ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, January 3, 2013

ਪੰਜਾਬ ਵਿਚਲੇ ਐਨਆਰਆਈ ਮੀਡੀਆ ਕਰਮੀਆਂ ਨੂੰ ਮਾਨਤਾ ਦੇਣ ਦੀ ਮੰਗ



ਐਨਆਰਆਈ ਮੀਡੀਆ ਨਾਲ ਸਬੰਧਤ ਮੰਗਾਂ ਪੰਜਾਬ ਸਰਕਾਰ ਕੋਲ ਉਠਾਉਣ ਦਾ ਫੈਸਲਾ
ਪਰਦੇਸੀ ਪੰਜਾਬੀ ਸੰਮੇਲਨ ਬਲਾਉਣ ਦੀ ਸ਼ਲਾਘਾ
ਪੰਜਾਬ ਅਤੇ ਚੰਡੀਗੜ੍ਹ ਦੇ ਐਨਆਰਆਈ ਮੀਡੀਆ ਕਰਮੀਆਂ ਨੂੰ 4 ਜਨਵਰੀ ਦੀ ਕਾਨਫ਼ਰੰਸ ਤੋਂ ਬਾਹਰ ਰੱਖਣ ਦੀ ਨਿੰਦਾ
ਚੰਡੀਗੜ੍ਹ : ਅਮਰੀਕਾ , ਕਨੇਡਾ ਅਤੇ ਹੋਰ ਵੱਖ ਵੱਖ ਮੁਲਕਾਂ ਦੇ ਐਨ ਆਰ ਆਈ ਮੀਡੀਏ ਲਈ ਪੰਜਾਬ,ਚੰਡੀਗੜ੍ਹ  ਅਤੇ ਨੇੜਲੇ ਖੇਤਰਾਂ  ਵਿਚ ਕੰਮ ਕਰਦੇ ਐਨ ਆਰ ਆਈ ਮੀਡੀਆ ਕਰਮੀਆਂ ਦੀ ਭਾਰਤ ਵਿਚਲੀ  ਜਥੇਬੰਦੀ ਐਨ ਆਰ ਆਈ ਮੀਡੀਆਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਨ੍ਹਾ ਨੂੰ ਵੀ ਆਮ ਪੱਤਰਕਾਰਾਂ  ਵਾਂਗ ਮਾਨਤਾ ਦਿੱਤੀ ਜਾਵੇ  ਅਤੇ ਕਵਰੇਜ ਲਈ ਸਹੂਲਤਾਂ ਦਿੱਤੀਆਂ ਜਾਣ।ਇਹ ਵੀ ਮੰਗ ਕੀਤੀ  ਗਈ ਕਿ ਪੰਜਾਬ ਸਰਕਾਰ, ਐਨ ਆਰ ਆਈ ਮੀਡੀਏ ਨਾਲ ਵਿਤਕਰਾ ਖ਼ਤਮ ਕਰਕੇ ਇਸ ਨਾਲ ਜੁੜੇ ਪੰਜਾਬ ਅਤੇ ਚੰਡੀਗੜ੍ਹ ਵਿਚਲੇ ਪੱਤਰਕਾਰਾ ਅਤੇ ਮੀਡੀਆ ਕਰਮੀਆਂ ਨੂੰ ਸਰਕਾਰ  ਦੀ ਸੂਚਨਾ ਪ੍ਰਣਾਲੀ ਨਾਲ ਉਸੇ ਤਰ੍ਹਾਂ ਜੋੜੇ ਜਿਸ ਤਰ੍ਹਾਂ ਸਥਾਨਕ ਮੀਡੀਏ ਨੂੰ ਜੋੜਿਆ ਗਿਆ ਹੈ।
ਐਸੋਸੀਏਸ਼ਨ ਦੀ  ਬੁੱਧਵਾਰ ਨੂੰ  ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ  ਕਿ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਐਨ ਆਰ ਆਈ ਮਾਮਲਿਆਂ  ਦੇ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਦਿੱਤਾ ਜਾਵੇਗਾ।
ਮੀਟਿੰਗ ਦੀ ਕਾਰਵਾਈ ਸਬੰਧੀ ਜਾਰੀ ਕੀਤੀ ਪ੍ਰੈੱਸ ਰੀਲੀਜ਼  ਵਿੱਚ  ਕਿ  ਕਿਹਾ ਗਿਆ ਹੈ ਕਿ ਐਨ ਆਰ ਆਈ  ਮੀਡੀਆ ਨਾਲ ਜੁੜੇ ਪੱਤਰਕਾਰਾਂ  ਨੂੰ ਸਰਕਾਰੀ ਅਦਾਰਿਆਂ  ਅਤੇ ਦਫ਼ਤਰਾਂ ਤਕ ਪਹੁੰਚ ਕਰਨ ਲਈ ਮਾਨਤਾਪ੍ਰਾਪਤ ਪੱਤਰਕਾਰਾਂ ਵਾਲੇ ਸ਼ਨਾਖ਼ਤੀ ਕਾਰਡਜਾਰੀ ਕੀਤੇ ਜਾਣ ਅਤੇ ਉਨ੍ਹਾ ਨੂੰ ਆਪਣੀ ਪੇਸ਼ਾਵਰ ਜ਼ਿੰਮੇਵਾਰੀ ਨਿਭਾਉਣ ਲਈ ਢੁੱਕਵੀਆਂ ਸਹੂਲਤਾਂ ਦਿੱਤੀਆਂ ਜਾਣ।ਐਸੋਸੀਏਸ਼ਨ ਦੇ ਕਨਵੀਨਰ ਅਤੇ ਓਮਨੀ ਟੀ ਵੀ ਕਨੇਡਾ  ਅਤੇ ਇੰਡੋ- ਕੈਨੇਡੀਅਨ ਟਾਈਮਜ਼ ਦੇ ਨੁਮਾਇੰਦੇ  ਬਲਜੀਤ ਬੱਲੀ ਦੀ ਪ੍ਰਧਾਨਗੀ ਹੇਠ ਹੋਈਇਸ ਮੀਟਿੰਗ ਵਿਚ ਪੰਜਾਬ ਸਰਕਾਰ  ਵੱਲੋਂ ਐਨ ਆਰ ਆਈ ਸੰਮੇਲਨ ਬੁਲਾਏ  ਜਾਣ ਅਤੇ ਖ਼ਾਸ ਕਰਕੇ ਪਰਦੇਸੀ ਮੀਡੀਏ  ਦੇ  ਸੰਪਾਦਕਾਂ ਨੂੰ ਇਸ ਵਿਚ  ਬੁਲਾਏ ਜਾਣ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਮੀਟਿੰਗ   ਵਿਚ ਇਹ ਵੀ ਰਹਿ ਜ਼ਾਹਰ ਕੀਤੀ  ਗਈ ਕਿ ਪੰਜਾਬ ਸਰਕਾਰ ਨੂੰ ਪਰਦੇਸੀ ਮੀਡੀਏ ਲਈ ਆਪਣੀ ਇੱਕ ਠੋਸ ਮੀਡੀਆ ਨੀਤੀ ਬਨਾਉਣੀ ਚਾਹੀਦੀ  ਹੈ। ਇਸ ਨੀਤੀ  ਅਧੀਨ ਪਰਦੇਸੀ ਅਖ਼ਬਾਰਾਂ, ਰੇਡੀਓ, ਟੀ ਵੀ  ਅਤੇ ਬਾਕੀ ਮੀਡੀਏ ਨੂੰ ਇਸ਼ਿਤਿਹਾਰ ਜਾਰੀਕਰਨ ਦੀ ਵੀ ਨੀਤੀ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ।ਇਹ  ਵੀ ਨਿਰਨਾ  ਕੀਤਾ ਗਿਆ ਕਿ  ਇਹ ਮੁੱਦੇ  4 ਅਤੇ 5 ਜਨਵਰੀ ਨੂੰ ਹੋ  ਰਹੇ ਆਣਿ ਆਰ ਆਈ ਸੰਮੇਲਨ ਵਿਚ  ਵੀ ਉਠਾਏ ਜਾਣਗੇ।ਇੱਕ ਵੱਖਰੇ ਮਤੇ  ਵਿਚ ਪੰਜਾਬ ਸਰਕਾਰ  ਵੱਲੋਂ ਪੰਜਾਬ ਅਤੇ ਚੰਡੀਗੜ੍ਹਵਿਚਲੇ ਮੀਡੀਆ ਕਰਮੀਆਂ ਨੂੰ 4 ਜਨਵਰੀ ਦੇ ਐਨ ਆਰ ਆਈ ਸੰਮੇਲਨ ਵਿਚ ਨਾ ਬੁਲਾਏ ਜਾਣ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਗਈ।
 ਬੈਠਕ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਵਿਦੇਸ਼ਾਂ'ਚੋਂ ਪ੍ਰਕਾਸ਼ਤ ਹੋਣ ਵਾਲੇ ਭਾਰਤੀ ਕਮਿਊਨਟੀ ਨਾਲ ਸਬੰਧਤ ਅਖਬਾਰਾਂ, ਰੇਡੀਓ ਤੇ ਟੀ. ਵੀ. ਚੈਨਲਾਂ ਦੇ ਸੰਪਾਦਕਾਂ/ਸੰਚਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਭਾਰਤ ਚ ਕੰਮ ਕਰਨ ਵਾਲੇ ਮੀਡੀਆ ਕਰਮੀਆਂਨੂੰ ਨਾਲ ਜੋੜਿਆ ਜਾਵੇ।ਪੰਜਾਬ ਅਤੇ ਭਾਰਤ ਵਿਚ ਕੰਮ ਕਰਦੇ ਐਨ ਆਰ ਆਈ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਸੰਸਥਾ ਨਾਲ ਜੁੜਨ ਅਤੇ ਆਪਣੇ ਸੁਝਾਅ ਵੀ  ਦੇਣ।ਇਹ ਵੀ ਨਿਰਨਾ ਕੀਤਾ ਗਿਆ ਕਿ ਐਸੋਸੀਏਸ਼ਨ ਦਾ ਅਧਾਕ ਢਾਂਚਾ ਹੀ ਕਾਇਮ ਰੱਖਿਆ ਜਾਵੇ  ਅਤੇ ਅਗਲੇ ਸਮੇਂ ਵਿਚ ਹੋਰ ਭਰਵੀਂ ਮੀਟਿੰਗ ਬੁਲਾਕੇ ਇਸ ਨੂੰ ਜਥੇਬੰਦਕ ਰੂਪ ਦਿੱਤਾ ਜਾਵੇ।ਇਸ  ਗੱਲ ਤੇ ਵੀ ਸਹਿਮਤੀ ਬਣੀ ਕਿ ਭਾਰਤ ਤੋਂ ਬਾਹਰ ਕਨੇਡਾ ਅਤੇ ਹੋਰ ਮੁਲਕਾਂ ਵਿਚ ਪਰਦੇਸੀ ਪੱਤਰਕਾਰਾਂ ਦੀਆਂ ਦੇ ਕਲੱਬਾਂ ,ਸੰਸਥਾਵਾਂ ਅਤੇਜਥੇਬੰਦੀਆਂ  ਨੂੰ ਸਹਿਯੋਗ ਦਿੱਤਾ  ਜਾਵੇਗਾ  ਅਤੇ ਉਨ੍ਹਾ ਨਾਲ ਤਾਲਮੇਲ ਵੀ ਕੀਤਾ ਜਾਵੇਗਾ।
 ਮੀਟਿੰਗ ਚ ਇਲਾਵਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਅਮਰੀਕਾ ਦੇ ਸੰਪਾਦਕ ਦਲਜੀਤ ਸਿੰਘ ਸਰਾ,  ਸਾਡੇ ਲੋਕ ਵੀਕਲੀ ਅਮਰੀਕਾ ਦੇ ਸੰਪਾਦਕ ਖੁਸ਼ਹਾਲ ਲਾਲੀ, ਪਰਵਾਸੀ ਵੀਕਲੀ ਦੇ ਨਿਊਜ਼ ਐਡੀਟਰ ਦੀਪਕ ਸ਼ਰਮਾ, ਨਵੀਂ ਦੁਨੀਆ ਕੈਨੇਡਾ ਦੇ ਸੰਪਾਦਕ ਸੁਸ਼ੀਲ ਦੁਸਾਂਝ, ਅੰਮ੍ਰਿਤਸਰ ਟਾਈਮਜ਼ ਅਮਰੀਕਾ ਦੇ ਸਮਾਚਾਰ ਸੰਪਾਦਕ ਗੌਤਮ ਰਿਸ਼ੀ, ਅਜੀਤ ਦੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਜੀ ਪੰਜਾਬ  ਟੀ. ਵੀ. ਉਤਰੀ ਅਮਰੀਕਾ ਦੇ ਸੀਨੀਅਰ ਪ੍ਰੋਡਿਊਸਰ ਉਜਲ ਸਤਨਾਮ, ਰੇਡੀਓ ਚੰਨ ਪਰਦੇਸੀ ਅਮਰੀਕਾ ਤੇ ਰੇਡੀਓ ਤਰਾਨਾ ਨਿਊਜ਼ੀਲੈਂਡ ਦੇ ਪ੍ਰਤੀਨਿਧ ਪਰਮਿੰਦਰ ਸਿੰਘ ਟਿਵਾਣਾ, ਇੰਡੀਅਨ ਰਿਪੋਰਟਰ ਦੇ ਬਿਊਰੋ ਚੀਫ ਚੰਚਲ ਮਨੋਹਰ ਸਿੰਘ, ਰੇਡੀਓ ਪੱਤਰਕਾਰ ਰਮਨਜੀਤ ਕੌਰ ਚਾਹਲ ਤੇ ਓਮਨੀ ਟੀ. ਵੀ. ਦੇ ਕੈਮਰਾਮੈਨ ਦਯਾ ਰਾਮ ਰਾਏ ਵੀ ਹਾਜ਼ਰ ਸਨ।ਰੈੱਡ ਐਫ   ਰੇਡੀਓਕਨੇਡਾ  ਦੇ ਨੁਮਾਇੰਦੇ  ਅਤੇ ਨਾਮਵਰ ਪ੍ਰਵਾਸੀ ਪੱਤਰਕਾਰ ਬਲਤੇਜ ਪੰਨੂ  ਅਤੇ ਪੰਜਾਬ ਟਾਈਮਜ਼ ਅਮਰੀਕਾ  ਦੇ ਨੁਮਾਇੰਦੇ ਬਲਵਿੰਦਰ ਸਿੰਘ ਜੰਮੂ ਜ਼ੀਰਕਪੁਰ   ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਪਰ ਉਨ੍ਹਾ ਨੇ ਅੱਜ ਦੀ ਮੀਟਿੰਗ ਦੇ ਮਤਿਆਂ ਨਾਲ ਸਹਿਮਤੀ ਜ਼ਾਹਰਕੀਤੀ ਹੈ।
ਇਸ ਮੀਟਿੰਗ  ਵਿਚ  ਵਿਸ਼ੇਸ਼ ਮਹਿਮਾਨ ਵਜੋਂ  ਟਰਾਂਟੋ ਤੋਂ ਪੁੱਜੇ ਪੰਜਾਬੀ ਪੋਸਟ ਕੈਨੇਡਾ ਦੇ ਸੰਪਾਦਕ ਅਤੇ ਗਲੋਬਲ ਪੰਜਾਬੀ ਮੀਡੀਆ ਐਸੋਸੀਏਸ਼ਨ ਦੇ ਕੋਆਰਡੀਨੇਟਰ ਜਗਦੀਸ਼ ਸਿੰਘ ਗਰੇਵਾਲ ਨੇ ਐਨ ਆਰ ਆਈ ਮੀਡੀਆ ਐਸੋਸੀਏਸ਼ਨ ਵੱਲੋਂ ਕੀਤੀ ਪਹਿਲਕਦਮੀ ਦੀਸ਼ਲਾਘਾ ਕੀਤੀ ਅਤੇ ਆਪਣੇ ਸਹਿਯੋਗ ਦਾ ਭਰੋਸਾ ਦਿਵਾਇਆ। ਜਗਦੀਸ਼ ਗਰੇਵਾਲ ,  ਪੰਜਾਬ ਸਰਕਾਰ ਦੇ ਸੱਦੇ ਤੇ ਉਚੇਚੇ ਤੌਰ ਤੇ ਪ੍ਰਵਾਸੀ  ਪੰਜਾਬੀ ਸੰਮੇਲਨ ਵਿਚ ਸ਼ਾਮਲ ਹੋਣ ਲਈ ਆਏ ਹਨ।
ਮੀਟਿੰਗ ਚ 7 ਮੈਂਬਰੀ ਐਡਹਾਕ ਕਮੇਟੀ ਨੂੰ ਹੀ ਫਿਲਹਾਲ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਤੇ ਇਸ ਦੇ  ਢਾਂਚੇ ਦਾ ਵਿਸਥਾਰ ਕਰਨ ਤੋਂ ਪਹਿਲਾਂ ਪਰਵਾਸੀ ਮੀਡੀਆ ਅਦਾਰਿਆਂ ਨਾਲ ਕੰਮ ਕਰਨ ਵਾਲੇ ਪੱਤਰਕਾਰਾਂ ਦੀ ਇਕ ਹੋਰ ਮੀਟਿੰਗ ਬੁਲਾ ਕੇ ਸੁਝਾਅ ਲੈਣ ਤੇਵੱਧ ਤੋਂ ਵੱਧ ਪੱਤਰਕਾਰਾਂ ਨੂੰ ਸੰਸਥਾ ਨਾਲ ਜੋੜਨ ਦਾ ਨਿਰਨਾ ਕੀਤਾ ਗਿਆ।

'ਫਿਸਕਲ ਕਲਿੱਫ' ਉਤੇ ਦੋਵੇਂ ਅਮਰੀਕੀ ਸਦਨਾਂ ਦੀ ਮੋਹਰ


ਆਮ ਟੈਕਸ 'ਚ ਅਰਬਾਂ ਡਾਲਰ ਦੇ ਵਾਧਾ ਅਤੇ ਖਰਚਿਆਂ 'ਚ ਕਟੌਤੀ ਦਾ ਮਤਾ ਪ੍ਰਤੀਨਿਧ ਸਭਾ ਵਿਚ ਵੀ ਹੋਇਆ ਪਾਸ
ਵਾਸ਼ਿੰਗਟਨ : 
ਅਮਰੀਕਾ 'ਚ ਆਮ ਟੈਕਸ ਵਿਚ ਅਰਬਾਂ ਡਾਲਰ ਦੇ ਵਾਧੇ ਅਤੇ ਸਰਕਾਰੀ ਖਰਚਿਆਂ ਵਿਚ ਕਟੌਤੀ ਨੂੰ ਟਾਲਣ ਦਾ ਮਤਾ ਸੀਨੇਟ ਤੋਂ ਬਾਅਦ ਪ੍ਰਤੀਨਿਧ ਸਭਾ ਵਿਚ ਵੀ ਪਾਸ ਹੋ ਗਿਆ ਹੈ। ਪ੍ਰਤੀਨਿਧ ਸਭਾ ਵਿਚ ਡੈਮੋਕ੍ਰੇਟਿਕ ਮੈਂਬਰਾਂ ਨੇ ਇਸ ਮਤੇ ਦੇ ਪੱਖ ਵਿਚ ਵਧ ਚੜਕੇ ਹਿੱਸਾ ਲਿਆ। ਅਮਰੀਕੀ ਸਮੇਂ ਅਨੁਸਾਰ ਮੰਗਲਵਾਰ ਰਾਤ ਹੋਈ ਵੋਟਿੰਗ ਵਿਚ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਵਲੋਂ ਮਤੇ ਦੇ ਪੱਖ ਵਿਚ 172 ਵੋਟਾਂ ਪਈਆਂ, ਜਦਕਿ ਰਿਪਬਲਿਕਨ ਪਾਰਟੀ ਦੀ ਤਰਫੋਂ 85 ਵੋਟਾਂ ਇਸ ਮਤੇ ਦੇ ਪੱਖ ਵਿਚ ਪਾਈਆਂ ਗਈਆਂ। ਹੁਣ ਇਹ ਮਤਾ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾ ਰਿਹਾ ਹੈ। ਪ੍ਰਤੀਨਿਧ ਸਭਾ ਵਿਚ ਬਿੱਲ ਪਾਸ ਹੋਣ ਤੋਂ ਤੁਰੰਤ ਬਾਅਦ ਬਰਾਕ ਓਬਾਮਾ ਨੇ ਇਸ ਬਿੱਲ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਬੱਜਟ ਨਾਲ ਸਬੰਧਤ ਮਸਲੇ 'ਤੇ ਸਮਝੌਤੇ ਨੂੰ ਤਿਆਰ ਹਨ। ਇਸ ਤੋਂ ਪਹਿਲਾ ਅਮਰੀਕੀ ਸੀਨੇਟ ਨੇ ਉਸ ਮਸੌਦੇ ਉਤੇ ਅਪਣੀ ਸਹਿਮਤੀ ਦੇ ਦਿੱਤੀ ਸੀ। ਇਹ ਇਕ ਸਮਝੌਤਾ ਹੈ ਜਿਸਦੇ ਤਹਿਤ ਆਮ ਟੈਕਸ ਵਿਚ ਅਰਬਾਂ ਡਾਲਰ ਦਾ ਵਾਧਾ ਅਤੇ ਸਰਕਾਰੀ ਖਰਚਿਆਂ ਵਿਚ ਕਟੌਤੀ ਨੂੰ ਟਾਲਿਆ ਜਾ ਸਕੇਗਾ। ਮੰਨਿਆ ਜਾ ਰਿਹਾ ਸੀ ਕਿ ਜੇਕਰ ਇਸ 'ਫਿਸਕਲ ਕਲਿੱਫ' ਉਤੇ ਮੋਹਰ ਨਹੀਂ ਲੱਗਦੀ ਤਾਂ ਨਵੇਂ ਸਾਲ ਵਿਚ ਅਮਰੀਕਾ ਨੂੰ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਸੀਨੇਟਰਾਂ ਨੇ ਇਸ ਸਮਝੌਤੇ ਦੇ ਪੱਖ ਵਿਚ ਵੋਟਾਂ ਪਾਈਆਂ। ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕਾ ਵਿਚ ਵਈਟ ਹਾਊਸ ਅਤੇ ਵਿਰੋਧੀ ਰਿਪਬਲਿਕਨ ਪਾਰਟੀ ਦਰਮਿਆਨ ਸਮਝੌਤੇ ਦੀ ਖਬਰ ਦੇ ਬਾਵਜੂਦ ਅਮਰੀਕੀ ਸੰਸਦ ਵਿਚ 'ਫਿਸਕਲ ਕਲਿੱਫ' ਉਤੇ ਅੱਧੀ ਰਾਤ ਨੂੰ ਵੋਟਿੰਗ ਦੀ ਸਮਾਂ ਹੱਦ ਉਂਜ ਹੀ ਬੀਤ ਗਈ ਸੀ।
ਰਿਪਬਲਿਕਨ ਪਾਰਟੀ ਨੇ ਟੈਕਸਾਂ ਵਿਚ ਜਬਰਦਸਤ ਵਾਧੇ ਅਤੇ ਸਰਕਾਰੀ ਖਰਚੇ ਵਿਚ ਕਟੌਤੀ ਨੂੰ ਟਾਲਣ ਦੇ ਸਮਝੌਤੇ ਦਾ ਸਮਰਥਨ ਕੀਤਾ ਹੈ, ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਜੋਅ ਬਾਇਡੇਨ ਨੇ ਅਪਣੀ ਡੈਮੋਕ੍ਰੇਟਿਕ ਪਾਰਟੀ ਦੇ ਸੀਨੇਟਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ 'ਫਿਸਕਲ ਕਲਿੱਫ' ਨੂੰ ਲਾਗੂ ਹੋਣ ਦਿੱਤਾ ਗਿਆ ਤਾਂ ਇਸ ਨਾਲ ਅਮਰੀਕਾ ਵਿਚ ਫਿਰ ਤੋਂ ਮੰਦੀ ਆ ਸਕਦੀ ਹੈ। ਪ੍ਰੰਤੂ ਜੇਕਰ ਇਹ ਬਿੱਲ ਅਮਰੀਕੀ ਸੰਸਦ ਦੇ ਦੋਵੇਂ ਸਦਨਾਂ ਵਿਚ ਪਾਸ ਹੋ ਗਿਆ ਤਾਂ ਇਸ ਦਾ ਅਸਰ ਘੱਟ ਤੋਂ ਘੱਟ ਹੋਵੇਗਾ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਟੈਕਸ ਵਿਚ ਵਾਧੇ ਅਤੇ ਖਰਚੇ ਵਿਚ ਕਟੌਤੀ ਨੂੰ ਰੋਕਣ ਲਈ ਸਮਝੌਤਾ ਪਹੁੰਚ ਦੇ ਦਾਇਰੇ ਵਿਚ ਹੈ। ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੇ ਕਾਰਜਕਾਲ ਵਿਚ ਪਾਸ ਟੈਕਸ ਕਟੌਤੀਆਂ ਦੀ ਸਮਾਂ ਹੱਦ 31 ਦਸੰਬਰ ਦੀ ਅੱਧੀ ਰਾਤ ਨੂੰ ਪੂਰੀ ਹੋ ਗਈ, ਜਿਸ ਤੋਂ ਬਾਅਦ ਇਕ ਜਨਵਰੀ ਤੋਂ ਟੈਕਸ ਵਿਚ ਵਾਧੇ ਅਤੇ ਸਰਕਾਰੀ ਖਰਚੇ ਵਿਚ ਕਟੌਤੀਆਂ ਲਾਗੂ ਹੋ ਗਈਆਂ।
ਟੈਕਸ ਪਾਲਿਸੀ ਸੈਂਟਰ ਦੇ ਇਕ ਅਨੁਮਾਨ ਮੁਤਾਬਕ ਜੇਕਰ ਚਾਰ ਮੈਂਬਰਾਂ ਦੇ ਪਰਿਵਾਰ ਦੀ ਆਮਦਨ 75 ਹਜ਼ਾਰ ਡਾਲਰ ਹੈ ਤਾਂ ਉਸਦਾ ਟੈਕਸ ਵਾਧਾ ਲਗਭਗ 3300 ਡਾਲਰ ਹੋਵੇਗਾ। ਆਮ ਲੋਕਾਂ ਅਤੇ ਅਰਥ ਵਿਵਸਥਾ ਉਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਕਾਫੀ ਸਮੇਂ ਤੋਂ ਅਮਰੀਕਾ ਵਿਚ ਰਾਜਨੀਤਿਕ ਦਲਾਂ ਦਰਮਿਆਨ ਰੱਸਾਕਸ਼ੀ ਜਾਰੀ ਹੈ। ਤਜਵੀਜ਼ਸ਼ੁਦਾ ਸਮਝੌਤੇ ਵਿਚ ਟੈਕਸ ਕਟੌਤੀਆਂ ਦਾ ਵਿਸਤਾਰ ਉਨ•ਾਂ ਲੋਕਾਂ ਤੱਕ ਕਰਨ ਦੀ ਯੋਜਨਾ ਹੈ, ਜਿੰਨਾਂ ਦੀ ਆਮਦਨ ਚਾਲ ਲੱਖ ਡਾਲਰ ਤੋਂ ਘੱਟ ਹੈ। ਹਾਲਾਂਕਿ ਮੂਲ ਰੂਪ ਵਿਚ ਡੈਮੋਕ੍ਰੇਟਿਕ ਪਾਰਟੀ ਢਾਈ ਲੱਖ ਡਾਲਰ ਦੀ ਆਮਦਨ ਵਾਲੇ ਲੋਕਾਂ ਤੱਕ ਹੀ ਟੈਕਸ ਵਿਚ ਕਟੌਤੀ ਦਾ ਫਾਇਦਾ ਪਹੁੰਚਾਉਣਾ ਚਾਹੁੰਦੀ ਸੀ। ਇਸ ਤੋਂ ਪਹਿਲਾਂ ਸ੍ਰੀ ਓਬਾਮਾ ਨੇ ਕਿਹਾ ਕਿ ਉਹ 'ਫਿਸਕਲ ਕਲਿੱਫ' ਦੇ ਮੁੱਦੇ ਨੂੰ ਵਿਆਪਕ ਸੌਦੇਬਾਜ਼ੀ ਦੇ ਜ਼ਰੀਏ ਸੁਲਝਾਉਣਾ ਚਾਹੁੰਣਗੇ, ਜਿਸ ਨਾਲ ਦੂਰਦਰਸ਼ੀ ਖਰਚੇ ਅਤੇ ਟੈਕਸ ਸਬੰਧੀ ਮੁੱਦਿਆਂ 'ਤੇ ਧਿਆਨ ਦਿੱਤਾ ਜਾਵੇ।

