ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, August 5, 2010

'ਇੰਡੀਆ ਟੇਲੈਂਟ' ਦਾ ਜੱਜ ਸਾਜ਼ਿਦ ਖਾਂ ਮੁਆਫ਼ੀ ਮੰਗੇ : ਸਿੰਘ ਸਾਹਿਬ

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਲਰ ਟੀ. ਵੀ. ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ 'ਇੰਡੀਆ ਟੈਲੈਂਟ' ਦੇ ਜੱਜ ਸਾਜ਼ਿਦ ਖਾਂ ਦੀ ਆਲੋਚਨਾ ਕੀਤੀ ਹੈ ਜਿਸ ਨੇ ਇਕ ਸਿੱਖ ਬੱਚੇ ਨੂੰ ਗਤਕੇ ਦੇ ਪ੍ਰਦਰਸ਼ਨ ਦੌਰਾਨ ਇਹ ਕਹਿ ਕਿ ਪ੍ਰੋਗਰਾਮ 'ਚੋਂ ਬਾਹਰ ਕਰ ਦਿੱਤਾ ਕਿ ਇਸ ਦਾ ਵੇਖਣ ਵਾਲੇ ਬੱਚਿਆਂ 'ਤੇ ਮਾੜਾ ਪ੍ਰਭਾਵ ਪਵੇਗਾ। ਸਿੰਘ ਸਾਹਿਬ ਕਿਹਾ ਕਿ ਇਹ ਸਾਜ਼ਿਦ ਖਾਂ ਦੀ ਘਟੀਆ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗਤਕਾ ਇਕ ਮਾਰਸ਼ਲ ਆਰਟ ਹੈ ਤੇ ਸਿੱਖ ਗੁਰੂ ਸਾਹਿਬਾਨ ਨੇ ਮਜ਼ਲੂਮਾਂ ਦੀ ਰਾਖੀ ਲਈ ਇਸ ਨੂੰ ਸਿੱਖ ਕੌਮ ਦਾ ਇਕ ਹਿੱਸਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਗਤਕੇ ਦੀ ਕਲਾ ਨੂੰ ਹਰ ਟੀ. ਵੀ. ਚੈਨਲ 'ਤੇ ਪ੍ਰਦਰਸ਼ਿਤ ਕਰਨ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਟੀ. ਵੀ. 'ਤੇ ਫਿਲਮਾਂ ਵਿਚ ਬੱਚਿਆਂ ਨੂੰ ਹਿੰਸਾ, ਲੁੱਟਾਂ-ਖੋਹਾਂ, ਬੰਬ ਧਮਾਕੇ, ਡਰਾਉਣੇ ਤੇ ਅਸ਼ਲੀਲ ਦ੍ਰਿਸ਼ ਤੇ ਹੋਰ ਅਣ-ਮਨੁੱਖੀ ਕਾਰੇ ਵਿਖਾਏ ਜਾਂਦੇ ਹਨ ਤਾਂ ਉਸ ਸਮੇਂ ਇਨ੍ਹਾਂ ਦਾ ਬੁਰਾ ਪ੍ਰਭਾਵ ਬੱਚਿਆਂ 'ਤੇ ਨਹੀਂ ਪੈਂਦਾ? ਉਨ੍ਹਾਂ ਇਸ ਗੱਲ ਦਾ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਕਿ ਸਾਜ਼ਿਦ ਖਾਂ ਵੱਲੋਂ ਮੁਆਫ਼ੀ ਮੰਗਣ 'ਤੇ ਹੀ ਸਿੱਖ ਕੌਮ ਦੇ ਦੁੱਖੀ ਹਿਰਦੇ ਸ਼ਾਂਤ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਅਜਿਹੇ ਜੱਜਾਂ ਨੂੰ ਕਿਸੇ ਟੀ. ਵੀ. ਚੈਨਲ ਤੋਂ ਨਿਯੁਕਤ ਨਹੀਂ ਕੀਤਾ ਜਾਣਾ ਚਾਹੀਦਾ। ਸਿੰਘ ਸਾਹਿਬ ਨੇ ਇਸੇ ਹੀ ਪ੍ਰੋਗਰਾਮ ਦੀ ਜੱਜ ਕਿਰਨ ਖੇਰ ਤੇ ਸੋਨਾਲੀ ਬੇਂਦਰੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸਿੱਖ ਬੱਚੇ ਨੂੰ ਬਾਹਰ ਕੱਢਣ ਦਾ ਜੋ ਵਿਰੋਧ ਕੀਤਾ ਸੀ।

