੰਡਨ : ਇਸ ਦੌਰਾਨ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰਾਏਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਡਵਾਨੀ ਵਲੋਂ ਸਿਆਸਤ ਤੋਂ ਸੰਨਿਆਸ ਲੈਣ ਦੀਆਂ ਖਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਵਿਚ ਕੋਈ ਸੱਚਾਈ ਨਹੀਂ ਅਤੇ ਇਹ ਬੇਬੁਨਿਆਦ ਹਨ।