ਨਿਊ ਯਾਰਕ : ਅਮਰੀਕੀ ਫ਼ੌਜ ਨੇ ਵੀ ਹੁਣ ਸਾਬਤ-ਸੂਰਤ ਸਿੱਖਾਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹਾਲ਼ੇ ਦੋ ਕੁ ਦਿਨ ਪਹਿਲਾਂ ਸਿੱ
ਖ ਸੁਰੱਖਿਆ ਗਾਰਡਾਂ ਨੂੰ ਦਸਤਾਰ ਤੇ ਦਾੜ੍ਹੀ ਸਮੇਤ ਆਪਣੀ ਡਿਊਟੀ ਉਤੇ ਜਾਣ ਦੀ ਬਾਕਾਇਦਾ ਮਨਜ਼ੂਰੀ ਦਿੱਤੀ ਗਈ ਸੀ। ਇਹ ਸੱਚਮੁਚ ਸਿੱਖ ਕੌਮ ਲਈ ਇੱਕ ਮਾਣ ਵਾਲ਼ੀ ਗੱਲ ਹੈ। ਅਮਰੀਕਾ ਦੀ ਸਮੂਹ ਸਿੱਖ ਸੰਗਤ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਫ਼ੌਜ ਦੇ ਇਸ ਫ਼ੈਸਲੇ ਦਾ ਤਹਿ ਦਿਲੋਂ ਸੁਆਗਤ ਕੀਤਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਦਰਅਸਲ, ਕੈਪਟਨ ਕੰਵਲਜੀਤ ਸਿੰਘ ਕਲਸੀ ਨੂੰ ਹੁਣ ਆਪਣੀ ਦਾੜ੍ਹੀ, ਕੇਸਾਂ ਅਤੇ ਦਸਤਾਰ ਸਮੇਤ ਆਪਣੀ ਫ਼ੌਜੀ ਡਿਊਟੀ ਉਤੇ ਹਾਜ਼ਰ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਮਰੀਕੀ ਫ਼ੌਜ ਵਿੱਚ ਭਰਤੀ ਹੋਣ ਵਾਲ਼ੇ ਸ. ਕਲਸੀ ਪਹਿਲੇ ਸਾਬਤ ਸੂਰਤ ਸਿੱਖ ਹੋਣਗੇ। ਇਸ ਫ਼ੈਸਲੇ ਰਾਹੀਂ 1980ਵਿਆਂ ਤੋਂ ਚੱਲ ਰਹੀ ਉਸ ਫ਼ੌਜੀ ਨੀਤੀ ਨੂੰ ਰੱਦ ਨਹੀਂ ਕੀਤਾ ਗਿਆ ਹੈ, ਜਿਹੜੀ ਧਾਰਮਿਕ ਚਿੰਨ੍ਹ ਪਾਉਣ ਦੇ ਮਾਮਲਿਆਂ ਨੂੰ ਨਿਯੰਤ੍ਰਿਤ ਕਰਦੀ ਹੈ। ਸ. ਕਲਸੀ ਨੂੰ ਇਹ ਜਾਣਕਾਰੀ ਐਕਟਿੰਗ ਡਿਪਟੀ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਜਿਨਾ ਫ਼ਰੀਸੀ ਵੱਲੋਂ ਭੇਜੀ ਇੱਕ ਚਿੱਠੀ ਰਾਹੀਂ ਦਿੱਤੀ ਗਈ ਹੈ। ਫ਼ੌਜ ਨੇ ਸ. ਕਲਸੀ ਨੂੰ ਡਿਊਟੀ ਉਤੇ ਹਾਜ਼ਰ ਹੋਣ ਦੀ ਮਨਜ਼ੂਰੀ ਇੱਕ ਵਿਅਕਤੀਗਤ ਕੇਸ ਦੇ ਆਧਾਰ ਉਤੇ ਦਿੱਤੀ ਹੈ। ਫ਼ੌਜੀ ਅਧਿਕਾਰੀਆਂ ਨੇ ਇਹ ਪ੍ਰਵਾਨਗੀ ਦੇਣ ਤੋਂ ਪਹਿਲਾਂ ਯੂਨਿਟ ਦੇ ਸਾਰੇ ਨਿਯਮਾਂ ਦੀ ਪਾਲਣਾ, ਨੈਤਿਕਤਾ, ਅਨੁਸ਼ਾਸਨ, ਸੁਰੱਖਿਆ ਅਤੇ ਸਿਹਤ ਜਿਹੇ ਮੁੱਦਿਆਂ ’ਤੇ ਪੂਰੀ ਤਰ੍ਹਾਂ ਗ਼ੌਰ ਕੀਤਾ ਹੈ। ਫ਼ੌਜ ਦੇ ਤਰਜਮਾਨ ਸ੍ਰੀਮਤੀ ਜਿਲ ਮਿਊਲਰ ਨੇ ਕਿਹਾ ਕਿ ਅਜਿਹਾ ਕੋਈ ਸੰਕੇਤ ਨਹੀਂ ਮਿਲ਼ਿਆ ਕਿ ਇਸ ਸਬੰਧੀ ਸਮੁੱਚੀ ਨੀਤੀ ਉਤੇ ਕੋਈ ਗ਼ੌਰ ਕੀਤਾ ਗਿਆ ਹੈ। ਫ਼ਿਲਹਾਲ ਸਿਰਫ਼ ਸ੍ਰੀ ਕਲਸੀ ਦੇ ਵਿਅਕਤੀਗਤ ਮਾਮਲੇ ਉਤੇ ਗ਼ੌਰ ਕਰਦਿਆਂ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਇਸ ਪ੍ਰਵਾਨਗੀ ਨਾਲ਼ ਨਿਸਚਤ ਤੌਰ ਉਤੇ ਹੋਰਨਾਂ ਸਾਬਤ ਸੂਰਤ ਸਿੱਖਾਂ ਲਈ ਵੀ ਅਮਰੀਕੀ ਫ਼ੌਜ ਵਿੱਚ ਭਰਤੀ ਦਾ ਰਾਹ ਖੁੱਲ੍ਹੇਗਾ। ਸ. ਕਲਸੀ ਨੂੰ ਅਜਿਹੀ ਪ੍ਰਵਾਨਗੀ ਦਿੱਤੇ ਜਾਣ ਦਾ ਸਿੱਧਾ ਇਹੋ ਮਤਲਬ ਹੈ ਕਿ ਉਚ ਫ਼ੌਜੀ ਅਧਿਕਾਰੀ ਸਾਬਤ ਸੂਰਤ ਸਿੱਖਾਂ ਨੂੰ ਭਰਤੀ ਕਰਨ ਦੇ ਚਾਹਵਾਨ ਹਨ।
No comments:
Post a Comment