ਹਨੀ ਸਿੰਘ ਵਿਰੁਧ ਅਸ਼ਲੀਲ ਗਾਣੇ ਗਾਉਣ ਦੇ ਦੋਸ਼ ਹੇਠ ਐਫਆਈਆਰ ਦਰਜ



ਹੋਰਨਾਂ ਪੰਜਾਬੀ ਗਾਇਕਾਂ ਉਤੇ ਵੀ ਸ਼ਿਕੰਜਾ ਕਸਣ ਲਈ ਦਬਾਅ ਬਣਿਆ
ਗੁੜਗਾਉਂ, ਲਖਨਊ : 
ਬੇਹੱਦ ਅਸ਼ਲੀਲ ਗੀਤ ਗਾਉਣ ਦੇ ਦੋਸ਼ ਹੇਠ ਪੰਜਾਬੀ ਰੈਪ ਗਾਇਕ ਹਨੀ ਸਿੰਘ ਖਿਲਾਫ ਲਖਨਊ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਅਮਿਤਾਭ ਠਾਕੁਰ ਨਾਂ ਦੇ ਵਿਅਕਤੀ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਹਨੀ ਸਿੰਘ ਵਲੋਂ ਲਿਖੇ ਗਾਣੇ ਬੇਹੱਦ ਅਸ਼ਸ਼ੀਲ ਤੇ ਅਭੱਦਰ ਹਨ, ਜੋ ਸਮਾਜ ਵਿਚ ਔਰਤਾਂ ਪ੍ਰਤੀ ਅਪਮਾਨ ਅਤੇ ਗੰਭੀਰ ਅਪਰਾਧਾਂ ਨੂੰ ਵਧਾਉਣ ਦਾ ਕੰਮ ਕਰਦੇ ਹਨ। ਐਫਆਈਆਰ ਧਾਰਾ 292, 293 ਤੇ 294 ਦੇ ਤਹਿਤ ਦਰਜ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ 'ਚੇਂਜ ਡੌਟ ਓਆਰਜੀ' ਵੈਬਸਾਈਟ ਉਤੇ ਸਮਾਜ ਸੇਵੀ ਕਲਪਨਾ ਮਿਸ਼ਰਾ ਨੇ ਆਨਲਾਈਨ ਪਟੀਸ਼ਨ ਦੇ ਜ਼ਰੀਏ ਗੁੜਗਾਉਂ ਦੇ ਇਕ ਹੋਟਲ ਵਿਚ ਹੋ ਰਹੇ ਨਵੇਂ ਵਰ•ੇ ਦੇ ਸਮਾਗਮ ਵਿਚ ਹਨੀ ਸਿੰਘ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਵਿਚ ਹਨੀ ਸਿੰਘ ਦੇ ਲਿਖੇ ਤੇ ਗਾਏ ਗੀਤ ਦੇ ਅਸ਼ਲੀਲ ਬੋਲ ਵੀ ਦਿੱਤੇ ਗਏ ਅਤੇ ਪਟੀਸ਼ਨ ਰਾਹੀਂ ਹੋਟਲ ਦੇ ਜੀਐਮ ਨੂੰ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ ਗਈ। ਮੀਡੀਆ ਵਿਚ ਮਾਮਲਾ ਉਛਲਣ ਤੋਂ ਬਾਅਦ ਹੋਟਲ ਨੇ ਹਨੀ ਸਿੰਘ ਦਾ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਕਰ ਦਿੱਤਾ। ਹਨੀ ਸਿੰਘ ਦੇ ਇਸ ਪ੍ਰੋਗਰਾਮ ਵਿਚ ਨੌਜਵਾਨ ਜੋੜੇ ਦੀ ਐਂਟਰੀ ਟਿਕਟ 15,000 ਰੁਪਏ ਰੱਖੀ ਗਈ ਸੀ ਅਤੇ ਹਨੀ ਸਿੰਘ ਦੀ ਮਾਫੀਆ ਮੁਡੀਹਰ ਦੀ ਪੇਸ਼ਕਾਰੀ ਰੱਖੀ ਗਈ ਸੀ।
ਕਾਬਿਲੇਗੌਰ ਹੈ ਕਿ ਪੰਜਾਬੀ ਸੰਗੀਤ ਵਿਚ ਇਕਦਮ ਮਸ਼ਹੂਰੀ ਖੱਟਣ ਤੋਂ ਬਾਅਦ ਹਨੀ ਸਿੰਘ ਨੇ ਹਾਲ ਹੀ ਦੌਰਾਨ ਕਈ ਫਿਲਮਾਂ ਵਿਚ ਗੀਤ ਅਤੇ ਰੈਪ ਦੇ ਰਾਹੀਂ ਐਂਟਰੀ ਕੀਤੀ ਹੈ। ਹਨੀ ਸਿੰਘ ਦਾ ਇਕ ਗੀਤ ਭਾਰਤ ਵਿਚ ਯੂ ਟਿਊਬ 'ਤੇ ਸਾਲ 2012 ਦਾ ਸਭ ਤੋਂ ਵੱਧ ਸੁਣਿਆ ਗੀਤ ਵੀ ਚੁਣਿਆ ਗਿਆ ਹੈ। ਹਾਲਾਂਕਿ ਹਨੀ ਸਿੰਘ ਦਾ ਵਿਰੋਧ ਪਹਿਲਾਂ ਹੀ ਕਈ ਸੰਗਠਨਾਂ ਵਲੋਂ ਕੀਤਾ ਜਾ ਰਿਹਾ ਹੈ, ਲੇਕਿਨ ਕੌਮੀਂ ਪੱਧਰ 'ਤੇ ਇਹ ਪਹਿਲਾ ਮਾਮਲਾ ਹੈ ਜਦੋਂ ਹਨੀ ਸਿੰਘ ਦਾ ਜਨਤਕ ਵਿਰੋਧ ਹੋਇਆ ਹੈ। ਪਟੀਸ਼ਨ ਵਿਚ ਹਨੀ ਸਿੰਘ ਦੇ ਗੀਤ 'ਆਈ ਐਮ ਰੈਪਿਸਟ' ਨੂੰ ਆਧਾਰ ਬਣਾ ਕੇ ਕਿਹਾ ਗਿਆ ਹੈ ਕਿ ਅਜਿਹੀ ਮਾਨਸਿਕਤਾ ਦੇ ਗੀਤ ਅਤੇ ਲੋਕ ਹੀ ਸਮਾਜ ਵਿਚ ਜਬਰ ਜਨਾਹ ਦੀਆਂ ਘਟਨਾਵਾਂ ਦਾ ਕਾਰਨ ਬਣਦੇ ਹਨ। ਪਟੀਸ਼ਨ ਉਤੇ ਭਾਰਤ ਦੇ ਨਾਮੀ ਪੱਤਰਕਾਰਾਂ ਵੀਰ ਸਿੰਘਵੀ ਅਤੇ ਬਰਖਾ ਦੱਤ ਨੇ ਵੀ ਹਸਤਾਖਰ ਕੀਤੇ ਹਨ।
ਪੰਜਾਬ ਵਿਚ ਸਰਗਰਮ ਇਸਤਰੀ ਜਾਗ੍ਰਿਤੀ ਮੰਚ ਨੇ ਹਨੀ ਸਿੰਘ, ਦਿਲਜੀਤ ਦੋਸਾਂਝ ਅਤੇ ਜੈਜ਼ੀ ਬੈਂਸ ਵਿਰੁਧ ਲੱਚਰ ਗਾਣੇ ਗਾਉਣ ਦਾ ਦੋਸ਼ ਲਗਾਉਂਦਿਆਂ ਇੰਨਾਂ ਵਿਰੁਧ ਮੁਕੱਦਮੇ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਓਧਰ ਹਨੀ ਸਿੰਘ ਨੇ ਵੀ ਮੀਡੀਆ ਵਿਚ ਸਪੱਸ਼ਟੀਕਰਨ ਦਿੱਤਾ ਹੈ ਕਿ ਦੱਸਿਆ ਜਾ ਰਿਹਾ ਅਸ਼ਲੀਲ ਗਾਣਾ ਉਸ ਨੇ ਨਹੀਂ ਲਿਖਿਆ, ਬਲਕਿ ਕਿਸੇ ਦੀ ਸ਼ਰਾਰਤ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਉਹ ਅਪਣੇ ਵਕੀਲ ਦੇ ਰਾਹੀਂ ਕਾਨੂੰਨੀ ਕਾਰਵਾਈ ਕਰੇਗਾ।

ਸ਼ੀਲਾ ਦੀਕਸ਼ਤ ਲੱਚਰ ਗਾਣਿਆਂ 'ਤੇ ਨੱਚੀ
ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵਲੋਂ ਇਕ ਪ੍ਰੋਗਰਾਮ ਵਿਚ ਹਨੀ ਸਿੰਘ ਨਾਲ ਲੱਚਰ ਗਾਣਿਆਂ 'ਤੇ ਨੱਚਣ ਕਾਰਨ ਵਿਵਾਦ ਖੜਾ ਹੋ ਗਿਆ ਹੈ। ਇਕ ਵੀਡੀਓ ਚਰਚਾ ਵਿਚ ਆਇਆ ਹੈ, ਜਿਸ ਵਿਚ ਮੁੱਖ ਮੰਤਰੀ ਹਨੀ ਸਿੰਘ, ਜੇ ਸਟਾਰ ਤੇ ਹੋਰਨਾਂ ਨਾਲ ਹੱਥ ਫੜਕੇ ਨੱਚ ਰਹੀ ਹੈ ਅਤੇ ਉਹ ਲੱਚਰ ਗਾਣੇ ਗਾ ਰਹੇ ਹਨ। ਇਹ ਵੀਡੀਓ ਅਕਤੂਬਰ 2012 ਦਾ ਹੈ ਉਹ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਸ਼ੀਲਾ ਦੀਕਸ਼ਤ ਨਾਲ ਇਕ ਹੋਰ ਮੰਤਰੀ ਕਿਰਨ ਵਾਲੀਆ ਵੀ ਨੱਚਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਉਪਰ ਲੋਕਾਂ ਨੇ ਇਸ ਦਾ ਕਾਫੀ ਬੁਰਾ ਮਨਾਇਆ ਹੈ।

Thursday, December 27, 2012

ਜੋਗਿੰਦਰਪਾਲ ਜੈਨ ਦਾ ਦਰਜਾ ਘਟਿਆ ਜਾਂ ਵਧਿਆ?

ਅੱਜ ਦੀਆਂ ਖਬਰਾਂ/27 ਦਸੰਬਰ 2012

ਛੱਡੀ ਵਿਧਾਇਕੀ, ਬਣੇ ਸਿਰਫ ਚੇਅਰਮੈਨ
ਚੰਡੀਗੜ੍ਹ/ਗੌਤਮ ਰਿਸ਼ੀ
ਬੁਧਵਾਰ ਨੂੰ ਮੋਗਾ ਹਲਕੇ ਦੇ ਵਿਧਾਇਕ ਵਜੋਂ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਜੋਗਿੰਦਰਪਾਲ ਜੈਨ ਨੂੰ ਹਾਲਾਂਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਸੱਤਾ ਦਾ ਸੁਖ ਮਾਣਨ ਦਾ ਮੌਕਾ ਮਿਲ ਗਿਆ ਹੈ। ਪਰੰਤੂ ਵਿਧਾਇਕ ਵਜੋਂ ਅਹੁਦਾ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਅਜੇ ਸਿਰਫ ਚੇਅਰਮੈਨੀ ਨਾਲ ਹੀ ਨਿਵਾਜਿਆ ਗਿਆ ਹੈ।
ਮੁੱਖ ਮੰਤਰੀ ਨੇ ਫੌਰੀ ਪ੍ਰਭਾਵ ਨਾਲ ਬੁਧਵਾਰ ਸ਼ਾਮ ਨੂੰ ਹੀ ਸ੍ਰੀ ਜੈਨ ਨੂੰ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਸ੍ਰੀ ਜੈਨ ਨੂੰ ਪਾਰਟੀ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਵੀ ਐਲਾਨ ਦਿੱਤਾ ਹੈ, ਲੇਕਿਨ ਇਹ ਨਤੀਜਾ ਵਕਤ ਹੀ ਦੱਸੇਗਾ ਕਿ ਉਹ ਇਹ ਸੀਟ 'ਤੇ ਜਿੱਤ ਪ੍ਰਾਪਤ ਕਰਨਗੇ ਜਾਂ ਨਹੀਂ? ਅਕਾਲੀ ਦਲ ਲਈ ਅਸੰਬਲੀ ਵਿਚ ਇਕ ਸੀਟ ਵਧਣ ਜਾਂ ਨਾ ਵਧਣ ਬਾਰੇ ਵੀ ਜ਼ਿਮਨੀ ਚੋਣ 'ਚ ਹੀ ਤੈਅ ਹੋਵੇਗਾ।
ਚਰਚਾ ਚੱਲ ਰਹੀ ਸੀ ਕਿ ਜੋਗਿੰਦਰਪਾਲ ਜੈਨ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਨਾਲ ਉਨ੍ਹਾਂ ਦਾ ਸਿਆਸੀ ਤੇ ਵਿਧਾਨਿਕ ਕੱਦ ਵਧੇਗਾ, ਪ੍ਰੰਤੂ ਜਿਸ ਤਰ੍ਹਾਂ ਵਿਧਾਇਕੀ ਗੁਆਉਣ ਵਾਲੇ ਸ੍ਰੀ ਜੈਨ ਨੂੰ Ḕਚੇਅਰਮੈਨੀ' ਨਾਲ ਨਿਵਾਜਿਆ ਗਿਆ, ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸ੍ਰੀ ਜੈਨ ਮੁੜ ਚੋਣ ਲੜ ਕੇ ਜੇਕਰ ਜਿੱਤਦੇ ਵੀ ਹਨ, ਤਾਂ ਵੀ ਉਹ ਵਿਧਾਇਕ ਅਤੇ ਚੇਅਰਮੈਨ ਹੀ ਰਹਿਣਗੇ। ਇਹ ਆਮ ਪਿਰਤ ਹੈ ਕਿ ਸੱਤਾਧਾਰੀ ਪਾਰਟੀ ਦੇ ਕੱਦਾਵਰ ਜਾਂ ਚੋਣਾਂ 'ਚ ਹਾਰੇ ਹੋਏ ਆਗੂਆਂ ਨੂੰ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਜਾਂਦਾ ਹੈ। ਚੇਅਰਮੈਨ ਉਹੀ ਆਗੂ ਨਿਯੁਕਤ ਹੁੰਦੇ ਹਨ, ਜਿਹੜੇ ਵਜ਼ਾਰਤ ਵਿਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਹੁੰਦੇ।
ਸੁਭਾਵਿਕ ਤੌਰ 'ਤੇ ਸਵਾਲ ਉਠਣਾ ਲਾਜ਼ਮੀ ਹੈ ਕਿ 60 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਚੁਣੇ ਵਿਧਾਇਕ ਹੋਣਾ ਵੱਡਾ ਰੁਤਬਾ ਹੈ ਜਾਂ ਸਰਕਾਰ ਵਲੋਂ ਨਿਯੁਕਤ ਕੀਤਾ ਚੇਅਰਮੈਨ?
-----------------------------------

ਸਰਕਾਰ ਤੋਂ 'ਨਾਰਾਜ਼' ਦੀਪਇੰਦਰ ਸਿੰਘ ਢਿੱਲੋਂ ਤੇ ਮੰਗਤ ਰਾਏ ਬਾਂਸਲ ਨੂੰ ਵੀ ਕੀਤਾ ਖੁਸ਼
ਅੱਠ ਅਕਾਲੀ ਆਗੂ ਬਣੇ ਜਿਲ੍ਹਾ ਪਲਾਨਿੰਗ ਕਮੇਟੀਆਂ ਦੇ ਚੇਅਰਮੈਨ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਜਿਲ੍ਹਾ ਪਲਾਨਿੰਗ ਕਮੇਟੀਆਂ ਦੇ 8 ਚੇਅਰਮੈਨ ਨਿਯੁਕਤ ਕੀਤੇ ਹਨ। ਸਰਕਾਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੰਨਾਂ ਨਿਯੁਕਤੀਆਂ ਸਬੰਧੀ ਫਾਈਲ 'ਤੇ ਬੁਧਵਾਰ ਸ਼ਾਮ ਨੂੰ ਸਹੀ ਪਾ ਦਿੱਤੀ ਸੀ ਅਤੇ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਨਿਯੁਕਤੀਆਂ ਵਿਚ ਕਾਂਗਰਸ ਛੱਡਕੇ ਅਕਾਲੀ ਦਲ 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਕਾਂਗਰਸ ਤੋਂ ਬਾਗੀ ਹੋ ਕੇ ਡੇਰਾਬੱਸੀ ਹਲਕੇ ਦੀ ਚੋਣ ਲੜ ਚੁੱਕੇ ਦੀਪਇੰਦਰ ਸਿੰਘ ਢਿੱਲੋਂ ਦਾ ਨਾਂ ਵੀ ਸ਼ਾਮਲ ਹੈ।
ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਚੰਨੀ ਨੂੰ ਜਲੰਧਰ ਦੀ ਜਿਲ੍ਹਾ ਪਲਾਨਿੰਗ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ। ਸਾਬਕਾ ਐਮਐਲਏ ਸਰਬਜੀਤ ਸਿੰਘ ਮੱਕੜ ਨੂੰ ਕਪੂਰਥਲਾ ਜਿਲ੍ਹੇ ਦੀ ਪਲਾਨਿੰਗ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ। ਮਲੋਟ ਦੇ ਵਿਧਾਇਕ ਮੁਕਤਸਰ ਜਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਬਣੇ ਹਨ। ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਲੁਧਿਆਣਾ ਦੀ ਜਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਬਣਾਏ ਗਏ ਹਨ, ਜਦਕਿ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਅੰਮ੍ਰਿਤਸਰ ਜਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਮਾਨਸਾ, ਅਕਾਲੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੂੰ ਪਟਿਆਲਾ ਅਤੇ ਪ੍ਰੇਮ ਸਿੰਘ ਵਲੇਚਾ ਨੂੰ ਫਾਜ਼ਿਲਕਾ ਦੀ ਜਿਲ੍ਹਾ ਪਲਾਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
-----------------------------------

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਬਾਦਲ ਦਲ ਨੇ 15 ਉਮੀਦਵਾਰ ਐਲਾਨੇ
ਚੰਡੀਗੜ੍ਹ : ਸ਼੍ਰ੍ਰੋਮਣੀ ਅਕਾਲੀ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ 15 ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਾਰੀ ਕੀਤੀ ਪਹਿਲੀ ਸੂਚੀ ਮੁਤਾਬਕ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਗਰੇਟਰ ਕੈਲਾਸ਼ (ਵਾਰਡ ਨੰਬਰ 8) ਤੋਂ ਚੋਣ ਲੜਣਗੇ। ਜਥੇਦਾਰ ਅਵਤਾਰ ਸਿੰਘ ਹਿੱਤ ਹਰੀ ਨਗਰ ਇਲਾਕੇ ਤੋਂ, ਓਂਕਾਰ ਸਿੰਘ ਥਾਪਰ ਸ਼ਿਵ ਨਗਰ ਤੋਂ ਅਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਚੰਡੋਕ ਰਜਿੰਦਰ ਨਗਰ ਤੋਂ ਚੋਣ ਲੜਣਗੇ। ਜਥੇਦਾਰ ਸੁਰਜੀਤ ਸਿੰਘ, ਹਰਮੀਤ ਸਿੰਘ ਕਾਲੇਕਾ, ਸਤਨਾਮ ਸਿੰਘ ਔਲਖ, ਹਰਮਨਜੀਤ ਸਿੰਘ, ਰਵਿੰਦਰ ਸਿੰਘ ਖੁਰਾਣਾ, ਕੈਪਟਨ ਇੰਦਰਪ੍ਰੀਤ ਸਿੰਘ, ਕੁਲਮੋਹਨ ਸਿੰਘ, ਐਮਪੀਐਸ ਚੱਢਾ, ਹਰਵਿੰਦਰ ਸਿੰਘ ਕੇਪੀ, ਮਨਦੀਪ ਕੌਰ ਬਖਸ਼ੀ ਅਤੇ ਪਰਜੀਤ ਸਿੰਘ ਰਾਣਾ ਵੀ ਵੱਖ ਵੱਖ ਵਾਰਡਾਂ ਤੋਂ ਉਮੀਦਵਾਰ ਬਣਾਏ ਗਏ ਹਨ।
-----------------------------------

ਮੋਗੇ ਦਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਜੈਨ ਅਕਾਲੀ ਦਲ ‘ਚ ਸ਼ਾਮਲ




ਅਹੁਦੇ ਤੋਂ ਦਿੱਤਾ ਅਸਤੀਫ਼ਾ, ਹਲਕੇ ‘ਚ ਹੋਵੇਗੀ ਜ਼ਿਮਨੀ ਚੋਣ
ਮੋਗਾ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਵਿਧਾਇਕ ਜੋਗਿੰਦਰਪਾਲ ਜੈਨ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਨੂੰ ਮੋਗਾ ਹਲਕੇ ਦੇ ਵਿਧਾਇਕ ਵਜੋਂ ਅਪਣਾ ਅਸਤੀਫ਼ਾ ਦੇ ਦਿੱਤਾ ਹੈ। ਮੋਗਾ ਸੀਟ ਨੂੰ ਹੁਣ ਰਸਮੀਂ ਤੌਰ ‘ਤੇ ਖਾਲੀ ਐਲਾਨ ਦਿੱਤਾ ਜਾਵੇਗਾ ਅਤੇ ਸ੍ਰੀ ਜੈਨ ਅਕਾਲੀ ਦਲ ਦੀ ਤਰਫੋਂ ਜ਼ਿਮਨੀ ਚੋਣ ਲੜਣਗੇ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਜੋਗਿੰਦਰਪਾਲ ਜੈਨ ਨੂੰ ਸੱਤਾਧਾਰੀ ਦਲ ਵਲੋਂ ਅਹਿਮ ਰੁਤਬਾ ਦੇਣ ਦਾ ਲਾਲਚ ਦਿੱਤਾ ਗਿਆ ਹੈ, ਪਰ ਨਾਲੋ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ੍ਰੀ ਜੈਨ ਖਿਲਾਫ ਕੁਝ ਮਾਮਲੇ ਦਰਜ ਹਨ ਅਤੇ ਉਹ ਇੰਨਾਂ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਦੀ ਸ਼ਰਨ ਵਿਚ ਜਾ ਪਹੁੰਚੇ ਹਨ। ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਜੋਗਿੰਦਰਪਾਲ ਜੈਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੋਗਾ ਤੋਂ ਚੋਣ ਲੜ ਚੁੱਕੇ ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਅਤੇ ਅਪਣੇ ਅਹੁਦੇ ਤੋਂ ਅਸਤੀਫੇ ਦਾ ਰਸਮੀਂ ਐਲਾਨ ਕੀਤਾ। ਜੋਗਿੰਦਰਪਾਲ ਜੈਨ, ਮੋਗਾ ਤੋਂ ਦੂਸਰੀ ਵਾਰ ਕਾਂਗਰਸੀ ਵਿਧਾਇਕ ਬਣੇ ਸਨ ਅਤੇ ਉਨ੍ਹਾਂ ਨੇ 2007 ਦੀਆਂ ਅਸੰਬਲੀ ਚੋਣਾਂ ਵਿਚ ਅਕਾਲੀ ਦਲ ਦੇ ਕੱਦਾਵਰ ਆਗੂ ਜਥੇਦਾਰ ਤੋਤਾ ਸਿੰਘ ਅਤੇ 2012 ਦੀਆਂ ਚੋਣਾਂ ਵਿਚ ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਨੂੰ ਹਰਾਇਆ ਹੈ।
ਮੀਡੀਆ ਤੇ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਕਾਂਗਰਸੀ ਜੋਗਿੰਦਰਪਾਲ ਜੈਨ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਸੁਖਬੀਰ ਸਿੰਘ ਬਾਦਲ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਣਾ ਚਾਹੁੰਦੇ ਹਨ। ਕੁਲ 117 ਸੀਟਾਂ ਵਾਲੀ ਪੰਜਾਬ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਕੋਲ 56 ਵਿਧਾਇਕ ਹਨ ਅਤੇ ਲੁਧਿਆਣਾ ਦੇ ਦੋ ਬਾਗੀ ਭਰਾ ਸਿਮਰਨਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਅਕਾਲੀ ਦਲ ਦੇ ਐਸੋਸੀਏਟ ਵਿਧਾਇਕ ਹਨ। ਬਹੁਮਤ ਦਾ ਜਾਦੂਈ ਅੰਕੜਾ ਪ੍ਰਾਪਤ ਕਰਨ ਲਈ ਅਕਾਲੀ ਦਲ ਨੂੰ 59 ਸੀਟਾਂ ਦੀ ਜਰੂਰਤ ਹੈ, ਜੋ ਸ੍ਰੀ ਜੈਨ ਦੇ ਵਿਧਾਇਕ ਰਹਿੰਦਿਆਂ ਪੂਰੀ ਹੋ ਸਕਦੀ ਹੈ ਅਤੇ ਫਿਰ ਅਕਾਲੀ ਦਲ ਨੂੰ ਭਾਜਪਾ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ।
ਲੇਕਿਨ ਸ੍ਰੀ ਜੈਨ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੁੰਦਿਆਂ ਹੀ ਉਹ ਵਿਧਾਨ ਸਭਾ ਵਿਚ ਮੈਂਬਰ ਵਜੋਂ ਅਪਣਾ ਰੁਤਬਾ ਰੱਖਣ ਦੇ ਹੱਕਦਾਰ ਨਹੀਂ ਸਨ ਅਤੇ ਦਲ ਬਦਲੂ ਐਕਟ ਤਹਿਤ ਉਹ ਪਾਰਟੀ ਬਦਲਣ ਤੋਂ ਬਾਅਦ ਐਮਐਲਏ ਵਜੋਂ ਨਹੀਂ ਵਿਚਰ ਸਕਦੇ ਸਨ, ਜਿਸ ਕਰਕੇ ਉਨ੍ਹਾਂ ਨੇ ਅਪਣਾ ਅਸਤੀਫਾ ਵੀ ਦੇ ਦਿੱਤਾ। ਮੋਗਾ ਹਲਕੇ ਵਿਚ ਹੁਣ ਜ਼ਿਮਨੀ ਚੋਣਾਂ ਦਾ ਮਾਹੌਲ ਬਣ ਜਾਵੇਗਾ। ਅਕਾਲੀ ਦਲ ਵਲੋਂ ਭਾਵੇਂ ਸ੍ਰੀ ਜੈਨ ਹੀ ਉਮੀਦਵਾਰ ਹੋਣ ਦੇ ਚਰਚੇ ਹਨ, ਪਰ ਕਾਂਗਰਸ ਵਲੋਂ ਵੀ ਕੋਈ ਕੱਦਾਵਰ ਆਗੂ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਮੁੱਢਲੇ ਦੌਰ ਵਿਚ ਜੋਗਿੰਦਰਪਾਲ ਜੈਨ ਨੂੰ ਮੰਤਰੀ ਜਾਂ ਹੋਰ ਵੱਡਾ ਰੁਤਬਾ ਦਿੱਤਾ ਜਾ ਸਕਦਾ ਹੈ ਅਤੇ ਛੇ ਮਹੀਨੇ ਦੇ ਅੰਦਰ ਅੰਦਰ ਉਨ੍ਹਾਂ ਨੂੰ ਅਪਣੇ ਅਹੁਦੇ ‘ਤੇ ਬਣੇ ਰਹਿਣ ਲਈ ਐਮਐਲਏ ਵਜੋਂ ਚੋਣ ਜਿੱਤਣੀ ਜਰੂਰੀ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਾ ਸਿਰਫ ਕਾਂਗਰਸ ਲਈ ਬਲਕਿ ਭਾਜਪਾ ਲਈ ਵੀ ਝਟਕਾ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਹਲਕੇ ਤੇ ਪੰਜਾਬ ਦੀ ਸਿਆਸਤ ਵਿਚ ਸਥਿਤੀ ਮਜ਼ਬੂਤ ਹੋ ਸਕਦੀ ਹੈ।
ਕਾਂਗਰਸ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਵਿਧਾਇਕ ਜੋਗਿੰਦਰਪਾਲ ਜੈਨ ਨੂੰ ਪਾਰਟੀ ਛੱਡਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਦੇ ਨਿਰਣੇ ਉਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ। ਸੁਖਪਾਲ ਸਿੰਘ ਖਹਿਰਾ ਨੇ ਜਾਰੀ ਇਕ ਬਿਆਨ ਵਿਚ ਸ੍ਰੀ ਜੈਨ ਨੂੰ ਸਾਵਧਾਨ ਕਰਦਿਆਂ ਕੀਤਾ ਕਿ ਬਾਦਲ ਪਿਓ-ਪੁੱਤਰ ਨੇ ਅਸੰਬਲੀ ਚੋਣਾਂ ਤੇ ਇਸ ਤੋਂ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋਏ ਕਾਂਗਰਸੀ ਨੇਤਾਵਾਂ ਨਾਲ ਅਪਣੇ ਵਾਅਦੇ ਵਫ਼ਾ ਨਹੀਂ ਕੀਤੇ। ਉਨ੍ਹਾਂ ਉਦਹਾਰਨ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਮਾਲਵਿੰਦਰ ਸਿੰਘ ਤੋਂ ਵੀ ਅਪਣਾ ਫਾਇਦਾ ਖੱਟਣ ਤੋਂ ਬਾਅਦ ਅਕਾਲੀ ਦਲ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਸ੍ਰੀ ਖਹਿਰਾ ਨੇ ਬੀਰਦਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਗਾਲਿਬ ਦੀ ਵੀ ਬਾਦਲ ਦਲ ਵਲੋਂ ਕਦਰ ਨਾ ਕੀਤੇ ਜਾਣ ਦੀ ਉਦਾਹਰਨ ਦਿੱਤੀ।

