ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, November 26, 2009

26/11 ਦੇ ਸ਼ਹੀਦਾਂ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਂਜਲੀਆਂ

ਨਵੀਂ ਦਿੱਲੀ : ਦੇਸ਼ ਨੇ ਮੁੰਬਈ ਹਮਲਿਆਂ ਦੇ ਸ਼ਿਕਾਰ ਲੋਕਾਂ ਨੂੰ ਪਹਿਲੀ ਬਰਸੀ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ, ਜਦੋਂਕਿ ਪਿਛਲੇ ਸਾਲ ਦੀ ਦਹਿਸ਼ਤ ਤੋਂ ਉਹ ਲੋਕ ਹਾਲੇ ਤੱਕ ਉਭਰ ਨਹੀਂ ਸਕੇ, ਜਿਨ੍ਹਾਂ ਦੇ ਪਰਿਵਾਰ ਉਸ ਦਿਨ ਉਜੜ ਗਏ। ਮੁੰਬਈ ਵਾਸੀਆਂ ਲਈ ਅੱਜ ਦਾ ਦਿਨ ਵੀ ਆਮ ਦਿਨਾਂ ਵਾਂਗ ਹੀ ਸੀ, ਅਤੇ ਆਮ ਦਿਨਾਂ ਵਾਂਗ ਹੀ ਜਨਜੀਵਨ ਰਿਹਾ। ਲੋਕਾਂ ਨੇ ਸੀ.ਐਸ.ਟੀ., ਓਬਰਾਏ, ਤਾਜ ਅਤੇ ਨਰੀਮਨ ਹਾਊਸ 'ਚ ਅੱਤਵਾਦੀ ਹਮਲੇ ਦੇ ਸ਼ਿਕਾਰ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਨ੍ਹਾਂ ਥਾਵਾਂ 'ਤੇ ਪਿਛਲੇ ਸਾਲ 26 ਨਵੰਬਰ ਨੂੰ 10 ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕਰਕੇ 166 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ 304 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਦੇਸ਼ ਦੀ ਪਾਰਲੀਮੈਂਟ 'ਚ ਅੱਜ 26/11 ਦੇ ਸ਼ਹੀਦਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਮਾਰੇ ਗਏ ਲੋਕਾਂ ਦੀ ਯਾਦ 'ਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੇ ਇਕ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪਾਰਲੀਮੈਂਟ 'ਚ ਅੱਤਵਾਦ ਨਾਲ ਇਕਮੁੱਠ ਹੋ ਕੇ ਲੜਨ ਦਾ ਪ੍ਰਣ ਵੀ ਕੀਤਾ ਗਿਆ। ਦੂਜੇ ਪਾਸੇ ਸ਼ਰਧਾਂਜਲੀ ਸਮਾਗਮ ਮੌਕੇ ਪਾਰਲੀਮੈਂਟ 'ਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਆਗੂਆਂ ਵਿਚਾਲੇ ਤਕਰਾਰਬਾਜ਼ੀ ਵੀ ਹੋਈ। ਵਿਰੋਧੀ ਧਿਰ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਮੁੰਬਈ ਹਮਲਿਆਂ ਦੇ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਦੇ ਉਚਿਤ ਪ੍ਰਬੰਧ ਨਹੀਂ ਕੀਤੇ, ਜਿਸ ਦੇ ਜੁਆਬ 'ਚ ਸਦਨ ਦੇ ਆਗੂ ਪ੍ਰਣਬ ਮੁਖਰਜੀ ਨੇ ਪਲਟਵਾਂ ਵਾਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਇਸ ਸੰਵੇਦਨਸ਼ੀਲ ਮੌਕੇ 'ਤੇ ਸਿਆਸੀਕਰਨ ਕਰ ਰਿਹਾ ਹੈ। ਇਸ ਤੋਂ ਬਾਅਦ ਦੋਵਾਂ ਆਗੂਆਂ 'ਚ ਕਾਫ਼ੀ ਨੋਕ-ਝੋਕ ਹੋਈ।

ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿਚ ਲਿਬਰਹਾਨ ਰਿਪੋਰਟ ਸਰਕਾਰ ਨੇ ਸੀਬੀਆਈ ਨੂੰ ਸੌਂਪ ਦਿੱਤੀ

ਨਵੀਂ ਦਿੱਲੀ : ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿਚ ਲਿਬਰਹਾਨ ਕਮਿਸ਼ਨ ਵਲੋਂ ਪੇਸ਼ ਕੀਤੀ ਗਈ ਰਿਪੋਰਟ ਕੇਂਦਰ ਸਰਕਾਰ ਨੇ ਸੀ ਬੀ ਆਈ ਨੂੰ ਸੌਂਪ ਦਿੱਤੀ ਹੈ। ਇਹ ਰਿਪੋਰਟ ਬਹੁਤ ਅਹਿਮੀਅਤ ਰੱਖਦੀ ਹੈ ਕਿਉਂਕਿ ਸੀ ਬੀ ਆਈ ਵੱਖ ਵੱਖ ਅਦਾਲਤਾਂ ਵਿਚ ਇਸ ਘਟਨਾ ਨਾਲ ਸਬੰਧਤ ਕੇਸਾਂ ਦੀ ਪੈਰਵੀ ਕਰ ਰਹੀ ਹੈ। ਹੁਣ ਸੀ ਬੀ ਆਈ ਵਲੋਂ ਇਸ ਰਿਪੋਰਟ ਦਾ ਅਧਿਐਨ ਕਰਨ ਬਾਅਦ ਇਹ ਫੈਸਲਾ ਕੀਤਾ ਜਾਏਗਾ ਕਿ ਕੀ ਚੱਲ ਰਹੇ ਕੇਸਾਂ ਦੇ ਸਬੰਧ ਵਿਚ ਇਸ ਰਿਪੋਰਟ ਦੇ ਅਧਾਰ 'ਤੇ ਕੋਈ ਨਵੇਂ ਸਬੂਤ ਪੇਸ਼ ਕੀਤੇ ਜਾ ਸਕਦੇ ਹਨ ਜਾਂ ਨਹੀਂ। ਰਿਪੋਰਟ ਵਿਚ 68 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੂਜੇ ਪਾਸੇ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਨੇ ਆਪਣੀ ਰਿਪੋਰਟ ਵਿਚ ਅਟੱਲ ਬਿਹਾਰੀ ਵਾਜਪਾਈ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੀ ਗੱਲ ਦਾ ਖੰਡਨ ਕਰਦਿਆਂ ਆਖਿਆ ਕਿ ਸ੍ਰੀ ਵਾਜਪਾਈ ਦੀ ਹਾਜ਼ਰੀ ਬਾਰੇ ਗੱਲ ਤਾਂ ਕੀਤੀ ਗਈ ਹੈ, ਪਰ ਰਿਪੋਰਟ ਵਿਚ ਕਿਧਰੇ ਵੀ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਰਿਪੋਰਟ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਜਥੇਦਾਰ ਅਵਤਾਰ ਸਿੰਘ ਮੱਕੜ ਪੰਜਵੀਂ ਵਾਰ ਪ੍ਰਧਾਨ

