ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਨੇ, ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

Friday, June 25, 2010

ਲਾਲਾ ਲਾਜਪਤ ਰਾਏ ਸਬੰਧੀ ਟਿੱਪਣੀ ਤੇ ਬੱਬੂ ਮਾਨ ਨੇ ਮੁਆਫ਼ੀ ਮੰਗੀ

ਪਹਿਲਾਂ ਵੀ ਵਿਵਾਦਾਂ ਵਿਚ ਰਹੇ ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੇ ਇੰਗਲੈਂਡ ਦੀ ਇਕ ਸਟੇਜ ਤੇ ਆਜਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਸਬੰਧੀ ਅਪਣੇ ਵਲੋਂ ਇਕ ਸ਼ੇਅਰ ਦੇ ਰੂਪ ਵਿਚ ਸੁਣਾਈਆਂ ਟਿੱਪਣੀਆਂ ਨੂੰ ਵਾਪਸ ਲੈਂਦਿਆਂ ਸਮੁੱਚੇ ਭਾਰਤੀਆਂ ਤੋਂ ਮੁਆਫ਼ੀ ਮੰਗ ਲਈ ਹੈ। ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਕਈ ਸ਼ਹਿਰਾਂ ਵਿਚ ਰੋਸ ਵਜੋਂ ਬੱਬੂ ਮਾਨ ਦੇ ਪੁਤਲੇ ਫੂਕੇ ਜਾ ਰਹੇ ਸਨ ਅਤੇ ਮੋਗਾ ਪੁਲਿਸ ਵਲੋਂ ਗਾਇਕ ਨੂੰ ਸੰਮਨ ਵੀ ਜਾਰੀ ਕਰ ਦਿੱਤੇ ਗਏ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਬੱਬੂ ਮਾਨ ਨੇ ਇੰਗਲੈਂਡ ਵਿਚ ਪਿਛਲੇ ਦਿਨੀਂ ਇਕ ਸ਼ੇਅਰ ਸੁਣਾਇਆ ਸੀ ਜਿਸ ਵਿਚ ਉਸਨੇ ਖੁਲ੍ਹੇਆਮ ਕਿਹਾ ਸੀ ਕਿ ਲਾਲਾ ਲਾਜਪਤ ਰਾਏ ਅੰਗਰੇਜ਼ ਹਕੂਮਤ ਦਾ ਵਿਰੋਧ ਕਰਦੇ ਹੋਏ ਡਾਂਗਾ ਨਾਲ ਨਹੀਂ ਬਲਕਿ ਹਾਰਟ ਅਟੈਕ ਨਾਲ ਮਰੇ ਸਨ। ਵਿਵਾਦ ਭਖਣ ਤੋਂ ਬਾਅਦ ਮੀਡੀਆ ਨੂੰ ਜਾਰੀ ਕੀਤੇ ਗਏ ਤਿੰਨ ਪੰਨਿਆਂ ਦੇ ਇਸ ਮੁਆਫ਼ੀਨਾਮੇ ਵਿਚ ਬੱਬੂ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਗਾਏ ਇਕ ਸ਼ੇਅਰ ਸਬੰਧੀ ਪਿਛਲੇ ਦਿਨੀਂ ਜੋ ਵੀ ਵਿਵਾਦ ਪੈਦਾ ਹੋਇਆ ਅਤੇ ਦੇਸ਼ ਵਾਸੀਆਂ ਦੇ ਮਨਾਂ ਨੂੰ ਠੇਸ ਪਹੁੰਚੀ, ਉਸ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵੀ ਇਨਸਾਨ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ।
ਬੱਬੂ ਮਾਨ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸਿਰਦਾਰ ਕਪੂਰ ਸਿੰਘ ਦੀ ਪੁਸਤਕ ‘ਸਾਚੀ ਸਾਖੀ’ ਵਿਚ ਇਹ ਸਤਰਾਂ ਦਰਜ ਹਨ। ਉਨਾਂ ਨੇ ਦੇਸ਼ ਵਾਸੀਆਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਇਨਾਂ ਸਤਰਾਂ ਨੂੰ ਉਹ ਕਿਸੇ ਵੀ ਐਲਬਮ ਵਿਚ ਰਿਕਾਰਡ ਨਹੀਂ ਕਰਾਉਣਗੇ। ਬੱਬੂ ਨੇ ਕਿਹਾ ਕਿ ਇਹ ਸਭ ਕੁੱਝ ਸੁਭਾਵਿਕ ਹੀ ਇਕ ਪੁਸਤਕ ਦੇ ਹਵਾਲੇ ਨਾਲ ਗਾਈਆਂ ਗਈਆਂ ਕੁੱਝ ਸਤਰਾਂ ਕਾਰਨ ਹੋ ਗਿਆ, ਜੋ ਕਿ ਉਨ੍ਹਾਂ ਨੂੰ ਵੀ ਮੰਦਭਾਗਾ ਲੱਗਾ ਹੈ। ਮੁਆਫੀਨਾਮੇਂ ਵਿਚ ਬੱਬੂ ਮਾਨ ਨੇ ਕਿਹਾ ਕਿ ਪਿੰਡ ਢੁੱਡੀਕੇ ਨਾਲ ਸਾਡੀਆਂ ਅੰਦਰੂਨੀ ਭਾਵਨਾਵਾਂ ਜੁੜੀਆਂ ਹੋਈਆਂ ਹਨ, ਕਿਉਂਕਿ ਇਸੇ ਪਿੰਡ ਵਿਚ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਅਤੇ ਖੇਡਾਂ ਬਾਰੇ ਲਿਖਣ ਵਾਲੇ ਪ੍ਰਿੰਸੀਪਲ ਸਰਵਣ ਸਿੰਘ ਦਾ ਨਾਂਅ ਵੀ ਜੁੜਦਾ ਹੈ। ਓਧਰ ਮੋਗਾ ਪੁਲਿਸ ਵਲੋਂ ਬੱਬੂ ਮਾਨ ਖਿਲਾਫ ਲਾਲਾ ਲਾਜਪਤ ਰਾਏ ਬਾਰੇ ਟਿੱਪਣੀ ਕਰਨ ੱਤੇ ਸੰਮਨ ਜਾਰੀ ਕੀਤੇ ਗਏ ਹਨ। ਪਰ ਇਹ ਸੰਮਨ ਵਾਪਸ ਆ ਗਏ, ਕਿਉਂਕਿ ਬੱਬੂ ਮਾਨ ਵਿਦੇਸ਼ ਦੌਰੇ ਤੇ ਹਨ।