ਕਾਮੇਡੀ ਦੇ ‘ਸਰਦਾਰ’ ਨੂੰ ਅਲਵਿਦਾ



ਹਮੇਸ਼ਾ ਯਾਦ ਆਉਣਗੇ ਜਸਪਾਲ ਸਿੰਘ ਭੱਟੀ

ਇਹ ਉਹ ਮੁਸ਼ਕਿਲ ਸਮਾ ਹੈ, ਜਦੋਂ ਯਕੀਨ ਹੀਂ ਹੋ ਰਿਹਾ ਕਿ ਜਸਪਾਲ ਸਿੰਘ ਭੱਟੀ ਸਾਡੇ ਦਰਮਿਆਨ ਨਹੀਂ ਰਹੇ। ਚਾਰੇ ਪਾਸੇ ਉਨ੍ਹਾਂ ਦੇ ਕਦਰਦਾਨ ਦੁੱਖ ਪ੍ਰਗਟਾ ਰਹੇ ਹਨ। ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਲੰਮੀਂ ਉਮਰ ਤੱਕ ਜਿਉਣਾ ਸੀ ਅਤੇ ਸਮਾਜਿਕ ਮੁੱਦਿਆਂ ‘ਤੇ ਖਰੀਆਂ ਗੱਲਾਂ ਕਰਨੀਆਂ ਸਨ, ਲੇਕਿਨ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸ਼ ਭੱਟੀ ਨੇ ਜਿੰਨ੍ਹਾ ਵੀ ਕੀਤਾ, ਉਹ ਕੋਈ ਹੋਰ ਕਲਾਕਾਰ ਨਹੀਂ ਕਰ ਸਕਦਾ। ‘ਫਲੌਪ ਸ਼ੋਅ’ ਦੇ ਸੁਪਰਹਿੱਟ ਕਲਾਕਾਰ ਦੇ ਅਚਾਨਕ ਵਿਛੋੜੇ ‘ਤੇ ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਬੜੇ ਦੁੱਖ ਨਾਲ ਉਨ੍ਹਾਂ ਦੀਆਂ ਯਾਦਾਂ ਨੂੰ ਸਮੇਟਣ ਦਾ ਯਤਨ ਕਰ ਰਿਹਾ ਹੈ।
ਗੰਭੀਰ ਮੁੱਦਿਆਂ ‘ਤੇ ਅਕਸਰ ਪ੍ਰਭਾਵਸ਼ਾਲੀ ਵਿਅੰਗ ਕਰਕੇ ਦੁਨੀਆ ਨੂੰ ਸੰਦੇਸ਼ ਦੇਣ ਵਾਲੇ ਜਸਪਾਲ ਸਿੰਘ ਭੱਟੀ ਲੰਘੇ ਵੀਰਵਾਰ ਵੱਡੇ ਤੜਕੇ ਇਕ ਦਰਦਨਾਕ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ। ਉਹ ਅਪਣੀ ਨਵੀਂ ਪੰਜਾਬੀ ਫਿਲਮ ‘ਪਾਵਰ ਕੱਟ’ ਦੇ ਪ੍ਰਚਾਰ ਲਈ ਬਠਿੰਡਾ ਤੋਂ ਜਲੰਧਰ ਜਾ ਰਹੇ ਸਨ ਕਿ ਸ਼ਾਹਕੋਟ ਨੇੜੇ ਉਨ੍ਹਾਂ ਦੀ ਕਾਰ, ਜਿਸ ਨੂੰ ਉਨ੍ਹਾਂ ਦੇ ਪੁੱਤਰ ਤੇ ਫਿਲਮ ਦੇ ਹੀਰੋ ਜਸਰਾਜ ਭੱਟੀ ਚਲਾ ਰਹੇ ਸਨ, ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ। ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਜਸਪਾਲ ਭੱਟੀ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਪਰ ਕਿਸਮਤ ਨਾਲ ਉਨ੍ਹਾਂ ਦਾ ਪੁੱਤਰ ਜਸਰਾਜ ਭੱਟੀ, ਫਿਲਮ ਦੀ ਅਦਾਕਾਰਾ ਸੁਰੀਲੀ ਗੌਤਮ ਅਤੇ ਮੀਡੀਆ ਸਹਾਇਕ ਨਵਨੀਤ ਜੋਸ਼ੀ ਦਾ ਬਚਾਅ ਹੋ ਗਿਆ।
57 ਸਾਲਾ ਜਸਪਾਲ ਸਿੰਘ ਭੱਟੀ ਭਾਰਤ ਦੇ ਪਹਿਲੇ Ḕਸਰਦਾਰ ਹਾਸਰਸ ਕਲਾਕਾਰ’ ਸਨ ਜਿਨ੍ਹਾਂ ਨੇ ਕੌਮੀ ਪੱਧਰ ‘ਤੇ ਅਪਣੀ ਪਹਿਚਾਣ ਬਣਾਈ। ਅਕਸਰ ਹੀ ਟੋਪੀਨੁਮਾ ਪਗੜੀ ਕਾਰਨ ਵਿਵਾਦ ਵਿਚ ਆਉਣ ਵਾਲੇ ਭਾਰਤੀ ਸਿਨੇਮੇ ਬੌਲੀਵੁਡ ਵਿਚ ਜਸਪਾਲ ਭੱਟੀ ਅਸਲੀ ਦਸਤਾਰ ਸਜਾਉਣ ਵਾਲੇ ਸਭ ਤੋਂ ਪ੍ਰਸਿੱਧ ਕਲਾਕਾਰ ਸਨ। ਜਸਪਾਲ ਭੱਟੀ ਨੂੰ ਜੇਕਰ ਦੁਨੀਆ ਦੇ ਸਭ ਤੋਂ ਪ੍ਰਸਿੱਧ ਸਿੱਖ ਕਾਮੇਡੀਅਨ ਕਿਹਾ ਜਾਵੇ, ਤਾਂ ਇਸ ਵਿਚ ਵੀ ਕੋਈ ਅਤਿ ਕਥਨੀ ਨਹੀਂ ਹੋਵੇਗੀ।
ਅੰਮ੍ਰਿਤਸਰ ‘ਚ ਪੈਦਾ ਹੋਏ ਅਤੇ ਉਨ੍ਹਾਂ ਨੇ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜਾਈ ਕੀਤੀ, ਪਰ ਉਨ੍ਹਾਂ ਦਾ ਝੁਕਾਅ ਕਾਮੇਡੀ ਤੇ ਅਦਾਕਾਰੀ ਨਾਲ ਸੀ। ਲੰਮਾਂ ਸਮਾਂ ਉਹ ਚੰਡੀਗੜ੍ਹ ਤੋਂ ਛਪਦੇ ਅਖਵਾਰ ਟ੍ਰਿਬਿਊਨ ਦੇ ਕਾਰਟੂਨਿਸਟ ਰਹੇ। ਜਲੰਧਰ ਦੂਰਦਰਸ਼ਨ ਦੇ ਸਭ ਤੋਂ ਚਰਚਿਤ ਪ੍ਰੋਗਰਾਮ Ḕਚਿੱਤਰਹਾਰ’ ਵਿਚ ਉਨ੍ਹਾਂ ਨੇ ਅਪਣਾ ਪ੍ਰੋਗਰਾਮ ‘ਰੰਗ ਵਿਚ ਭੰਗ’ ਸ਼ੁਰੂ ਕੀਤਾ, ਜਿਹੜਾ ਮਹਿਜ ਤਿੰਨ ਕੁ ਮਿੰਟ ਆਉਂਦਾ ਸੀ। ਪਹਿਲਾਂ ਤਾਂ ਇਸ ਨੂੰ ਦਰਸ਼ਕਾਂ ਨੇ ਰੰਗ ‘ਚ ਭੰਗ ਹੀ ਸਮਝਿਆ, ਪਰ ਬਾਅਦ ਵਿਚ ਇਹ ਚਿੱਤਰਹਾਰ ਜਿੰਨਾ ਹੀ ਮਕਬੂਲ ਹੋ ਗਿਆ। ਤਕਰੀਬਨ 80 ਦੇ ਦਹਾਕੇ ਦੇ ਅਖੀਰ ਵਿਚ ਅਤੇ 90 ਦੇ ਦਹਾਕੇ ਦੀ ਸ਼ੁਰੂਆਤ ਵਿਚ ਦੂਰਦਰਸ਼ਨ ਤੋਂ ਉਨ੍ਹਾਂ ਦੇ ਟੀਵੀ ਪ੍ਰੋਗਰਾਮ ‘ਉਲਟਾ ਪੁਲਟਾ’ ਤੇ ‘ਫਲੌਪ ਸ਼ੋਅ’ ਪੂਰੇ ਮੁਲਕ ਵਿਚ ਧਾਂਕ ਜਮਾਈ ਰੱਖੀ। ਟੀਵੀ ਤੇ ਫਿਲਮਾਂ ਵਿਚ ਉਹ ਜਾਣੇ ਪਹਿਚਾਣੇ ਚਿਹਰੇ ਵਜੋਂ ਉਭਰੇ।
ਪੰਜਾਬ ਵਿਚ ਹਿੰਸਾ ਦੇ ਕਾਲੇ ਦੌਰ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇਕ ਪੰਜਾਬੀ ਕਾਮੇਡੀ ਫਿਲਮ ਬਣਾਈ ‘ਮਾਹੌਲ ਠੀਕ ਹੈ’। ਇਸ ਫਿਲਮ ਨੇ ਪੰਜਾਬੀ ਸਿਨੇਮੇ ਨੂੰ ਜੋ ਦਿਸ਼ਾ ਦਿੱਤੀ ਅਤੇ ਮੁੜ ਤੋਂ ਪੈਰਾਂ ਸਿਰ ਕੀਤਾ, ਉਹ ਅੱਜ ਸਭ ਦੇ ਸਾਹਮਣੇ ਹੈ। ਜਸਪਾਲ ਭੱਟੀ ਇਕ ਵਧੀਆ ਫਿਲਮ ਨਿਰਮਾਤਾ, ਨਿਰਦੇਸ਼ਕ, ਕਾਮੇਡੀਅਨ, ਅਦਾਕਾਰ, ਕਾਰਟੂਨਿਸਟ ਅਤੇ ਵਿਅੰਗਕਾਰ ਸਨ। ‘ਫਨ੍ਹਾ’ ਤੇ ‘ਆ ਅਬ ਲੌਟ ਚਲੇਂ’ ਸਣੇ ਬੌਲੀਵੁੱਡ ਦੀਆਂ ਵੀ ਦਰਜਨਾਂ ਫਿਲਮਾਂ ਵਿਚ ਉਨ੍ਹਾਂ ਨੇ ਅਦਾਕਾਰੀ ਕੀਤੀ। ਭਾਰਤ, ਖਾਸ ਕਰਕੇ ਪੰਜਾਬ ਦੇ ਸਿਆਸੀ ਤੇ ਸਮਾਜਿਕ ਹਾਲਾਤ ‘ਤੇ ਉਹ ਅਕਸਰ ਹੀ ਅਪਣੇ ਤਰੀਕੇ ਨਾਲ ਵਿਅੰਗ ਕਰਦੇ। ਲੋਕਾਂ ਨੂੰ ਹਸਾਉਣ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀ ਨੂੰ ਵੀ ਉਹ ਕਦੇ ਨਹੀਂ ਭੁੱਲੇ। ਜਸਪਾਲ ਸਿੰਘ ਭੱਟੀ ਦੇ ਅਕਾਲ ਚਲਾਣੇ ‘ਤੇ ਜਿੱਥੇ ਪੰਜਾਬੀ ਮਨੋਰੰਜਨ ਜਗਤ ਤੇ ਸਮੂਹ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ, ਉਥੇ ਅਚਾਨਕ ਹੀ ਸ੍ਰੀ ਭੱਟੀ ਦਾ ਚਲਾਣਾ ਇਕ ਵੱਡਾ ਸਦਮਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਦੇਸ਼ ਦੇ ਪ੍ਰਮੁੱਖ ਸਿਆਸੀ, ਫਿਲਮੀ, ਸਮਾਜਿਕ ਤੇ ਸੱਭਿਆਚਾਰਕ ਸ਼ਖਸੀਅਤਾਂ ਨੇ ਸ੍ਰੀ ਭੱਟੀ ਦੇ ਅਚਾਨਕ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮੌਤ ਤੋਂ ਅਣਜਾਣ ਜਸਪਾਲ ਭੱਟੀ ਨੇ ਥਰਮਲ ਪਲਾਂਟ ਨੂੰ ਟੇਕਿਆ ਸੀ ਮੱਥਾ
ਪੰਜਾਬ ਵਿਚ ਬਿਜਲੀ ਦੀ ਸਮੱਸਿਆ ਨੂੰ ਦਰਸਾਉਂਦੀ ਪੰਜਾਬੀ ਫਿਲਮ ‘ਪਾਵਰ ਕੱਟ’ ਦੇ ਪ੍ਰਚਾਰ ਲਈ ਪਹੁੰਚੇ ਜਸਪਾਲ ਭੱਟੀ ਨੇ ਅਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਬਠਿੰਡਾ ਦੇ ਥਰਮਲ ਪਲਾਂਟ ਨੂੰ ਮੱਥਾ ਵੀ ਟੇਕਿਆ। ਫਿਲਮ ਦੀ ਟੀਮ ਨਾਲ ਥਰਮਲ ਪਲਾਂਟ ਨੂੰ ਮੱਥਾ ਟੇਕਿਦਿਆ ਕਿਹਾ, ‘ਹੇ ਥਰਮਲਾ, ਪਾਵਰ ਕੱਟ ਤੋਂ ਬਚਾਅ ਰੱਖੀਂ ਪਰ ਤੇਰੇ ਤੋਂ ਉਮੀਦ ਕੋਈ ਨਹੀਂ ਹੈ।’ ਮੌਤ ਤੋਂ ਅਣਜਾਣ ਜਸਪਾਲ ਭੱਟੀ ਨੇ ਬਠਿੰਡਾ ਦੇ ਇਕ ਸਿਨੇਮੇ, ਦੁਸ਼ਹਿਰਾ ਮੇਲੇ ਅਤੇ ਕੁਝ ਹੋਰਨਾਂ ਥਾਵਾਂ ‘ਤੇ ਬਿਨਾ ਕਿਸੇ ਪ੍ਰੋਗਰਾਮ ਪਹੁੰਚ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਫਿਲਮ ਵਿਚ ਵਰਤੀ ਇਕ ਵਿਸ਼ੇਸ਼ ਕਾਰ ਨੂੰ ਖੁਦ ਚਲਾ ਕੇ ਉਹ ਬਠਿੰਡੇ ਦੀਆਂ ਸੜਕਾਂ ‘ਤੇ ਵੀ ਘੁੰਮੇ। ਫਿਲਮ ਨੂੰ ਉਨ੍ਹਾਂ ਨੇ ਖੁਦ ਨਿਰਦੇਸ਼ਿਤ ਕੀਤਾ ਸੀ, ਜਦੋਂਕਿ ਫਿਲਮ ਵਿਚ ਉਨ੍ਹਾਂ ਦੀ ਕਲਾਕਾਰ ਪਤਨੀ ਸਵਿਤਾ ਭੱਟੀ, ਜ਼ਫਰ ਖਾਨ, ਉਨ੍ਹਾਂ ਦਾ ਪੁੱਤਰ ਜਸਰਾਜ ਭੱਟੀ, ਪ੍ਰੇਮ ਚੋਪੜਾ, ਜਸਵਿੰਦਰ ਭੱਲਾ, ਗੁਰਚੇਤ ਚਿੱਤਰਕਾਰ, ਅਰਵਿੰਦਰ ਭੱਟੀ ਤੇ ਹੋਰ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ।

ਇਕ ਪਾਸੇ ਪਿਤਾ ਦਾ ਵਿਛੋੜਾ ਦੂਜੇ ਪਾਸੇ ਕਾਮੇਡੀ ਫਿਲਮ ਸੀ : ਜਸਪਾਲ ਭੱਟੀ
ਜਸਪਾਲ ਭੱਟੀ ਦੇ ਮੀਡੀਆ ‘ਚ ਆਖਰੀ ਸ਼ਬਦ
ਅਪਣੀ ਮੌਤ ਤੋਂ ਅਣਜਾਣ ਜਸਪਾਲ ਭੱਟੀ ਨੇ ਅਪਣੇ ਕੌੜੇ, ਮਿੱਠੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜਨਵਰੀ 2012 ‘ਚ ਉਨ੍ਹਾਂ ਨੇ ਇਹ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ, ਜਿਸ ਵਿਚ ਉਨ੍ਹਾਂ ਦੇ ਪਿਤਾ ਐਨਐਸ ਭੱਟੀ ਨੇ ਵਡਮੁੱਲਾ ਸਹਿਯੋਗ ਦਿੱਤਾ। ਸ਼ ਭੱਟੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਬਹੁਤ ਜ਼ਿਆਦਾ ਕਰੇਜ਼ ਸੀ ਕਿ ਇਹ ਫਿਲਮ ਪੂਰੀ ਹੋ ਕੇ ਸਫਲਤਾ ਦੀਆਂ ਬੁਲੰਦੀਆਂ ਛੂਹ ਲਵੇ ਪਰ ਅਫਸੋਸ ਕਿ ਫਿਲਮ ਨਿਰਮਾਣ ਦੇ ਦੌਰਾਨ ਹੀ 15 ਅਗਸਤ 2012 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਉਨ੍ਹਾਂ ਲਈ ਸਭ ਤੋਂ ਔਖੀ ਘੜੀ ਸੀ ਕਿਉਂਕਿ ਇਕ ਪਾਸੇ ਪਿਤਾ ਦਾ ਵਿਛੋੜਾ, ਦੂਜੇ ਪਾਸੇ ਫਿਲਮ, ਉਹ ਵੀ ਕਾਮੇਡੀ ਪਰ ਇਹ ਫਿਲਮ ਪਿਤਾ ਦਾ ਸੁਪਨਾ ਸੀ ਇਸ ਲਈ ਮਨ ਪੱਕਾ ਕਰਕੇ ਇਸਨੂੰ ਪੂਰਾ ਕੀਤਾ ਹੈ। ਤ੍ਰਾਸਦੀ ਤਾਂ ਇਹ ਸੀ ਕਿ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਉਹ ਵੀ ਅਕਾਲ ਚਲਾਣਾ ਕਰ ਗਏ।

ਪੰਜਾਬ ਦੇ ਪਤੰਗ ਦੀ ਡੋਰ ਹੁਣ ਲੋਕਾਂ ਦੇ ਹੱਥ ‘ਚ : ਭਗਵੰਤ ਮਾਨ



‘ਅਪਣੇ ਵਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ , ਪਰ ਸਮੁੰਦਰ ‘ਚ ਜਾ ਕੇ ਉਹ ਮਰ ਜਾਂਦਾ ਹੈ।
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।’

ਲਹਿਰਾਗਾਗਾ ਹਲਕੇ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬਹੁਚਰਚਿਤ ਉਮੀਦਵਾਰ ਭਗਵੰਤ ਮਾਨ ਨਾਲ ਗੱਲਬਾਤ



ਸਿਆਸਤ ਵਿਚ ਕਲਾਕਾਰਾਂ ਦਾ ਆਉਣਾ ਕੋਈ ਨਵਾਂ ਰੁਝਾਨ ਨਹੀਂ। ਇਸ ਵਾਰ ਵੀ ਵਿਧਾਨ ਸਭਾ ਚੋਣਾਂ ਲਈ ਤਿੰਨ ਕਲਾਕਾਰ ਮੈਦਾਨ ‘ਚ ਨਿੱਤਰ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਕਵੀਸ਼ਰ ਬਲਵੰਤ ਸਿੰਘ ਰਾਮੂਵਾਲੀਆ, ਕਾਂਗਰਸ ਦੀ ਤਰਫ਼ੋਂ ਲੋਕ ਗਾਇਕ ਮੁਹੰਮਦ ਸਦੀਕ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਵਲੋਂ ਕਾਮੇਡੀਅਨ ਤੇ ਗਾਇਕ ਭਗਵੰਤ ਮਾਨ ਉਮੀਦਵਾਰ ਬਣੇ ਹਨ। ਭਗਵੰਤ ਮਾਨ ਇਨ੍ਹਾਂ ਦੋ ਕਲਕਾਰਾਂ ਤੋਂ ਵੱਖਰੇ ਹਨ। ਪੰਜਾਬ ਤੇ ਦੇਸ਼ ਦੀ ਸਿਆਸਤ, ਸਮਾਜਿਕ ਜੀਵਨ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਬੇਹੱਦ ਗੰਭੀਰ ਹੁੰਦੀਆਂ ਹਨ। ਪੰਜਾਬੀ ਮਨੋਰੰਜਨ ਖੇਤਰ ‘ਚ ਭਗਵੰਤ ਮਾਨ ਉਹ ਗਿਣੇ ਚੁਣੇ ਨਾਵਾਂ ਵਿਚੋਂ ਹੈ, ਜਿਸ ਨੇ ਕਦੇ ਵੀ ਸਮਾਜਿਕ ਜ਼ਿੰਮੇਵਾਰੀ ਦਾ ਪੱਲਾ ਨਹੀਂ ਛੱਡਿਆ। ਪੇਸ਼ ਹੈ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬਹੁਚਰਚਿਤ ਉਮੀਦਵਾਰ ਭਗਵੰਤ ਮਾਨ ਨਾਲ ਗੌਤਮ ਰਿਸ਼ੀ ਦੀ ਦਿਲਚਸਪ ਗੱਲਬਾਤ ਦੇ ਕੁਝ ਅੰਸ਼।