ਅੰਮ੍ਰਿਤਸਰ : ਵਾਹਿਗੁਰੂ ਦੇ ਓਟ-ਆਸਰੇ ਦਾ ਦਮ ਭਰਨ ਵਾਲੇ ਜਥੇਦਾਰ ਮੱਕੜ 'ਤੇ ਇਸ ਵਾਰ ਫ਼ਿਰ ਬਾਦਲ ਦੀ ਫ਼ੁੱਲ ਕਿਰਪਾ ਰਹੀ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਵਿਚ ਜਥੇਦਾਰ ਅਵਤਾਰ ਸਿੰਘ ਮੱਕੜ ਪੰਜਵੀਂ ਵਾਰ ਮੁੜ ਪ੍ਰਧਾਨ ਬਣ ਗਏ। ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਜਨਰਲ ਇਜਲਾਸ ਦੌਰਾਨ 139 ਵੋਟਾਂ ਪ੍ਰਾਪਤ ਕਰਕੇ ਜਥੇਦਾਰ ਮੱਕੜ ਪ੍ਰਧਾਨ ਬਣ ਗਏ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲਈ ਇਸ ਵਾਰ ਫ਼ਿਰ ਸੱਤਾਧਾਰੀ ਧਿਰ ਦੇ ਸਾਰੇ ਮੈਂਬਰਾਂ ਨੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਸਨ। ਪ੍ਰਧਾਨਗੀ ਦੀ ਚੋਣ ਲਈ ਹੋਏ ਜਨਰਲ ਇਜਲਾਸ ਦੌਰਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਨਾਂ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖ਼ਾਲਸਾ ਨੇ ਇਸ ਦੀ ਤਾਈਦ ਕੀਤੀ। ਦੂਜੇ ਪਾਸੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣੇ ਸਾਰੇ ਅਧਿਕਾਰ ਮਨਜੀਤ ਸਿੰਘ ਕਲਕੱਤਾ ਨੂੰ ਦਿੱਤੇ ਸਨ, ਜਿਨ੍ਹਾਂ ਨੇ ਹਰਬੰਸ ਸਿੰਘ ਕੰਧੋਲਾ ਦਾ ਨਾਂ ਪੇਸ਼ ਕੀਤਾ। ਦੋਹਾਂ ਪਾਸਿਓਂ ਰੌਲੇ-ਰੱਪੇ ਤੋਂ ਬਾਅਦ ਹੋਈ ਵੋਟਿੰਗ ਵਿਚ 164 ਵੋਟਾਂ ਪਈਆਂ, ਜਿਨ੍ਹਾਂ ਵਿਚੋਂ 139 ਵੋਟਾਂ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਹਾਸਲ ਕੀਤੀਆਂ ਅਤੇ ਹਰਬੰਸ ਸਿੰਘ ਕੰਧੋਲਾ ਨੂੰ ਸਿਰਫ਼ 25 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਇਸ ਤਰ੍ਹਾਂ ਜਥੇਦਾਰ ਮੱਕੜ ਦੀ ਪ੍ਰਧਾਨਗੀ ਲਈ ਜਨਰਲ ਇਜਲਾਸ ਵਿਚ ਬਹੁਗਿਣਤੀ ਮੈਂਬਰਾਂ ਨੇ ਜੈਕਾਰੇ ਲਗਾ ਦਿੱਤੇ।

Saturday, November 21, 2009

ਜਸਟਿਸ ਹਰਫੂਲ ਸਿੰਘ ਬਰਾੜ ਬਣੇ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ

ਜਸਟਿਸ ਹਰਫੂਲ ਸਿੰਘ ਬਰਾੜ ਨੂੰ ਗੁਰਦੁਆਰਾ ਚੋਣ ਕਮਿਸ਼ਨ ਦਾ ਨਵਾਂ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਕੇਂਦਰੀ ਗ੍ਰਹਿ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਹਨ। ਜਸਟਿਸ ਬਰਾੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਹਨ। ਗੁਰਦੁਆਰਾ ਚੋਣ ਕਮਿਸ਼ਨ ਦੇ ਪਹਿਲੇ ਚੇਅਰਮੈਨ ਜਸਟਿਸ ਜੇ. ਸੀ. ਵਰਮਾ ਵਲੋਂ ਆਪਣੇ ਅਹੁਦੇ ਤੋਂ 16 ਨਵੰਬਰ ਨੂੰ ਦਿੱਤਾ ਅਸਤੀਫ਼ਾ ਕੇਂਦਰੀ ਗ੍ਰਹਿ ਵਿਭਾਗ ਵਲੋਂ ਪ੍ਰਵਾਨ ਕਰਨ ਤੋਂ ਬਾਅਦ ਜਸਟਿਸ ਹਰਫ਼ੂਲ ਸਿੰਘ ਬਰਾੜ ਨੂੰ ਨਵਾਂ ਚੇਅਰਮੈਨ ਲਾਉਣ ਦਾ ਫ਼ੈਸਲਾ ਲਿਆ ਹੈ। ਜਸਟਿਸ ਵਰਮਾ ਦੀ ਨਿਯੁਕਤੀ 'ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਉਨ੍ਹਾਂ ਦੇ ਗੈਰ-ਸਿੱਖ ਹੋਣ ਕਰਕੇ ਇਤਰਾਜ਼ ਉਠਾਏ ਜਾ ਰਹੇ ਸਨ। ਇਤਰਾਜ਼ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਹੁਣ ਤੱਕ ਇਸ ਕਮਿਸ਼ਨ ਦਾ ਚੇਅਰਮੈਨ ਹਮੇਸ਼ਾ ਕਿਸੇ ਸਿੱਖ ਜੱਜ ਨੂੰ ਨਿਯੁਕਤ ਕੀਤਾ ਜਾਂਦਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਸਟਿਸ ਜੇ. ਸੀ. ਵਰਮਾ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਸਤੀਫ਼ਾ ਦੇਣ ਦੀ ਰਾਏ ਦਿੱਤੀ ਗਈ ਸੀ, ਤਾਂ ਜੋ ਇਸ ਮੁੱਦੇ 'ਤੇ ਚੱਲ ਰਿਹਾ ਵਿਵਾਦ ਖਤਮ ਕਰਕੇ ਗੁਰਦੁਆਰਾ ਚੋਣਾਂ ਲਈ ਰਾਹ ਪੱਧਰਾ ਕੀਤਾ ਜਾ ਸਕੇ। ਪੰਜਾਬ ਸਰਕਾਰ ਵਲੋਂ ਜਸਟਿਸ ਹਰਫੂਲ ਸਿੰਘ ਦੇ ਨਾਂ ਦੀ ਸਿਫਾਰਿਸ਼ ਲਿਖਤੀ ਤੌਰ 'ਤੇ ਕੁਝ ਦਿਨ ਪਹਿਲਾਂ ਭੇਜੀ ਗਈ ਸੀ, ਜਿਸ ਨੂੰ ਕੇਂਦਰੀ ਗ੍ਰਹਿ ਵਿਭਾਗ ਵਲੋਂ ਪ੍ਰਵਾਨ ਕਰਦਿਆਂ ਉਨ੍ਹਾਂ ਦੀ ਨਿਯੁਕਤੀ ਸਬੰਧੀ ਬਾਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ।

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਪਿੱਛੇ ਸਿਆਸੀ ਉਦੇਸ਼ : ਪ੍ਰੋ. ਦਰਸ਼ਨ ਸਿੰਘ

ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਪਿੱਛੇ ਸਿਆਸੀ ਉਦੇਸ਼ ਕੰਮ ਕਰ ਰਹੇ ਹਨ, ਪਰ ਫ਼ਿਰ ਵੀ ਉਹ 5 ਦਸੰਬਰ ਨੂੰ ਤਖ਼ਤ 'ਤੇ ਪੇਸ਼ ਹੋਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਵਿਰੁੱਧ ਸਾਰੀ ਸਾਜ਼ਿਸ਼ ਪਿੱਛੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਹੱਥ ਹੈ। ਸਾਬਕਾ ਜਥੇਦਾਰ ਨੇ ਕਿਹਾ ਕਿ ਉਹ ਇਕ ਨਿਮਾਣੇ ਸਿੱਖ ਵਜੋਂ ਨਿਯਤ ਸਮੇਂ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨਗੇ। ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਕਿ 5 ਦਸੰਬਰ ਨੂੰ ਉਹ ਸਿੰਘ ਸਾਹਿਬਾਨ ਅੱਗੇ ਕਿਸੇ ਬੰਦ ਕਮਰੇ 'ਚ ਪੇਸ਼ ਨਹੀਂ ਹੋਣਗੇ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੰਗਤ ਦੀ ਹਾਜ਼ਰੀ ਵਿਚ ਆਪਣਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਅਮਰੀਕਾ 'ਚ ਸਮਾਗਮ ਦੌਰਾਨ ਜੋ ਕਿਹਾ ਸੀ ਉਹ ਠੀਕ ਕਿਹਾ ਸੀ ਤੇ ਡਾ. ਜੋਧ ਸਿੰਘ ਵਲੋਂ ਦਸਮ ਗ੍ਰੰਥ ਦੇ ਕੀਤੇ ਉਲਥੇ 'ਚ ਇਹ ਗੱਲ ਦਰਜ ਹੈ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਸੰਤ ਸਮਾਜ ਤੇ ਡੇਰੇਦਾਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਉਨ੍ਹਾਂ ਦੀਆਂ ਵੋਟਾਂ ਹਾਸਲ ਕੀਤੀ ਜਾ ਸਕਣ। ਦੂਜੇ ਪਾਸੇ ਲੁਧਿਆਣਾ ਸਮੇਤ ਪੰਜਾਬ ਭਰ ਵਿਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਵਲੋਂ ਪ੍ਰੋ. ਦਰਸ਼ਨ ਸਿੰਘ ਵਿਰੁੱਧ ਰੋਸ ਵਿਖਾਵੇ ਕੀਤੇ ਗਏ, ਜਿਸ ਵਿਚ ਉਨ੍ਹਾਂ ਦੇ ਪੁਤਲੇ ਵੀ ਸਾੜੇ ਗਏ।

Thursday, November 19, 2009

ਕੈਨੇਡਾ ਦੇ ਪ੍ਰਧਾਨ ਮੰਤਰੀ ਹਾਰਪਰ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ : ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ। ਸ੍ਰੀ ਹਾਰਪਰ ਸਵੇਰੇ ਕਰੀਬ 12 ਵਜੇ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਪੁੱਜੇ, ਜਿਥੇ ਉਨ੍ਹਾਂ ਦਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਅਤੇ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀ ਸ੍ਰੀ ਹਾਰਪਰ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਪੁੱਜੇ। ਬਾਅਦ ਦੁਪਹਿਰ 1 ਵਜੇ ਸ੍ਰੀ ਹਾਰਪਰ ਘੰਟਾ ਘਰ ਵਾਲੇ ਪਾਸਿਓਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਦਾਖ਼ਲ ਹੋਏ। ਇਸ ਤੋਂ ਬਾਅਦ ਉਨ੍ਹਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਮੁੱਖ ਗ੍ਰੰਥੀ ਜਸਵਿੰਦਰ ਸਿੰਘ ਨੇ ਸ੍ਰੀ ਹਾਰਪਰ ਨੂੰ ਸਿਰੋਪਾ ਦਿੱਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਫ਼ੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ। ਸ੍ਰੀ ਹਾਰਪਰ ਕਰੀਬ ਪੌਣਾ ਘੰਟਾ ਸ੍ਰੀ ਦਰਬਾਰ ਸਾਹਿਬ ਵਿਖੇ ਰਹੇ। ਇਸ ਤੋਂ ਬਾਅਦ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿਚ ਨਿੱਘਾ ਸਵਾਗਤ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਨਮਾਨ ਚਿੰਨ੍ਹ ਭੇਟ ਕਰਕੇ ਨਿਵਾਜ਼ਿਆ ਗਿਆ। ਸ੍ਰੀ ਹਾਰਪਰ ਨੇ ਸ੍ਰੀ ਦਰਬਾਰ ਸਾਹਿਬ ਦੀ ਵਿਜ਼ਿਟਿੰਗ ਬੁੱਕ 'ਚ ਆਪਣੇ ਵਿਚਾਰ ਦਰਜ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਅੱਜ ਰੂਹਾਨੀਅਤ ਦੇ ਇਸ ਕੇਂਦਰ ਵਿਚ ਆ ਕੇ ਅਜਿਹਾ ਸਕੂਨ ਤੇ ਰੂਹਾਨੀ ਆਨੰਦ ਮਿਲਿਆ ਹੈ, ਜਿਹੜਾ ਉਨ੍ਹਾਂ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ, ਭਾਈਚਾਰਕ ਸੰਦੇਸ਼ ਉਨ੍ਹਾਂ ਦੇ ਚੇਤੇ 'ਚ ਸਦੀਵੀ ਯਾਦ ਬਣ ਕੇ ਰਹਿਣਗੇ।ਦੂਜੇ ਪਾਸੇ ਕਾਮਾਗਾਟਾਮਾਰੂ ਕਾਂਡ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਮੁਆਫ਼ੀ ਦੀ ਮੰਗ ਕਰਨ ਵਾਲੇ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵਲੋਂ ਜੱਲ੍ਹਿਆਂ ਵਾਲੇ ਬਾਗ 'ਚ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੂਰੇ ਅੰਮ੍ਰਿਤਸਰ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਅੱਜ ਸਵੇਰ ਤੋਂ ਹੀ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ 'ਚ ਸੰਗਤਾਂ ਦੀ ਆਮਦ ਘੱਟ ਸੀ।

ਐਚ. ਕੇ. ਦੂਆ ਰਾਜ ਸਭਾ ਦੇ ਮੈਂਬਰ ਨਾਮਜ਼ਦ

ਚੰਡੀਗੜ੍ਹ : ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਵਾਲੇ 'ਟ੍ਰਿਬਿਊਨ ਸਮੂਹ' ਦੇ ਚੀਫ ਐਡੀਟਰ ਸ੍ਰੀ ਐਚ. ਕੇ. ਦੂਆ ਅਤੇ ਹਿੰਦੁਸਤਾਨ ਲੀਵਰ ਲਿਮਟਿਡ ਦੇ ਸਾਬਕਾ ਚੇਅਰਮੈਨ ਏ. ਕੇ. ਗਾਂਗੁਲੀ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਦੇ ਨਾਂਅ ਪ੍ਰਵਾਨਗੀ ਲਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਕੋਲ ਭੇਜ ਦਿੱਤੇ ਗਏ ਹਨ। ਰਾਸ਼ਟਰਪਤੀ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦੀ ਰਾਏ 'ਤੇ ਰਾਜ ਸਭਾ ਲਈ 8 ਨਾਮਜ਼ਦਗੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਪੱਤਰਕਾਰ, ਕਲਾਕਾਰ, ਸਾਇੰਸਦਾਨ ਅਤੇ ਅਰਥ ਸ਼ਾਸਤਰੀਆਂ ਤੋਂ ਇਲਾਵਾ ਮੈਡੀਕਲ ਖੇਤਰ ਦੇ ਮਾਹਿਰ ਅਤੇ ਨਾਮੀ ਖਿਡਾਰੀ ਵੀ ਸ਼ਾਮਿਲ ਹੋ ਸਕਦੇ ਹਨ, ਸਬੰਧੀ ਮਿਲੀ ਸੂਚਨਾ ਅਨੁਸਾਰ ਜੋ ਸਿਫ਼ਾਰਸ਼ਾਂ ਮੌਜੂਦਾ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਵੱਲੋਂ ਰਾਸ਼ਟਰਪਤੀ ਨੂੰ ਭੇਜੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਸ੍ਰੀ ਐਚ.ਕੇ. ਦੂਆ, ਸ੍ਰੀ ਗਾਂਗੁਲੀ ਤੋਂ ਇਲਾਵਾ ਉਰਦੂ ਗੀਤਕਾਰ ਜਾਵੇਦ ਅਖ਼ਤਰ, ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ੍ਰੀ ਰੰਗਾਰਾਜਨ ਅਤੇ ਸਾਇੰਸ ਦੇ ਖੇਤਰ ਵਿਚੋਂ 'ਈਸਰੋ' ਦੇ ਚੇਅਰਮੈਨ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਹੈ। ਉਕਤ ਨਾਮਜ਼ਦਗੀਆਂ ਸਬੰਧੀ ਬਕਾਇਦਾ ਐਲਾਨ ਆਉਂਦੇ ਕੁਝ ਦਿਨਾਂ ਦੌਰਾਨ ਹੋ ਜਾਣ ਦੀ ਸੰਭਾਵਨਾ ਹੈ।

