ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, January 20, 2011

ਬਾਦਲਾਂ ਦੀ ਜੰਗ : ਮਾਘੀ ਮੇਲੇ ‘ਚ ਮਨਪ੍ਰੀਤ ਤੇ ਸੁਖਬੀਰ ਨੇ ਜੁਟਾਈ ਭੀੜ

ਮੁਕਤਸਰ ਦੇ ਮਾਘੀ ਮੇਲੇ ਮੌਕੇ ਵੱਕਾਰ ਦਾ ਸਵਾਲ ਬਣਾ ਕੇ ਕੀਤੀਆਂ ਗਈਆਂ ਸਿਆਸੀ ਰੈਲੀਆਂ ਵਿਚ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਮਨਪ੍ਰੀਤ ਬਾਦਲ ਦੀ ਰੈਲੀ ਵਿਚ ਵੱਡੀ ਗਿਣਤੀ ‘ਚ ਲੋਕਾਂ ਨੇ ਪਹੁੰਚ ਕੇ ਬਾਦਲ ਸਰਕਾਰ ਅਤੇ ਕਾਂਗਰਸ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਬਿਨਾ ਕੋਈ ਸਿਆਸੀ ਦਲ ਬਣਾਏ ਮਨਪ੍ਰੀਤ ਸਿੰਘ ਬਾਦਲ ਨੇ ਸ਼ਾਨਦਾਰ ਰੈਲੀ ਕਰਕੇ ਵਿਰੋਧੀਆਂ ਨੂੰ ਅਪਣੀ ਤਾਕਤ ਦਾ ਅਹਿਸਾਸ ਕਰਵਾ ਦਿਤਾ ਹੈ। ਦੂਸਰੇ ਪਾਸੇ ਆਮ ਲੋਕਾਂ ਨੇ ਵੀ ਇਹ ਜ਼ਾਹਿਰ ਕਰ ਦਿਤਾ ਹੈ ਕਿ ਉਹ ਬਿਨਾ ਕਿਸੇ ਦਬਾਅ ਦੇ ਰੈਲੀ ਵਿਚ ਪਹੁੰਚੇ ਸਨ। ਇਸ ਗੱਲ ਦਾ ਅੰਦਾਜ਼ਾ ਮੁਕਤਸਰ ਵਿਚ ਚਾਰੇ ਪਾਸੇ ਲੱਗੇ ਲੰਬੇ-ਲੰਬੇ ਟ੍ਰੈਫਿਕ ਜਾਮਾਂ ਤੋਂ ਲਗਾਇਆ ਜਾ ਸਕਦਾ ਸੀ।ਮੁਕਤਸਰ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਰੈਲੀ ਦੇ ਰਸ਼ ਨੂੰ ਕਾਬੂ ਕਰਨ ਵਿਚ ਬਿਲਕੁਲ ਨਾਕਾਮ ਰਿਹਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭੀੜ ਇਕੱਠੀ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿਚ ਲੋਕਾਂ ਦਾ ਜੋਸ਼ ਘੱਟ ਨਜ਼ਰ ਆਇਆ। ਮਨਪ੍ਰੀਤ ਸਿੰਘ ਬਾਦਲ ਦੇ ਇਸ ਸ਼ਕਤੀ ਪ੍ਰਦਰਸ਼ਨ ਵਿਚ ਲੋਕਾਂ ਦੀ ਭਰਵੀਂ ਗਿਣਤੀ ਤੋਂ ਉਹ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਰੈਲੀ ਵਿਚ ਉਹ ਅਪਣੇ ਵਲੋਂ ਕੋਈ ਅਹਿਮ ਐਲਾਨ ਕਰਨਗੇ ਪਰ ਉਨ੍ਹਾਂ ਨੇ ਸਿਰਫ਼ ਏਨਾ ਕਿਹਾ ਕਿ ਉਹ ਇਥੇ ਵੋਟਾਂ ਮੰਗਣ ਨਹੀਂ ਬਲਕਿ ਲੋਕਾਂ ਨੂੰ ਇਨਸਾਫ਼ ਅਤੇ ਇਨਕਲਾਬ ਦੇ ਲਈ ਤਿਆਰ ਕਰਨ ਆਏ ਹਨ। ਮਨਪ੍ਰੀਤ ਸਿੰਘ ਬਾਦਲ ਨੇ ਨਵੀਂ ਪਾਰਟੀ ਬਣਾਉਣ ਬਾਰੇ ਵੀ ਅਜੇ ਪੱਤੇ ਨਹੀਂ ਖੋਲ੍ਹੇ, ਜਦਕਿ ਇਸੇ ਰੈਲੀ ਵਿਚ ਬੀਰਦਵਿੰਦਰ ਸਿੰਘ ਨੇ ਇਹ ਸੰਕੇਤ ਜ਼ਰੂਰ ਦਿਤਾ ਕਿ ਖਟਕੜ ਕਲਾਂ ਦੀ ਰੈਲੀ ਵਿਚ ਨਵੀਂ ਪਾਰਟੀ ਦਾ ਐਲਾਨ ਕਰ ਦਿਤਾ ਜਾਵੇਗਾ। ਬੀਰਦਵਿੰਦਰ ਸਿੰਘ ਨੇ ਮਤਾ ਪਾਸ ਕਰਦਿਆਂ ਹੋਇਆਂ ਕਿਹਾ ਕਿ 23 ਮਾਰਚ ਤੱਕ ਰਾਜਨੀਤਕ ਪਾਰਟੀ ਦੀਆਂ ਸੰਭਾਵਨਾਵਾਂ ਦੀ ਤਲਾਸ਼ ਜ਼ਰੂਰ ਕੀਤੀ ਜਾਵੇਗੀ।

No comments:

Post a Comment