? ਤੁਹਾਡਾ ਸਿਆਸਤ ‘ਚ ਆਉਣ ਦਾ ਮਨ ਕਿਵੇਂ ਬਣਿਆ।
-  ਮੇਰੇ ਲਈ ਇਹ ਸਵਾਲ ਨਵਾਂ ਨਹੀਂ। ਇਕ ਕਲਾਕਾਰ ਵਜੋਂ ਮੈਂ ਹੁਣ ਤੱਕ ਜੋ ਟਿਪਣੀਆਂ ਕੀਤੀਆਂ ਉਹ ਸਾਰੀਆਂ ਸਰਕਾਰਾਂ ‘ਤੇ ਹੀ ਸੀ ਅਤੇ ਮਾੜੇ ਸਿਸਟਮ ‘ਤੇ ਹੀ ਸਨ। ਮੈਂ ਸਾਢੇ 17-18 ਸਾਲ ਦਾ ਸੀ, ਜਦੋਂ ‘ਕੁਲਫੀ ਗਰਮਾਗਰਮ’ ਕੈਸੇਟ ਆਈ ਸੀ। ਮੈਂ ਸਿਸਟਮ ਨੂੰ ਬੜਾ ਭੰਡਿਆ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੈ ਜਾਂ ਸਿਵਲ ਜਾਂ ਲੀਡਰਾਂ ਦੀ ਗੱਲ ਕਰ ਲਈਏ। ਮੈਂ ਲੋਕਾਂ ਦੇ ਹੱਕ ਦੀ ਗੱਲ ਕਰਦਾ ਸੀ। ਮੇਰੇ ਦਿਲ ਨੂੰ ਇਹ ਲੱਗਦਾ ਸੀ ਕਿ ਜਿਹੜੀਆਂ ਮੈਂ ਇਹ ਗੱਲਾਂ ਕਰਦਾਂ, ਲੋਕ ਪਸੰਦ ਕਰਦੇ ਨੇ। ਪਰ ਇਕੱਲੀਆਂ ਤਾੜੀਆਂ ਨਾਲ ਹੀ ਜਾਂ ਹੱਸ ਕੇ ਸਰ ਜਾਂਦਾ ਸੀ। ਸੋ ਮੇਰੇ ਦਿਮਾਗ ‘ਚ ਇਹ ਚੱਲਦਾ ਸੀ ਕਿ ਇਕੱਲਾ Ḕਕਾਮੇਡੀ ਕਿੰਗ’ ਕਹਾ ਕੇ ਹੀ ਦੁਨੀਆਂ ਤੋਂ ਨਾ ਚਲੇ ਜਾਈਏ। ਜੋ ਮੈਂ ਸਮਾਜ ਲਈ ਕਰਨਾ ਚਾਹੁੰਦਾ ਹਾਂ ਉਹ ਫਰਜ਼ ਤੇ ਮਿਸ਼ਨ ਅਜੇ ਪੂਰੇ ਨਹੀਂ ਹੋਏ। ਜਦੋਂ ਮੈਂ ਸਿਆਸਤ ਬਾਰੇ ਸੋਚਦਾ ਸੀ ਤਾਂ ਮੇਰੇ ਸਾਹਮਣੇ ਉਹੀ ਦੋ ਪਾਰਟੀਆਂ ਖੜੀਆਂ ਸਨ ਜੋ ਪੰਜਾਬ ਦੀ ਇਹ ਹਾਲਤ ਕਰਨ ਲਈ ਜ਼ਿੰਮੇਵਾਰ ਨੇ, ਜਿਨ੍ਹਾਂ ‘ਤੇ ਮੈਂ ਟਿੱਪਣੀਆਂ ਕਰਦਾ ਹੁੰਦਾ ਸੀ। ਫਿਰ ਅਚਾਨਕ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਸੱਚ ਦਾ ਝੰਡਾ ਚੁੱਕਿਆ ਅਪਣੇ ਵਿੱਤ ਮੰਤਰੀ ਦੇ ਅਹੁਦੇ ਨੂੰ ਠੋਕਰ ਮਾਰੀ ਤੇ ਵੀਆਈਪੀ ਕਲਚਰ ਨੂੰ ਖਤਮ ਕਰਕੇ ਭਗਤ ਸਿੰਘ ਦੇ ਸੁਪਨਿਆਂ ਦੀ ਗੱਲ ਕੀਤੀ ਤਾਂ ਫਿਰ ਮੈਨੂੰ ਲੱਗਿਆ ਕਿ ਇਕ ਤੇ ਇਕ ਮਿਲਕੇ ਗਿਆਰਾਂ ਹੁੰਦੇ ਨੇ ਅਤੇ ਮੈਂ ਸਭ ਕੁਝ ਛੱਡ ਕੇ ਮਨਪ੍ਰੀਤ ਸਿੰਘ ਦੇ ਕਾਫਲੇ ਨਾਲ ਤੁਰਨ ਦਾ ਮਨ ਬਣਾ ਲਿਆ।

? ਤੁਸੀਂ ਅਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਕੀਤੀ ਹੈ, ਹਾਲਾਂਕਿ ਕਾਂਗਰਸ ਜਾਂ ਅਕਾਲੀ ਦਲ ਦੋਵੇਂ ਪੰਜਾਬ ਦੀਆਂ ਦੋ ਪ੍ਰਮੁੱਖ ਪਾਰਟੀਆਂ ਨੇ ਅਤੇ ਇੰਨਾਂ ਤੋਂ ਤੁਹਾਨੂੰ ਇਕ ਵੱਡਾ ਮੰਚ ਮਿਲ ਸਕਦਾ ਸੀ।
-  ਮੈਨੂੰ ਐਮਐਲਏ ਬਣਨ ਦਾ ਚਾਅ ਨਹੀਂ। ਮੈਨੂੰ ਲਾਲ ਬੱਤੀ ਲਾਉਣ ਜਾਂ ਹੂਟਰ ਮਾਰਨ ਦਾ ਤੇ ਜਾਂ ਹਰੇ ਪੈਨ ਨਾਲ ਆਰਡਰ ਦੇਣ ਦਾ ਵੀ ਕੋਈ ਚਾਅ ਨਹੀਂ। ਜੇ ਮੈਂ ਸਿਰਫ਼ ਐਮਐਲਏ ਬਣਨਾ ਹੁੰਦਾ ਤਾਂ ਇਨ੍ਹਾਂ ਪਾਰਟੀਆਂ ਤੋਂ ਮੈਨੂੰ ਬਣਿਆ ਬਣਾਇਆ ਕੇਡਰ ਮਿਲ ਜਾਂਦਾ, ਬਣੇ ਬਣਾਏ ਵਰਕਰ ਮਿਲ ਜਾਂਦੇ ਤੇ ਆਪੇ ਹੀ ਪੈਸਾ ਖਰਚ ਦਿੰਦੇ। ਪਰ ਮਕਸਦ ਸੀ ਕਿ ਮੇਰੀਆਂ ਅੱਖਾਂ ਸਾਹਮਣੇ ਜਿਹੜਾ ਪੰਜਾਬ ਖ਼ਤਮ ਹੋ ਰਿਹਾ, ਕੈਂਸਰ ਨਾਲ ਹੋਰ ਬਿਮਾਰੀਆਂ ਨਾਲ, ਬੇਰੁਜ਼ਗਾਰ ਪਾਣੀਆਂ ਦੀਆਂ ਟੈਂਕੀਆਂ ‘ਤੇ ਚੜ੍ਹੇ ਖੜ੍ਹੇ ਨੇ। ਕੋਈ ਸੜਕ ਨਹੀਂ ਇਹੋ ਜਿਹੀ ਜਿਥੇ ਕੋਈ ਭੁੱਖ ਹੜਤਾਲ ਜਾਂ ਮੁਜਾਹਰਾ ਨਹੀਂ ਹੋ ਰਿਹਾ। ਪੀਣ ਦੇ ਸਾਫ ਪਾਣੀ ਦਾ ਕੋਈ ਇੰਤਜ਼ਾਮ ਨਹੀਂ। ਐਮਏ ਐਮਫਿਲ ਮੁੰਡੇ ਕੁੜੀਆਂ ਪੱਗਾਂ-ਚੁੰਨੀਆਂ ਸਰਕਾਰ ਤੋਂ ਲੁਹਾਉਂਦੇ ਫਿਰਦੇ ਨੇ। ਮੇਰੀਆਂ ਅੱਖਾਂ ਸਾਹਮਣੇ ਇਹ ਕੁਝ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਸੀ ਕਿ ਮੈਂ ਘੱਟੋ ਘੱਟ ਹਾਅ ਦਾ ਨਾਅਰਾ ਮਾਰਾਂ। ਮੈਂ ਜ਼ਮੀਰ ਦੀ ਆਵਾਜ਼ ਸੁਣ ਕੇ ਮਨਪ੍ਰੀਤ ਸਿੰਘ ਬਾਦਲ ਨਾਲ ਚੱਲਣ ਦਾ ਮੌਕਾ ਹਾਸਲ ਕੀਤਾ। ਮੈਂ ਸਿਆਸਤ ‘ਚ ਪੰਜਾਬ ਦੇ ਫਾਇਦੇ ਲਈ ਆਇਆ। ਹਾਂ, ਜਿਥੋਂ ਗੰਗਾ ਨਿਕਲਦੀ ਹੈ ਉਹ ਗੰਗੋਤਰੀ ਨਾਂ ਦੀ ਜਗ੍ਹਾ ਅਤੇ ਉਹ ਇਕ ਨਾਲੀ ਜਿੱਡੀ ਹੈ ਤੇ ਇਕ ਛਾਲ ਮਾਰ ਕੇ ਬੰਦਾ ਪਾਰ ਕਰ ਸਕਦਾ। ਪਰ ਜਦੋਂ ਉਹੀ ਗੰਗਾ ਝਰਨਿਆਂ ‘ਚੋਂ ਹੁੰਦੀ ਹੋਈ ਮੈਦਾਨਾਂ ‘ਚ ਪਹੁੰਚਦੀ ਹੈ ਤਾਂ ਏਨੀ ਵੱਡੀ ਬਣ ਜਾਂਦੀ ਹੈ ਕਿ ਉਸ ਨੂੰ ਪਾਰ ਕਰਨ ਲਈ ਵੱਡੀਆਂ ਕਿਸ਼ਤੀਆਂ ਤੇ ਜਹਾਜ ਚਾਹੀਦੇ ਨੇ। ਸਾਡੀ ਜਿਹੜੀ ਗੰਗੋਤਰੀ ਖਟਕੜ ਕਲਾਂ ਤੋਂ ਗੰਗਾ ਨਿਕਲੀ ਸੀ ਅੱਜ ਉਹ ਵੀ ਵਿਸ਼ਾਲ ਬਣ ਗਈ।

? ਹੁਣ ਪੀਪੀਪੀ ਵਲੋਂ ਤੁਹਾਨੂੰ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਮੁਕਾਬਲੇ ਉਮੀਦਵਾਰ ਬਣਾਇਆ। ਬੀਬੀ ਭੱਠਲ ਕਾਫੀ ਮਜ਼ਬੂਤ ਉਮੀਦਵਾਰ ਹਨ ਅਤੇ ਅਪਣੇ ਆਪ ਨੂੰ ਅਗਲੇ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਵੀ ਦੱਸ ਰਹੇ ਨੇ। ਅਜਿਹੇ ਹਾਲਾਤ ‘ਚ ਲਹਿਰਾਗਾਗਾ ਸੀਟ ਤੋਂ ਹੀ ਚੋਣ ਲੜਨ ਦੀ ਕਿਵੇਂ ਸੋਚੀ।
- ਵੇਖੋ ਮੇਰੇ ਲਈ ਬਹੁਤ ਸਾਰੇ ਆਪਸ਼ਨ ਸੀ। ਮੈਨੂੰ ਮਨਪ੍ਰੀਤ ਸਿੰਘ ਬਾਦਲ ਕਹਿੰਦੇ, ਤੁਸੀਂ ਕਿਥੋਂ ਲੜਨਾ ਚਾਹੁੰਦੇ ਹੋ? ਮੈਂ ਕਿਹਾ ਕਿ ਤੁਸੀਂ ਜਿਥੋਂ ਮਰਜ਼ੀ ਲੜਾ ਦਿਓ। ਮੈਂ ਕਿਸੇ ਵੀ ਹਲਕੇ ਲਈ ਬਾਹਰਲਾ ਜਾਂ ਨਵਾਂ ਨਹੀਂ, ਭਗਵੰਤ ਮਾਨ ਤਾਂ ਪੰਜਾਬ ‘ਚ ਸਾਰਿਆਂ ਦਾ ਹੀ ਸਾਂਝਾ ਹਾਂ। ਜਿਥੇ ਵੀ ਮੈਂ ਪ੍ਰਚਾਰ ਕਰਨ ਜਾਂਦਾ ਸੀ, ਲੋਕ ਮੈਨੂੰ ਉਥੇ ਹੀ ਚੋਣ ਲੜਨ ਲਈ ਸੱਦਦੇ ਸੀ। ਮੋਗੇ ਵਾਲੇ ਕਹਿੰਦੇ ਸੀ ਇਥੇ ਆ ਜਾ, ਅਮਰਗੜ੍ਹ ਤੇ ਮੌੜ ਵਾਲੇ ਵੀ ਕਹਿੰਦੇ ਇਥੇ ਆ ਜਾæææ ਮੈਂ ਕਹਿੰਦਾ ਸੀ ਕਿ ਮੈਂ ਤਾਂ ਪ੍ਰਚਾਰ ਕਰਨਾ, ਜੇ ਮੇਰੀਆਂ ਗੱਲਾਂ ‘ਤੇ ਯਕੀਨ ਕਰਨਗੇ ਤਾਂ ਲੋਕ ਮੈਨੂੰ ਵੋਟਾਂ ਪਾ ਦੇਣਗੇ। ਨਹੀਂ ਤਾਂ ਜਿਨ੍ਹਾਂ ਨੂੰ ਪਾਉਂਦੇ ਆਏ ਨੇ ਪੰਜ-ਪੰਜ ਸਾਲ ਦੀਆਂ ਵਾਰੀਆਂ ਵਾਲੇ, ਉਨ੍ਹਾਂ ਨੂੰ ਜਿਤਾ ਦੇਣਗੇ। ਮਨਪ੍ਰੀਤ ਜੀ ਮੈਨੂੰ ਕਹਿੰਦੇ ਕਿ ਭਗਵੰਤ ਤੂੰ ਸਾਡੀ ਤੋਪ ਹੈ। ਮੈਂ ਕਿਹਾ ਕਿ ਤੋਪ ਨਾਲ ਚਿੜੀਆਂ ਨਾ ਮਰਵਾਇਓ, ਕੋਈ ਕਿਲ੍ਹਾ ਢਾਹਿਓ। ਉਹ ਕਹਿੰਦੇ ਕਿ ਫਿਰ ਤੂੰ ਹੀ ਦੱਸ। ਮੈਂ ਕਿਹਾ ਕਿ ਲਹਿਰੇਗਾਗੇ ‘ਚ ਪਿਛਲੇ 19 ਸਾਲ ਤੋਂ ਬੀਬੀ ਰਜਿੰਦਰ ਕੌਰ ਭੱਠਲ ਉਨ੍ਹਾਂ ਭੋਲੇ ਭਾਲੇ ਲੋਕਾਂ ਦੇ ਜਜ਼ਬਾਤ ਨੂੰ ਵਰਤਦੇ ਆ ਰਹੇ ਨੇ। ਉਹ ਮੁੱਖ ਮੰਤਰੀ ਵੀ ਰਹਿ ਲਏ, ਮੰਤਰੀ ਵੀ ਰਹਿ ਲਏ, ਵਿਰੋਧੀ ਧਿਰ ਦੇ ਨੇਤਾ ਵੀ ਰਹਿ ਲਏ ਪਰ ਉਨ੍ਹਾਂ ਨੇ ਉਥੋਂ ਕੁਝ ਨਹੀਂ ਕੀਤਾ। ਬੀਬੀ ਭੱਠਲ ਸਿਰਫ਼ ਉਥੇ ਵੋਟਾਂ ਮੰਗਣ ਜਾਂਦੇ ਨੇ, ਹੋਰ ਕੋਈ ਕੰਮ ਨਹੀਂ ਜਾਂਦੇ ਉਥੇ। ਸੋ, ਮੈਂ ਲਹਿਰੇ ਦੇ ਲੋਕਾਂ ਨੂੰ ਐਮਐਲਏ ਦਾ ਮਤਲਬ ਦੱਸਣਾ ਚਾਹੁੰਦਾ ਹਾਂ। ਇਸ ਵਾਰ ਉਨ੍ਹਾਂ ਨੂੰ ਯਕੀਨ ਆ ਜਾਣਾ ਕਿ ਵੋਟਾਂ ਮੰਗਣ ਤੋਂ ਪਹਿਲਾਂ ਤੇ ਵੋਟਾਂ ਮੰਗਣ ਤੋਂ ਬਾਅਦ ਵੀ ਕੋਈ ਆ ਜਾਂਦਾ ਹੁੰਦਾ। ਸੋ ਮੈਂ ਇਹ ਪ੍ਰੀਭਾਸ਼ਾ ਬਦਲਣੀ ਚਾਹੁੰਦਾ। ਮੈਂ ਜਦੋਂ ਲਹਿਰਾਗਾਗਾ ਇਲਾਕੇ ਦੇ ਲੋਕਾਂ ਦਾ ਜੀਵਨ ਪੱਧਰ ਵੇਖਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਸਾਡੇ 19 ਸਾਲ ਤੋਂ ਪ੍ਰਤੀਨਿਧ ਨੇ ਜਿਹੜੇ, ਉਹ ਸਾਨੂੰ ਗਲੀਆਂ ਨਾਲੀਆਂ ਜਾਂ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਤੋਂ ਉਪਰ ਹੀ ਨਹੀਂ ਉੱਠਣ ਦਿੰਦੇ। ਉਸ ਤੋਂ ਵੱਧ ਕੋਈ ਗਰਾਂਟ ਹੀ ਨਹੀਂ ਮੰਗਣ ਦਿੰਦੇ। ਨਾ ਕੋਈ ਸਕੂਲ ਹੈ ਚੱਜ ਦਾ ਨਾ ਹਸਪਤਾਲ ਹੈ। ਘੱਗਰ ਹਰ ਸਾਲ ਲੋਕਾਂ ਨੂੰ ਮਾਰਦਾ ਹੈ, ਸਿਰਫ ਮੁਆਵਜ਼ੇ ਦੇ ਐਲਾਨ ਤੇ ਅਰਜ਼ੀਆਂ ਲੈ ਕੇ ਹੀ ਸਾਰ ਦਿੰਦੇ ਨੇ। ਮੈਂ ਇਹ ਨਹੀਂ ਸੋਚਦਾ ਕਿ ਮੈਂ ਵੱਡਾ ਉਮੀਦਵਾਰ ਹਾਂ, ਪਰ ਜੇ ਲੋਕਾਂ ਨੇ ਮੇਰੇ ‘ਤੇ ਯਕੀਨ ਕੀਤਾ ਤਾਂ ਮੈਂ ਇੰਨਾ ਜਾਣਦਾ ਕਿ ਮੈਂ ਉਨ੍ਹਾਂ ਦੇ ਇਸ ਯਕੀਨ ‘ਤੇ ਪੂਰਾ ਉਤਰਾਂਗਾ।

? ਲਹਿਰਾਗਾਗਾ ਹਲਕੇ ‘ਚ ਤੁਸੀਂ ਜਿੱਤ ਦੇ ਦਾਅਵੇ ਨਾਲ ਉਤਰੇ ਹੋ ਜਾਂ ਸਖ਼ਤ ਟੱਕਰ ਦੇਣ ਲਈ।
- ਦੋ ਕਪਤਾਨ ਨੇ ਜੋ ਅਪਣੀ-ਅਪਣੀ ਟੀਮ ਨੂੰ ਮੈਦਾਨ ‘ਚ ਲੈ ਕੇ ਜਾਂਦੇ ਨੇ। ਇੱਕ ਕਹਿੰਦਾ, ਚਲੋ ਬਈ ਅੱਜ ਜਿੱਤਣਾ ਅਤੇ ਦੂਸਰਾ ਕੈਪਟਨ ਕਹਿੰਦਾ ਕਿ ਚਲੋ ਬਈ ਅੱਜ ਹਾਰਨਾ ਨਹੀਂ। ਜਿਹੜਾ ਦੂਜਾ ਕੈਪਟਨ ਹੈ ਉਹ ਨੈਗੇਟਿਵ ਹੈ ਅਪਣੀ ਹਾਰ ਬਚਾਉਣ ਵਾਸਤੇ ਜਾ ਰਿਹਾ। ਪਰ ਪਹਿਲਾ ਸਿਰਫ਼ ਜਿੱਤਣ ਵਾਸਤੇ ਜਾ ਰਿਹਾ। ਸੋ ਮੈਂ ਪਹਿਲੇ ਕੈਪਟਨ ਦੀ ਟੀਮ ‘ਚੋਂ ਹਾਂ। ਅਸੀਂ ਕਿਸੇ ਨੂੰ ਟੱਕਰ ਨਹੀਂ ਦੇਣੀ, ਨਾ ਕਿਸੇ ਦਾ ਨੁਕਸਾਨ ਕਰਨਾ ਅਸੀਂ ਪੰਜਾਬ ਦਾ ਫਾਇਦਾ ਕਰਨਾ।

? ਪੀਪਲਜ਼ ਪਾਰਟੀ ਦੇ ਉਮੀਦਵਾਰ ਵਜੋਂ ਅਤੇ ਤੁਹਾਡਾ ਪਿਛੋਕੜ ਵੀ ਸੁਨਾਮ-ਲਹਿਰਾਗਾਗਾ ਇਲਾਕੇ ਤੋਂ ਹੋਣ ਕਰਕੇ ਉਥੇ ਤੁਹਾਡੇ ਕੀ ਚੋਣ ਮੁੱਦੇ ਨੇ।
- ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਨਾਂ ਹਲਕਿਆਂ ‘ਚ ਰਿਆਸਤਾਂ ਬਣ ਗਈਆਂ ਹਨ। ਪਹਿਲਾਂ ਸੀ ਜਿਵੇਂ ਕਿ ਇਹ ਜੀਂਦ ਰਿਆਸਤ ਹੈ, ਇਹ ਨਾਭੇ ਵਾਲਾ ਰਾਜਾ, ਇਹ ਪਟਿਆਲੇ ਦਾ ਰਾਜਾ, ਕਪੂਰਥਲੇ ਦਾ ਰਾਜਾ। ਇਸੇ ਤਰ੍ਹਾਂ ਹੁਣ ਰਿਆਸਤਾਂ ਬਣ ਗਈਆਂ ਕਿ ਆਹ ਲਹਿਰਾਗਾਗਾ ਭੱਠਲ ਰਿਆਸਤ ਹੈ, ਸੁਨਾਮ ਢੀਂਡਸਾ ਦੀ ਹੈ ਤੇ ਸਰਦੂਲਗੜ੍ਹ ਭੂੰਦੜ ਰਿਆਸਤ ਹੈ। ਪੈਸਾ ਲਗਾ ਕੇ ਵੋਟਾਂ ਲੈ ਕੇ ਦੁਬਾਰਾ ਫਿਰ ਰਾਜੇ ਰਾਣੀਆਂ ਪੈਦਾ ਹੋਣ ਲੱਗ ਗਏ ਨੇ। ਲੋਕਤੰਤਰ ਦੇ ਮਾਇਨੇ ਬਦਲ ਗਏ। ਰਿਆਸਤਾਂ ਤੋੜਨ ਲਈ ਹੀ ਸਾਡਾ ਕਾਫ਼ਲਾ ਬਣਿਆ ਹੈ। ਪੜ੍ਹਾਈ ਲਹਿਰਾਗਾਗਾ ‘ਚ ਸਭ ਤੋਂ ਵੱਡਾ ਮੁੱਦਾ ਹੈ। ਜਿਹੜੀ ਪੜ੍ਹਾਈ ਲਹਿਰਾਗਾਗਾ, ਸੁਨਾਮ ਜਾਂ ਸਾਡੇ ਪਿੰਡਾਂ ਦੇ ਬੱਚੇ ਕਰ ਰਹੇ ਨੇ, ਉਹ ਪੜ੍ਹਾਈ ਉਨ੍ਹਾਂ ਨੂੰ ਪਟਿਆਲਾ ਨਹੀਂ ਟੱਪਣ ਦਿੰਦੀ। ਕਿਉਂਕਿ ਅਮੀਰ ਦੀ ਪੜ੍ਹਾਈ ਹੋਰ ਹੈ ਤੇ ਗਰੀਬ ਦੀ ਹੋਰ। ਦਵਾਈ ਹੋਰ ਹੈ ਤੇ ਡਾਕਟਰ ਹੋਰ ਨੇ। ਕਾਨੂੰਨ ਵੱਖੋ ਵੱਖਰੇ ਨੇ। ਮੈਂ ਇਹੀ ਕਹਿ ਰਿਹਾ ਲੋਕਾਂ ਨੂੰ ਕਿ ਜੋ ਪੜਾਈ ਤੁਸੀਂ ਇਥੇ ਪੜ੍ਹਾ ਰਹੇ ਹੋ ਉਸ ‘ਤੇ ਖੁਸ਼ ਨਾ ਹੋਵੋ। ਓਧਰ 99 ਤੋਂ ਉਪਰ ਜਾਂ 100 ਫੀਸਦੀ ਵੀ ਨੰਬਰ ਆਉਣ ਲੱਗ ਗਏ ਤੇ ਅਸੀਂ 60 ਫ਼ੀਸਦੀ ‘ਤੇ ਲੱਡੂ ਵੰਡੀ ਜਾ ਰਹੇ ਹਾਂ। ਸਾਡੇ ਲਈ ਹਾਲੇ ਵੀ 33 ਫੀਸਦੀ ਦਾ ਮਤਲਬ ਪਾਸ। ਪਰ ਜਦੋਂ ਰੁਜਗਾਰ ਦੀ ਗੱਲ ਆਉਂਦੀ ਹੈ ਤਾਂ ਉਹ ਘਰਾਂ ‘ਚ ਬੈਠੇ ਹੁੰਦੇ ਨੇ। ਮੈਂ ਚਾਹੁੰਦਾ ਕਿ ਲਹਿਰਾਗਾਗਾ ਦੇ ਨੌਜਵਾਨ ਵੀ ਵੱਡੇ ਸ਼ਹਿਰਾਂ ਦੇ ਨੌਜਵਾਨਾਂ ਵਾਂਗ ਪੜ੍ਹਦੇ ਪੜ੍ਹਦੇ ਹੀ ਗੁੜਗਾਓਂ-ਬੰਗਲੌਰ ਦੀਆਂ ਕੰਪਨੀਆਂ ‘ਚ ਲੱਗਣ। ਪੜ੍ਹਾਈ ਦਾ ਖਰਚਾ ਇਸ ਪੱਧਰ ਦਾ ਹੋਵੇ।

? ਤੁਸੀਂ ਕਾਮੇਡੀਅਨ ਹੋ, ਗਾਇਕ ਵੀ ਹੋ। ਚੋਣ ਮੁਹਿੰਮ ‘ਚ ਤੁਹਾਡਾ ਪ੍ਰਚਾਰ ਕਿਸ ਤਰ੍ਹਾਂ ਦਾ ਹੈ।
- ਨਾ ਮੈਂ ਗਾਣੇ ਗਾਉਣੇ ਨੇ ਅਤੇ ਨਾ ਹੀ ਚੁਟਕਲੇ ਸੁਣਾਉਣੇ ਨੇ। ਮੈਂ ਪਿਛਲੇ 11 ਮਹੀਨਿਆਂ ਤੋਂ ਪੰਜਾਬ ਤੇ ਵਿਦੇਸ਼ਾਂ ਵਿਚਲੇ ਪੰਜਾਬੀਆਂ ਨੂੰ ਸੰਬੋਧਨ ਕਰਦਾ ਆ ਰਿਹਾਂ। ਲੋਕ ਮੈਨੂੰ ਪਹਿਲਾਂ ਵੀ ਤੇ ਹੁਣ ਵੀ ਸਮਾਜਿਕ ਆਲੋਚਕ ਵਜੋਂ ਸੁਣਦੇ ਆ ਰਹੇ ਹਨ। ਜਿਹੜੀਆਂ ਗੱਲਾਂ ਮੈਂ ਡੇਢ ਦਹਾਕੇ ਤੋਂ ਕਰਦਾ ਆ ਰਿਹਾ ਉਹੀ ਗੱਲਾਂ ਹੁਣ ਨੇ। ਲੋਕਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਮੈਂ ਸਿਆਸਤ ‘ਚ ਆ ਗਿਆਂ, ਇਸੇ ਕਰਕੇ ਉਨ੍ਹਾਂ ਨੇ ਮੈਨੂੰ ਛੇਤੀ ਪ੍ਰਵਾਨ ਕਰ ਲਿਆ। ਜ਼ਿਆਦਾਤਰ ਪ੍ਰਸ਼ੰਸ਼ਕਾਂ, ਚਹੇਤਿਆਂ ਦੇ ਮੈਨੂੰ ਇਹੀ ਫੋਨ ਆਏ ਕਿ ਹੁਣ ਤੂੰ ਸਹੀ ਜਗ੍ਹਾ ‘ਤੇ ਪਹੁੰਚਿਆ ਤੇ ਡੋਲੀਂ ਨਾ। ਮੈਂ ਹੁਣ ਵੀ ਦਲੇਰੀ ਨਾਲ ਜੋ ਗਲਤ ਹੋ ਰਿਹਾ ਉਸ ਨੂੰ ਗਲਤ ਕਹਾਂਗਾ। ਕਮੇਡੀ ਜਾਂ ਗਾਇਕੀ ਤਾਂ ਇਕ ਜ਼ਰੀਆ ਸੀ ਇਹ ਗੱਲਾਂ ਕਹਿਣ ਲਈ। ਹੁਣ ਮੈਨੂੰ ਅਹਿਸਾਸ ਹੈ ਕਿ ਲੋਕ ਅਪਣੇ ਪ੍ਰਤੀਨਿਧੀ ਦੇ ਤੌਰ ‘ਤੇ ਵੀ ਮੈਨੂੰ ਪ੍ਰਵਾਨ ਕਰ ਰਹੇ ਨੇ।