ਸੰਗਤ ਰਾਗੀ ਦਰਸ਼ਨ ਸਿੰਘ ਨੂੰ ਸਹਿਯੋਗ ਨਾ ਦੇਵੇ : ਮੱਕੜ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਸਾਬਕਾ ਜਥੇਦਾਰ ਸ. ਦਰਸ਼ਨ ਸਿੰਘ ਵਲੋਂ ਪਿਛਲੇ ਕੁਝ ਸਮੇਂ ਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਿਤਰ 'ਤੇ ਕਿੰਤੂ-ਪ੍ਰੰਤੂ ਕੀਤੇ ਜਾਣ ਸਬੰਧੀ ਕੀਤਾ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ ਨਾ-ਕਾਬਲੇ ਮੁਆਫ਼ੀ ਗੁਨਾਹ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੇ ਵਿਰੁਧ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਰਾਗੀ ਦਰਸ਼ਨ ਸਿੰਘ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਖ਼ਸ਼ੀਅਤ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਸਿੱਖ ਸੰਗਤਾਂ ਦੇ ਕੰਨ ਸੁਣ ਨਹੀਂ ਸਕਦੀ ਅਤੇ ਨਾ ਹੀ ਕੋਈ ਸਿੱਖ ਇਸ ਨੂੰ ਬਰਦਾਸ਼ਤ ਕਰ ਸਕਦਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦਾ ਚਰਿਤਰ ਹਨਨ ਕਰਨ ਵਾਲੇ ਸਾਬਕਾ ਜਥੇਦਾਰ ਨੂੰ ਤੁਰੰਤ ਪੰਥ ਵਿਚੋਂ ਛੇਕਿਆ ਜਾਵੇ। ਉਨ੍ਹਾਂ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਗੁਰੂ ਘਰਾਂ ਨੂੰ ਅਪੀਲ ਕੀਤੀ ਕਿ ਰਾਗੀ ਦਰਸ਼ਨ ਸਿੰਘ ਨੂੰ ਕਿਸੇ ਵੀ ਮੰਚ ਤੋਂ ਕਥਾ ਵਿਖਿਆਨ ਜਾਂ ਕੀਰਤਨ ਦਾ ਸਮਾਂ ਨਾ ਦਿੱਤਾ ਜਾਵੇ।

Wednesday, November 18, 2009

ਗ੍ਰਿਫਤਾਰੀ ਦੇ ਡਰੋਂ ਟਾਈਟਲਰ ਲੰਡਨ `ਚ ਨਾ ਵੜ੍ਹਿਆ

ਕਾਮਨਵੈਲਥ ਖੇਡਾਂ ਬਾਰੇ ਸਮਾਗਮ `ਚ ਜਾਣ ਦੀ ਸੀ ਯੋਜਨਾ, ਸਿੱਖ ਜਥੇਬੰਦੀਆਂ ਨੇ ਕੀਤਾ ਸੀ ਵਿਰੋਧ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਤੋਂ ਕਾਮਨਵੈਲਥ ਖੇਡਾਂ ਦੀ ਮਸ਼ਾਲ ਲੈਣ ਗਏ ਵਫ਼ਦ ਵਿਚ ਸਿੱਖ ਕਤਲੇਆਮ ਵਿਚ ਕਥਿਤ ਤੌਰ `ਤੇ ਸ਼ਾਮਲ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਨਾਂ ਵੀ ਸ਼ਾਮਲ ਸੀ ਪਰ ਐਨ ਆਖ਼ਰੀ ਮੌਕੇ `ਤੇ ਉਸ ਨੂੰ ਨਹੀਂ ਲਿਜਾਇਆ ਗਿਆ, ਕਿਉਂਕਿ ਬ੍ਰਿਟੇਨ ਦੀਆਂ ਸਿੱਖ ਜਥੇਬੰਦੀਆਂ ਨੇ ਸਕਾਟਲੈਂਡ ਯਾਰਡ ਪੁਲਿਸ ਤੋਂ 1984 ਦੇ ਕਤਲੇਆਮ ਵਿਚ ਭੂਮਿਕਾ ਲਈ ਸਾਬਕਾ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।
ਬਰਤਾਨੀਆ ਦੇ ਸੰਸਦ ਮੈਂਬਰ ਅਤੇ ਸਿੱਖਾਂ ਬਾਰੇ ਸਰਬ ਪਾਰਟੀ ਸਮੂਹ ਦੇ ਮੁਖੀ ਰੌਬ ਮੌਰਿਸ ਨੇ ਦਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ 29 ਅਕਤੂਬਰ ਨੂੰ ਟਾਈਟਲਰ ਦੀ ਬਰਤਾਨੀਆ ਫੇਰੀ `ਤੇ ਇਤਰਾਜ਼ ਜ਼ਾਹਰ ਕੀਤਾ ਸੀ। ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਮੌਰਿਸ ਵਲ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੂੰ ਪੱਤਰ ਲਿੱਖਣ ਤੋਂ ਕੁੱਝ ਸਮੇਂ ਬਾਅਦ ਹੀ ਟਾਈਟਲਰ ਨੂੰ ਵਫ਼ਦ ਤੋਂ ਬਾਹਰ ਕਰ ਦਿਤਾ ਗਿਆ। ਓਧਰ ਇਹ ਵੀ ਇਤਲਾਹ ਹੈ ਕਿ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਉਸ ਨੂੰ ਟਾਈਟਲਰ ਦੇ ਭਾਰਤੀ ਵਫ਼ਦ ਵਿਚ ਆਉਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ।
‘ਆਇਰਸ਼ ਸਨ’ ਅਖ਼ਬਾਰ ਅਨੁਸਾਰ ਡੇਵਿਡ ਮਿਲੀਬੈਂਡ ਨੂੰ ਲਿੱਖੇ ਪੱਤਰ ਵਿਚ ਮੌਰਿਸ ਨੇ ਟਾਈਟਲਰ ਨੂੰ ਭਾਰਤ ਦਾ ਇਕ ਵਿਵਾਦਤ ਸਿਆਸਤਦਾਨ ਕਰਾਰ ਦਿਤਾ ਜੋ ਕਿ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਸ਼ਾਮਲ ਸੀ। ਇਸ ਕਤਲੇਆਮ ਵਿਚੋਂ ਬਚੇ ਕਈ ਸਿੱਖ ਬਰਤਾਨੀਆ ਵਿਚ ਰਹਿ ਰਹੇ ਹਨ ਜਦਕਿ ਉਨ੍ਹਾਂ ਦੇ ਨਜ਼ਦੀਕੀ ਮਾਰੇ ਗਏ ਸਨ। ਮੌਰਿਸ ਨੇ ਲਿਖਿਆ, ‘ਅਜਿਹਾ ਘਿਨੌਣਾ ਜੁਰਮ ਕਰਨ ਵਾਲੇ ਨੂੰ ਬਰਤਾਨੀਆ ਵਿਚ ਦਾਖ਼ਲਾ ਦੇਣਾ ਸਿੱਖ ਬਰਦਾਸ਼ਤ ਨਹੀਂ ਕਰਨਗੇ।’ ਉਨ੍ਹਾਂ ਬਰਤਾਨਵੀ ਸੰਸਦ ਵਿਚ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਸਿੱਖ ਕਤਲੇਆਮ ਦੀ 25ਵੀਂ ਬਰਸੀ ਮਨਾਉਣ ਦਾ ਵੀ ਸੱਦਾ ਦਿਤਾ। ਮੀਟਿੰਗ ਦੌਰਾਨ ਮੌਰਿਸ ਨੇ ਕਿਹਾ, ‘ਤੁਸੀਂ ਮੈਟਰੋਪਾਲੀਟਨ ਪੁਲਿਸ ਕੋਲ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਜਗਦੀਸ਼ ਟਾਈਟਲਰ ਤੋਂ ਪੁਛਗਿਛ ਕਰੋ। ਤੁਹਾਨੂੰ ਉਥੇ ਪੁਖ਼ਤਾ ਸਬੂਤਾਂ ਨਾਲ ਮੌਜੂਦ ਰਹਿਣਾ ਹੋਵੇਗਾ। ਸਾਨੂੰ ਉਥੇ ਸੈਂਕੜੇ ਲੋਕਾਂ ਦੀ ਨਹੀਂ ਸਗੋਂ ਦੋ ਜਾਂ ਤਿੰਨ ਆਗੂਆਂ ਦੀ ਲੋੜ ਹੋਵੇਗੀ ਤਾਕਿ ਜਦੋਂ ਹੀ ਟਾਈਟਲਰ ਬਰਤਾਨੀਆ ਦੀ ਧਰਤੀ `ਤੇ ਕਦਮ ਰੱਖੇ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।’