ਢਾਈ ਸੌ ਪੰਜਾਬੀ ਨੌਜਵਾਨ ਬੰਦ ਹਨ ਦੁਬਈ ਦੀਆਂ ਜੇਲ੍ਹਾਂ ਵਿਚ

ਦੁਬਈ, ਸ਼ਾਰਜਾਹ ਅਤੇ ਆਬੂਧਾਬੀ ਦੀਆਂ ਜੇਲ੍ਹਾ ਵਿਚ ਲਗਭਗ 250 ਪੰਜਾਬੀ ਨੌਜਵਾਨ ਵੱਖ-ਵੱਖ ਦੋਸ਼ਾਂ ਹੇਠ ਬੰਦ ਹਨ, ਜਿਨ੍ਹਾਂ ਵਿਚੋਂ ਵਧੇਰੇ ਨੌਜਵਾਨਾਂ ਦੇ ਕੇਸਾਂ ਦੀ ਕੋਈ ਪੈਰਵਈ ਨਹੀਂ ਹੋ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਕੋਈ ਮਦਦ ਮਿਲ ਰਹੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਜਸਟਿਸ ਦੇ ਕੋਆਰਡੀਨੇਟਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੁਬਈ ਵਿਚ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਜਸਟਿਸ ਦੇ ਕੋਆਰਡੀਨੇਟਰ ਬਲਜੀਤ ਸਿੰਘ ਦੇ ਹਵਾਲੇ ਨਾਲ ਦੱਸੀ। ਉਨ੍ਹਾਂ ਦੱਸਿਆ ਕਿ ਇਕ ਪੰਜਾਬੀ ਨੌਜਵਾਨ ਅਸ਼ੋਕ ਕੁਮਾਰ ਪੁੱਤਰ ਕੇਸਰ ਦਾਸ, ਮੁਹੱਲਾ ਅਮਰ ਨਗਰ, ਕਪੂਰਥਲਾ ਦੇ ਕਤਲ ਦੇ ਮਾਮਲੇ ਵਿਚ 16 ਵਿਅਕਤੀ ਜੇਲ੍ਹ ਵਿਚ ਹਨ ਜਿਨ੍ਹਾਂ ਵਿਚ 13 ਪੰਜਾਬੀ ਨੌਜਵਾਨ, 2 ਪਾਕਿਸਤਾਨੀ ਅਤੇ ਇਕ ਬੰਗਲਾਦੇਸ਼ੀ ਸ਼ਾਮਿਲ ਹੈ। ਜੇਲ੍ਹ ਵਿਚ ਬੰਦ ਪੰਜਾਬੀਆਂ ਵਿਚ ਸੁਖਦੇਵ ਪਾਲ ਪੁੱਤਰ ਸੁਰਿੰਦਰ ਪਾਲ, ਹਨੀ ਪੁੱਤਰ ਹਰਜਾਪ, ਸੁਨੀਲ ਮਸੀਹ ਪੁੱਤਰ ਜੈਨਿਸ ਮਸੀਹ, ਵਿਜੇ ਕੁਮਾਰ ਪੁੱਤਰ ਅਜੀਤ ਕੁਮਾਰ, ਭੁਪਿੰਦਰ ਸਿੰਘ ਪੁੱਤਰ ਸੂਬਾ ਸਿੰਘ, ਰਾਮ ਪੁੱਤਰ ਤਰਸੇਮ ਲਾਲ, ਮੱਖਣ ਲਾਲ ਪੁੱਤਰ ਸਰੂਪ ਲਾਲ, ਅਮਰਜੀਤ ਸਿੰਘ ਪੁੱਤਰ ਪੂਰਨ ਚੰਦ, ਚਰਨਜੀਤ ਸਿੰਘ ਪੁੱਤਰ ਸੁਰਜੀਤ ਰਾਮ, ਹਰਪਾਲ ਸਿੰਘ, ਜਤਿੰਦਰ ਸਿੰਘ ਪੁੱਤਰ ਮਦਨ ਲਾਲ, ਲਖਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਬੂਟਾ ਸਿੰਘ ਪੁੱਤਰ ਦੌਲਤ ਰਾਮ ਸ਼ਾਮਿਲ ਹਨ।