ਸਰਨਾ-ਫੂਲਕਾ ਵਿਵਾਦ ਦਾ ਸ਼੍ਰੀ ਅਕਾਲ ਤਖਤ ਸਾਹਿਬ `ਤੇ ਹੋਵੇਗਾ ਨਬੇੜਾ

ਸਿੰਘ ਸਾਹਿਬਾਨ ਵਲੋਂ ਸਰਨਾ ਭਰਾਵਾਂ ਨੂੰ ਸਪੱਸ਼ਟੀਕਰਨ ਦੇਣ ਲਈ ਇਕ ਹੋਰ ਮੌਕਾ
ਅੰਮ੍ਰਿਤਸਰ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਿਚਾਲੇ ਸਿੱਖ ਕਤਲੇਆਮ ਸਬੰਧੀ ਅਦਾਲਤੀ ਕੇਸਾਂ ਦੀ ਪੈਰਵਾਈ ਬਾਰੇ ਤਿੱਖੀ ਬਿਆਨਬਾਜ਼ੀ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ `ਤੇ ਪਹੁੰਚ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਗਏ ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਵਲੋਂ ਪੇਸ਼ ਹੋਣ ਦੀ ਥਾਂ ਹੋਰ ਸਮਾਂ ਮੰਗਣ ਲਈ ਭੇਜੇ ਗਏ ਬੇਨਤੀ ਪੱਤਰ `ਤੇ ਸਿੰਘ ਸਾਹਿਬਾਨ ਨੇ ਦੋਵਾਂ ਭਰਾਵਾਂ ਨੂੰ 7 ਅਗਸਤ ਨੂੰ ਖੁਦ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਹਨ। ਦੂਜੇ ਪਾਸੇ ਸਿੱਖ ਨਸਲਕੁਸ਼ੀ ਦੇ ਕੇਸਾਂ `ਚ ਪੈਰਵਾਈ ਕਰ ਰਹੇ ਸੁਪਰੀਮ ਕੋਰਟ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਵਲੋਂ ਨਿੱਜੀ ਤੌਰ `ਤੇ ਪੇਸ਼ ਹੋ ਕੇ ਅਪਣਾ ਪੱਖ ਰੱਖਣ ਉਪਰੰਤ ਸਿੰਘ ਸਾਹਿਬਾਨ ਵਲੋਂ ਉਨ੍ਹਾਂ ਨੂੰ ਅਪਣੀਆਂ ਸੇੇਵਾਵਾਂ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਕਾਬਿਲੇਗੌਰ ਹੈ ਕਿ 1984 ਦੇ ਸਿੱਖ ਕਤਲੇਆਮ ਸਬੰਧੀ ਅਦਾਲਤੀ ਕੇਸਾਂ ਦੀ ਪੈਰਵਾਈ `ਤੇ ਸਵਾਲ ਉਠਾਉਂਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਵਲੋਂ ਦੋਸ਼ ਲਾਇਆ ਗਿਆ ਹੈ ਕਿ ਸਿੱਖ ਕਤਲੇਆਮ ਦੇ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਸ. ਐਚਐਸ ਫੂਲਕਾ ਨੇ ਹੁਣ ਤੱਕ ਇਕ ਕਰੋੜ 90 ਲੱਖ ਰੁਪਏ ਜ਼ਾਇਆ ਕਰ ਦਿੱਤੇ ਹਨ ਅਤੇ ਦੰਗਾ ਪੀੜਤ ਸਿੱਖ ਪਰਿਵਾਰਾਂ ਨੂੰ 26 ਸਾਲ ਬਾਅਦ ਵੀ ਕੋਈ ਇਨਸਾਫ ਨਹੀਂ ਮਿਲਿਆ ਹੈ। ਓਧਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਸਪੱਸ਼ਟ ਕੀਤਾ ਹੈ ਕਿ ਉਨਾਂ ਨੇ ਸਾਲ 1985 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 15 ਹਜ਼ਾਰ ਰੁਪਏ ਲੈਣ ਤੋਂ ਬਾਅਦ ਅੱਜ ਤੱਕ ਬਿਨਾਂ ਕੋਈ ਪੈਸਾ ਲਏ ਕੇਸਾਂ ਦੀ ਪੈਰਵਾਈ ਅਪਣੀ ਜਾਨ ਜ਼ੋਖਮ ਵਿਚ ਪਾ ਕੇ ਕੀਤੀ ਹੈ।

