ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਨੇ, ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

Thursday, July 22, 2010

ਪੰਜਾਬ, ਹਰਿਆਣਾ `ਚ ਹੜ੍ਹਾਂ ਦਾ ਕਹਿਰ

ਪੰਜਾਬ ਦੇ 1049 ਪਿੰਡ ਹੜ੍ਹ ਦੀ ਲਪੇਟ `ਚ, 5 ਜ਼ਿਲ੍ਹਿਆਂ `ਚ 400 ਕਰੋੜ ਦਾ ਨੁਕਸਾਨ
ਪੰਜਾਬ ਦੇ ਸੱਤ ਜਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਹਨ, ਜਿਨ੍ਹਾਂ ਵਿਚੋਂ ਪੰਜ ਜਿਲ੍ਹਿਆਂ ਵਿਚ ਭਾਰੀ ਤਬਾਹੀ ਹੋਈ ਹੈ। ਹੜ੍ਹਾਂ ਕਾਰਨ 1049 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਤਕਰੀਬਨ 2 ਲੱਖ 53 ਹਜ਼ਾਰ ਏਕੜ ਫਸਲ ਤਬਾਹ ਹੋ ਚੁੱਕੀ ਹੈ ਅਤੇ ਸੂਬੇ ਦੀਆਂ ਦੀਆਂ 1967 ਕਿਲੋਮੀਟਰ ਸੜਕਾਂ ਹੜ੍ਹਾਂ ਕਾਰਨ ਨੁਕਸਾਨੀਆਂ ਗਈਆਂ ਹਨ। ਪੰਜਾਬ ਵਾਂਗ ਹਰਿਆਣਾ ਦੇ ਹਾਲਾਤ ਵੀ ਬਦਤਰ ਹੋ ਚੁੱਕੇ ਹਨ। ਪੰਜਾਬ ਵਿਚ ਜਿਥੇ ਘੱਗਰ, ਹਾਂਸੀ ਬੁਟਾਨਾ ਨਹਿਰ ਅਤੇ ਸਰਹੰਦ ਨਹਿਰ ਨੇ ਦਹਿਸ਼ਤ ਫੈਲਾਅ ਰੱਖੀ ਹੈ, ਉਥੇ ਹਰਿਆਣਾ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਸਤਲੁਜ ਯਮੁਨਾ ਲਿੰਕ ਨਹਿਰ, ਹਾਂਸੀ ਬੁਟਾਨਾ ਨਹਿਰ ਅਤੇ ਹੋਰ ਛੋਟੀਆਂ ਨਹਿਰਾਂ ਨੇ ਕੀਤਾ ਹੈ। ਪੰਜਾਬ ਅਤੇ ਹਰਿਆਣਾ ਵਿਚ ਹੜ੍ਹਾਂ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 32 ਹੋ ਚੁੱਕੀ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਭੇਜਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਹੈ ਕਿ ਘੱਗਰ ਅਧੀਨ ਆਉਂਦੇ ਖੇਤਰ ਵਿਚ ਭਾਰੀ ਮੀਂਹ ਦੇ ਕਾਰਨ 32 ਥਾਵਾਂ `ਤੇ ਪਾੜ ਪੈ ਜਾਣ ਕਰਕੇ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਉਨਾਂ ਦੱਸਿਆ ਕਿ ਮੁਢਲੇ ਅਨੁਮਾਨਾਂ ਮੁਤਾਬਕ 350 ਕਰੋੜ ਰੁਪਏ ਤੱਕ ਦਾ ਨੁਕਸਾਨ ਹੋ ਚੁਕਿਆ ਹੈ, ਜਿਹੜਾ 400 ਕਰੋੜ ਤੱਕ ਹੋਣ ਦੀ ਸੰਭਾਵਨਾ ਹੈ। ਪਟਿਆਲਾ ਦੇ 283 ਪਿੰਡ, ਲੁਧਿਆਣਾ ਦੇ 200, ਫਤਹਿਗੜ੍ਹ ਸਾਹਿਬ ਦੇ 190, ਰੋਪੜ ਦੇ 58, ਮੋਹਾਲੀ ਦੇ 55, ਸੰਗਰੂਰ ਦੇ 28 ਅਤੇ ਮਾਨਸਾ ਦੇ 22 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਪੰਜਾਬ ਵਿਚ 150 ਕਰੋੜ ਰੁਪਏ ਲਾਗਤ ਦੀਆਂ ਸੜਕਾਂ ਹੜ੍ਹਾਂ ਨੇ ਤਬਾਹ ਕਰ ਦਿੱਤੀਆਂ ਹਨ। ਮੋਟੇ ਅੰਦਾਜ਼ੇ ਮੁਤਾਬਕ 350 ਦੇ ਲਗਭਗ ਮਕਾਨ ਹੜ੍ਹਾਂ ਕਾਰਨ ਢਹਿ ਗਏ ਹਨ।