ਇਸ ਮਾਮਲੇ ਦਾ ਅਹਿਮ ਪਹਿਲੂ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਪਾਲ ਅਤੇ ਹਨੀ ਨੇ ਇਸ ਮਾਮਲੇ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਹੋਇਆ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਲੜਾਈ ਸ਼ਰਾਬੀ ਹਾਲਤ ਵਿਚ ਹੋਈ ਸੀ। ਇਹ ਸਾਰੇ ਨੌਜਵਾਨ ਉੱਥੇ ਲੇਬਰ ਦਾ ਕੰਮ ਕਰਦੇ ਹਨ ਅਤੇ ਖ਼ਬਰ ਹੈ ਕਿ ਸਾਰਿਆਂ ਨੂੰ ਇਕੋ ਹੀ ਸਮੇਂ ਇਕੋ ਕਮਰੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿਚ ਕੇਸ ਅਜੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਮੰਦੇ ਦਾ ਦੁਬਈ ਵਿਚ ਬਹੁਤ ਅਸਰ ਹੋਇਆ ਹੈ, ਜਿਸ ਕਾਰਨ ਟਰਾਂਸਪੋਰਟ ਕੰਪਨੀਆਂ ਫ਼ੇਲ੍ਹ ਹੋ ਗਈਆਂ ਹਨ ਅਤੇ ਲੇਬਰ ਦੇ ਕੰਮ ਤੋਂ ਵਿਹਲੇ ਹੋਏ ਲੋਕ ‘ਡਰੱਗ ਮਾਫ਼ੀਏ’ ਨਾਲ ਮਿਲ ਕੇ ਸ਼ਰਾਬ ਸਮੇਤ ਹੋਰ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ, ਜਿਸ ਕਾਰਨ ਲੜਾਈਆਂ ਅਕਸਰ ਹੁੰਦੀਆਂ ਹਨ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਕ ਉੱਚ ਪੱਧਰੀ ਕਮੇਟੀ ਬਣਾ ਕੇ ਖਾੜੀ ਦੇਸ਼ਾਂ ਅੰਦਰ ਭੇਜਣ ਜਿਹੜੀ ਜੇਲ੍ਹਾਂ ਵਿਚ ਨਜ਼ਰਬੰਦ ਨੌਜਵਾਨਾਂ ਦੇ ਕੇਸਾਂ ਦਾ ਮੁਕੰਮਲ ਵੇਰਵਾ ਤਿਆਰ ਕਰਕੇ ਉਨ੍ਹਾਂ ਦੀ ਢੁਕਵੀਂ ਮਦਦ ਕਰੇ।