ਟਾਈਟਲਰ ਦੇ ਖਿਲਾਫ ਸਬੂਤ ਨਹੀਂ, ਕੇਸ ਬੰਦ ਕਰੋ : ਸੀਬੀਆਈ

ਪੀੜ੍ਹਤ ਪੱਖ ਨੇ ਕਿਹਾ, ਸੀਬੀਆਈ ਦਾ ਜਵਾਬ ਤਸੱਲੀਬਖਸ਼ ਨਹੀਂ
ਨਵੀਂ ਦਿੱਲੀ : ਭਾਰਤ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਕਿਹਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਉਸ ਨੂੰ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਵਿਰੁਧ ਕੋਈ ਸਬੂਤ ਨਹੀਂ ਮਿਲਿਆ ਹੈ। ਸੀਬੀਆਈ ਨੇ ਦਿੱਲੀ ਦੀ ਅਦਾਲਤ ਨੂੰ ਉਸ ਦੇ ਖਿਲਾਫ ਕੇਸ ਖਤਮ ਕਰਨ ਦੀ ਦਰਖ਼ਾਸਤ ਦਿੱਤੀ ਹੈ। ਚੇਤੇ ਰਹੇ ਕਿ ਜਗਦੀਸ਼ ਟਾਈਟਲਰ ਵਿਰੁੱਧ ਮਾਮਲਾ ਬੰਦ ਕਰਨ ਨੂੰ ਚੁਣੌਤੀ ਦਿੰਦਿਆਂ ਸਿੱਖ ਕਤਲੇਆਮ ਦੀ ਪੀੜਤ ਬੀਬੀ ਲਖਵਿੰਦਰ ਕੌਰ ਨੇ ਇਕ ਪਟੀਸ਼ਨ ਦਾਖਲ ਕੀਤੀ ਹੋਈ ਹੈ। ਸੀਬੀਆਈ ਨੇ ਅਪਣੀ ਤਾਜ਼ਾ ਦਰਖ਼ਾਸਤ ਉਸੇ ਪਟੀਸ਼ਨ ਨੂੰ ਖਾਰਜ ਕਰਨ ਦੀ ਅਪੀਲ ਕਰਦਿਆਂ ਦਿੱਤੀ ਹੈ। ਵਧੀਕ ਸੈਸ਼ਨ ਜੱਜ ਵੀਕੇ ਖੰਨਾ ਨੇ ਸੀਬੀਆਈ ਦੀ ਲਿਖਤੀ ਦਲੀਲ ਦੇਖਣ ਉਪਰੰਤ ਪੀੜਤ ਲਖਵਿੰਦਰ ਕੌਰ ਨੂੰ ਇਸ ਦਾ ਜਵਾਬ ਦਾਖਲ ਕਰਨ ਲਈ ਕਿਹਾ ਹੈ, ਜਿਸ ਲਈ ਅਗਲੀ ਸੁਣਵਾਈ 21 ਅਗਸਤ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਮੈਟਰੋਪਾਲੀਟਨ ਮੈਜਿਸਟਰੇਟ ਨੇ 27 ਅਪ੍ਰੈਲ ਨੂੰ ਜਗਦੀਸ਼ ਟਾਈਟਲਰ ਵਿਰੁੱਧ ਇਸ ਮਾਮਲੇ `ਚ ਸੀਬੀਆਈ ਦੁਆਰਾ ਦਾਇਰ ਕਲੋਜਰ ਰਿਪੋਰਟ (ਮਾਮਲੇ ਨੂੰ ਬੰਦ ਕਰਨ ਬਾਰੇ) ਸਵੀਕਾਰ ਕਰ ਲਿਆ ਸੀ, ਜਿਸ ਨੂੰ ਅਦਾਲਤ `ਚ ਚੁਣੌਤੀ ਦਿੰਦਿਆਂ ਪੀੜਤਾਂ ਲਖਵਿੰਦਰ ਕੌਰ, ਜਿਸ ਦੇ ਪਰਿਵਾਰਕ ਮੈਂਬਰ ‘84 ਵਿਚ ਮਾਰੇ ਗਏ ਸਨ, ਨੇ ਦਾਅਵਾ ਕੀਤਾ ਸੀ, ਟਾਈਟਲਰ ਵਿਰੁੱਧ ਨਵੇਂ ਸਬੂਤ ਮਿਲੇ ਹਨ। ਉੁਨ੍ਹਾਂ ਦਾਅਵਾ ਕੀਤਾ ਸੀ ਕਿ ਸੀਬੀਆਈ ਨੇ ਟਾਈਟਲਰ ਨੂੰ ਬਰੀ ਕਰਨ ਦਾ ਜੋ ਫ਼ੈਸਲਾ ਲਿਆ ਸੀ ਉਸ ਦੇ ਵਿਰੋਧ ਵਿਚ ਦਾਇਰ ਯਾਚਿਕਾ ਨੂੰ ਹੇਠਲੀ ਅਦਾਲਤ ਨੇ ਗਲਤ ਤਰੀਕੇ ਨਾਲ ਖਾਰਜ ਕੀਤਾ ਹੈ।