Saturday, November 14, 2009

ਭਾਈ ਦਲਜੀਤ ਸਿੰਘ ਬਿੱਟੂ ਬਾਇੱਜ਼ਤ ਬਰੀ

ਬਰਨਾਲਾ : ਜ਼ਿਲ੍ਹਾ ਵਧੀਕ ਤੇ ਸੈਸ਼ਨ ਅਦਾਲਤ ਨੇ ਇਕ ਅਹਿਮ ਫ਼ੈਸਲੇ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਨੂੰ ਇਕ ਦੇਸ਼ ਧ੍ਰੋਹ ਤੇ ਬਗ਼ਾਵਤ ਦੇ ਮਾਮਲੇ 'ਚੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਹ ਮਾਮਲਾ ਬਰਨਾਲਾ ਜ਼ਿਲ੍ਹੇ ਵਿਚ 2006 'ਚ ਟਾਰਈਡੈਂਟ ਕੰਪਨੀ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੌਰਾਨ ਭਾਈ ਬਿੱਟੂ ਵਲੋਂ ਦਿੱਤੇ ਸਮਰਥਨ ਦੌਰਾਨ ਦਰਜ ਕੀਤਾ ਗਿਆ ਸੀ।ਭਾਈ ਬਿੱਟੂ ਦੇ ਵਕੀਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਭਾਈ ਬਿੱਟੂ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

Monday, November 9, 2009

ਮਹਾਰਾਸ਼ਟਰ ਵਿਧਾਨ ਸਭਾ `ਚ ਹਿੰਦੀ ਭਾਸ਼ਾ `ਚ ਸਹੁੰ ਚੁੱਕ ਰਹੇ ਵਿਧਾਇਕ ਅਬੂ ਆਜ਼ਮੀ ਦੀ ਰਾਜ ਠਾਕਰੇ ਦੇ ਹਮਾਇਤੀਆਂ ਵਲੋਂ ਕੁਟਮਾਰ

ਮਹਾਰਾਸ਼ਟਰ ਵਿਧਾਨ ਸਭਾ 'ਚ ਹਿੰਦੀ ਭਾਸ਼ਾ 'ਚ ਸੌਂਹ ਚੁੱਕਣ ਨੂੰ ਲੈ ਕੇ ਐਮਐਨਐਸ ਦੇ ਵਿਧਾਇਕ ਗੁੰਡਾਗਰਦੀ ਕਰਦੇ ਨਜ਼ਰ ਆਏ। ਐਮਐਨਐਸ ਦੇ ਵਿਧਾਇਕਾਂ ਨੇ ਸਪਾ ਵਿਧਾਇਕ ਅਬੂ ਆਜ਼ਮੀ ਦਾ ਮਾਈਕ ਖੋਹਣ ਤੋਂ ਇਲਾਵਾ ਉਨ੍ਹਾਂ ਦੇ ਕਸੁੰਨ ਵੀ ਲਾਏ। ਅਬੂ ਆਜ਼ਮੀ ਦਾ ਗੁਨਾਹ ਇਨ੍ਹਾ ਹੀ ਸੀ ਕਿ ਉਹ ਉਸ ਭਾਸ਼ਾ 'ਚ ਸੌਂਹ ਲੈਣ ਦੀ ਕੋਸ਼ਿਸ ਕਰ ਰਹੇ ਸਨ,ਜੋ ਦੇਸ਼ ਦੇ 35 ਫ਼ੀਸਦੀ ਤੋਂ ਜ਼ਿਆਦਾ ਲੋਕ ਬੋਲਦੇ ਹਨ ਅਤੇ 60 ਤੋਂ 70 ਫ਼ੀਸਦੀ ਤੱਕ ਲੋਕ ਸਮਝਦੇ ਹਨ। ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਚੌਹਾਣ ਚੁੱਪਚਾਪ ਸਦਨ 'ਚ ਦੇਖਦੇ ਰਹੇ।ਐਮਐਨਐਸ ਦੇ ਵਿਧਾਇਕਾਂ - ਸ਼ਿਸਰ ਸ਼ਿੰਦੇ ਅਤੇ ਰਾਮ ਕਦਮ ਨੇ ਇਸ ਹੰਗਾਮੇ ਦੀ ਅਗਵਾਈ ਕੀਤੀ।

ਆਸਾਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਸ਼ਿਕਾਇਤ ਦਰਜ਼

ਅਹਿਮਦਾਬਾਦ : ਗੁਜਰਾਤ ਸੀਆਈਡੀ ਨੇ ਆਸ਼ਰਮ ਗੁਰੂਕੁਲ 'ਚ ਪਿੱਛਲੇ ਸਾਲ ਦੋ ਲੜਕਿਆਂ ਦੀ ਸ਼ੱਕੀ ਮੌਤ ਦੇ ਸਿਲਸਿਲੇ 'ਚ ਆਸਾਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਅੱਜ ਮਾਮਲਾ ਦਰਜ਼ ਕਰਵਾਇਆ।ਪੁਲਿਸ ਦੇ ਨੇ ਦੱਸਿਆ ਹੈ ਕਿ ਸੀਆਈਡੀ ਨੇ ਜਾਂਚ ਬਾਅਦ ਆਸਾਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 304 ਤਹਿਤ ਮਾਮਲਾ ਦਰਜ਼ ਕਰਵਾਇਆ ਹੈ।ਇਨ੍ਹਾ ਚੇਲਿਆਂ ਦੇ ਨਾਮ ਵਿਕਾਸ ਖੇਮਲਾ (ਯੋਗੇਸ਼ ਭਾਟੀ),ਉਦਯ ਸੰਘਨੀ,ਮਿਨਕੇਤਨ ਪਾਟਰਾ,ਪੰਕਜ਼ ਸਕਸੈਨਾ,ਜੈ ਝਾ ਅਤੇ ਕੌਸ਼ਿਕ ਵਾਨੀ ਹਨ।ਵਰਨਣਯੋਗ ਹੈ ਕਿ ਪਿੱਛਲੇ ਸਾਲ ਜੁਲਾਈ 'ਚ ਦੀਪੇਸ਼ ਅਤੇ ਅਭਿਸ਼ੇਕ ਨਾਮਕ ਦੋ ਲੜਕੇ ਗੁਰੂਕੁਲ ਤੋਂ ਲਾਪਤਾ ਹੋ ਗਏ ਸਨ ਅਤੇ ਅਗਲੇ ਦਿਨ ਉਨ੍ਹਾ ਦੀਆਂ ਲਾਸ਼ਾਂ ਆਸ਼ਰਮ ਦੇ ਨਜ਼ਦੀਕ ਸਾਬਰਮਤੀ ਨਦੀ ਦੇ ਕਿਨਾਰੇ 'ਤੇ ਪਾਏ ਗਏ ਸਨ।ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੁਆਰਾ ਇਨ੍ਹਾ ਮੌਤਾਂ ਕਾਰਣ ਜਾਦੂ ਟੂਨਾ ਦੱਸੇ ਜਾਣ ਦੇ ਬਾਅਦ ਇਸ ਦੇ ਖਿਲਾਫ਼ ਕਾਫ਼ੀ ਪ੍ਰਦਰਸ਼ਨ ਹੋਇਆ ਸੀ।ਜਨਤਾ ਦੇ ਗੁੱਸੇ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸੀਆਈਡੀ ਨੂੰ ਸੌਂਪ ਦਿੱਤੀ ਸੀ।ਦੋਨੋ ਬੱਚਿਆਂ ਦੀ ਮੌਤ ਦੀਆਂ ਹਾਲਤਾਂ ਅਤੇ ਪੁਲਿਸ ਦੀ ਜਾਂਚ 'ਤੇ ਨਿਗਰਾਨੀ ਲਈ ਉੱਚ ਅਦਾਲਤ ਦੇ ਰਿਟਾਇਰਡ ਜੱਜ ਦੀ ਪ੍ਰਧਾਨਗੀ 'ਚ ਇੱਕ ਆਯੋਗ ਦਾ ਗਠਨ ਵੀ ਕੀਤਾ ਗਿਆ ਸੀ।

ਸਿੱਖ ਸ਼ਰਧਾਲੂਆਂ ਪਾਕਿਸਤਾਨ ਤੋਂ ਸੁਰੱਖਿਅਤ ਪਰਤੇ

ਅਟਾਰੀ : ਗੁਰਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦਾ ਜੱਥਾ ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਨਨਕਾਨਾ ਸਾਹਿਬ ਗੁਰਦੁਆਰਿਆਂ 'ਚ ਪੂਜਾ ਅਰਚਨਾ ਕਰਨ ਦੇ ਬਾਅਦ ਅੱਜ ਸਵਦੇਸ਼ ਪਰਤੇ।ਕੇਂਦਰੀ ਗ੍ਰਹਿ ਵਿਭਾਗ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕਰਕੇ 1384 ਸ਼ਰਧਾਲੂਆਂ ਦਾ ਜੱਥਾ ਪਿੱਛਲੀ 31 ਅਕਤੂਬਰ ਨੂੰ ਗੁਰਪੂਰਬ ਮਨਾਉਣ ਗੁਰੂ ਨਾਨਕ ਦੇਵ ਦੇ ਜਨਮ ਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਗਿਆ ਸੀ।ਕੇਂਦਰ ਨੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਤੀਰਥ ਯਾਤਰੀਆਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਸੀ।ਜ਼ਿਆਦਾਤਰ ਤੀਰਥ ਯਾਤਰੀ ਲਾਹੌਰ ਤੋਂ ਦੋ ਵਿਸ਼ੇਸ ਟ੍ਰੇਨਾਂ ਤੋਂ ਅਟਾਰੀ ਪਹੁੰਚੇ।ਅਟਾਰੀ ਦੇ ਨਜ਼ਦੀਕ ਦੇ ਪਿੰਡ ਦੇ ਗੁਰਮੁਖ ਸਿੰਘ ਅਤੇ ਜੰਮੂ ਕਸ਼ਮੀਰ ਦੀ ਪੁੰਛ ਨਿਵਾਸੀ ਬਜ਼ੁਰਗ ਮਹਿਲਾ ਰੰਜੀਤ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਇਹ ਘਟਨਾ ਤੀਰਥ ਯਾਤਰਾ ਦੌਰਾਨ ਹੋਈ।ਗੁਰਮੁਖ ਸਿੰਘ ਦੀ ਲਾਸ਼ ਪਿੱਛਲੇ ਸ਼ੁਕਤਰਵਾਰ ਨੂੰ ਬਾਘਾ ਚੌਕਪੋਸਟ ਮਾਰਗ ਤੋਂ ਭਾਰਤ ਭੇਜੀ ਗਈ ਅਤੇ ਰੰਜੀ ਕੌਰ ਦੀ ਲਾਸ਼ ਬਾਘਾ 'ਚ ਕੱਲ੍ਹ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀ।ਦਿੱਲੀ ਦੇ ਇੱਕ ਤੀਰਥ ਯਾਤਰੀ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾ ਲਈ ਚੰਗਾ ਪ੍ਰਬੰਧ ਕੀਤਾ ਅਤੇ ਕੋਈ ਅਸੁਵਿਧਾ ਨਹੀਂ ਆਉਣ ਦਿੱਤੀ।ਉਹ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਲ ਸਮਝੌਤਾ ਐਕਸਪ੍ਰੈਸ ਤੋਂ ਉੱਤਰੇ

