ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Wednesday, November 18, 2009

ਗ੍ਰਿਫਤਾਰੀ ਦੇ ਡਰੋਂ ਟਾਈਟਲਰ ਲੰਡਨ `ਚ ਨਾ ਵੜ੍ਹਿਆ

ਕਾਮਨਵੈਲਥ ਖੇਡਾਂ ਬਾਰੇ ਸਮਾਗਮ `ਚ ਜਾਣ ਦੀ ਸੀ ਯੋਜਨਾ, ਸਿੱਖ ਜਥੇਬੰਦੀਆਂ ਨੇ ਕੀਤਾ ਸੀ ਵਿਰੋਧ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਤੋਂ ਕਾਮਨਵੈਲਥ ਖੇਡਾਂ ਦੀ ਮਸ਼ਾਲ ਲੈਣ ਗਏ ਵਫ਼ਦ ਵਿਚ ਸਿੱਖ ਕਤਲੇਆਮ ਵਿਚ ਕਥਿਤ ਤੌਰ `ਤੇ ਸ਼ਾਮਲ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਨਾਂ ਵੀ ਸ਼ਾਮਲ ਸੀ ਪਰ ਐਨ ਆਖ਼ਰੀ ਮੌਕੇ `ਤੇ ਉਸ ਨੂੰ ਨਹੀਂ ਲਿਜਾਇਆ ਗਿਆ, ਕਿਉਂਕਿ ਬ੍ਰਿਟੇਨ ਦੀਆਂ ਸਿੱਖ ਜਥੇਬੰਦੀਆਂ ਨੇ ਸਕਾਟਲੈਂਡ ਯਾਰਡ ਪੁਲਿਸ ਤੋਂ 1984 ਦੇ ਕਤਲੇਆਮ ਵਿਚ ਭੂਮਿਕਾ ਲਈ ਸਾਬਕਾ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।
ਬਰਤਾਨੀਆ ਦੇ ਸੰਸਦ ਮੈਂਬਰ ਅਤੇ ਸਿੱਖਾਂ ਬਾਰੇ ਸਰਬ ਪਾਰਟੀ ਸਮੂਹ ਦੇ ਮੁਖੀ ਰੌਬ ਮੌਰਿਸ ਨੇ ਦਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ 29 ਅਕਤੂਬਰ ਨੂੰ ਟਾਈਟਲਰ ਦੀ ਬਰਤਾਨੀਆ ਫੇਰੀ `ਤੇ ਇਤਰਾਜ਼ ਜ਼ਾਹਰ ਕੀਤਾ ਸੀ। ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਮੌਰਿਸ ਵਲ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੂੰ ਪੱਤਰ ਲਿੱਖਣ ਤੋਂ ਕੁੱਝ ਸਮੇਂ ਬਾਅਦ ਹੀ ਟਾਈਟਲਰ ਨੂੰ ਵਫ਼ਦ ਤੋਂ ਬਾਹਰ ਕਰ ਦਿਤਾ ਗਿਆ। ਓਧਰ ਇਹ ਵੀ ਇਤਲਾਹ ਹੈ ਕਿ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਉਸ ਨੂੰ ਟਾਈਟਲਰ ਦੇ ਭਾਰਤੀ ਵਫ਼ਦ ਵਿਚ ਆਉਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ।
‘ਆਇਰਸ਼ ਸਨ’ ਅਖ਼ਬਾਰ ਅਨੁਸਾਰ ਡੇਵਿਡ ਮਿਲੀਬੈਂਡ ਨੂੰ ਲਿੱਖੇ ਪੱਤਰ ਵਿਚ ਮੌਰਿਸ ਨੇ ਟਾਈਟਲਰ ਨੂੰ ਭਾਰਤ ਦਾ ਇਕ ਵਿਵਾਦਤ ਸਿਆਸਤਦਾਨ ਕਰਾਰ ਦਿਤਾ ਜੋ ਕਿ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਸ਼ਾਮਲ ਸੀ। ਇਸ ਕਤਲੇਆਮ ਵਿਚੋਂ ਬਚੇ ਕਈ ਸਿੱਖ ਬਰਤਾਨੀਆ ਵਿਚ ਰਹਿ ਰਹੇ ਹਨ ਜਦਕਿ ਉਨ੍ਹਾਂ ਦੇ ਨਜ਼ਦੀਕੀ ਮਾਰੇ ਗਏ ਸਨ। ਮੌਰਿਸ ਨੇ ਲਿਖਿਆ, ‘ਅਜਿਹਾ ਘਿਨੌਣਾ ਜੁਰਮ ਕਰਨ ਵਾਲੇ ਨੂੰ ਬਰਤਾਨੀਆ ਵਿਚ ਦਾਖ਼ਲਾ ਦੇਣਾ ਸਿੱਖ ਬਰਦਾਸ਼ਤ ਨਹੀਂ ਕਰਨਗੇ।’ ਉਨ੍ਹਾਂ ਬਰਤਾਨਵੀ ਸੰਸਦ ਵਿਚ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਸਿੱਖ ਕਤਲੇਆਮ ਦੀ 25ਵੀਂ ਬਰਸੀ ਮਨਾਉਣ ਦਾ ਵੀ ਸੱਦਾ ਦਿਤਾ। ਮੀਟਿੰਗ ਦੌਰਾਨ ਮੌਰਿਸ ਨੇ ਕਿਹਾ, ‘ਤੁਸੀਂ ਮੈਟਰੋਪਾਲੀਟਨ ਪੁਲਿਸ ਕੋਲ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਜਗਦੀਸ਼ ਟਾਈਟਲਰ ਤੋਂ ਪੁਛਗਿਛ ਕਰੋ। ਤੁਹਾਨੂੰ ਉਥੇ ਪੁਖ਼ਤਾ ਸਬੂਤਾਂ ਨਾਲ ਮੌਜੂਦ ਰਹਿਣਾ ਹੋਵੇਗਾ। ਸਾਨੂੰ ਉਥੇ ਸੈਂਕੜੇ ਲੋਕਾਂ ਦੀ ਨਹੀਂ ਸਗੋਂ ਦੋ ਜਾਂ ਤਿੰਨ ਆਗੂਆਂ ਦੀ ਲੋੜ ਹੋਵੇਗੀ ਤਾਕਿ ਜਦੋਂ ਹੀ ਟਾਈਟਲਰ ਬਰਤਾਨੀਆ ਦੀ ਧਰਤੀ `ਤੇ ਕਦਮ ਰੱਖੇ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।’

No comments:

Post a Comment