? ਪੀਪੀਪੀ ਵਾਸਤੇ ਤੁਸੀਂ ਇਕ ਐਲਬਮ ‘ਰੰਗਲਾ ਪੰਜਾਬ’ ਰਿਲੀਜ਼ ਕੀਤੀ ਅਤੇ ਹੁਣ ‘ਕੋਲਾਵਰੀ ਡੀ’ ਗੀਤ ਦਾ ਪੀਪੀਪੀ ਵਰਜ਼ਨ ਵੀ ਰਿਲੀਜ਼ ਕੀਤਾ, ਉਸ ਬਾਰੇ ਦੱਸੋਗੇ।
-  ਮਿਊਜ਼ਿਕ ਤੇ ਕਲਮ ਨੇ ਦੁਨੀਆਂ ਦੇ ਹਰੇਕ ਇਨਕਲਾਬ ‘ਚ ਬਹੁਤ ਵੱਡਾ ਹਿੱਸਾ ਪਾਇਆ। ਸਪੇਨ, ਆਇਰਲੈਂਡ ਜਿਥੇ ਵੀ ਕਿਤੇ ਅਜਿਹਾ ਹੋਇਆ ਮਿਊਜਿਕ ਦਾ ਵੱਡਾ ਹੱਥ ਰਿਹਾ। ਪੰਜਾਬ ‘ਚ ਹੀ ਵੇਖੀਏ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਕਲਮ ਦੇ ਧਨੀ ਸਨ। ‘ਚੰਡੀ ਦੀ ਵਾਰ’ ਜਾਂ ‘ਦੇਹਿ ਸਿਵਾ ਵਰ ਮੋਹੇ’ ਲਿਖ ਕੇ ਖਾਲਸਾ ਫੌਜ ‘ਚ ਉਨ੍ਹਾਂ ਨੇ ਹੌਂਸਲਾ ਭਰਿਆ ਸੀ। ਭਗਤ ਸਿੰਘ ਹੋਰੀਂ ਵੀ ‘ਰੰਗ ਦੇ ਬਸੰਤੀ ਚੋਲਾ’ ਗਾਉਂਦੇ ਸੀ। ਮੈਂ ਜਦ ਪਾਰਟੀ ‘ਚ ਆਇਆ ਤਾਂ ਗੱਲ ਕੀਤੀ ਕਿ ਕਈ ਵਾਰ ਲੋਕ ਲੰਮੇ ਤੇ ਥਕਾਊ ਭਾਸ਼ਾਵਾਂ ਨੂੰ ਨਹੀਂ ਸੁਣਦੇ। ਨੌਜਵਾਨਾਂ ਤੱਕ ਅਪਣੇ ਸੰਗੀਤ ਰਾਹੀਂ ਸੁਨੇਹਾ ਪਹੁੰਚਾਉਣ ਲਈ ਅਸੀਂ ਬਿਨਾ ਕਿਸੇ ਨੂੰ ਭੰਡੇ, ‘ਸਾਈਂ ਵੇ ਰੰਗਲੇ ਪੰਜਾਬ ਨੂੰ ਬਚਾਈਂ’ ਵਾਲੀ ਸੀਡੀ ਕੱਢੀ। ਕੋਲਾਵਰੀ-ਡੀ ਤਾਂ ਐਵੇਂ ਕੁਦਰਤੀ ਹੀ ਬਣਾ ਲਿਆ। ਅਗਲੇ ਦਿਨ ਨੂੰ ਤਾਂ ਹਜ਼ਾਰਾਂ ਹੀ ਲੋਕਾਂ ਦੇ ਮੈਸਜ, ਫੋਨ ਆਏ। ਕੌਮੀ ਟੀਵੀ ਚੈਨਲਾਂ ਨੇ ਇਸ ਬਾਰੇ ਖ਼ਬਰਾਂ ਦਿਤੀਆਂ। ਇਥੋਂ ਸਿੱਧ ਹੁੰਦਾ ਕਿ ਲੋਕ ਸਾਡੇ ਏਜੰਡੇ ਨੂੰ ਪਸੰਦ ਕਰ ਰਹੇ ਨੇ।

? ਪੀਪਲਜ਼ ਪਾਰਟੀ ਨਾਲ ਪਿਛਲੇ ਦਿਨਾਂ ‘ਚ ਕਾਫੀ ਲੋਕ ਜੁੜੇ... ਇਕਦਮ ਉਭਾਰ ਹੋਇਆ ਤੇ ਫਿਰ ਅਚਾਨਕ ਕਈ ਆਗੂ ਪਾਰਟੀ ਛੱਡ ਗਏ। ਤੁਹਾਨੂੰ ਵੀ ਕਿਸੇ ਹੋਰ ਦਲ ਨੇ ਕੋਈ ਲਾਲਚ ਦੇ ਕੇ ਪਾਰਟੀ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ।
- ਵੇਖੋ ਜੀ, ਭਗਤ ਸਿੰਘ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ,ਉਸਦੇ ਰਾਹ ‘ਤੇ ਚੱਲਣਾ ਬਹੁਤ ਔਖਾ। ਸਾਡੇ ਨਾਲ ਵੀ ਬਹੁਤ ਸਾਰੇ ਸੀ ਜਿਹੜੇ ਸਹੁੰਆਂ ਖਾ ਕੇ ਮੁੱਕਰ ਗਏ। ਟਿਕਟਾਂ ਮਿਲੀਆਂ ਜਾਂ ਹੋਰ ਕਾਰਨ, ਪਰ ਚੰਗਾ ਹੋਇਆ ਪਹਿਲਾਂ ਹੀ ਛੱਡ ਗਏ। ਮੇਰੇ ਬਾਰੇ ਵੀ ਕਈ ਤਰ੍ਹਾਂ ਦੀ ਚਰਚਾ ਹੋਈ ਕਿ ਜਾ ਰਿਹਾਂ ਜਾਂ ਇਹ ਪਹੁੰਚ ਕਰ ਰਹੇ ਹਨ। ਮੈਨੂੰ ਵੀ ਪੈਸੇ ਤੇ ਅਹੁਦਿਆਂ ਦੇ ਲਾਲਚ ਦਿਤੇ ਗਏ। ਪਰ ਮੈਂ ਗੁਰਭਜਨ ਗਿੱਲ ਦਾ ਇਕ ਸ਼ੇਅਰ ਕਹਾਂਗਾ, ‘ਅਪਣੇ ਵਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ‘ਚ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।’ ਪੰਜਾਬ ਦੀ ਗਰਦਨ ਸਿੱਧੀ ਰੱਖਣ ਲਈ ਸਾਨੂੰ ਜੋ ਵੀ ਮੁੱਲ ਤਾਰਨਾ ਪਿਆ, ਉਹ ਤਾਰਾਂਗੇ।

? ਤੁਸੀਂ ਪੀਪਲਜ਼ ਪਾਰਟੀ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਕੀ ਭਵਿੱਖ ਵੇਖਦੇ ਹੋ।
- ਤੁਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਨਿੱਜੀ ਤੌਰ ‘ਤੇ ਨਾ ਕਹੋ। ਤੁਸੀਂ ਇਕੱਲੀ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਕਹਿ ਸਕਦੇ ਹੋ। ਮਨਪ੍ਰੀਤ ਸਿੰਘ ਬਾਦਲ ਅਪਣੇ ਭਵਿੱਖ ਲਈ ਨਹੀਂ ਆਇਆ। ਜੇ ਅਪਣੇ ਭਵਿੱਖ ਦੀ ਗੱਲ ਹੁੰਦੀ ਤਾਂ ਦੋ ਸਾਲ ਤਾਂ ਅਜੇ ਵਿੱਤ ਮੰਤਰਾਲਾ ਪਿਆ ਸੀ। ਉਨ੍ਹਾਂ ਕਰਜ਼ੇ ਦਾ ਮਾਮਲਾ ਚੁਕਿਆ, ਉਹ ਪੰਜਾਬ ਸਿਰ ਸੀ, ਉਨ੍ਹਾਂ ਕੋਈ ਪੱਲਿਓਂ ਤਾਂ ਦੇਣਾ ਨਹੀਂ ਸੀ। ਜਿਥੋਂ ਤੱਕ ਪੀਪਲਜ਼ ਪਾਰਟੀ ਦੇ ਭਵਿੱਖ ਦੀ ਗੱਲ ਹੈ ਪਿੰਡਾਂ ਦੀਆਂ ਸੱਥਾਂ ‘ਚ ਤੇ ਹੋਰ ਚਾਰੇ ਪਾਸੇ ਗੱਲ ਹੁਣ ਪਤੰਗ ਦੀ ਚੱਲਦੀ ਹੈ। ਇਕ ਪ੍ਰਮਾਤਮਾ ਦੀ ਕਿਰਪਾ ਨਾਲ ਚੋਣ ਨਿਸ਼ਾਨ ਵੀ ਇਹੋ ਜਿਹਾ ਮਿਲ ਗਿਆ ਕਿ ਬਸੰਤ ਦਾ ਮਹੀਨਾ ਹੈ। ਪਤੰਗ ਦੀ ਡੋਰ ਪੰਜਾਬ ਦੇ ਲੋਕਾਂ ਦੇ ਹੱਥ ‘ਚ ਹੈ। ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਪੰਜਾਬ ਦੀ ਪਤੰਗ ਦੀ ਡੋਰ ਕਿਸੇ ਸੱਚੇ ਦੇ ਹੱਥ ‘ਚ ਫੜਾ ਦਿਓ। ਪਰ ਜੇ ਇਹ ਡੋਰ ਕਿਸੇ ਝੂਠੇ ਦੇ ਹੱਥ ਫੜਾ ਦਿਤੀ ਤਾਂ ਕੱਟੀ ਹੋਈ ਡੋਰ ਦੇ ਪਤੰਗ ਵਾਂਗ ਪੰਜਾਬ ਦਾ ਪਤੰਗ ਵੀ ਪਤਾ ਨਹੀਂ ਕਿਥੇ ਜਾ ਕੇ ਡਿੱਗੇਗਾ।

?  ਤੀਜਾ ਮੋਰਚਾ, ਪੰਥਕ ਮੋਰਚਾ... ਪਹਿਲਾਂ ਵੀ ਅਜਿਹੇ ਮੋਰਚੇ ਖੋਲ੍ਹ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ ਵਰਗੇ ਆਗੂਆਂ ਨੇ ਨਵਾਂ ਸਿਆਸੀ ਬਦਲ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਾਂਝਾ ਮੋਰਚਾ ਇਕ ਦਿਨ ਸਚਮੁੱਚ ਹੀ ਪੰਜਾਬ ਦੀ ਸੱਤਾ ਸੰਭਾਲੇਗਾ।
- ਇੱਕ ਦਿਨ ਦਾ ਮਤਲਬ ਤਾਂ ਹੁਣ 30 ਜਨਵਰੀ ਹੈ ਜੀ ਅਤੇ ਬਦਲ ਜਾਣਾ ਸਭ ਕੁੱਝ। ਅਸੀਂ ਜਦੋਂ ਲੋਕਾਂ ਦੀਆਂ ਅੱਖਾਂ ‘ਚ ਜਾ ਕੇ ਵੇਖਦੇ ਹਾਂ ਉਹ ਭਰੀਆਂ ਪਈਆਂ ਨੇ। ਹੁਣ ਤਾੜੀਆਂ ਇਸ ਗੱਲ ‘ਤੇ ਨਹੀਂ ਪੈਂਦੀਆਂ ਕਿ ਪੰਜਾਬ ਨੂੰ ਕੈਲੀਫੋਰਨੀਆ ਜਾਂ ਟੋਰੰਟੋ ਬਣਾ ਦਿਆਂਗੇ ਸਗੋਂ ਤਾੜੀਆਂ ਇਸ ਕਰਕੇ ਪੈਦੀਆਂ ਕਿ ਰੋਟੀ ਚਾਹੇ ਅਚਾਰ ਨਾਲ ਖਾ ਲਵਾਂਗੇ ਪਰ ਬੱਚਿਆਂ ਦੇ ਭਵਿੱਖ ਵਾਸਤੇ ਵਧੀਆ ਪੰਜਾਬ ਪਿਛੇ ਛੱਡਕੇ ਜਾਵਾਂਗੇ। ਇਥੋਂ ਸਾਡਾ ਹੌਂਸਲਾ ਵਧਦਾ ਕਿ ਲੋਕ ਭਵਿੱਖ ਲਈ ਕੁਝ ਵੀ ਕਰਨ ਨੂੰ ਤਿਆਰ ਨੇ। ਕਾਂਗਰਸ ਕਹਿ ਰਹੀ ਹੈ ਪੰਜਾਬ ਬਚਾਓ ਯਾਤਰਾ। ਪੌਣੇ 5 ਸਾਲ ਪਹਿਲਾਂ ਪੰਜਾਬ ਉਨ੍ਹਾਂ ਕੋਲ ਹੀ ਸੀ, ਉਦੋਂ ਨਹੀਂ ਬਚਾਇਆ। ਕੋਈ ਚਾਰ ਸਾਲਾਂ ‘ਚ ਤਾਂ ਮਰਿਆ ਨਹੀਂ ਇਹ। ਅਸਲ ‘ਚ ਕਾਂਗਰਸ ਦਾ ਦਿਲੋਂ ਨਾਅਰਾ ਤਾਂ ਇਹੀ ਹੈ ਕਿ ‘ਸਾਰਾ ਨਾ ਖਾਓ, ਸਾਡੇ ਲਈ ਵੀ ਪੰਜਾਬ ਬਚਾਓ।’ ਪੰਜਾਬ ਬਚਾਉਣ ਵਾਲੇ ਪਿਛਲੇ 20-25 ਦਿਨ ਟਿਕਟਾਂ ਬਚਾਉਣ ਲਈ ਦਿੱਲੀ ਬੈਠੇ ਰਹੇ। ਜਿਹੜੇ ਅਪਣੀਆਂ ਟਿਕਟਾਂ ਨਹੀਂ ਬਚਾ ਸਕੇ ਉਹ ਪੰਜਾਬ ਨੂੰ ਕੀ ਬਚਾ ਲੈਣਗੇ। ਕੈਪਟਨ ਤੋਂ ਬਚਾਉਣ ਲਈ ਤਾਂ ਲੋਕਾਂ ਨੇ ਪੰਜਾਬ ਬਾਦਲ ਨੂੰ ਦਿੱਤਾ ਸੀ, ਹੁਣ ਫੇਰ ਉਨ੍ਹਾਂ ਨੂੰ ਥੋੜਾ ਦੇ ਦੇਣਾ। ਇਹ ਪੰਜ ਸਾਲ ਦੀਆਂ ਵਾਰੀਆਂ ਤੋੜਨ ਦਾ ਵੇਲਾ ਹੁਣ।

?  ਪੰਜਾਬ ‘ਚ ਇਸ ਵਾਰ ਦੋ ਹਲਕੇ ਕਾਫ਼ੀ ਚਰਚਾ ਵਿਚ ਹਨ, ਲੰਬੀ ਤੇ ਗਿੱਦੜਬਾਹਾ। ਕੀ ਲਗਦਾ ਹੈ… ਨਤੀਜਾ ਕੀ ਹੋਵੇਗਾ।
- ਲੰਬੀ ਦੇ ਵਿਚ ਅਸੀਂ ਵਾਅਦਾ ਕੀਤਾ ਸੀ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਚੋਣ ਲੜਨਗੇ ਤਾਂ ਉਨ੍ਹਾਂ ਨੂੰ ਟੱਕਰ ਦੇਣ ਵਾਸਤੇ ਗੁਰਦਾਸ ਸਿੰਘ ਬਾਦਲ ਮੈਦਾਨ ‘ਚ ਨਿਤਰਨਗੇ। ਨਾਲ ਹੀ ਇਹ ਵੀ ਕਹਿ ਦਿਤਾ ਸੀ ਕਿ ਜੇਕਰ ਗੁਰਦਾਸ ਸਿੰਘ ਬਾਦਲ ਇਹ ਚੋਣ ਜਿੱਤਦੇ ਹਨ ਤਾਂ ਪਾਰਟੀ ਵਿਚ ਕੋਈ ਅਹੁਦਾ ਜਾਂ ਸੰਭਾਵੀ ਸਰਕਾਰ ਵਿਚ ਮੰਤਰੀ ਨਹੀਂ ਬਣਨਗੇ। ਗੁਰਦਾਸ ਬਾਦਲ ਲੰਬੀ ‘ਚ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਲਈ ਮੈਦਾਨ ‘ਚ ਕੁੱਦੇ ਹਨ। ਉਥੇ ਜਿਹੜੀ ਪੁਜੀਸ਼ਨ ਗੁਰਦਾਸ ਜੀ ਦੀ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਤਾ ਲੱਗ ਚੁੱਕੀ ਹੈ।
ਜਿਥੋਂ ਤੱਕ ਗਿੱਦੜਬਾਹਾ ਦਾ ਸਵਾਲ ਹੈ, ਉਥੇ ਬਹੁਤ ਵਧੀਆ ਪੁਜੀਸ਼ਨ ਹੈ। ਗਿੱਦੜਬਾਹਾ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਨੂੰ ਸਾਲਾਂ ਤੋਂ ਪਿਆਰ ਕਰਦੇ ਆ ਰਹੇ ਹਨ। ਪਰ ਪਿਛਲੇ ਦਿਨਾਂ ਵਿਚ ਸਾਨੂੰ ਇਕ ਸੂਹ ਮਿਲੀ ਅਤੇ ਸੁਣ ਕੇ ਹੈਰਾਨ ਰਹਿ ਗਏ ਕਿ ਗਿੱਦੜਬਾਹਾ ਵਿਚ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਇਕੱਠੇ ਹੋ ਚੁੱਕੇ ਹਨ। ਉਨ੍ਹਾਂ ਦੋਵਾਂ ਨੇ ਇਕੱਠੇ ਬਹਿ ਕੇ ਸਮਝੌਤਾ ਕਰ ਲਿਆ ਹੈ ਕਿ ਜੇਕਰ ਮਨਪ੍ਰੀਤ ਬਾਦਲ ਅੱਗੇ ਆਉਂਦੇ ਹਨ ਤਾਂ ਉਨ੍ਹਾਂ ਦੋਵਾਂ ਨੂੰ ਨੁਕਸਾਨ ਹੈ। ਇਸੇ ਕਰਕੇ ਮੌੜ ਹਲਕੇ ਦੇ ਲੋਕਾਂ ਦੀ ਅਪੀਲ ‘ਤੇ ਮਨਪ੍ਰੀਤ ਸਿੰਘ ਬਾਦਲ ਨੇ ਉਸ ਹਲਕੇ ਤੋਂ ਵੀ ਨਾਮਜ਼ਦਗੀ ਪਰਚਾ ਦਾਖ਼ਲ ਕੀਤਾ ਹੈ। ਲੰਬੀ, ਗਿੱਦੜਬਾਹਾ ਦੇ ਨਾਲ ਨਾਲ ਮੌੜ ਮੰਡੀ ਤੋਂ ਵੀ ਸਾਨੂੰ ਕੋਈ ਸ਼ੱਕ ਨਹੀਂ। ਇਹ ਤਿੰਨੋ ਸੀਟਾਂ ਪੀਪੀਪੀ ਦੀ ਝੋਲੀ ਵਿਚ ਹਨ।

?  ਮੌੜ ਮੰਡੀ ਹਲਕੇ ਤੋਂ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਹਲਕੇ ਤੋਂ ਬਾਹਰਲੇ ਹਨ। ਮਨਪ੍ਰੀਤ ਸਿੰਘ ਬਾਦਲ ਉਤੇ ਉਥੋਂ ਦੇ ਲੋਕ ਕਿਸ ਕਾਰਨ ਯਕੀਨ ਕਰਨਗੇ।
- ਮੌੜ ਮੰਡੀ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਨੂੰ ਬੇਹੱਦ ਪਿਆਰ ਕਰਦੇ ਹਨ। ਉਥੋਂ ਪਹਿਲਾਂ ਮੈਂ ਚੋਣ ਲੜਨੀ ਸੀ। ਜਨਮੇਜਾ ਸਿੰਘ ਸੇਖੋਂ ਅਤੇ ਮੰਗਤ ਰਾਏ ਬਾਂਸਲ ਤਾਂ ਉਥੇ ਟਿਕਟਾਂ ਬਚਾਉਣ ਲਈ ਆਏ ਹਨ। ਕੋਈ ਸਮਾਂ ਸੀ ਜਦੋਂ ਪਾਰਟੀ ਦੇ ਸੰਭਾਵੀ ਉਮੀਦਵਾਰ ਅਪਣੇ ਪ੍ਰਧਾਨ ਤੋਂ ਇਹ ਕਹਿ ਕੇ ਟਿਕਟਾਂ ਮੰਗਣ ਜਾਂਦੇ ਸਨ ਕਿ ਮੈਨੂੰ ਇਸ ਹਲਕੇ ਤੋਂ ਟਿਕਟ ਦਿਓ, ਕਿਉਂਕਿ ਮੈਨੂੰ ਇਥੋਂ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਸਿਆਸਤਦਾਨ ਅੱਜ ਵੀ ਇਹੀ ਕਹਿੰਦੇ ਹਨ ਪਰ ਉਹ ਕਹਿੰਦੇ ਹਨ ਕਿ ਮੈਨੂੰ ਇਸ ਹਲਕੇ ਤੋਂ ਟਿਕਟ ਨਾ ਦਿਓ, ਕਿਉਂਕਿ ਮੈਨੂੰ ਇਥੋਂ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਸੇਖੋਂ ਤੇ ਬਾਂਸਲ ਦੋ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਸਨ ਤੇ ਉਹ ਹੁਣ ਅਪਣੀ ਹੋਂਦ ਬਚਾਉਣ ਲਈ ਇਥੇ ਆਏ ਹਨ। ਮੌੜ ਮੰਡੀ ਹਲਕਾ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਪਹਿਲਾਂ ਤੋਂ ਹੀ ਖੜ੍ਹਾ ਹੈ।

?  ਪੀਪਲਜ਼ ਪਾਰਟੀ ਨੇ ਅਪਣਾ 100 ਦਿਨ ਦਾ ਏਜੰਡਾ ਐਲਾਨਿਆ ਹੈ ਕਿ ਸੱਤਾ ਵਿਚ ਆਏ ਤਾਂ, ਲਾਲ ਬੱਤੀਆਂ ਲੁਹਾ ਦੇਵਾਂਗੇ, ਪੁਲਿਸ ਮੁਲਾਜ਼ਮਾਂ ਦੀ 8 ਘੰਟੇ ਡਿਊਟੀ ਹੋਏਗੀ, ਵੀਆਈਪੀ ਦੇ 90ਫ਼ੀ ਸਦੀ ਸੁਰੱਖਿਆ ਮੁਲਾਜਮ ਵਾਪਸ ਹੋਣਗੇ। ਇਸ ਬਾਰੇ ਕੁਝ ਹੋਰ ਦੱਸੋਂਗੇ।
- ਬਿਲਕੁਲ ਸਹੀ ਗੱਲ ਹੈ, ਕੋਈ ਲਾਲ ਬੱਤੀ ਨਹੀਂ ਹੋਵੇਗੀ। ਕੱਲ੍ਹ ਨੂੰ ਭਗਵੰਤ ਮਾਨ ਲਹਿਰਾਗਾਗਾ ਤੋਂ ਜਿੱਤ ਕੇ ਆਉਂਦਾ ਹੈ ਤਾਂ ਉਸ ਦੀ ਗੱਡੀ ਟੂ-ਟੂ ਕਰਦੀ ਖੱਚਰ ਰੇਹੜੇ, ਸਾਇਕਲਾਂ, ਟਰੱਕਾਂ, ਮੋਟਰ ਸਾਈਕਲਾਂ ਨੂੰ ਕੱਚੇ ਰਾਹਾਂ ‘ਚ ਲਾਹੁੰਦੀ ਅੱਗੇ ਲੰਘੇਗੀ, ਅਜਿਹੀ ਕੋਈ ਗੱਲ ਨਹੀਂ। ਕੋਈ ਗੰਨਮੈਨ ਨਹੀਂ ਹੋਣਗੇ। ਸਰਕਾਰੀ ਖਰਚੇ ‘ਤੇ ਕੋਈ ਵਿਦੇਸ਼ ਦੌਰਾ ਨਹੀਂ ਕਰ ਸਕਣਗੇ। ਪੰਜਾਬ ਨਾਲ ਵਿਦੇਸ਼ ਦੇ ਸਮਝੌਤੇ ਦੇ ਬਹਾਨੇ ਨਾਲ ਸਿਆਸਤਦਾਨ ਪਰਿਵਾਰਾਂ ਨੂੰ ਲੈ ਕੇ ਵਿਦੇਸ਼ ਚਲੇ ਜਾਂਦੇ ਹਨ, ਅਜਿਹਾ ਕੁਝ ਨਹੀਂ ਹੋਵੇਗਾ। ਸਰਕਾਰੀ ਮੁਲਾਜ਼ਮਾਂ ਦੀ ਤੈਅ ਸ਼ੁਦਾ ਸਮੇਂ ਤੱਕ ਡਿਊਟੀ ਹੈ ਤਾਂ ਪੁਲਿਸ ਵਾਲਿਆਂ ਲਈ ਵੀ 8 ਘੰਟੇ ਡਿਊਟੀ ਦਾ ਵਿਧਾਨ ਹੋਵੇਗਾ। ਪਰ ਉਹ ਡਿਊਟੀ ਦੌਰਾਨ ਕੋਈ ਕੁਤਾਹੀ ਨਹੀਂ ਕਰ ਸਕਣਗੇ। ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਪਹਿਲੀ ਵਾਰ ਚੇਤਾਵਨੀ ਦਿਤੀ ਜਾਵੇਗੀ ਅਤੇ ਦੂਸਰੀ ਵਾਰ ਸਿੱਧਾ ਅਸਤੀਫ਼ਾ ਲਿਆ ਜਾਵੇਗਾ। ਪਿੰਡਾਂ ਦੇ ਸਕੂਲਾਂ ਨੂੰ ਕੌਮਾਂਤਰੀ ਕੰਪਨੀਆਂ ਨਾਲ ਜੋੜਾਂਗੇ ਅਤੇ ਐਜੂਕੇਸ਼ਨ ਐਮਰਜੈਂਸੀ ਲਾਗੂ ਹੋਵੇਗੀ।

