ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, June 25, 2010

ਢਾਈ ਸੌ ਪੰਜਾਬੀ ਨੌਜਵਾਨ ਬੰਦ ਹਨ ਦੁਬਈ ਦੀਆਂ ਜੇਲ੍ਹਾਂ ਵਿਚ

ਦੁਬਈ, ਸ਼ਾਰਜਾਹ ਅਤੇ ਆਬੂਧਾਬੀ ਦੀਆਂ ਜੇਲ੍ਹਾ ਵਿਚ ਲਗਭਗ 250 ਪੰਜਾਬੀ ਨੌਜਵਾਨ ਵੱਖ-ਵੱਖ ਦੋਸ਼ਾਂ ਹੇਠ ਬੰਦ ਹਨ, ਜਿਨ੍ਹਾਂ ਵਿਚੋਂ ਵਧੇਰੇ ਨੌਜਵਾਨਾਂ ਦੇ ਕੇਸਾਂ ਦੀ ਕੋਈ ਪੈਰਵਈ ਨਹੀਂ ਹੋ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਕੋਈ ਮਦਦ ਮਿਲ ਰਹੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਜਸਟਿਸ ਦੇ ਕੋਆਰਡੀਨੇਟਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੁਬਈ ਵਿਚ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਜਸਟਿਸ ਦੇ ਕੋਆਰਡੀਨੇਟਰ ਬਲਜੀਤ ਸਿੰਘ ਦੇ ਹਵਾਲੇ ਨਾਲ ਦੱਸੀ। ਉਨ੍ਹਾਂ ਦੱਸਿਆ ਕਿ ਇਕ ਪੰਜਾਬੀ ਨੌਜਵਾਨ ਅਸ਼ੋਕ ਕੁਮਾਰ ਪੁੱਤਰ ਕੇਸਰ ਦਾਸ, ਮੁਹੱਲਾ ਅਮਰ ਨਗਰ, ਕਪੂਰਥਲਾ ਦੇ ਕਤਲ ਦੇ ਮਾਮਲੇ ਵਿਚ 16 ਵਿਅਕਤੀ ਜੇਲ੍ਹ ਵਿਚ ਹਨ ਜਿਨ੍ਹਾਂ ਵਿਚ 13 ਪੰਜਾਬੀ ਨੌਜਵਾਨ, 2 ਪਾਕਿਸਤਾਨੀ ਅਤੇ ਇਕ ਬੰਗਲਾਦੇਸ਼ੀ ਸ਼ਾਮਿਲ ਹੈ। ਜੇਲ੍ਹ ਵਿਚ ਬੰਦ ਪੰਜਾਬੀਆਂ ਵਿਚ ਸੁਖਦੇਵ ਪਾਲ ਪੁੱਤਰ ਸੁਰਿੰਦਰ ਪਾਲ, ਹਨੀ ਪੁੱਤਰ ਹਰਜਾਪ, ਸੁਨੀਲ ਮਸੀਹ ਪੁੱਤਰ ਜੈਨਿਸ ਮਸੀਹ, ਵਿਜੇ ਕੁਮਾਰ ਪੁੱਤਰ ਅਜੀਤ ਕੁਮਾਰ, ਭੁਪਿੰਦਰ ਸਿੰਘ ਪੁੱਤਰ ਸੂਬਾ ਸਿੰਘ, ਰਾਮ ਪੁੱਤਰ ਤਰਸੇਮ ਲਾਲ, ਮੱਖਣ ਲਾਲ ਪੁੱਤਰ ਸਰੂਪ ਲਾਲ, ਅਮਰਜੀਤ ਸਿੰਘ ਪੁੱਤਰ ਪੂਰਨ ਚੰਦ, ਚਰਨਜੀਤ ਸਿੰਘ ਪੁੱਤਰ ਸੁਰਜੀਤ ਰਾਮ, ਹਰਪਾਲ ਸਿੰਘ, ਜਤਿੰਦਰ ਸਿੰਘ ਪੁੱਤਰ ਮਦਨ ਲਾਲ, ਲਖਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਬੂਟਾ ਸਿੰਘ ਪੁੱਤਰ ਦੌਲਤ ਰਾਮ ਸ਼ਾਮਿਲ ਹਨ।
ਇਸ ਮਾਮਲੇ ਦਾ ਅਹਿਮ ਪਹਿਲੂ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਪਾਲ ਅਤੇ ਹਨੀ ਨੇ ਇਸ ਮਾਮਲੇ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਹੋਇਆ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਲੜਾਈ ਸ਼ਰਾਬੀ ਹਾਲਤ ਵਿਚ ਹੋਈ ਸੀ। ਇਹ ਸਾਰੇ ਨੌਜਵਾਨ ਉੱਥੇ ਲੇਬਰ ਦਾ ਕੰਮ ਕਰਦੇ ਹਨ ਅਤੇ ਖ਼ਬਰ ਹੈ ਕਿ ਸਾਰਿਆਂ ਨੂੰ ਇਕੋ ਹੀ ਸਮੇਂ ਇਕੋ ਕਮਰੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿਚ ਕੇਸ ਅਜੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਮੰਦੇ ਦਾ ਦੁਬਈ ਵਿਚ ਬਹੁਤ ਅਸਰ ਹੋਇਆ ਹੈ, ਜਿਸ ਕਾਰਨ ਟਰਾਂਸਪੋਰਟ ਕੰਪਨੀਆਂ ਫ਼ੇਲ੍ਹ ਹੋ ਗਈਆਂ ਹਨ ਅਤੇ ਲੇਬਰ ਦੇ ਕੰਮ ਤੋਂ ਵਿਹਲੇ ਹੋਏ ਲੋਕ ‘ਡਰੱਗ ਮਾਫ਼ੀਏ’ ਨਾਲ ਮਿਲ ਕੇ ਸ਼ਰਾਬ ਸਮੇਤ ਹੋਰ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ, ਜਿਸ ਕਾਰਨ ਲੜਾਈਆਂ ਅਕਸਰ ਹੁੰਦੀਆਂ ਹਨ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਕ ਉੱਚ ਪੱਧਰੀ ਕਮੇਟੀ ਬਣਾ ਕੇ ਖਾੜੀ ਦੇਸ਼ਾਂ ਅੰਦਰ ਭੇਜਣ ਜਿਹੜੀ ਜੇਲ੍ਹਾਂ ਵਿਚ ਨਜ਼ਰਬੰਦ ਨੌਜਵਾਨਾਂ ਦੇ ਕੇਸਾਂ ਦਾ ਮੁਕੰਮਲ ਵੇਰਵਾ ਤਿਆਰ ਕਰਕੇ ਉਨ੍ਹਾਂ ਦੀ ਢੁਕਵੀਂ ਮਦਦ ਕਰੇ।

No comments:

Post a Comment