Sunday, November 8, 2009

ਰਾਮਦੇਵ ਦੇ ਕੈਂਪਾਂ ’ਚ ਮੁਸਲਮਾਨਾਂ ਨੂੰ ਵੰਦੇ ਮਾਤਰਮ ਨਾ ਗਾਉਣ ਦਾ ਫ਼ਤਵਾ

ਮੁਜ਼ੱਫਰਨਗਰ : ਦਾਰੂਲ ਉਲੇਮਾ ਨੇ ਮੁਸਲਮਾਨਾਂ ਲਈ ਫ਼ਤਵਾ ਜਾਰੀ ਕੀਤਾ ਹੈ, ਕਿ ਉਹ ਯੋਗ ਗੁਰੂ ਰਾਮਦੇਵ ਵਲੋਂ ਲਾਏ ਜਾਂਦੇ ਕੈਂਪਾਂ ’ਚ ਵੰਦੇ ਮਾਤਰਮ ਨਾ ਗਾਉਣ। ਫ਼ਤਵੇ ’ਚ ਕਿਹਾ ਗਿਆ ਹੈ, ਕਿ ਮੁਸਲਮਾਨ ਕੋਸ਼ਿਸ਼ ਕਰਨ ਕਿ ਕੈਂਪਾਂ ’ਚ ਸ਼ਿਰਕਤ ਹੀ ਨਾ ਕੀਤੀ ਜਾਵੇ, ਕਿਉਂਕਿ ਇਹ ਵੰਦੇ ਮਾਤਰਮ ਨਾਲ ਸ਼ੁਰੂ ਹੁੰਦੇ ਹਨ। ਦਾਰੂਲ ਉਲੇਮ ਦੇ ਫ਼ਤਵਾ ਵਿਭਾਗ ਦੇ ਉਪ-ਇੰਚਾਰਜ ਮੁਫ਼ਤੀ ਅਹਿਸਾਨ ਕਾਜਮੀ ਨੇ ਕਿਹਾ ਕਿ ਵੰਦੇ ਮਾਤਰਮ ਗਾਉਣਾ ਇਕ ਫਰਿਆਦ ਹੈ, ਜੋ ਕਿ ਮੁਸਲਿਮ ਰੀਤੀ ਰਿਵਾਜਾਂ ਤੇ ਸ਼ਰੀਅਤ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨ ਅੱਲ੍ਹਾ ’ਤੋਂ ਬਿਨ੍ਹਾਂ ਕਿਸੇ ਹੋਰ ਅੱਗੇ ਫ਼ਰਿਆਦ ਨਹੀਂ ਕਰ ਸਕਦਾ। ਪਰ ਉਨ੍ਹਾਂ ਨਾਲ ਹੀ ਕਿਹਾ ਕਿ ਸਰੀਰਕ ਅਭਿਆਸ ਦੇ ਤੌਰ ’ਤੇ ਯੋਗਾ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੀ ਸਰਵਉ¤ਚ ਸੰਸਥਾ ਜਮਾਤ ਉਲੇਮਾ-ਏ-ਹਿੰਦ ਨੇ ਵੀ ਆਪਣੇ 30ਵੇਂ ਸਾਲਾਨਾ ਇਜਲਾਸ ’ਚ ਵੰਦੇ ਮਾਤਰਮ ਗਾਉਣ ਦਾ ਵਿਰੋਧ ਕੀਤਾ ਸੀ। ਜ਼ਿਕਰਯੋਗ ਹੈ, ਕਿ ਆਰ.ਐਸ.ਐਸ ਨੇ ਕਿਹਾ ਸੀ , ਕਿ ਹਰ ਭਾਰਤੀ ਲਈ ਵੰਦੇ ਮਾਤਰਮ ਗਾਉਣਾ ਜ਼ਰੂਰੀ ਹੈ।

ਅਮਰੀਕਾ ਦੀ ਫ਼ੌਜੀ ਛਾਉਣੀ ’ਚ ਮੇਜਰ ਨੇ ਅੰਧਾਧੁੰਦ ਗੋਲੀਆਂ ਚਲਾ ਕੇ 13 ਜਾਨਾਂ ਲਈਆਂ

ਕਿਲੇਨ, ਟੈਕਸਾਸ : ਅਮਰੀਕਾ ਦੇ ਰਾਜ ਟੈਕਸਾਸ ਵਿਚ ਸਥਿਤ ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਫੋਰਟ ਹੁਡ ਵਿਖੇ ਅਮਰੀਕਾ ਦੀ ਫੌਜ ਦੇ ਮੇਜਰ ਨੇ ਅੰਧਾਧੁੰਦ ਗੋਲੀਆਂ ਚਲਾ ਕੇ 13 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ’ਚ 30 ਵਿਅਕਤੀ ਜ਼ਖਮੀ ਵੀ ਹੋਏ। ਅਮਰੀਕਾ ਵੱਲੋਂ ਇਰਾਕ ਅਤੇ ਅਫਗਾਨਿਸਤਾਨ ’ਤੇ ਕੀਤੀ ਗਈ ਫੌਜੀ ਕਾਰਵਾਈ ਦੌਰਾਨ ਮੁੱਖ ਅੱਡੇ ਵਜੋਂ ਵਰਤੀ ਗਈ ਇਸ ਫੌਜੀ ਛਾਉਣੀ ’ਤੇ ਹਮਲਾ ਕਰਨ ਵਾਲੇ ਮੇਜਰ ਦੀ ਪਛਾਣ ਨੀਡਾਲ ਮਲਿਕ ਹਸਨ ਵਜੋਂ ਹੋਈ ਹੈ, ਜੋ ਕਿ ਫੌਜ ’ਚ ਮਨੋਵਿਗਿਆਨੀ ਸੀ।ਛਾਉਣੀ ਦੇ ਕਮਾਂਡਿੰਗ ਅਧਿਕਾਰੀ ਲੈਫਟੀਨੈਂਟ ਜਨਰਲ ਰੋਬਰਟ ਕੋਨ ਨੇ ਦੱਸਿਆ ਕਿ ਕਰੀਬ ਡੇਢ ਵਜੇ ਹਮਲਾਵਰ ਨੇ ਛਾਉਣੀ ’ਚ ਗੋਲੀਆਂ ਚਲਾਈਆਂ। ਹਮਲਾਵਰ ਕੋਲ ਦੋ ਹਥਿਆਰ ਸਨ ਅਤੇ ਉਸ ਨੇ ਨੌਜਵਾਨ ਫੌਜੀਆਂ ਨੂੰ ਨਿਸ਼ਾਨਾ ਬਣਾਇਆ। ਉਕਤ ਹਮਲਾ ਛਾਉਣੀ ਦੇ ਉਸ ਪਾਸੇ ਹੋਇਆ ਹੈ, ਜਿੱਥੇ ਵਿਦੇਸ਼ੀ ਧਰਤੀ ’ਤੇ ਤਾਇਨਾਤ ਕੀਤੇ ਗਏ ਫੌਜੀਆਂ ਦੀ ਡਾਕਟਰੀ ਜਾਂਚ ਹੁੰਦੀ ਹੈ। ਫੌਜ ਦੀ ਕਾਰਵਾਈ ’ਚ ਹਮਲਾਵਰ ਨੂੰ ਵੀ ਗੋਲੀਆਂ ਲੱਗੀਆਂ ਅਤੇ ਉਹ ਹਸਪਤਾਲ ’ਚ ਬੇਹੋਸ਼ ਹੈ।

Sunday, November 1, 2009

ਗੁਰਪੁਰਬ ਦੀਆਂ ਹਰ ਪਾਸੇ ਰੌਣਕਾਂ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ
ਦੁਨੀਆ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ। ਵੱਖ ਵੱਖ ਆਗੂਆਂ ਵਲੋਂ ਜਿਥੇ ਸਿੱਖ ਭਾਈਚਾਰੇ ਅਤੇ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਗੁਰੂਘਰਾਂ ਵਿਚ ਨਜ਼ਾਰਾ ਵੇਖਿਆਂ ਹੀ ਬਣ ਰਿਹਾ ਹੈ। ਵੱਖ ਵੱਖ ਸ਼ਹਿਰਾਂ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਸੰਗਤਾਂ ਸ਼ਬਦ ਗੁਰਬਾਣੀ ਦਾ ਰਸ ਮਾਣ ਰਹੀਆਂ ਹਨ ਅਤੇ ਦੀਵਿਆਂ ਅਤੇ ਰੌਸ਼ਣੀਆਂ ਨਾਲ ਇਮਾਰਤਾਂ ਨੂੰ ਸਜਾਇਆ ਗਿਆ ਹੈ।