ਸਪੇਨ ਫੁਟਬਾਲ ਦਾ ਨਵਾਂ ਬਾਦਸ਼ਾਹ

ਵਾਧੂ ਸਮੇਂ ਵਿਚ ਹਾਲੈਂਡ ਨੂੰ ਹਰਾ ਕੇ ਸਿਰਜਿਆ ਇਤਿਹਾਸ
ਵਿਸ਼ਵ ਕੱਪ ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿਚ ਸਪੇਨ ਨੇ ਹਾਲੈਂਡ ਨੂੰ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ। ਸਪੇਨ ਨੇ ਜਿੱਥੇ ਫੁਟਬਾਲ ਦੇ ਵਿਸ਼ਵ ਕੱਪ ਦੀ ਸਰਦਾਰੀ ਯੂਰਪ ਵਿਚ ਬਰਕਰਾਰ ਰੱਖੀ ਉਥੇ ਉਹ ਇਸ ਮੁਕਾਬਲੇ ਦਾ ਨਵਾਂ ਬਾਦਸ਼ਾਹ ਬਣ ਕੇ ਉਭਰਿਆ। ਹਾਲਾਂਕਿ ਜਰਮਨੀ ਦੇ ਚਿੜੀਆਘਰ ਵਿਚਲੇ ਚਰਚਿਤ ਆਕਟੋਪਸ ‘ਪਾਲ’ ਦੀ ਭਵਿੱਖਬਾਣੀ ਨੇ ਪਹਿਲਾਂ ਨੂੰ ਸਪੇਨ ਨੂੰ ਜਿੱਤ ਦੇ ਕੰਢੇ ਖੜ੍ਹਾ ਕਰ ਦਿੱਤਾ ਸੀ ਪਰ ਆਖਰੀ ਮੁਕਾਬਲੇ ਵਿਚ ਉਸਨੂੰ ਹਾਲੈਂਡ ਨਾਲ ਕਾਂਟੇ ਦੀ ਟੱਕਰ ਲੈਣੀ ਪਈ।
ਦੱਖਣੀ ਅਫ਼ਰੀਕਾ ਦੀ ਸਰਜ਼ਮੀਨ ਉਤੇ ਖੇਡੇ ਗਏ 19ਵੇਂ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੈਚ ਦੀ ਸਮਾਪਤੀ ਤੋਂ ਚਾਰ ਮਿੰਟ ਪਹਿਲਾਂ ਉਦੋਂ ਦੁਨੀਆਂ ਭਰ ਦੇ ਸਪੇਨੀ ਲੋਕ ਜਸ਼ਨਾਂ ਵਿਚ ਡੁੱਬ ਗਏ ਜਦੋਂ ਮੈਚ ਦੇ 116ਵੇਂ (ਵਾਧੂ ਸਮੇਂ ਦੇ 26ਵੇਂ) ਮਿੰਟ ਵਿਚ ਸਪੇਨ ਦੇ 6 ਨੰਬਰ ਖਿਡਾਰੀ ਆਂਦਰੇਸ ਇਨਿਏਸਤਾ ਨੇ ਜਸ਼ਨਾਂ ਦੀ ਬਾਲ ਜਬੂਲਾਨੀ ਨੰੂ ਸ਼ਾਨਦਾਰ ਸ਼ਾਟ ਰਾਹੀਂ ਹਾਲੈਂਡ ਦੀ ਗੋਲ ਲਕੀਰ ਦੇ ਪਾਰ ਕਰ ਦਿੱਤਾ। ਇਸ ਦੇ ਨਾਲ ਹੀ ਸੌਕਰ ਸਿਟੀ ਸਟੇਡੀਅਮ ਵਿਚ ਸਪੇਨ ਦੇ ਲਾਲ ਰੰਗ ਦਾ ਜਲਵਾ ਛਾ ਗਿਆ ਅਤੇ ਹਾਲੈਂਡ ਦਾ ਸੰਗਤਰੀ ਰੰਗ ਫਿੱਕਾ ਪੈ ਗਿਆ। ਇਸ ਗੋਲ ਤੋਂ ਬਾਅਦ ਚਾਰ ਮਿੰਟ ਦਾ ਨਿਰਧਾਰਤ ਅਤੇ ਦੋ ਮਿੰਟ ਦਾ ਇੰਜਰੀ ਸਮਾਂ ਮਹਿਜ਼ ਰਸਮੀ ਹੋ ਕੇ ਰਹਿ ਗਿਆ ਕਿਉਂਕਿ ਇਸ ਅਚਨਚੇਤ ਹੋਏ ਗੋਲ ਨੇ ਹਾਲੈਂਡ ਦੇ ਡੱਚ ਖਿਡਾਰੀਆਂ ਦੇ ਹੌਸਲੇ ਦਾ ਲੱਕ ਤੋੜ ਕੇ ਰੱਖ ਦਿੱਤਾ ਅਤੇ ਸਪੇਨੀਆਂ ਦਾ ਹੌਸਲਾ ਸੱਤਵੇਂ ਅਸਮਾਨ ਉਤੇ ਪੁੱਜ ਗਿਆ।