?  ਤੁਸੀਂ ਉੱਤਰੀ ਅਮਰੀਕਾ ਦੇ ਦੌਰੇ ‘ਤੇ ਗਏ। ਹੋਰਨਾਂ ਪਾਰਟੀਆਂ ਦੇ ਮੁਕਾਬਲੇ ਪੀਪਲਜ਼ ਪਾਰਟੀ ਨੂੰ ਕਾਫ਼ੀ ਵੱਡਾ ਹੁੰਗਾਰਾ ਮਿਲਣ ਦੇ ਚਰਚੇ ਹੋਏ। ਕੀ ਤੁਸੀਂ ਪਰਵਾਸੀ ਪੰਜਾਬੀਆਂ ‘ਚੋਂ ਵੀ ਕੋਈ ਉਮੀਦਵਾਰ ਐਲਾਨਿਆ ਹੈ।
- ਜਿੰਨੇ ਪਰਵਾਸੀ ਪੰਜਾਬੀ ਸਾਨੂੰ ਏਅਰਪੋਰਟ ‘ਤੇ ਲੈਣ ਆ ਜਾਂਦੇ ਸਨ, ਓਨੇ ਲੋਕ ਕਾਂਗਰਸ ਅਤੇ ਅਕਾਲੀਆਂ ਦੀਆਂ ਵੱਡੀਆਂ ਰੈਲੀਆਂ ‘ਚ ਆਉਂਦੇ ਸਨ। ਬੜੇ ਵੱਡੇ ਵੱਡੇ ਇਕੱਠ ਹੋਏ, ਬਹੁਤ ਪਿਆਰ ਮਿਲਿਆ। ਪਾਰਟੀ ਨੇ ਦੋ ਉਮੀਦਵਾਰ ਪਰਵਾਸੀ ਪੰਜਾਬੀਆਂ ਦੇ ਕੋਟੇ ‘ਚੋਂ ਐਲਾਨੇ ਹਨ। ਕੋਟਕਪੂਰਾ ਤੋਂ ਪਰਦੀਪ ਸਿੰਘ ਧਾਰੀਵਾਲ ਅਤੇ ਪਠਾਨਕੋਟ ਨੇੜੇ ਹਲਕਾ ਭੋਆ ਤੋਂ ਗੁਰਦੇਵ ਦੇਵ ਪਰਵਾਸੀ ਪੰਜਾਬੀ ਉਮੀਦਵਾਰ ਹਨ। ਪਰਦੀਪ ਸਿੰਘ ਪਤੰਗ ਚੋਣ ਨਿਸ਼ਾਨ ਤੋਂ ਅਤੇ ਗੁਰਦੇਵ ਦੇਵ ਦਾਤੀ ਹਥੌੜਾ ਚੋਣ ਨਿਸ਼ਾਨ ਤੋਂ ਲੜ ਰਹੇ ਹਨ। ਅਸੀਂ ਕੁਝ ਹੋਰ ਪਰਵਾਸੀ ਪੰਜਾਬੀ ਉਮੀਦਵਾਰ ਖੜ੍ਹੇ ਕਰਨਾ ਚਾਹੁੰਦੇ ਸਾਂ, ਪਰ ਉਹ ਚੋਣ ਕਮਿਸ਼ਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕੇ।

?  ਜੇ ਤੁਸੀਂ ਇਹ ਚੋਣ ਜਿੱਤ ਜਾਂਦੇ ਹੋ, ਤਾਂ ਲਹਿਰਾਗਾਗਾ ਅਤੇ ਪੰਜਾਬ ‘ਚ ਕੀ ਪਰਿਵਰਤਨ ਹੋਵੇਗਾ।
- ਇਕੱਲੇ ਲਹਿਰਾਗਾਗਾ ‘ਚ ਨਹੀਂ, ਸਾਰੇ ਪੰਜਾਬ ‘ਚ ਪਰਿਵਰਤਨ ਹੋਵੇਗਾ। ਅਸੀਂ ਕਾਨੂੰਨ ਦਾ ਰਾਜ ਲੈ ਕੇ ਆਵਾਂਗੇ। ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ, ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ। ਪੰਜਾਬ ਨੂੰ ਰੱਬ ਨੇ ਕੋਈ ਘਾਟ ਨਹੀਂ ਰੱਖੀ ਸੀ। ਲੋਕ ਮਿਹਨਤੀ ਹਨ ਅਤੇ ਧਰਤੀ ਉਪਜਾਊ ਹੈ ਪਰ ਇਮਾਨਦਾਰ ਅਤੇ ਦੂਰਦ੍ਰਿਸ਼ਟੀ ਵਾਲਾ ਕੋਈ ਲੀਡਰ ਨਹੀਂ ਮਿਲਿਆ ਸੀ। ਹੁਣ ਪ੍ਰਮਾਤਮਾ ਨੇ ਮਨਪ੍ਰੀਤ ਬਾਦਲ ਦੇ ਰੂਪ ਵਿਚ ਇਹ ਕਮੀ ਪੂਰੀ ਕਰ ਦਿਤੀ ਹੈ। ਅਸੀਂ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ।

ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਿੰਸਾ ਦੀ ਦਾਸਤਾਂ


ਬੇਸ਼ੱਕ ਵਿਸਕਾਂਸਨ ਗੁਰਦੁਆਰਾ ਸਾਹਿਬ ਵਿਚ ਗੋਰੇ ਹਮਲਾਵਰ ਵਲੋਂ ਸਿੱਖਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲੇ ਦੇ ਮਕਸਦ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਪਰ 9/11 ਦੀ ਘਟਨਾ ਤੋਂ ਬਾਅਦ ਸਿੱਖਾਂ ਵਿਰੁਧ ਹੋਈਆਂ ਹਿੰਸਕ ਘਟਨਾਵਾਂ ਦਾ ਇਕ ਖ਼ੂਨੀ ਇਤਿਹਾਸ ਹੈ। ਸਿੱਖਾਂ ਖਿਲਾਫ਼ ਹੋਈਆਂ ਹਿੰਸਕ ਵਾਰਦਾਤਾਂ ਦਾ ਵੇਰਵਾ ਇਸ ਪ੍ਰਕਾਰ ਹੈ :

ਬਲਬੀਰ ਸਿੰਘ ਸੋਢੀ ਦੀ ਹਤਿਆ
15 ਸਤੰਬਰ 2001 : ਮੇਸਾ, ਐਰੀਜ਼ੋਨਾ, ਇਕ ਗੈਸ ਸਟੇਸ਼ਨ ਦੇ 49 ਸਾਲਾ ਮਾਲਕ ਬਲਬੀਰ ਸਿੰਘ ਸੋਢੀ ਨੂੰ ਫਰੈਂਕ ਸਿਲਵਾ ਰੌਕ ਨਾਂ ਦੇ ਹਮਲਾਵਰ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਸੋਢੀ ਨੂੰ ਇਸ ਲਈ ਗੋਲੀ ਮਾਰੀ ਗਈ ਕਿਉਂਕਿ ਉਹ ਪਹਿਰਾਵੇ ਤੋਂ ਮੁਸਲਿਮ ਲਗਦਾ ਸੀ, ਉਸ ਨੇ ਪੱਗ ਬੰਨ੍ਹੀ ਹੋਈ ਸੀ ਅਤੇ ਦਾੜ੍ਹੀ ਰੱਖੀ ਹੋਈ ਸੀ। ਉਸ ਦੀ ਮੌਤ ਦੇ 25 ਮਿੰਟਾਂ ਦੇ ਅੰਰ ਅੰਦਰ ਫੀਨਿਕਸ ਪੁਲਿਸ ਨੇ ਦੱਸਿਆ ਕਿ 4 ਹੋਰ ਅਜਿਹੇ ਲੋਕਾਂ ਉਪਰ ਹਮਲੇ ਹੋਏ ਹਨ। ਫਰੈਂਕ ਸਿਲਵਾ ਰੌਕ ਨੂੰ ਇਸ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਪਰ ਐਰੀਜੋਨਾ ਸੁਪਰੀਮ ਕੋਰਟ ਨੇ ਇਸ ਨੂੰ ਉਮਰ ਕੈਦ ਵਿਚ ਬਦਲ ਦਿੱਤਾ। 4 ਅਗਸਤ 2002 ਨੂੰ ਬਲਬੀਰ ਦੇ ਭਰਾ ਸੁਖਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦ ਉਹ ਸਾਨਫਰਾਂਸਿਸਕੋ ਵਿਚ ਕਾਰ ਚਲਾ ਰਿਹਾ ਸੀ। ਇਸ ਘਟਨਾ ਨੂੰ ਇਕ ਹਾਦਸੇ ਦਾ ਨਾਂ ਦਿੱਤਾ ਗਿਆ, ਕਿਉਂਕਿ ਨੇੜੇ ਦੋ ਧੜਿਆਂ ਦੀ ਗੋਲੀਬਾਰੀ ਵਿਚ ਉਸ ਦੇ ਇਕ ਗੋਲੀ ਵੱਜੀ। ਬਲਬੀਰ ਦੇ ਪੁੱਤਰ ਸੁਖਵਿੰਦਰ ਨੇ ਇਸ ‘ਤੇ ਕਿਹਾ ਕਿ ਤੁਸੀਂ ਗੁੱਸਾ ਕਰਕੇ ਕੀ ਕਰੋਗੇ? ਅਸੀਂ ਅਮਨ ਪਸੰਦ ਹਾਂ ਅਤੇ ਅਸੀਂ ਅਮਨ ਪਸੰਦ ਲੋਕ ਹਾਂ।
ਸੁਰਿੰਦਰ ਸਿੰਘ ਉੱਤੇ ਹਮਲਾ
12 ਦਸੰਬਰ 2001 ਲਾਸ ਏਂਜਲਸ, ਕੈਲੀਫੋਰਨੀਆ
47 ਸਾਲਾ ਸੁਰਿੰਦਰ ਸਿੰਘ ਦੇ ਸਟੋਰ ਵਿਚ ਦਾਖ਼ਲ ਹੋ ਕੇ ਦੋ ਬੰਦਿਆਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਉਪਰ ਦੋਸ਼ ਲਾਇਆ ਕਿ ਉਹ ਓਸਾਮਾ ਬਿਨ ਲਾਦੇਨ ਹੈ ਅਤੇ ਉਸ ਨੂੰ ਪਾਈਪ ਨਾਲ ਕੁੱਟਿਆ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਬਿਨ ਲਾਦੇਨ ਨੂੰ ਮਾਰ ਦੇਵਾਂਗੇ।
ਗੋਬਿੰਦ ਸਦਨ ਨੂੰ ਅੱਗ ਲਾਈ
19 ਫਰਵਰੀ 2002, ਪੇਲਰਮੋ, ਨਿਊਯਾਰਕ
ਤਿੰਨ 18 ਸਾਲਾ ਮੁੰਡਿਆਂ ਅਤੇ ਇਕ 19 ਸਾਲਾ ਕੁੜੀ ਨੇ ਮਿਲ ਕੇ ਗੁਰਦੁਆਰਾ ਗੋਬਿੰਦ ਸਦਨ ਨੂੰ ਅੱਗ ਲਾ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਇਹ ਸਮਝਦੇ ਹਨ ਕਿ ਇਸ ਟੈਂਪਲ ਦਾ ਨਾਂ ਗੋ-ਬਿਨ-ਲਾਦੇਨ ਹੈ।
ਟਰੱਕ ਚਾਲਕ ਨੂੰ ਗੋਲੀ ਮਾਰੀ
20 ਮਈ 2003, ਫੀਨਿਕਸ, ਐਰੀਜ਼ੋਨਾ
52 ਸਾਲਾ ਟਰੱਕ ਚਾਲਕ ਅਵਤਾਰ ਸਿੰਘ ਉਪਰ ਗੋਲੀ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਉਸ ਨੇ ਆਪਣਾ ਟਰਾਲਾ ਫੀਨਿਕਸ ਵਿਚ ਪਾਰਕ ਕਰਕੇ ਆਪਣੇ ਪੁੱਤਰ ਨੂੰ ਬੁਲਾਇਆ ਸੀ। ਇੰਨੇ ਦੋ ਗੋਰੇ ਆਏ ਅਤੇ ਉਸ ਨੂੰ ਬਾਹਰ ਧੂੰਹ ਲਿਆ ਅਤੇ ਉਸ ਨੂੰ ਆਵਾਜ਼ ਸੁਣੀ ਕਿ ਉਥੇ ਵਾਪਸ ਜਾਓ ਜਿਥੋਂ ਆਏ ਹੋ। ਇਸ ਤੋਂ ਬਾਅਦ ਉਨ੍ਹਾਂ ਨੇ ਗੋਲੀ ਚਲਾ ਦਿੱਤੀ।
ਪੱਗਾਂ ਵਾਲਿਓ ਵਾਪਸ ਜਾਓ
12 ਮਾਰਚ 2004, ਫਰਿਜ਼ਨੋ
ਹੁੱਲੜਬਾਜ਼ਾਂ ਨੇ ਸਪਰੇਅ ਵਾਲੇ ਰੰਗਾਂ ਨਾਲ ਗੁਰਦੁਆਰਾ ਸਾਹਿਬ ਤੇ ਲਿਖ ਦਿੱਤਾ, Ḕਪੱਗਾਂ ਵਾਲਿਓ ਵਾਪਸ ਜਾਓ’ ਅਤੇ Ḕਇਹ ਤੁਹਾਡਾ ਦੇਸ਼ ਨਹੀਂ।’ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਤੇ ਪਟਾਖੇ ਵੀ ਸੁੱਟੇ।
ਨਸ਼ੇੜੀਆਂ ਨੇ ਸਿੱਖਾਂ ਉੱਤੇ ਹਮਲਾ ਕੀਤਾ
12 ਜੁਲਾਈ 2004, ਨਿਊਯਾਰਕ
ਕਾਕੇਸੀਆਂ ਦੇ ਨਸ਼ੇੜੀਆਂ ਨੇ ਰਜਿੰਦਰ ਸਿੰਘ ਖ਼ਾਲਸਾ (54) ਅਤੇ ਉਸ ਦੇ ਭਤੀਜੇ ਗੁਰਚਨ ਸਿੰਘ ਉਪਰ ਹਮਲਾ ਕੀਤਾ, ਜਦ ਉਹ ਤੰਦੂਰੀ ਐਕਸਪ੍ਰੈਸ ਰੇਸਤਰਾਂ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਪੱਗਾਂ ਬਾਰੇ ਗ਼ਲਤ ਸ਼ਬਦ ਵਰਤੇ।
ਸਿੱਖ ਵਿਦਿਆਰਥੀ ਦੇ ਕੇਸ ਕੱਟ ਦਿੱਤੇ
24 ਮਈ 2007, ਕਵੀਨਜ਼
ਕਵੀਨਜ਼ ਦੇ ਨਿਊਟਾਊਨ ਹਾਈ ਸਕੂਲ ਵਿਚ 15 ਸਾਲਾ ਸਿੱਖ ਵਿਦਿਆਰਥੀ ਦੇ ਕੇਸ ਕੱਟ ਦਿੱਤੇ।
ਬਜ਼ੁਰਗ ਨੂੰ ਕਿਹਾ, ਅਪਣੇ ਦੇਸ਼ ਵਾਪਸ ਜਾ
14 ਜੁਲਾਈ 2008, ਨਿਊ ਹਾਈਡ ਪਾਰਕ
ਗੁਰਦੁਆਰਾ ਸਾਹਿਬ ਦੇ ਬਾਹਰ ਇਕ 63 ਸਾਲਾ ਬਜੁਰਗ ਬਲਜੀਤ ਸਿਘ ਉਪਰ ਹਮਲਾ ਹੋਇਆ। ਹਮਲਾਵਰ ਨੇ ਕਿਹਾ, Ḕਅਰਬ, ਆਪਣੇ ਦੇਸ਼ ਨੂੰ ਵਾਪਸ ਜਾਹ’। ਫਿਰ ਉਸ ਦੇ ਮੂੰਹ ਤੇ ਘਸੁੰਨ ਮਾਰਿਆ ਜਿਸ ਨਾਲ ਉਸ ਦੇ ਨੱਕ ਦੀ ਹੱਡੀ ਟੁੱਟ ਗਈ।
ਸਿੱਖ ਵਿਦਿਆਰਥੀ ਉੱਤੇ ਹਮਲਾ
5 ਜੂਨ 2008 ਕਵੀਨਜ਼
ਰਿਚਮੰਡ ਹਾਈ ਸਕੂਲ ਦੇ ਇਕ 9ਵੀਂ ਜਮਾਤ ਦੇ ਸਿੱਖ ਵਿਦਿਆਰਥੀ ਉਪਰ ਉਸ ਦੇ ਇਕ ਜਮਾਤੀ ਨੇ ਹਮਲਾ ਕਰ ਦਿੱਤਾ। ਉਸ ਦਾ ਪਟਕਾ ਉਤਾਰ ਦਿੱਤਾ ਅਤੇ ਚਿਹਰੇ ‘ਤੇ ਚਾਬੀਆਂ ਮਾਰੀਆਂ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਗਰੌਸਰੀ ਸਟੋਰ ਨੂੰ ਨਿਸ਼ਾਨਾ ਬਣਾਇਆ
30 ਜਨਵਰੀ 2007, ਨਿਊਯਾਰਕ
ਜਸਮੇਰ ਸਿੰਘ ਉਪਰ ਉਸ ਦੇ ਗਰੋਸਰੀ ਸਟੌਰ ‘ਤੇ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਇਸ ਮੌਕੇ ਉਸ ਦੀ ਦਾੜ੍ਹੀ ਅਤੇ ਪੱਗ ਉਪਰ ਘਟੀਆ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ।
ਐਮ ਟੀ ਏ ਵਰਕਰ ਦੇ ਦੰਦ ਤੋੜੇ
30 ਮਈ 2011, ਨਿਊਯਾਰਕ ਸਬਵੇਅ
ਜਸਮੇਰ ਸਿੰਘ ਦੇ ਪਿਤਾ ਅਤੇ ਐਮæਟੀæਏæ ਵਰਕਰ ਜੀਵਨ ਸਿੰਘ, ਜੋ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ, ਉਪਰ ਇਕ ਰੇਲ ਗੱਡੀ ਵਿਚ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਕਿਹਾ ਕਿ ਤੂੰ ਓਸਾਮਾ ਬਿਨ ਲਾਦੇਨ ਨਾਲ ਸਬੰਧਤ ਹੈ। ਇਸ ਹਮਲੇ ਵਿਚ ਉਸ ਦੇ ਤਿੰਨ ਦੰਦ ਟੁੱਟ ਗਏ
ਇਨ੍ਹਾਂ ਤੋਂ ਬਿਨਾਂ ਹੋਰ ਅਜਿਹੇ ਨਸਲੀ ਹਿੰਸਾ (ਹੇਟ ਕਰਾਈਮ) ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ ਜੋ ਧਿਆਨ ਵਿਚ ਨਹੀਂ ਆਈਆਂ।

ਹੁਣ ਨਹੀਂ ਦੌੜਣੀਆਂ ਬਲਦ ਗੱਡੀਆਂ…


75 ਵਰ੍ਹਿਆਂ ‘ਚ ਪਹਿਲੀ ਵਾਰ ਬਦਲ ਗੱਡੀਆਂ ਨੂੰ ਬਰੇਕਾਂ

ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕ ਖੇਡਾਂ ਵੇਖਣ ਆਏ ਦਰਸ਼ਕਾਂ ‘ਚ ਮਾਯੂਸੀ




ਪੇਂਡੂ ਉਲੰਪਿਕ ਦੇ ਨਾਂ ਨਾਲ ਵਿਸ਼ਵ ਭਰ ਵਿਚ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਹਾਲਾਂਕਿ ਜ਼ੋਸ਼ੋ ਖਰੋਸ਼ ਨਾਲ ਨੇਪਰੇ ਚੜ੍ਹ ਗਈਆਂ, ਪਰ ਦਰਸ਼ਕਾਂ ਦਾ ਮਜ਼ਾ ਇਸ ਵਾਰ ਬਲਦ ਗੱਡੀਆਂ ਦੀਆਂ ਦੌੜਾਂ ਨਾ ਹੋਣ ਕਾਰਨ ਕਿਰਕਿਰਾ ਹੋ ਗਿਆ। ਕਿਲ੍ਹਾ ਰਾਏਪੁਰ ਵਿਚ ਭਾਵੇਂ ਕਈ ਖੇਡਾਂ ਤੇ ਕਰਤੱਬ ਹੁੰਦੇ ਹਨ, ਪਰ ਧੂੜਾਂ ਪੁੱਟਦੀਆਂ ਬਲਦ ਗੱਡੀਆਂ ਦੀਆਂ ਦੌੜਾਂ ਇੰਨਾਂ ਖੇਡਾਂ ਦਾ ਮੁੱਖ ਆਕਰਸ਼ਨ ਹੁੰਦਾ ਹੈ। ਮੇਲੇ ਵਿਚ ਪਿਛਲੇ 75 ਵਰ੍ਹਿਆਂ ਤੋਂ ਬਲਦ ਗੱਡੀਆਂ ਦੀਆਂ ਦੌੜਾਂ ਹੋ ਰਹੀਆਂ ਹਨ, ਪਰ ਇਸ ਵਾਰ ਜਾਨਵਰਾਂ ‘ਤੇ ਅੱਤਿਆਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੇ ਤਹਿਤ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦਿਆਂ ਬਦਲ ਗੱਡੀਆਂ ਦੀਆਂ ਦੌੜਾਂ ਰੋਕ ਦਿੱਤੀਆਂ। ਗਰੇਵਾਲ ਸਪੋਰਟਸ ਐਸੋਸੀਏਸ਼ਨ ਵਲੋਂ ਹਾਈ ਕੋਰਟ ਤੱਕ ਪਹੁੰਚ ਵੀ ਕੀਤੀ ਗਈ, ਪਰ ਅਦਾਲਤ ਨੇ ਬਲਦ ਗੱਡੀਆਂ ਦੀਆਂ ਦੌੜਾਂ ਕਰਾਉਣ ਦਾ ਫੈਸਲਾ ਲੁਧਿਆਣਾ ਦੇ ਡੀਸੀ ‘ਤੇ ਛੱਡ ਦਿੱਤਾ, ਜਿੰਨ੍ਹਾਂ ਨੇ ਪਾਬੰਦੀ ਦੇ ਫੈਸਲੇ ਨੂੰ ਕੇਂਦਰ ਤੇ ਪੰਜਾਬ ਸਰਕਾਰ ਦਾ ਦੱਸ ਕੇ ਇੰਨਾਂ ਦੌੜਾਂ ਨੂੰ ਜਾਰੀ ਰੱਖਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ।
ਕਾਬਿਲੇਗੌਰ ਹੈ ਕਿ ਕਿਲ੍ਹਾ ਰਾਏਪੁਰ ਵਿਖੇ ਸੰਨ 1933 ਤੋਂ ਸ਼ੁਰੂ ਹੋਈਆਂ ਪੁਰਾਤਨ, ਰਵਾਇਤੀ ਤੇ ਸੱਭਿਆਚਾਰਕ ਖੇਡਾਂ ਦਾ ਸੁਮੇਲ ਸੰਸਾਰ ਭਰ ‘ਚ ਪ੍ਰਸਿੱਧ ਹੈ। ਇਸ ਵਾਰ ਤਕਰੀਬਨ ਇਕ ਸੌ ਬਲਦ ਗੱਡੀਆਂ ਦੇ ਮਾਲਕਾਂ ਨੇ ਦੌੜ ਵਿਚ ਹਿੱਸਾ ਲੈਣ ਲਈ ਅਰਜ਼ੀਆਂ ਦਿੱਤੀਆਂ ਸਨ। ਇਹ ਦੌੜ ਪਹਿਲੇ ਦਿਨ ਤੋਂ ਕਰਵਾਈ ਜਾਣੀ ਸੀ, ਪਰ ਪ੍ਰਸ਼ਾਸਨ ਦੀ ਰੋਕ ਕਾਰਨ ਇਹ ਦੌੜ ਨਾ ਹੋ ਸਕੀ। ਬਲਦ ਗੱਡੀਆਂ ਦੇ ਮਾਲਕ ਦੌੜ ਦੀ ਉਡੀਕ ਕਰਦੇ ਰਹੇ, ਪਰ ਆਖਰ ਦੂਸਰੇ ਦਿਨ ਸ਼ਾਮ ਨੂੰ ਨਮੋਸ਼ੀ ਨਾਲ ਪਰਤਣਾ ਪਿਆ।
ਐਸਸਸ਼ੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਲ੍ਹਾ ਰਾਏਪੁਰ ਵਿਚ ਸ਼ੁਰੂ ਤੋਂ ਹੀ ਬਲਦ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਦੌੜਾਂ ਕਰਕੇ ਹੀ ਇਸ ਖੇਡ ਮੇਲੇ ਨੂੰ ਮਿੰਨੀ ਉਲੰਪਿਕ ਵਜੋਂ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਮੇਲੇ ਦੀ ਕਵਰੇਜ ਕਰਨ ਲਈ ਪੰਜਾਬ ਜਾਂ ਭਾਰਤ ਤੋਂ ਹੀ ਨਹੀਂ ਬਲਕਿ ਵਿਸ਼ਵ ਭਰ ਤੋਂ ਮੀਡੀਆ ਨਾਲ ਸਬੰਧਤ ਲੋਕ ਇਥੇ ਆਉਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੇਲੇ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਸਮੇਂ ਜਾਨਵਰਾਂ ਨੂੰ ਕਿਸੇ ਕਿਸਮ ਦੀ ਨਾ ਤਾਂ ਨਸ਼ੀਲੀ ਦਵਾਈ ਦਿੱਤੀ ਜਾਂਦੀ ਹੈ ਅਤੇ ਨਾ ਹੀ ਨਸ਼ੀਲੇ ਟੀਕੇ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੈਲ ਗੱਡੀਆਂ ਦੇ ਮਾਲਕਾਂ ਨੂੰ ਅਜਿਹੀਆਂ ਵਸਤਾਂ ਤੋਂ ਦੂਰ ਰੱਖਣ ਲਈ ਮੈਦਾਨ ਵਿਚ ਇੱਕ ਨੋਟਿਸ ਵੀ ਲਾਇਆ ਗਿਆ ਹੈ, ਜਿਸ ਵਿਚ ਸਾਫ ਲਿਖਿਆ ਗਿਆ ਹੈ ਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਦੌੜਾਂ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ੍ਰੀ ਗਰੇਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਲਦ ਗੱਡੀਆਂ ਦੀ ਦੌੜ ‘ਤੇ ਰੋਕ ਲਗਾਉਣ ਨਾਲ ਦਰਸ਼ਕਾਂ ਵਿਚ ਕਾਫੀ ਮਾਯੂਸੀ ਪਾਈ ਗਈ ਹੈ। ਬੈਲ ਦੌੜ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਤੇ ਉਪ ਪ੍ਰਧਾਨ ਸ਼ਿੰਗਾਰਾ ਸਿੰਘ ਸਰਵਰਪੁਰ ਨੇ ਕਿਹਾ ਕਿ ਬੈਲ ਮਾਲਕਾਂ ਵਲੋਂ ਇਨ੍ਹਾਂ ਨੂੰ ਅਪਣੇ ਬੱਚਿਆਂ ਨਾਲੋਂ ਵੀ ਵੱਧ ਪਿਆਰ ਨਾਲ ਪਾਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੌੜਨ ਵਾਲੇ ਹਰ ਬੈਲ ਦੀ ਕੀਮਤ 4 ਤੋਂ 5 ਲੱਖ ਦੇ ਦਰਮਿਆਨ ਹੁੰਦੀ ਹੈ, ਜਿਸ ਕਰਕੇ ਇਨ੍ਹਾਂ ਦੇ ਰਹਿਣ ਸਹਿਣ ਅਤੇ ਖੁਰਾਕ ‘ਤੇ ਵਧੇਰੇ ਪੈਸਾ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਬੈਲ ਦੀ ਖੁਰਾਕ Ḕਤੇ ਮਹੀਨੇ ਦਾ 8 ਤੋਂ 9 ਹਜ਼ਾਰ ਰੁਪਏ ਖਰਚ ਆ ਜਾਂਦਾ ਹੈ। ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਪਾਬੰਦੀ ਲੱਗਣ ਨਾਲ ਉਨ੍ਹਾਂ ਨੂੰ ਵੱਡਾ ਸਦਮਾ ਲੱਗਾ ਹੈ। ਨਾਰਵੇ ਤੋਂ ਪਹਿਲੀ ਵਾਰੀ ਪਹੁੰਚੀ ਮਹਿਲਾ ਪੱਤਰਕਾਰ ਟੋਨੀ ਨੇ ਦੱਸਿਆ ਕਿ ਉਹ ਬਹੁਤ ਹੀ ਚੰਗੇਰੀ ਉਮੀਦ ਨਾਲ ਇਸ ਖੇਡ ਮੇਲੇ ਨੂੰ ਕਵਰ ਕਰਨ ਲਈ ਆਈ ਸੀ, ਪਰ ਇਥੇ ਮੁਕਾਬਲੇ ਨਾ ਹੋਣ ਕਰਕੇ ਉਸ ਨੂੰ ਨਮੋਸ਼ੀ ਹੋਈ ਹੈ।
——————————-
ਘੋੜਿਆਂ ਦੀ ਦੌੜ ਤੋਂ ਲੋਕ ਬਾਗੋਬਾਗ
ਪੇਂਡੂ ਓਲੰਪਿਕਸ ‘ਚ ਖੇਡਾਂ ਦੇ ਸ਼ੌਕੀਨ ਅਪਣੀਆਂ ਮਨਪਸੰਦ ਦੌੜਾਂ ਅਤੇ ਖੇਡਾਂ ਦਾ ਮੁੱਖ ਆਕਰਸ਼ਣ ਮੰਨੀਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਦਾ ਲੁਤਫ਼ ਨਹੀਂ ਲੈ ਸਕੇ ਜਿਸ ਕਰਕੇ ਪ੍ਰਬੰਧਕਾਂ ਨੇ ਇਨ੍ਹਾਂ ਦੌੜਾਂ ‘ਤੇ ਲੱਗੀ ਰੋਕ ਦਾ ਘਾਟਾ ਪੂਰਾ ਕਰਨ ਲਈ ਘੋੜਿਆਂ ਦੀ ਦੌੜ ਅਤੇ ਖੱਚਰ ਰੇਹੜਾ ਦੌੜ ‘ਤੇ ਅਪਣਾ ਪੂਰਾ ਜ਼ੋਰ ਲਗਾ ਦਿੱਤਾ। ਪ੍ਰਬੰਧਕ ਅਪਣੀ ਇਸ ਰਣਨੀਤੀ ‘ਚ ਕਾਫੀ ਹੱਦ ਤੱਕ ਕਾਮਯਾਬ ਰਹੇ। ਖੱਚਰ ਰੇਹੜਾ ਦੌੜ ਤੇ ਖਾਸਕਰ ਘੋੜਿਆਂ ਦੀਆਂ ਦੌੜਾਂ ਦੂਰੋਂ-ਨੇੜਿਓਂ ਖੇਡਾਂ ਦੇਖਣ ਆਏ ਦੌੜਾਂ ਦੇ ਸ਼ੌਕੀਨਾਂ ਲਈ ਪੂਰੀ ਖਿੱਚ ਦਾ ਕੇਂਦਰ ਰਹੀਆਂ।
ਜ਼ਿਕਰਯੋਗ ਹੈ ਕਿ ਖੇਡਾਂ ਸ਼ੁਰੂ ਹੋਣ ਮੌਕੇ ਹੀ ਪੇਂਡੂ  ਓਲੰਪਿਕਸ ਦਾ ਮੁੱਖ ਆਕਰਸ਼ਣ ਕਹੀਆਂ ਜਾਂਦੀਆਂ ਬਦਲ ਗੱਡੀਆਂ ਦੀਆਂ ਦੌੜਾਂ ‘ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਫੈਸਲੇ ਨਾਲ ਬੈਲ ਗੱਡੀਆਂ ਦੌੜਾਉਣ ਵਾਲਿਆਂ ਤੇ ਦਰਸ਼ਕਾਂ ਨੂੰ ਕਾਫੀ ਨਿਰਾਸ਼ਾ ਹੋਈ ਸੀ ਅਤੇ ਆਖਰੀ ਦਿਨ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਸੀ ਕਿ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕਸ ਹੀ ਅਜਿਹੀਆਂ ਖੇਡਾਂ ਹਨ, ਜਿੱਥੇ ਜਾਨਵਰਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ ਜਦਕਿ ਖੇਡਾਂ ਦੇ ਚੇਅਰਮੈਨ ਜੱਸੀ ਖੰਗੂੜਾ ਨੇ ਵੀ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਲੱਗੀ ਰੋਕ ਨੂੰ ਮੰਦਭਾਗਾ ਕਿਹਾ ਸੀ।
ਪ੍ਰਬੰਧਕਾਂ ਦੀਆਂ ਉਮੀਦਾਂ ਖੇਡਾਂ ‘ਚ ਪਹਿਲੀ ਵਾਰ ਸ਼ਾਮਲ ਕੀਤੀਆਂ ਘੋੜਿਆਂ ਦੀਆਂ ਦੌੜਾਂ ‘ਤੇ ਹੀ ਟਿਕੀਆਂ ਸਨ ਅਤੇ ਹੁਣ ਘੋੜਿਆਂ ਦੀਆਂ ਦੌੜਾਂ ਨੂੰ ਲੋਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨਾਲ ਗਦਗਦ ਹੋਏ ਗਰੇਵਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੰਦੀਪ ਸਿੰਘ ਸਨੀ ਤੇ ਸੈਕਟਰੀ ਪਰਮਜੀਤ ਸਿੰਘ ਗਰੇਵਾਲ ਵਲੋਂ ਕਿਹਾ ਗਿਆ ਹੈ ਕਿ ਜਿੱਥੇ  ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਬਹਾਲੀ ਲਈ ਸਿਰਤੋੜ ਯਤਨ ਕੀਤੇ ਜਾਣਗੇ, ਉੱਥੇ ਹੀ ਘੋੜਿਆਂ ਦੀਆਂ ਦੌੜਾਂ ਨੂੰ ਵੀ ਅਗਲੀ ਵਾਰ ਤੋਂ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਖੇਡਾਂ ਦੇ ਮੁੱਖ ਪ੍ਰਬੰਧਕ ਓਲੰਪੀਅਨ ਸੁਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਵਾਰ ਹਾਕੀ ਦੀਆਂ ਚੋਟੀ ਦੀਆਂ ਟੀਮਾਂ ਵਿਚਕਾਰ ਹੋਏ ਗਹਿਗੱਚ ਮੁਕਾਬਲਿਆਂ ਨੂੰ ਵੀ ਲੋਕਾਂ ਨੇ ਗਹੁ ਨਾਲ ਦੇਖਿਆ।

