ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, July 2, 2009

160 ਸਾਲਾਂ ਬਾਅਦ ਕਲਗੀਧਰ ਦੀ ਕਲਗੀ ਇੰਗਲੈਂਡ ਤੋਂ ਭਾਰਤ ਪਹੁੰਚੀ

ਅੰਮ੍ਰਿਤਸਰ : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਇਤਿਹਾਸਕ ਕਲਗੀ 160 ਸਾਲਾਂ ਬਾਅਦ ਇੰਗਲੈਂਡ ਤੋਂ ਭਾਰਤ ਲਿਆਉਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੀ ਗਈ। ਉਹ ਪਵਿੱਤਰ ਕਲਗੀ ਜਿਸ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਦਸਤਾਰ 'ਤੇ ਸਜਾਉਂਦੇ ਸਨ, ਨੂੰ ਸਦੀਆਂ ਬਾਅਦ ਸਿੱਖ ਕੌਮ ਸਪੁਰਦ ਹੋਣ 'ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਉਤਸ਼ਾਹ ਤੇ ਖੁਸ਼ੀ ਦੇਖਣ ਹੀ ਵਾਲੀ ਸੀ। ਇੰਗਲੈਂਡ ਤੋਂ ਇਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਰਾਜਾਸਾਂਸੀ ਹਵਾਈ ਅੱਡੇ 'ਤੇ ਲਿਆਂਦੀ ਗਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਪ੍ਰਾਪਤ ਕਰਨ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਲਗੀ ਦੇ ਦਰਸ਼ਨ ਕਰਨ ਤੋਂ ਬਾਅਦ ਅਰਦਾਸ ਕੀਤੀ। ਇਹ ਕਲਗੀ ਡਾ. ਕੰਵਲਜੀਤ ਸਿੰਘ ਬੋਪਾਰਾਏ ਅਤੇ ਡੀਆਈਜੀ (ਆਈਪੀਐਸ) ਹਰਪ੍ਰੀਤ ਸਿੰਘ ਸਿੱਧੂ 'ਤੇ ਆਧਾਰਤ ਤਿੰਨ ਮੈਂਬਰੀ ਟੀਮ ਇੰਗਲੈਂਡ ਤੋਂ ਲੈ ਕੇ ਆਈ ਹੈ। ਮੰਗਲਵਾਰ ਸ਼ਾਮ ਕਰੀਬ 6.20 ਵਜੇ ਵਿਸ਼ੇਸ਼ ਹਵਾਈ ਉਡਾਨ ਰਾਹੀਂ ਰਾਜਾਸਾਂਸੀ ਪਹੁੰਚੀ ਕਲਗੀ ਬਾਰੇ ਮੀਡੀਆ ਜਾਂ ਹੋਰ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਸੀ ਪਰ ਫ਼ਿਰ ਵੀ ਜਦੋਂ ਕਲਗੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਆਂਦਾ ਗਿਆ ਤਾਂ ਉਦੋਂ ਕਲਗੀ ਦੇ ਦਰਸ਼ਨ ਕਰਨ ਲਈ ਸੰਗਤਾਂ ਤੋਂ ਉਤਸ਼ਾਹ ਸਾਂਭਿਆ ਨਹੀਂ ਸੀ ਜਾ ਰਿਹਾ। ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਕਰਮਾ ਕਰਨ ਉਪਰੰਤ ਅਰਦਾਸ ਕਰਕੇ ਕਲਗੀ ਸੁਸ਼ੋਭਿਤ ਕੀਤੀ। ਸ਼ਾਮੀ ਕਰੀਬ 7.15 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਲਗੀ ਨੂੰ ਸੁਸ਼ੋਭਿਤ ਕਰਨ ਉਪਰੰਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ, ਪੰਥ ਅਤੇ ਦੇਸ਼ ਲਈ ਅੱਜ ਦੇ ਦਿਨ ਨੂੰ ਬਹੁਤ ਪਵਿੱਤਰ ਦਿਹਾੜਾ ਕਰਾਰ ਦਿੰਦਿਆਂ ਕਿਹਾ ਕਿ 300 ਸਾਲ ਬੀਤ ਜਾਣ ਦੇ ਬਾਅਦ ਅੱਜ ਕੌਮ ਨੂੰ ਦਸਮ ਪਿਤਾ ਦੀ ਕਲਗੀ ਮਿਲੀ ਹੈ। ਇਸ ਲਈ ਉਹ ਸਮੁੱਚੀ ਕੌਮ ਨੂੰ ਵਧਾਈਆਂ ਅਤੇ ਡਾ. ਕੰਵਲਜੀਤ ਸਿੰਘ, ਹਰਪ੍ਰੀਤ ਸਿੰਘ ਸੰਧੂ ਦਾ ਸਮੁੱਚੀ ਕੌਮ ਵਲੋਂ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਇਹ ਕਲਗੀ ਸਿੱਖ ਕੌਮ ਹਵਾਲੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਕਰਨ 'ਚ ਮਦਦ ਕੀਤੀ ਹੈ, ਜਿਸ ਕਲਗੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਵੱਖ-ਵੱਖ ਸੰਸਥਾਵਾਂ ਪ੍ਰਾਪਤ ਕਰਨ ਲਈ ਜੱਦੋਜਹਿਦ ਕਰ ਰਹੀਆਂ ਸਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਕੇਂਦਰ 'ਚ ਖਚਾਖਚ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਇਤਿਹਾਸਕ ਅਤੇ ਪਵਿੱਤਰ ਕਲਗੀ ਨੂੰ ਲੱਭਣ ਲਈ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਿਰੇ ਨਹੀਂ ਸੀ ਚੜ੍ਹ ਸਕੀਆਂ। ਅੰਤ ਇਹ ਕਹਿ ਕੇ ਪੱਲ ਝਾੜ ਲਿਆ ਗਿਆ ਕਿ ਇਹ ਮਸਲਾ ਅੰਤਰਰਾਸ਼ਟਰੀ ਹੋਣ ਕਰਕੇ ਅਤੇ ਇਸ ਸਬੰਧੀ ਅਸਪੱਸ਼ਟ ਜਾਣਕਾਰੀ ਹੋਣ ਕਾਰਨ ਇਸ ਨੂੰ ਅੱਗੇ ਤੋਰਨਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਲ 2007 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕ ਸਬ-ਕਮੇਟੀ ਦੀ ਸਥਾਪਨਾ ਕੀਤੀ ਗਈ, ਜਿਸ ਵਿਚ ਵਿਦਵਾਨਾਂ ਅਤੇ ਮਾਹਰਾਂ ਨੂੰ ਲਿਆ ਗਿਆ ਸੀ। ਇਸ ਕਮੇਟੀ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਬੁਲਾਈ ਗਈ ਸੀ, ਜਿਸ ਵਿਚ ਵਿਦਵਾਨਾਂ ਅਤੇ ਮਾਹਰਾਂ ਨੇ ਖੋਜਕਾਰ ਕਮਲਜੀਤ ਸਿੰਘ ਬੋਪਾਰਾਏ ਅਤੇ ਉਨ੍ਹਾਂ ਦੇ ਸਾਥੀਆਂ ਕੋਲੋਂ ਗੁਰੂ ਸਾਹਿਬ ਦੀ ਕਲਗੀ ਦੇ ਸਬੰਧ ਵਿਚ ਜੋ ਪੱਤਰ ਵਿਹਾਰ ਕੀਤਾ ਗਿਆ ਸੀ, ਦੀ ਜਾਣਕਾਰੀ ਲਈ ਗਈ। ਉਨ੍ਹਾਂ ਕਿਹਾ ਕਿ ਡੂੰਘੀ ਖੋਜ ਉਪਰੰਤ ਇਸ ਕਮੇਟੀ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ, ਡਾ. ਮਹਿੰਦਰ ਸਿੰਘ, ਪ੍ਰੋ. ਸੁਰਜੀਤ ਸਿੰਘ ਗਾਂਧੀ, ਡਾ. ਖੜਕ ਸਿੰਘ, ਡਾ. ਕ੍ਰਿਪਾਲ ਸਿੰਘ ਚੰਡੀਗੜ੍ਹ, ਵਰਿਆਮ ਸਿੰਘ ਸਕੱਤਰ, ਸਿਮਰਜੀਤ ਸਿੰਘ ਕੰਗ ਦੀ ਕਮੇਟੀ ਨੂੰ ਡਾ. ਬੋਪਾਰਾਏ ਨੇ ਪੂਰੇ ਦਸਤਾਵੇਜ਼ਾਂ ਦੇ ਨਾਲ ਪੇਸ਼ ਹੋਣ ਲਈ ਕਿਹਾ ਸੀ, ਜਿਸ ਦੇ ਵਿਚ ਡਾ. ਕਮਲਜੀਤ ਸਿੰਘ ਨੇ ਆਪਣਾ ਰਿਕਾਰਡ ਅਤੇ ਪਵਿੱਤਰ ਕਲਗੀ ਦੀ ਫ਼ੋਟੋ ਵੀ ਪੇਸ਼ ਕੀਤੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਲਗੀ ਨੂੰ ਪ੍ਰਾਪਤ ਕਰਨ ਲਈ ਪੁਲਿਸ ਤਜ਼ਰਬਾ ਵੀ ਬਹੁਤ ਕੰਮ ਆਇਆ ਹੈ। ਪੰਜਾਬ ਪੁਲਿਸ ਦਾ ਵੀ ਉਨ੍ਹਾਂ ਇਸ ਮੌਕੇ ਧੰਨਵਾਦ ਕੀਤਾ, ਜਿਸ ਨੇ ਹਰ ਮਦਦ ਉਨ੍ਹਾਂ ਨੂੰ ਉਪਲਬਧ ਕਰਵਾਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ, ਜੋਗਿੰਦਰ ਸਿੰਘ ਅਦਲੀਵਾਲ ਅਤੇ ਹੋਰ ਅਧਿਕਾਰੀ ਤੇ ਧਾਰਮਿਕ ਆਗੂ ਵੀ ਹਾਜ਼ਰ ਸਨ।

No comments:

Post a Comment