ਪਾਕਿ ਸਰਹੱਦ 'ਤੇ ਤਾਇਨਾਤ ਹੋਣਗੇ ਮਿੱਗ-29
ਨਵੀਂ ਦਿੱਲੀ-ਆਦਮਪੁਰ : ਭਾਰਤੀ ਫ਼ੌਜ ਵੱਲੋਂ ਚੀਨ ਤੇ ਪਾਕਿਸਤਾਨ ਸਰਹੱਦ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ 300 ਹਲਕੇ ਟੈਂਕ ਤਾਇਨਾਤ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।ਇਸ ਦੇ ਨਾਲ ਹੀ ਰਿਕਵੈਸਟ ਫਾਰ ਇਨਫਾਰਮੇਸ਼ਨ (ਆਰ. ਐਫ਼. ਆਈ.) ਵੀ ਜਾਰੀ ਕੀਤਾ ਜਾ ਰਿਹਾ ਹੈ। ਫ਼ੌਜੀ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਟੈਂਕਾਂ ਨੂੰ ਉਤਰੀ ਜੰਮੂ ਅਤੇ ਕਸ਼ਮੀਰ ਦੇ ਪਹਾੜੀ ਇਲਾਕਿਆਂ, ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਉਤਰ-ਪੂਰਬੀ ਸਰਹੱਦੀ ਇਲਾਕਿਆਂ ਵਿਚ ਤਾਇਨਾਤ ਕੀਤਾ ਜਾਵੇਗਾ।ਦੂਜੇ ਪਾਸੇ ਆਦਮਪੁਰ ਵਿਖੇ ਏਅਰ ਕਮਾਂਡਰ ਐਚ. ਐਸ. ਅਰੋੜਾ ਨੇ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ 'ਤੇ ਮਿੱਗ-29 ਲੜਾਕੂ ਜਹਾਜ਼ ਤਾਇਨਾਤ ਕੀਤੇ ਜਾ ਰਹੇ ਹਨ। ਚੀਨ-ਪਾਕਿ ਸਰਹੱਦ 'ਤੇ ਤਾਇਨਾਤ ਕੀਤੇ ਜਾਣ ਵਾਲੇ ਟੈਂਕਾਂ ਦਾ ਵਜ਼ਨ ਕਰੀਬ 22 ਟਨ ਹੋਵੇਗਾ ਅਤੇ ਇਹ ਪਹਾੜੀ ਇਲਾਕਿਆਂ ਵਿਚ 3 ਹਜ਼ਾਰ ਮੀਟਰ ਤੋਂ ਵੀ ਜ਼ਿਆਦਾ ਉਚਾਈ ਤੱਕ ਕਾਰਵਾਈ ਕਰਨ ਦੇ ਸਮਰੱਥ ਹੋਣਗੇ।ਪਹਾੜੀ ਇਲਾਕਿਆਂ ਵਿਚ ਭਾਰੇ ਟੈਂਕ ਨਹੀਂ ਪਹੁੰਚ ਸਕਦੇ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ਵਿਚ ਭਾਰੇ ਟੈਂਕ ਇਕਦਮ ਮੋੜੇ ਵੀ ਨਹੀਂ ਜਾ ਸਕਦੇ। ਫ਼ੌਜ ਚਾਹੁੰਦੀ ਹੈ ਕਿ ਦੁਸ਼ਮਣ ਦੇ ਉਚ ਸੁਰੱਖਿਆ ਵਾਲੇ ਬਖ਼ਤਰਬੰਦ ਵਾਹਨਾਂ ਅਤੇ ਵੱਡੇ ਟੈਂਕਾਂ ਨੂੰ ਦੋ ਕਿਲੋਮੀਟਰ ਤੋਂ ਵਧੇਰੇ ਦੂਰੀ ਤੱਕ ਨਸ਼ਟ ਕਰਨ ਅਤੇ ਟੈਂਕ ਨਿਰੋਧਕ ਮਿਜ਼ਾਇਲਾਂ ਨੂੰ ਤਬਾਹ ਕਰਨ ਦੀ ਸਮਰੱਥਾ ਹੋਵੇ।
No comments:
Post a Comment