Sunday, October 30, 2011

ਕ੍ਰਾਂਤੀਕਾਰੀ ਤੋਂ ਖਲਨਾਇਕ ਬਣਿਆ ਸੀ ਗੱਦਾਫ਼ੀ

27 ਸਾਲ ਦੀ ਉਮਰ ਵਿਚ ਹੀ ਤਖਤਾ ਪਲਟ ਕਰਕੇ ਹਥਿਆ ਲਈ ਸੀ ਸੱਤਾਕਿਸੇ ਸਮੇਂ ਲੀਬੀਆ ਦੇ ਕ੍ਰਾਂਤੀਕਾਰੀ ਨਾਇਕ ਤੇ ਬੜੇ ਵਧੀਆ ਇਨਸਾਨ ਵਜੋਂ ਜਾਣਿਆ ਜਾਂਦਾ ਮੁਅੱਮਰ ਗੱਦਾਫੀ ਸਾਲਾਂ ਬੱਧੀ ਸੱਤਾ ਦੇ ਨਸ਼ੇ ਵਿਚ ਉਹ ਕੁਝ ਕਰਦਾ ਜਾ ਰਿਹਾ ਸੀ, ਜੋ ਨਾ ਸਿਰਫ ਉਸਦੇ ਕੱਟੜ ਵਿਰੋਧੀਆਂ ਨੂੰ ਬਲਕਿ ਲੀਬੀਆ ਦੇ ਬਸ਼ਿੰਦਿਆਂ ਨੂੰ ਵੀ ਹਜ਼ਮ ਨਹੀਂ ਸੀ ਹੋ ਰਿਹਾ। ਇਕ ਸਮੇਂ ‘ਤੇ ਆ ਕੇ ਉਸ ਦੇ ਦੇਸ਼ ਦੇ ਹੀ ਲੋਕ ਉਸ ਨੂੰ ਮਾਰ ਮੁਕਾਉਣਗੇ, ਸ਼ਾਇਦ ਇਹ ਉਸਨੇ ਨਹੀਂ ਸੋਚਿਆ ਹੋਣਾ। ਗੱਦਾਫ਼ੀ ਨੇ ਲੀਬੀਆ ਲਈ ਕੀ ਕੀਤਾ, ਹੁਣ ਇਹ ਕੋਈ ਸੁਣਨ ਦਾ ਇਛੁੱਕ ਨਹੀਂ ਸੀ, ਬਲਕਿ ਚਾਰੇ ਪਾਸੇ ਇਹੀ ਪ੍ਰਚਾਰ ਸੀ ਕਿ ਗੱਦਾਫ਼ੀ ਇਕ ਸਨਕੀ, ਰੰਗੀਨ ਮਿਜ਼ਾਜ਼ ਅਤੇ ਤਾਨਾਸ਼ਾਹ ਸ਼ਾਸਕ ਹੈ। ਇਹ ਕੁਦਰਤ ਦੀ ਖੇਡ ਸੀ ਜਾਂ ਉਸਦੀ ਕਰਨੀ ਦਾ ਫ਼ਲ, ਤਕਰੀਬਨ 42 ਵਰ•ੇ ਲੀਬੀਆ ‘ਤੇ ਰਾਜ ਕਰਨ ਵਾਲੇ ਗੱਦਾਫ਼ੀ ਦਾ ਅੰਤ ਆਖਰ ਇਕ ਨਾਲੇ ਦੀ ਪਾਈਪ ਵਿਚ ਲਿਖਿਆ ਸੀ।


ਲੀਬੀਆ ਦੇ ਰੇਗਿਸਤਾਨੀ ਇਲਾਕੇ ਸਿਰਤੇ ਕੋਲ 1942 ਵਿਚ ਜਨਮੇਂ ਮੁਅੱਮਰ ਗੱਦਾਫ਼ੀ ਨੇ 27 ਸਾਲ ਦੀ ਉਮਰ ਵਿਚ ਰਾਜੇ ਇਦਰੀਸ ਦਾ ਤਖ਼ਤਾ ਪਲਟਾ ਕੇ ਸੱਤਾ ਹਥਿਆ ਲਈ ਸੀ ਅਤੇ ਖਾੜੀ ਦੇਸ਼ਾਂ ਤੇ ਅਫਰੀਕਾ ਵਿਚ ਸਭ ਤੋਂ ਲੰਮਾਂ ਸਮਾਂ ਹਕੂਮਤ ਕਰਨ ਵਾਲਾ ਨੇਤਾ ਬਣਿਆ। ਗੱਦਾਫ਼ੀ ਅਫਰੀਕੀ ਦੇਸ਼ਾਂ ਵਿਚ ਕਈ ਰਾਜਿਆਂ ਦਾ ਰਾਜਾ ਸੀ ਅਤੇ ਤਕਰੀਬਨ 42 ਸਾਲ ਉਸਨੇ ਲੀਬੀਆ ‘ਤੇ ਰਾਜ ਕੀਤਾ। ਅਫਰੀਕੀ ਦੇਸ਼ਾਂ ਵਿਚ ਉਹੀ ਇਕੱਲਾ ਅਜਿਹਾ ਸ਼ਾਸਕ ਸੀ ਜਿਸ ਨੇ ਕਿਸੇ ਦੇਸ਼ ਉਤੇ ਏਨਾ ਲੰਮਾ ਸਮਾਂ ਬਾਦਸ਼ਾਹਤ ਕੀਤੀ। ਸਾਲ 1969 ਵਿਚ ਬਿਨ•ਾ ਕਿਸੇ ਖੂਨ ਖਰਾਬੇ ਦੇ ਲੀਬੀਆ ਦਾ ਤਖਤਾ ਪਲਟ ਕਰਨ ਵਾਲੇ ਗੱਦਾਫ਼ੀ ਅਪਣੇ ਵੱਖ ਵੱਖ ਤਰਾਂ ਦੇ ਪਹਿਰਾਵਿਆਂ ਅਤੇ ਅਪਣੀ ਰੰਗੀਨ ਮਿਜ਼ਾਜ਼ੀ ਕਾਰਨ ਖਾਸ ਤੌਰ ‘ਤੇ ਪਛਾਣਿਆ ਜਾਣ ਲੱਗਾ ਸੀ। ਅਮਰੀਕਾ ਨਾਲ ਵਿਰੋਧ ਦੇ ਕਾਰਨ ਵੀ ਉਹ ਅਮਰੀਕਾ ਵਿਰੋਧੀ ਕਈ ਦੇਸ਼ਾਂ ਦਾ ਚਹੇਤਾ ਬਣਿਆ ਰਿਹਾ। ਗੱਦਾਫੀ ਖ਼ੁਦ ਇਹ ਦਾਅਵਾ ਕਰਦਾ ਸੀ ਕਿ ਉਹ ਲੀਬੀਆ ਦੀ ਕ੍ਰਾਂਤੀ ਦਾ ਮਾਰਗਦਰਸ਼ਕ ਅਤੇ ਮੁਲਕ ਦਾ ਅਧਿਆਤਮਿਕ ਰਾਹ ਦਸੇਰਾ ਹੈ। ਗੱਦਾਫ਼ੀ ਦਾ ਕਹਿਣਾ ਸੀ ਕਿ ਉਹ ਲੀਬੀਆ ਵਿਚ ਲੋਕਤੰਤਰ ਲਿਆਉਣ ਜਾ ਰਿਹਾ ਹੈ। ਹਕੀਕਤ ਇਹ ਸੀ ਕਿ ਗੱਦਾਫੀ ਅਪਣੇ ਵਿਰੋਧੀਆਂ ਦਾ ਬੜੀ ਕਰੂਰਤਾ ਦੇ ਨਾਲ ਸਫਾਇਆ ਕਰਦਾ ਜਾ ਰਿਹਾ ਸੀ।
ਅਪਣੀ ਜ਼ਿੰਦਗੀ ਜਿਊਣ ਦੇ ਢੰਗ ਕਾਰਨ ਮੁਅੱਮਰ ਗੱਦਾਫ਼ੀ ਦਾ ਅਕਸਰ ਹੀ ਦੁਨੀਆ ਵਿਚ ਜ਼ਿਕਰ ਹੁੰਦਾ ਰਿਹਾ। ਕਿਸੇ ਸਮੇਂ ਬੜੇ ਵਧੀਆ ਇਨਸਾਨ ਵਜੋਂ ਜਾਣਿਆ ਜਾਂਦਾ ਮੁਅੱਮਰ ਗੱਦਾਫੀ ਸਾਲਾਂ ਬੱਧੀ ਸੱਤਾ ਦੇ ਨਸ਼ੇ ਵਿਚ ਕੀ ਕੁਝ ਕਰਦਾ ਜਾ ਰਿਹਾ ਸੀ, ਇਸ ਦਾ ਉਸ ਨੂੰ ਵੀ ਇਲਮ ਹੋਵੇਗਾ, ਪਰ ਇਕ ਸਟੇਜ ‘ਤੇ ਆ ਕੇ ਉਸ ਦੇ ਦੇਸ਼ ਦੇ ਹੀ ਲੋਕ ਉਸ ਨੂੰ ਮਾਰ ਮੁਕਾਉਣਗੇ, ਸ਼ਾਇਦ ਇਹ ਉਸਨੇ ਨਹੀਂ ਸੋਚਿਆ ਹੋਣਾ। ਗੱਦਾਫ਼ੀ ਦਾ ਨਾਮ ਲੀਬੀਆ ਦੇ ਕਰੀਬ 60 ਲੱਖ ਬਸ਼ਿੰਦਿਆਂ ਦੀ ਜਿੰਦਗੀ ਦੇ ਹਰ ਪਹਿਲੂ ਲਈ ਪਰਿਆਇਵਾਚੀ ਬਣ ਗਿਆ ਸੀ। ਵਿਸ਼ਵ ਨਾਲ ਉਸ ਦੇ ਸਬੰਧ ਕਈ ਵਾਰ ਬਹੁਤ ਖਰਾਬ ਹੁੰਦੇ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਇਕ ਵਾਰ ਉਸ ਨੂੰ ‘ਮੈਡ ਡਾਗ (ਪਾਗਲ ਕੁੱਤਾ)’ ਕਿਹਾ ਸੀ।
ਗੱਦਾਫੀ ਦਾ ਜਨਮ ਇਕ ਖਾਨਾਬਦੋਸ਼ ਪਰਿਵਾਰ ਵਿਚ ਹੋਇਆ ਸੀ। 1961 ਵਿਚ ਲੀਬੀਆ ਦੀ ਯੂਨੀਵਰਸਿਟੀ ਤੋਂ ਇਤਿਹਾਸ ਵਿਸ਼ੇ ਦਾ ਅਧਿਐਨ ਕੀਤਾ ਅਤੇ ਗੱਦਾਫੀ ਬੇਂਧਾਜੀ ਫੌਜੀ ਅਕੈਡਮੀ ਵਿਚ ਸ਼ਾਮਲ ਹੋ ਗਿਆ। 1965 ਵਿਚ ਗ੍ਰੈਜੂਏਸ਼ਨ ਕਰਨ ਪਿੱਛੋਂ ਗੱਦਾਫੀ ਲੀਬੀਆ ਦੀ ਫੌਜ ਵਿਚ ਅਪਣੀਆਂ ਸੇਵਾਵਾਂ ਦੇਣ ਲੱਗਾ। ਸਾਲ 1966 ਵਿਚ ਉਸ ਨੂੰ ਸਿਖਲਾਈ ਦੇਣ ਲਈ ਬ੍ਰਿਟੇਨ ਦੀ ਰਾਇਲ ਫੌਜੀ ਅਕੈਡਮੀ ਵਿਖੇ ਭੇਜਿਆ ਗਿਆ। ਗੱਦਾਫੀ ਦੀ ਅਗਵਾਈ ਵਾਲੀ ਫੌਜ ਦੇ ਅਧਿਕਾਰੀਆਂ ਦੀ ਟੋਲੀ ਨੇ 1 ਅਗਸਤ 1969 ਨੂੰ ਖੂਨ-ਖਰਾਬਾ ਰਹਿਤ ਕ੍ਰਾਂਤੀ ਰਾਹੀਂ ਲੀਬੀਆ ਦੇ ਉਸ ਵੇਲੇ ਦੇ ਹੁਕਮਰਾਨ ਇਦਰੀਸ ਨੂੰ ਮਾਰ ਦਿੱਤਾ ਤੇ ਲੀਬੀਆ ਅਰਬ ਗਣਰਾਜ ਦੀ ਸਥਾਪਨਾ ਕੀਤੀ। ਉਸ ਪਿੱਛੋਂ ਗੱਦਾਫ਼ੀ ਦੇ ਨਜ਼ਦੀਕੀਆਂ ਨੇ ਉਸ ਨੂੰ ਲੀਬੀਆ ਦੀ ਕ੍ਰਾਂਤੀਕਾਰੀ ਕਮਾਂਡ ਕੌਂਸਲ ਤੇ ਫੌਜ ਦੇ ਕਮਾਂਡਰ ਇਨ ਚੀਫ ਬਣਾ ਦਿੱਤਾ। ਗੱਦਾਫ਼ੀ 1970 ਤੋਂ 1972 ਤੱਕ ਲੀਬੀਆ ਦੇ ਪ੍ਰਧਾਨ ਮੰਤਰੀ ਤੇ ਫਿਰ 1973 ਵਿਚ ਰੱਖਿਆ ਮੰਤਰੀ ਦੇ ਅਹੁਦੇ ‘ਤੇ ਤੈਨਾਤ ਰਿਹਾ। ਬਾਅਦ ਵਿਚ ਉਹ ਕ੍ਰਾਂਤੀਕਾਰੀ ਨੇਤਾ ਤੇ ਫੌਜ ਦਾ ਕਮਾਂਡਰ ਬਣ ਗਿਆ।
ਗੱਦਾਫ਼ੀ ਨੇ ਮਾਰਚ 1979 ਵਿਚ ਅਪਣੇ ਸਭ ਪ੍ਰਸ਼ਾਸਨਿਕ ਅਹੁਦੇ ਛੱਡ ਦਿੱਤੇ ਤੇ ਉਹ ਸਿਰਫ ਲੀਬੀਆ ਦੇ ਕ੍ਰਾਂਤੀਕਾਰੀ ਨੇਤਾ ਵਜੋਂ ਜਾਣਿਆ ਜਾਣ ਲੱਗਾ। ਗੱਦਾਫੀ ਕੱਟੜਪੰਥੀ ਸੰਗਠਨਾਂ ਨੂੰ ਵੀ ਸਮਰਥਨ ਦੇ ਰਿਹਾ ਸੀ। ਬਰਲਿਨ ਦੇ ਇਕ ਨਾਈਟ ਕਲੱਬ ਵਿਚ ਸਾਲ 1986 ਵਿਚ ਹੋਇਆ ਹਮਲਾ ਇਸ ਸ੍ਰੇਣੀ ਦਾ ਸੀ, ਜਿਥੇ ਅਮਰੀਕੀ ਫੌਜੀ ਜਾਇਆ ਕਰਦੇ ਸਨ। ਇਸ ਹਮਲੇ ਵਿਚ ਦੋਸ਼ ਗੱਦਾਫ਼ੀ ਦੇ ਸਿਰ ਹੀ ਮੜਿਆ ਗਿਆ, ਹਾਲਾਂਕਿ ਇਸ ਸਬੰਧੀ ਕੋਈ ਠੋਸ ਸਬੂਤ ਨਹੀਂ ਸਨ। ਘਟਨਾ ਤੋਂ ਨਾਰਾਜ਼ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਤ੍ਰਿਪੋਲੀ ਅਤੇ ਬੇਨਗਾਜ਼ੀ ਉਤੇ ਹਵਾਈ ਹਮਲੇ ਦਾ ਹੁਕਮ ਦੇ ਦਿੱਤਾ। ਮੁਅੱਮਰ ਗੱਦਾਫ਼ੀ ਇਸ ਹਮਲੇ ਵਿਚ ਵਾਲ ਵਾਲ ਬਚ ਗਿਆ, ਪਰ ਉਸ ਦੀ ਗੋਦ ਲਈ ਬੇਟੀ ਹਵਾਈ ਹਮਲੇ ਵਿਚ ਮਾਰੀ ਗਈ।
ਇਕ ਵਾਰ ਜਦੋਂ ਉਹ ਅਮਰੀਕਾ ਗਏ ਤਾਂ ਕਿਸੇ ਵੀ ਇਮਾਰਤ ਵਿਚ ਨਹੀਂ ਠਹਿਰੇ, ਸਗੋਂ ਆਪਣਾ ਹੀ ਕੈਂਪ ਲਾ ਕੇ ਠਹਿਰੇ। ਅਕਸਰ ਖਬਰਾਂ ਆਉਂਦੀਆਂ ਸਨ ਕਿ ਉਨ•ਾਂ ਦੀ ਸੁਰੱਖਿਆ ਲਈ ਔਰਤਾਂ ਤਾਇਨਾਤ ਸਨ। ਉਹ ਦੁੱਧ ਦੇ ਲਈ ਅਪਣੇ ਨਾਲ ਊਠ ਲੈ ਕੇ ਜਾਣਾ ਨਹੀਂ ਭੁੱਲਦਾ ਸੀ। ਅਪਣੇ ਕਪੜਿਆਂ ਦੀ ਸਿਲਾਈ ਕਰਵਾਉਣ ਲਈ ਅਪਣੇ ਨਾਲ ਪਰਸਨਲ ਟੇਲਰ ਰੱਖਦਾ ਸੀ। ਗੱਦਾਫ਼ੀ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਰਾਜਾ ਦੀ ਤਰਾਂ ਹੀ ਅਪਣੇ ਆਪ ਨੂੰ ਲੀਬੀਆ ਦਾ ਸਭ ਕੁਝ ਸਮਝ ਰਿਹਾ ਸੀ ਅਤੇ ਨਾਲ ਹੀ ਭ੍ਰਿਸ਼ਟਾਚਾਰ ਦੇ ਜ਼ਰੀਏ ਅਣਕਿਆਸੀ ਜਾਇਦਾਦ ਬਣਾ ਰਿਹਾ ਸੀ ਅਤੇ ਵਿਦੇਸ਼ੀ ਬੈਂਕਾਂ ਵਿਚ ਉਸਦਾ ਪੈਸਾ ਜਮ•ਾ ਸੀ।
ਸਾਲ 2011 ਦੇ ਅਗਸਤ ਦੇ ਅੱਧ ਤੋਂ ਗੱਦਾਫੀ ਨਾਟੋ ਅਤੇ ਅੰਤਰਿਮ ਸਰਕਾਰ ਵਲੋਂ ਅਹੁਦੇ ਤੋਂ ਹਟਾਏ ਜਾਣ ਪਿੱਛੋਂ ਅਪਦੇ ਹੀ ਮੁਲਕ ਵਿਚ ਜਾਣ ਬਚਾਉਂਦਾ ਤੇ ਕਦੇ ਵਿਦਰੋਹੀਆਂ ਨੂੰ ਲਲਕਾਰਦਾ ਘੁੰਮ ਰਿਹਾ ਸੀ। ਫਰਵਰੀ ਵਿਚ ਭੜਕੇ ਲੋਕ ਅੰਦੋਲਨ ਪਿੱਛੋਂ ਉਸ ਨੂੰ ਅਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਅਤੇ ਆਖਰੀ ਦਿਨਾਂ ਵਿਚ ਉਸ ਨੂੰ ਅਪਣਾ ਜੱਦੀ ਸ਼ਹਿਰ ਹੀ ਬਚਾਅ ਦੇ ਟਿਕਾਣੇ ਵਜੋਂ ਵਿਖਾਈ ਦਿੱਤਾ। ਵਿਦਰੋਹੀਆਂ ਨੇ ਪੂਰੇ ਮੁਲਕ ਵਿਚ ਅਪਣਾ ਪਰਚਮ ਲਹਿਰਾਉਣ ਤੋਂ ਬਾਅਦ ਆਖਰੀ ਸ਼ਹਿਰ ਸਿਰਤੇ ਉਤੇ ਧਾਵਾ ਬੋਲ ਦਿੱਤਾ, ਜਿਥੋਂ ਗੱਦਾਫੀ ਭੱਜਣ ਦੀ ਫਿਰਾਕ ਵਿਚ ਸੀ। ਨਾਟੋ ਦੇ ਇਕ ਜਹਾਜ ਨੇ ਗੱਦਾਫੀ ਦੀਆਂ ਗੱਡੀਆਂ ‘ਤੇ ਹਮਲਾ ਕੀਤਾ, ਜਿਸ ਤੋਂ ਬਚਾਅ ਵਿਚ ਗੱਦਾਫ਼ੀ ਸੜਕ ਹੇਠਾਂ ਬਣੇ ਇਕ ਨਾਲੇ ਦੀ ਸੀਮਿੰਟ ਦੀ ਪਾਈਪ ਵਿਚ ਜਾ ਲੁਕਿਆ, ਪਰ ਜ਼ਮੀਨੀ ਲੜਾਕਿਆਂ ਨੇ ਗੱਦਾਫੀ ਤੇ ਉਸਦੇ ਕੁਝ ਸਮਰਥਕਾਂ ਨੂੰ ਦਬੋਚ ਲਿਆ। ਗੱਦਾਫ਼ੀ ਜਿਉਂਦਾ ਫੜਿਆ ਗਿਆ ਅਤੇ ਉਹ ਬੁਰੀ ਤਰ•ਾਂ ਘਬਰਾਇਆ ਤੇ ਜ਼ਖਮੀਂ ਹਾਲਤ ਵਿਚ ਸੀ। ਆਲੇ ਦੁਆਲੇ ਲੋਕ ਉਸ ਨੂੰ ‘ਕੁੱਤਾ’ ਕਹਿ ਕੇ ਬੁਲਾ ਰਹੇ ਸਨ। ਗੱਦਾਫ਼ੀ ਬੋਲ ਰਿਹਾ ਸੀ ਕਿ ਲੋਕ ਉਸ ਨੂੰ ਬਖਸ਼ ਦੇਣ, ਪਰ ਕਈ ਸਾਲਾਂ ਤੋਂ ਅਪਣੇ ਜ਼ਿਹਨ ਵਿਚ ਗੁੱਸਾ ਲਈ ਬੈਠੇ ਲੋਕਾਂ ਨੇ ਗੱਦਾਫੀ ਦੀ ਇਕ ਨਾ ਸੁਣੀ। ਗੱਦਾਫੀ ਨੂੰ ਵਿਦਰੋਹੀਆਂ ਦੀ ਭੀੜ ਵਿਚੋਂ ਕਿਸੇ ਨੇ ਗੋਲੀ ਮਾਰ ਦਿੱਤੀ ਅਤੇ ਕੁਝ ਪਲਾਂ ਬਾਅਦ ਹੀ ਉਸਦੀ ਮੌਤ ਹੋ ਗਈ।
ਗੱਦਾਫੀ ਦੀ ਮ੍ਰਿਤਕ ਦੇਹ ਨੂੰ ਵੀ ਕੋਈ ਸਤਿਕਾਰਤ ਥਾਂ ਨਸੀਬ ਨਾ ਹੋਈ। ਐਬੂਲਸ ਰਾਹੀਂ ਗੱਦਾਫੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਰਸਤੇ ਵਿਚ ਹੀ ਦਮ ਤੋੜ ਚੁੱਕਾ ਸੀ। ਬਾਅਦ ਵਿਚ ਇਕ ਮੀਟ ਦੀ ਦੁਕਾਨ ਦੇ ਕੋਲਡ ਸਟੋਰ ਵਿਚ ਗੱਦਾਫੀ, ਉਸਦੇ ਪੁੱਤਰ ਤੇ ਸੈਨਾ ਮੁਖੀ ਦੀ ਲਾਸ਼ ਰੱਖੀ ਗਈ, ਜਿਥੇ ਅਗਲੇ ਤਿੰਨ ਦਿਨ ਤੱਕ ਲੋਕ ਲਾਇਨਾਂ ਲਗਾ ਕੇ ਉਸਦੀ ਮ੍ਰਿਤਕ ਦੇਹ ਨੂੰ ਵੇਖਣ ਆਉਂਦੇ ਰਹੇ। ਕੁਝ ਲੋਕ ਉਸ ਨੂੰ ਸਿਰਫ਼ ਮਰਿਆ ਹੋਇਆ ਵੇਖਣਾ ਚਾਹੁੰਦੇ ਸੀ, ਕੁਝ ਗੱਦਾਫ਼ੀ ਦੀ ਮ੍ਰਿਤਕ ਦੇਹ ਨਾਲ ਤਸਵੀਰਾਂ ਖਿਚਵਾ ਰਹੇ ਸਨ ਅਤੇ ਕੁਝ ਉਸ ਦੀ ਲਾਸ਼ ‘ਤੇ ਹੀ ਤਾਹਨੇ ਕਸ ਰਹੇ ਸਨ।
ਲੀਬੀਆ ਦੀ ਅੰਤ੍ਰਿਮ ਸਰਕਾਰ ਨੇ ਬੇਨਗਾਜ਼ੀ ਸ਼ਹਿਰ ਵਿਚ ਉਤਸ਼ਾਹਿਤ ਸਮਰਥਕਾਂ ਦੀ ਭੀੜ ਦੇ ਸਾਹਮਣੇ ਦੇਸ਼ ਦੀ ਆਜ਼ਾਦੀ ਦਾ ਐਲਾਨ ਕੀਤਾ ਹੈ। ਇਹ ਉਹੀ ਜਗ•ਾ ਸੀ ਜਿਥੋਂ ਕਰਨਲ ਗੱਦਾਫੀ ਵਿਰੁਧ ਵਿਦਰੋਹ ਸ਼ੁਰੂ ਹੋਇਆ ਸੀ। ਨੈਸ਼ਨਲ ਟਰਾਂਜ਼ਿਸ਼ਨਲ ਕੌਂਸਲ ਦੇ ਨੇਤਾ ਮੁਸਤਫ਼ਾ ਅਬਦੁਲ ਜ਼ਲੀਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਖਾਤਰ ਅਪਣੇ ਮਤਭੇਦ ਪਿੱਛੇ ਛੱਡ ਦੇਣ। ਐਨਟੀਸੀ ਦੇ ਉਪ ਮੁਖੀ ਅਬਦੇਲ ਹਾਫਿਜ਼ ਘੋਗਾ ਨੇ ਲੋਕਾਂ ਨੂੰ ਕਿਹਾ ਕਿ ਉਹ ਅਪਣੇ ਸਿਰ ਉਪਰ ਚੁੱਕਣ, ਹੁਣ ਉਹ ਆਜਾਦ ਲੀਬੀਆ ਦੇ ਬਸ਼ਿੰਦੇ ਹਨ।
——————————-

