ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, July 2, 2009

ਬਨੂੜ ਸਮੇਤ ਤਿੰਨ ਹਲਕਿਆਂ ਦੀ ਜ਼ਿਮਨੀ ਚੋਣ 3 ਅਗਸਤ ਨੂੰ

ਚੰਡੀਗੜ੍ਹ : ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੇ ਤਿੰਨ ਹਲਕਿਆਂ ਬਨੂੜ, ਕਾਹਨੂੰਵਾਨ ਅਤੇ ਜਲਾਲਾਬਾਦ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਤਿੰਨ ਹਲਕਿਆਂ ਲਈ ਤਿੰਨ ਅਗਸਤ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਹਲਕਿਆਂ 'ਤੇ ਵੋਟਾਂ ਦੀ ਗਿਣਤੀ 6 ਅਗਸਤ ਨੂੰ ਹੋਵੇਗੀ। ਇਨ੍ਹਾਂ ਹਲਕਿਆਂ ਲਈ ਚੋਣ ਜ਼ਾਬਤਾ ਫ਼ੌਰਨ ਲਾਗੂ ਹੋ ਗਿਆ ਹੈ।ਜਾਣਕਾਰ ਸੂਤਰਾਂ ਅਨੁਸਾਰ ਅਕਾਲੀ ਸਰਕਾਰ ਦੀ ਕੋਸ਼ਿਸ਼ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 6 ਮਹੀਨੇ ਦੇ ਅੰਦਰ (21 ਜੁਲਾਈ ਤੋਂ ਪਹਿਲਾਂ) ਵਿਧਾਇਕ ਬਣਵਾ ਲੈਣ ਦੀ ਸੀ ਪਰ ਹੁਣ 3 ਅਗਸਤ ਨੂੰ ਚੋਣ ਹੋਣ ਨਾਲ ਇਨ੍ਹਾਂ ਹਲਕਿਆਂ ਲਈ ਰਾਜਸੀ ਸਰਗਰਮੀਆਂ ਵੱਖਰੀ ਕਿਸਮ ਦੀਆਂ ਹੋਣਗੀਆਂ। ਪੰਜਾਬ ਵਿਧਾਨ ਸਭਾ ਦਾ ਬਜ਼ਟ ਸੈਸ਼ਨ ਵੀ 3 ਜੁਲਾਈ ਤੋਂ ਆਰੰਭ ਹੋ ਰਿਹਾ ਹੈ। ਸਰਕਾਰ ਦਾ ਧਿਆਨ ਬਜ਼ਟ ਵਿਚ ਅਤੇ ਦੂਜੇ ਪਾਸੇ ਚੋਣਾਂ ਵੱਲ ਹੋਵੇਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਪਹਿਲਾਂ ਹੀ ਬੀਤੇ ਕਈ ਦਿਨਾਂ ਤੋਂ ਜਲਾਲਾਬਾਦ ਵਿਚ ਸਰਗਰਮ ਹਨ। ਹਾਕਮ ਧਿਰ ਵਲੋਂ ਸੁਖਬੀਰ ਸਿੰਘ ਬਾਦਲ ਦੀ ਉਮੀਦਵਾਰੀ ਬਾਰੇ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਪਰ ਇਹ ਤਕਰੀਬਨ ਤੈਅ ਹੀ ਹੈ ਕਿ ਸੁਖਬੀਰ ਬਾਦਲ ਹੀ ਜਲਾਲਾਬਾਦ ਤੋਂ ਚੋਣ ਲੜਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਪ੍ਰਕਿਰਿਆ ਦੌਰਾਨ 9 ਤੋਂ 16 ਜੁਲਾਈ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਜਾਣਗੇ ਤੇ 17 ਜੁਲਾਈ ਨੂੰ ਪੜਤਾਲ ਹੋਵੇਗੀ। ਕਾਗਜ਼ ਵਾਪਸ ਲੈਣ ਦਾ ਦਿਨ 20 ਜੁਲਾਈ ਹੈ। 3 ਅਗਸਤ ਨੂੰ ਇਨ੍ਹਾਂ 3 ਹਲਕਿਆਂ ਲਈ ਵੋਟਾਂ ਪੈ ਜਾਣਗੀਆਂ। ਇਨ੍ਹਾਂ ਚੋਣਾਂ ਲਈ ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਮੋਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਚੋਣ ਕਮਿਸ਼ਨ ਦੀਆਂ ਚੋਣ ਜ਼ਾਬਤੇ ਲਈ ਚਿੱਠੀਆਂ ਆ ਗਈਆਂ ਹਨ।

No comments:

Post a Comment