'ਕਲਕੱਤਾ ਅਕਾਲੀ ਦਲ ਲੌਂਗੋਵਾਲ ਦੇ ਸਰਪ੍ਰਸਤ ਹੋਣਗੇ‘

ਬੀਬੀ ਬਰਨਾਲਾ ਨੇ ਪੱਤੇ ਖੋਲ੍ਹੇ
ਅੰਮ੍ਰਿਤਸਰ : ਪੰਜਾਬ ਦੇ ਰਾਜਨੀਤਕ ਗਲਿਆਰਿਆਂ ‘ਚ ਸਮੇਂ ਸਿਰ ਸਥਾਪਤ ਤੇ 3 ਸਰਗਰਮ ਸਿਆਸਤ ਵਿੱਚ ਭਾਗੇਦਾਰੀ ਬਣਾਉਣ ਦੇ ਟੀਚੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਸੁਪਰੀਮੋ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਰੁੱਧ ਮੋਰਚਾ ਖੋਲ੍ਹੀ ਬੈਠੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਦੇ ਹੱਥ ਲੌਂਗੋਵਾਲ ਦੀ ਵਾਗਡੋਰ ਦੇਣ ਦਾ ਲਗਭਗ ਫੈਸਲਾ ਲਿਆ ਜਾ ਚੁੱਕਾ ਹੈ।ਅੱਜ ਇੱਥੇ ਸਰਕਟ ਹਾਊਸ ਵਿਖੇ ਪਾਰਟੀ ਦੇ ਸਿਰ ਕੱਢ ਲੀਡਰਾਂ ਦੀ ਮੌਜ਼ੂਦਗੀ ਵਿੱਚ ਬੀਬੀ ਬਰਨਾਲਾ ਨੇ ਪਾਰਟੀ ਦੀ ਪ੍ਰਧਾਨ ਦੀ ਹੈਸੀਅਤ ਵਜੋਂ ਮੀਡੀਆ ਸਾਹਮਣੇ ਇਹ ਐਲਾਨ ਕੀਤਾ ਕਿ ਸ. ਕਲਕੱਤਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣਗੇ।ਰਿਪੋਰਟ ਹੈ ਕਿ ਮਨਜੀਤ ਸਿੰਘ ਕਲਕੱਤਾ ਨੂੰ ਪੇਸ਼ਕਸ਼ ਭਾਵੇਂ ਪਾਰਟੀ ਦੇ ਸਰਪ੍ਰਸਤ ਕਰਨ ਦੀ ਹੋਈ ਹੈ। ਪਰ ਸਹੀ ਮਾਈਨਿਆਂ ਵਿੱਚ ਕਲਕੱਤਾ ਪਾਰਟੀ ਨੂੰ ਪੰਜਾਬ ਦੇ ਰਾਜਨੀਤਕ ਹਲਕਿਆਂ ਵਿੱਚ ਅਗਵਾਈ ਦੇਣਗੇ। ਕਲਕੱਤਾ-ਬਰਨਾਲਾ ਦਰਮਿਆਨ ਹੋਈ ਰਾਜਨੀਤਕ ਏਕਤਾ ਮੌਕੇ ਸ਼੍ਰੋਮਣੀ ਅਕਾਲੀ ਦਲ 1920 ਦੀ ਸ਼ਮੂਲੀਅਤ ਦੇਖਣ ਨੂੰ ਨਹੀਂ ਮਿਲੀ ਪਰ ਦੱਸਿਆ ਜਾ ਰਿਹਾ ਹੈ ਕਿ ਬਾਦਲ ਵਿਰੁੱਧ ਖੋਲ੍ਹੇ ਜਾਣ ਵਾਲੇ ਸਿੱਧੇ ਮੋਰਚੇ ਨੂੰ ਪਾਰਟੀ ਪ੍ਰਧਾਨ ਰਵੀਇੰਦਰ ਸਿੰਘ ਤੇ ਬਾਕੀ ਬਾਦਲ ਵਿਰੋਧੀ ਧੜੇ ਲੌਂਗੋਵਾਲ ਦਲ ਦਾ ਸਮਰਥਨ ਕਰਨਗੇ। ਬੀਬੀ ਬਰਨਾਲਾ ਨੇ ਸੱਦੀ ਪੱਤਰਕਾਰ ਮਿਲਣੀ ਵਿੱਚ ਪੱਤੇ ਖੋਲ੍ਹਦਿਆਂ ਦੱਸਿਆ ਕਿ ਇਤਹਾਸਕ ਗੁਰਦੁਆਰਿਆਂ ਨੂੰ ਬਾਦਲਕਿਆਂ ਦੀ ਹਕੂਮਤ ਤੋਂ ਨਿਜ਼ਾਤ ਦਿਵਾਉਣ ਲਈ ਅਸੀਂ ਐਤਕਾਂ ਹੋਣ ਜਾ ਰਹੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ‘ਚ ਸਾਬਤ ਸੂਰਤ ਸਿੱਖ ਚੋਣ ਮੈਦਾਨ ‘ਚ ਉਤਾਨਗੇ।

ਗੁਰਪੁਰਬ ਮੌਕੇ ਸ਼ੀਲਾ ਦੀਕਸ਼ਤ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ

ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਗੁਰੂ ਨਾਨਕ ਜਯੰਤੀ ਤੋਂ ਪਹਿਲਾਂ ਦੀ ਸ਼ਾਮ ਅੱਜ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ।ਆਪਣੇ ਵਧਾਈ ਸੁਨੇਹੇ ਵਿਚ ਉਹਨਾਂ ਕਿਹਾ ਕਿ ਇਹ ਪ੍ਰਕਾਸ਼ ਉਤਸਵ ਹਰੇਕ ਵਿਅਕਤੀ ਦੇ ਜੀਵਨ ਵਿਚ ਖੁਸ਼ੀਆਂ ਅਤੇ ਖੁਸ਼ਹਾਲੀ ਲਿਆਵੇ।ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਦਾ ਖੁਸ਼ੀਹਾਲੀ, ਭਾਈਚਾਰੇ ਅਤੇ ਦਇਆ ਦਾ ਸੁਨੇਹਾ ਅਜੇ ਵੀ ਪੂਰੀ ਤਰ੍ਹਾਂ ਉਦਹਾਰਣ ਯੋਗ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਸਮਾਜਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਵਿਚ ਮਹਤੀ ਭੂਮਿਕਾ ਅਦਾ ਕੀਤੀ ਸੀ।

ਐਸ਼ ਨੇ ਪਰਿਵਾਰ ਨਾਲ ਮਨਾਇਆ 36ਵਾਂ ਜਨਮ ਦਿਨ

ਸਾਬਕਾ ਵਿਸ਼ਵ ਸੁੰਦਰੀ ਅਤੇ ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਨੇ ਅੱਜ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨਾਲ ਅਪਣਾ 36ਵਾਂ ਜਨਮਦਿਨ ਮਨਾਇਆ।ਵਰਨਣਯੋਗ ਹੈ ਕਿ ਮਣੀਰਤਨਮ ਦੀ ਫ਼ਿਲਮ 'ਰਾਵਣ' ਦੀ ਸ਼ੂਟਿੰਗ ਬਾਅਦ ਐਸ਼ ਨੇ ਕੁੱਝ ਦਿਨ ਦਾ ਬ੍ਰੇਕ ਲਿਆ ਸੀ ਤਾਕਿ ਉਹ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਗੁਜਾਰਸ਼' 'ਤੇ ਕੰਮ ਸ਼ੁਰੂ ਕਰ ਸਕਣ।ਵਰਤਮਾਨ 'ਚ ਐਸ਼,ਅਕਸ਼ੈ ਕੁਮਾਰ ਨਾਲ 'ਐਕਸ਼ਨ ਰਿਪਲੇ' ਅਤੇ ਰਜਨੀਕਾਂਤ ਨਾਲ 'ਰੋਬੋਟ' 'ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਹ ਫ਼ਿਲਮਾਂ ਪੂਰੀਆਂ ਹੋਣ ਵਾਲੀਆਂ ਹਨ।ਐਸ਼ ਦੇ ਸਹੁਰੇ ਅਮੀਤਾਭ ਬੱਚਨ ਨੇ ਆਪਣੇ ਬਲਾਗ 'ਚ ਲਿਖਿਆ," ਅਸੀਂ ਹੁਣੇ - ਹੁਣੇ ਐਸ਼ ਦਾ ਜਨਮਦਿਨ ਮਨਾਇਆ ਅਤੇ ਉਨ੍ਹਾ ਵਧੀਆ ਜੀਵਣ ਦਾ ਅਸ਼ੀਰਵਾਦ ਦਿੱਤਾ ਹੈ।