‘ਮੈਨੂੰ ਗੋਲੀ ਨਾ ਮਾਰੋ’
ਲੀਬੀਆ ਦੀ ਅੰਤ੍ਰਿਮ ਸਰਕਾਰ ਦੇ ਕਮਾਂਡਰਾਂ ਨੇ ਦਾਅਵਾ ਕੀਤਾ ਹੈ ਕਿ ਫੜੇ ਜਾਣ ‘ਤੇ ਗੱਦਾਫੀ ਨੇ ਉਸ ਨੂੰ ਗੋਲੀ ਨਾ ਮਾਰੇ ਜਾਣ ਦੀ ਅਪੀਲ ਕੀਤੀ ਸੀ। ਇਕ ਕਮਾਂਡਰ ਮੁਹੰਮਦ ਅਲਬੀਬੀ ਮੁਤਾਬਕ ਗੱਦਾਫੀ ਵਾਰ-ਵਾਰ ਉਚੀ-ਉਚੀ ਬੋਲ ਰਿਹਾ ਸੀ, ‘ਮੈਨੂੰ ਗੋਲੀ ਨਾ ਮਾਰੋ, ਮੈਨੂੰ ਗੋਲੀ ਨਾ ਮਾਰੋ।’ ਕਮਾਂਡਰਾਂ ਮੁਤਾਬਕ ਗੱਦਾਫ਼ੀ ਕੋਲ ਉਸਦੀ ਸੋਨੇ ਦੀ ਪਿਸਤੌਲ ਸੀ, ਪਰ ਉਸਨੂੰ ਇਸ ਦੀ ਵਰਤੋਂ ਕਰਨ ਦਾ ਬਿਲਕੁਲ ਹੀ ਮੌਕਾ ਨਹੀਂ ਮਿਲਿਆ।

ਭਾਰਤ ਨੂੰ ਪਾਇਆ ਸੀ ਕੂਟਨੀਤਕ ਉਲਝਣ ‘ਚ
ਮੁਅੱਮਰ ਗਦਾਫ਼ੀ ਨੇ ਇਕ ਵਾਰ ਭਾਰਤ ਲਈ ਵੱਡੀ ਕੂਟਨੀਤਕ ਉਲਝਣ ਖੜੀ ਕਰ ਦਿੱਤੀ ਸੀ, ਜਦੋਂ ਉਸ ਨੇ ਕਸ਼ਮੀਰ ਨੂੰ ਇਕ ਆਜ਼ਾਦ ਰਾਜ ਦਾ ਦਰਜ਼ਾ ਦੇਣ ਦੇ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਇਕ ਸੁਤੰਤਰ ਰਾਜ ਬਣਾ ਦੇਣਾ ਚਾਹੀਦਾ ਹੈ। ਹਾਲ ਹੀ ਦੇ ਸਮਿਆਂ ਵਿਚ ਉਹ ਭਾਰਤੀ ਉਪ ਮਹਾਦੀਪ ਤੋਂ ਬਾਹਰ ਦਾ ਪਹਿਲਾ ਮੁਸਲਿਮ ਨੇਤਾ ਸੀ ਜਿਸ ਨੇ ਭਾਰਤ ਤੇ ਪਾਕਿਸਤਾਨ ਤੋਂ ਅਲੱਗ ਕਸ਼ਮੀਰ ਨੂੰ ਇਕ ਸੁਤੰਤਰ ਰਾਜ ਬਣਾਉਣ ਦੀ ਵਕਾਲਤ ਕੀਤੀ। 2009 ਵਿਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ‘ਚ ਅਪਣੇ ਪਹਿਲੇ ਭਾਸਣ ਦੌਰਾਨ ਗੱਦਾਫ਼ੀ ਨੇ ਅਜਿਹਾ ਕਿਹਾ ਸੀ।
——————————-
ਗੱਦਾਫ਼ੀ ਨੂੰ ਜਿਉਂਦਾ ਫੜਣਾ ਚਾਹੁੰਦੇ ਸਨ ਵਿਦਰੋਹੀ
ਲੀਬੀਆ ਦੀ ਅੰਤ੍ਰਿਮ ਸਰਕਾਰ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਦਾਫ਼ੀ ਨੂੰ ਜਾਣ ਬੁੱਝ ਕੇ ਨਹੀਂ ਮਾਰਿਆ। ਜਦੋਂ ਸਿਰਤੇ ਨੇੜੇ ਗਦਾਫ਼ੀ ਨੂੰ ਫੜ ਲਿਆ ਗਿਆ ਤਾਂ ਉਸ ਨੂੰ ਮਾਰਨ ਦੇ ਹੁਕਮ ਨਹੀਂ ਸੀ ਦਿੱਤੇ। ਗਦਾਫ਼ੀ ਨੂੰ ਫੜਨ ਦੀ ਵੀਡੀਓ ਬਾਗ਼ੀਆਂ ਵਿਚ ਹੀ ਖੜੇ ਕਿਸੇ ਵਿਅਕਤੀ ਨੇ ਬਣਾ ਲਈ ਜੋ ਬਾਅਦ ਵਿਚ ਟੈਲੀਵੀਜ਼ਨ ਵਿਚ ਵਿਖਾਈ ਗਈ। ਵੀਡੀਓ ਅਨੁਸਾਰ ਫੜੇ ਜਾਣ ਵੇਲੇ ਗੱਦਾਫ਼ੀ ਬਹੁਤ ਹੀ ਘਬਰਾਇਆ ਤੇ ਬੁਰੀ ਤਰਾਂ ਲਹੂ-ਲੁਹਾਨ ਹੋਇਆ ਸੀ। ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਤੇ ਕੁੱਟਿਆ ਗਿਆ। ਭੀੜ ਵਿਚ ਕਈ ਚੀਕ ਰਹੇ ਸਨ, ‘ਉਸ ਨੂੰ ਜਿਊਂਦਾ ਰੱਖੋ। ਜਿਊਂਦਾ ਰੱਖੋ।’ ਵੀਡੀਓ ਵਿਚ ਕਰਨਲ ਗੱਦਾਫ਼ੀ ਦੇ ਫੜੇ ਜਾਣ ਬਾਅਦ ਜਦੋਂ ਉਸ ਦੇ ਸਮਰਥਕਾਂ ਤੇ ਬਾਗ਼ੀਆਂ ਵਿਚਾਲੇ ਲੜਾਈ ਛਿੜ ਪਈ ਤਾਂ ਉਸੇ ਦੌਰਾਨ ਉਸ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ।

ਕਿਸ ਨੇ ਮਾਰੀ ਗੱਦਾਫ਼ੀ ਦੇ ਸਿਰ ‘ਚ ਗੋਲੀ?
ਗੱਦਾਫ਼ੀ ਨੂੰ ਲੀਬੀਆ ਦੀ ਅੰਤ੍ਰਿਮ ਸਰਕਾਰ ਮਾਰਨਾ ਨਹੀਂ ਚਾਹੁੰਦੀ ਸੀ। ਸ਼ਾਇਦ ਇਸੇ ਕਰਕੇ ਉਸ ਨੂੰ ਜਿਊਂਦਾ ਫੜ ਲਿਆ ਗਿਆ ਪਰ ਫਿਰ ਵੀ ਉਹ ਬੜੀ ਬੇਰਹਿਮੀ ਨਾਲ ਮਾਰਿਆ ਗਿਆ। ਆਖਰੀ ਸਮੇਂ ਦੀਆਂ ਜਾਰੀ ਹੋਈਆਂ ਤਸਵੀਰਾਂ ਮੁਤਾਬਕ ਗੱਦਾਫੀ ਦਾ ਚਿਹਰਾ ਲਹੂ ਲੁਹਾਨ ਸੀ ਅਤੇ ਨਾਲ ਖੜੇ ਲੋਕ ਉਸ ਨੂੰ ਬੜੀਆਂ ਗਾਲਾਂ ਕੱਢ ਰਹੇ ਸਨ ਤੇ ਮਜਾਕ ਕਰ ਰਹੇ ਸਨ। ਗੱਦਾਫੀ ਨੂੰ ਕਿਸੇ ਟਿਕਾਣੇ ‘ਤੇ ਲਿਜਾਇਆ ਜਾ ਰਿਹਾ ਸੀ ਕਿ ਕਿਸੇ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਅਤੇ ਇਸ ਕਾਰਨ ਗੱਦਾਫ਼ੀ ਦੀ ਮੌਤ ਹੋ ਗਈ। ਗੱਦਾਫੀ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਦਫਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਗੱਦਾਫੀ ਦੀ ਮੌਤ ਦੀ ਪੂਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

200 ਅਰਬ ਡਾਲਰ ਦੀ ਸੰਪਤੀ ਵਿਦੇਸ਼ਾਂ ‘ਚ
ਲਾਸ ਏਂਜਲਸ ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਗੱਦਾਫ਼ੀ ਨੇ ਮਰਨ ਤੋਂ ਪਹਿਲਾਂ ਨਕਦੀ, ਸੋਨਾ, ਬੈਂਕ ਦੇ ਖਾਤੇ ਤੇ ਹੋਰ ਕਾਰੋਬਾਰਾਂ ‘ਚ ਨਿਵੇਸ਼ ਨਾਲ ਅਨੁਮਾਨਿਤ 200 ਅਰਬ ਡਾਲਰ ਦੀ ਸੰਪਤੀ ਦੁਨੀਆਂ ਦੇ ਕਈ ਦੇਸ਼ਾਂ ਵਿਚ ਲੁਕਾ ਕੇ ਰੱਖੀ ਹੈ। ਦੱਸਿਆ ਜਾਂਦਾ ਹੈ ਕਿ ਪੱਛਮੀ ਦੇਸ਼ਾਂ ਦੇ ਅਧਿਕਾਰੀ ਪੂਰਾ ਸਾਲ ਗੱਦਾਫ਼ੀ ਦੀ ਸੰਪਤੀ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਸੰਘਰਸ਼ ਕਰਦੇ ਰਹੇ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੰਗ ਅਨੁਸਾਰ ਭਾਰਤ, ਚੀਨ ਤੇ ਰੂਸ ਸਮੇਤ ਕਈ ਦੇਸ਼ਾਂ ਨੂੰ ਲੀਬੀਆ ਦੇ ਨਿਵੇਸ਼ ਨੂੰ ਜ਼ਬਤ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ। ਨਾਟੋ ਦੇ ਹਮਲੇ ਤੋਂ ਪਹਿਲਾਂ ਪੱਛਮੀ ਜਾਂਚ ਕਰਤਾਵਾਂ ਦਾ ਅਨੁਮਾਨ ਸੀ ਕਿ ਗੱਦਾਫ਼ੀ ਨੇ ਕਰੀਬ 100 ਅਰਬ ਡਾਲਰ ਦੀ ਹੀ ਸੰਪਤੀ ਵਿਦੇਸ਼ਾਂ ਵਿਚ ਲੁਕਾ ਕੇ ਰੱਖੀ ਹੈ ਪਰ ਕੌਮਾਂਤਰੀ ਜਾਂਚ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਹਾਲ ਦੇ ਸਾਲਾਂ ਵਿਚ ਗੱਦਾਫ਼ੀ ਨੇ ਗੁਪਤ ਤਰੀਕੇ ਨਾਲ ਬਹੁਤ ਪੈਸਾ ਵਿਦੇਸ਼ਾਂ ‘ਚ ਭੇਜਿਆ ਸੀ।
——————————-

ਗੱਦਾਫ਼ੀ ਕੋਲ 3.5 ਅਰਬ ਦਾ ਸੋਨਾ
* 7 ਬਿਲੀਅਨ ਡਾਲਰ (3.5 ਖਰਬ ਰੁਪਏ) ਦੇ ਮੁੱਲ ਦਾ ਸੋਨਾ।
* ਅਮਰੀਕਾ ਨੇ ਗੱਦਾਫ਼ੀ ਪਰਿਵਾਰ ਦਾ 30 ਬਿਲੀਅਨ ਡਾਲਰ ਦੇ ਨਿਵੇਸ਼ਾਂ ਨੂੰ ਜ਼ਬਤ ਕੀਤਾ
* ਕੈਨੇਡਾ ਵਿਚ 2.4 ਬਿਲੀਅਨ ਡਾਲਰ (1.19 ਖਰਬ ਰੁਪਏ), ਆਸਟਰੀਆ ਵਿਚ 1.7 ਬਿਲੀਅਨ ਡਾਲਰ (84 ਅਰਬ ਰੁਪਏ), ਬ੍ਰਿਟੇਟ ‘ਚ 1 ਬਿਲੀਅਨ ਡਾਲਰ (49 ਅਰਬ ਰੁਪਏ), ਲੀਬੀਆ ਕ੍ਰਾਂਤੀ ਦੇ ਸ਼ੁਰੂ ਹੋਣ ਤੋਂ ਬਾਅਦ ਜ਼ਬਤ ਕੀਤੇ ਗਏ ਹਨ।

18 ਅਰਬ ਡਾਲਰ ਦੀ ਲੀਬੀਆ ‘ਚ ਜਾਇਦਾਦ
ਦੁਨੀਆ ਭਰ ਦੇ ਬੈਂਕਾਂ ਵਿਚ ਲੀਬੀਆ ਦੀ 168 ਅਰਬ ਡਾਲਰ ਦੀ ਜਾਇਦਾਦ ਜਮ•ਾ ਹੈ। ਇਸ ਵਿਚ 50 ਅਰਬ ਡਾਲਰ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਪੁਰਤਗਾਲ, ਸਪੇਨ ਅਤੇ ਸਵੀਡਨ ਵਰਗੇ ਦੇਸ਼ਾਂ ਵਿਚ ਜਮਾਂ ਹੈ। ਓਧਰ ਦੂਜੇ ਪਾਸੇ ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਕੋਲ 40 ਅਰਬ ਡਾਲਰ ਜਮ•ਾਂ ਹਨ। ਲੀਬੀਆ ਸੈਂਟਰਲ ਬੈਂਕ ਦੇ ਸਾਬਰਕਾ ਗਵਰਨਰ ਫਰਹਤ ਬੰਗਦਾਰਾ ਮੁਤਾਬਕ, ਲੀਬੀਆ ‘ਚ ਵਿਦਰੋਹ ਸ਼ੁਰੂ ਹੋਣ ਤੋਂ ਪਹਿਲਾਂ ਇਥੋਂ ਦਾ ਆਰਥਿਕ ਉਤਪਾਦਨ 80 ਅਰਬ ਡਾਲਰ ਸੀ। ਅਗਲੇ ਦਸ ਸਾਲਾਂ ਵਿਚ ਇਸ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ।

15 ਅਰਬ ਡਾਲਰ ਦਾ ਨੁਕਸਾਨ
6 ਮਹੀਨਿਆਂ ਤੱਕ ਚੱਲੇ ਇਸ ਵਿਦਰੋਹ ਕਾਰਨ ਲੀਬੀਆ ਨੂੰ 15 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਲੀਬੀਆ ਸੈਂਟਰਲ ਬੈਂਕ ਦੇ ਸਾਬਕਾ ਗਵਰਨਰ ਫਰਹਤ ਬੰਗਦਾਰਾ ਦਾ ਕਹਿਣਾ ਹੈ ਕਿ ਜੇਕਰ ਵਿਦੇਸ਼ੀ ਸਰਕਾਰਾਂ ਲੀਬੀਆ ਦੀ ਜਬਤ ਸੰਪਤੀ ਨੂੰ ਮੁਕਤ ਕਰ ਦੇਣ ਤਾਂ ਇਹ ਬਹੁਤਾ ਵੱਡਾ ਸੰਕਟ ਨਹੀਂ ਹੈ।
——————————-

ਅਮਰੀਕਾ ਨਾਲ ਇਨਾਂ ਨਾਲ ਹੈ ਅਣਬਣ
ਉਤਰੀ ਕੋਰੀਆ : ਕਿਮ ਜੌਂਗ ਈਲ
ਜਿੰਮਬਾਬਵੇ : ਰੌਬਰਟ ਮੁਗਾਬਵੇ
ਸੁਡਾਨ : ਓਮਰ ਅਲ ਬਸ਼ੀਰ
ਤੁਰਕਮੇਨਿਸਤਾਨ : ਸਾਪਰਮੂਰਤ ਨਿਆਯੇਵ
ਕਿਊਬਾ : ਫਿਦੇਲ ਕਾਸਤਰੋ
ਸਵਾਜੀਲੈਂਡ : ਕਿੰਗ ਸਵਾਤੀ
ਸਾਊਦੀ ਅਰਬ : ਕਿੰਗ ਅਬਦੁੱਲਾ
ਸੀਰੀਆ : ਬਸ਼ਰ ਅਲ ਅਸਦ
ਯਮਨ : ਅਲੀ ਅਬਦੁੱਲਾ ਸਾਲੇਹ
ਇਕਵੇਟੋਰੀਅਲ ਗਿਨੀ : ਟਿਓਡੋਰੋ
ਜਾਰਡਨ : ਕਿੰਗ ਹੁਸੈਨ

——————————-
ਗੱਦਾਫ਼ੀ ਦਾ ਜੀਵਨ
* ਗੱਦਾਫ਼ੀ ਦਾ ਜਨਮ 1942 ਨੂੰ ਸਿਰਤੇ ਵਿਚ ਹੋਇਆ। ਗੱਦਾਫ਼ੀ ਨੇ 1961 ਵਿਚ ਲੀਬੀਆ ਯੂਨੀਵਰਸਿਟੀ ਤੋਂ ਇਤਿਹਾਸ ਦੀ ਪੜ•ਾਈ ਕੀਤੀ। ਇਸ ਤੋਂ ਬਾਅਦ ਗੱਦਾਫ਼ੀ ਨੇ ਬੇਨਘਾਜੀ ਫੌਜੀ ਅਕਾਦਮੀ ਵਿਚ ਦਾਖ਼ਲਾ ਲਿਆ।
* 1965 ਵਿਚ ਗਰੈਜੂਏਸ਼ਨ ਕਰਨ ਤੋਂ ਬਾਅਦ ਗੱਦਾਫ਼ੀ ਨੇ ਲੀਬੀਆ ਦੀ ਫੌਜ ਵਿਚ ਨੌਕਰੀ ਕੀਤੀ ਅਤੇ 1966 ਵਿਚ ਗੱਦਾਫ਼ੀ ਨੂੰ ਸਿਖਲਾਈ ਲੈਣ ਲਈ ਬ੍ਰਿਟੇਨ ਰੌਇਲ ਮਿਲਟਰੀ ਅਕੈਡਮੀ ਸੈਂਡਹਸਰਟ ਭੇਜ ਦਿੱਤਾ ਗਿਆ।
* ਗੱਦਾਫ਼ੀ ਨੇ ਇਕ ਸਤੰਬਰ 1969 ਨੂੰ ‘ਫਰੀ ਆਫਿਸਰਜ਼ ਮੂਵਮੈਂਟ’ ਚਲਾ ਕੇ ਸੁਲਤਾਨ ਇੰਦਰੀਸ ਦਾ ਤਖਤਾ ਪਲਟ ਦਿੱਤਾ ਅਤੇ ਲੀਬੀਆ ਅਰਬ ਰਿਪਬਲਿਕ ਦੀ ਸਥਾਪਨਾ ਕੀਤੀ।
* ਗੱਦਾਫ਼ੀ ਉਦੋਂ ਤੋਂ ਹੀ ਰੈਵੋਲੂਸ਼ਨਰੀ ਕਮਾਂਡ ਕੌਂਸਲ ਦੇ ਪ੍ਰਧਾਨ ਅਤੇ ਲੀਬੀਆ ਦੀ ਹਥਿਆਰਬੰਦ ਫੌਜ ਦੇ ਕਮਾਂਡਰ ਇਨ ਚੀਫ਼ ਬਣੇ।
* 42 ਸਾਲ ਤੱਕ ਸ਼ਾਸਨ ਕਰਨ ਵਾਲੇ ਗੱਦਾਫ਼ੀ ਨੂੰ ਅਗਸਤ 2011 ਵਿਚ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ।
* ਗੱਦਾਫ਼ੀ ਦੇ ਦੁਨੀਆ ਦੇ ਕਈ ਦੇਸ਼ਾਂ ਨਾਲ ਸਬੰਧ ਸੁਖਾਵੇਂ ਨਹੀਂ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਇਕ ਵਾਰ ਉਸ ਨੂੰ ਪਾਗਲ ਕੁੱਤਾ ਕਹਿ ਦਿੱਤਾ ਸੀ।