ਦੁਨੀਆ ਦਾ ਸਭ ਤੋਂ ਵੱਡਾ ਛੇਵਾਂ ਹਵਾਈ ਟਰਮੀਨਲ ਦਿੱਲੀ `ਚ

ਦਿੱਲੀ ਏਅਰਪੋਰਟ ਦਾ ਹੁਣ ਸਾਲਾਨਾ ਲਗਭਗ ਸਾਢੇ ਤਿੰਨ ਕਰੋੜ ਤੋਂ ਵੱਧ ਮੁਸਾਫ਼ਰ ਫਾਇਦਾ ਲੈ ਸਕਦੇ ਹਨ। ਏਅਰਪੋਰਟ ਦੇ ਤੀਸਰੇ ਟਰਮੀਨਲ ਦੇ ਸ਼ੁਰੂ ਹੋਣ ਨਾਲ ਇਹ ਮੁਮਕਿਨ ਹੋ ਜਾਵੇਗਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਦੁਨੀਆ ਦੇ ਇਸ ਛੇਵੇਂ ਸਭ ਤੋਂ ਵੱਡੇ ਟਰਮੀਨਲ ਦਾ ਉਦਘਾਟਨ ਕੀਤਾ ਗਿਆ। ਇਸ `ਤੇ 9000 ਕਰੋੜ ਰੁਪਏ ਖਰਚ ਹੋਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਮਹਿਮਾਨਾਂ ਦਾ ਭਾਰਤ ਆਉਣ `ਤੇ ਪਹਿਲਾ ਸੁਆਗਤ ਏਅਰਪੋਰਟ `ਤੇ ਹੁੰਦਾ ਹੈ। ਇਸ ਤਰ੍ਹਾਂ ਇਕ ਵਧੀਆ ਏਅਰਪੋਰਟ ਨਾਲ ਇਕ ਚੰਗੇ ਭਾਰਤ ਦੀ ਤਸਵੀਰ ਉਭਰਦੀ ਹੈ।
ਇਹ ਨਵਾਂ ਟਰਮੀਨਲ (ਟੀ-3) ਚਾਰ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ। ਇਸ ਵਿਚ 168 ਚੈਕ ਇਨ ਕਾਊਂਟਰ, 78 ਇਰੋਬ੍ਰਿਜ ਅਤੇ 97 ਟਰੈਵਲੇਟਰ ਬਣੇ ਹੋਏ ਹਨ। ਇਸ ਦਾ 80 ਫੀਸਦੀ ਹਿੱਸਾ ਸੀਸ਼ੇ ਦਾ ਬਣਿਆ ਹੋਇਆ ਹੈ। ਲਗਭਗ 20 ਹਜ਼ਾਰ ਵਰਗ ਕਿਲੋਮੀਟਰ ਦੇ ਇਸ ਕਾਰੋਬਾਰੀ ਖੇਤਰ ਵਿਚ ਕਈ ਤਰ੍ਹਾਂ ਦੇ ਹੋਟਲ, ਬਾਰ, ਕੈਫੇ ਅਤੇ ਫਾਸਟ ਫੂਡ ਜੁਆਇੰਟਸ ਹਨ। ਇਸ ਵਿਚ ਹਰ ਮੌਸਮ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿਚ 4300 ਕਾਰਾਂ ਖੜ੍ਹੀਆਂ ਕੀਤੀਆ ਜਾ ਸਕਦੀਆਂ ਹਨ। ਸਹੂਲਤਾਂ ਦੇ ਹਿਸਾਬ ਨਾਲ ਇਹ ਸਿੰਗਾਪੁਰ ਏਅਰਪੋਰਟ ਤੋਂ ਵੱਡਾ ਅਤੇ ਆਧੁਨਿਕ ਹੈ। ਜੀਐਮਆਰ ਗਰੁੱਪ ਅਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਮਿਲ ਕੇ ਇਸ ਨੂੰ ਬਣਾਇਆ ਹੈ।

ਪਰਵਾਸੀ ਭਾਰਤੀਆਂ ਨੂੰ ਵੋਟ ਦਾ ਹੱਕ ਮਿਲਣ ਦੇ ਆਸਾਰ ਬਣੇ

ਲੱਖਾਂ ਪਰਵਾਸੀ ਭਾਰਤੀਆਂ ਦੀ ਅਪਣੀ ਜਨਮ ਭੂਮੀਂ ਭਾਰਤ ਵਿਚ ਵੋਟ ਪਾਉਣ ਦੇ ਹੱਕ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋਣ ਦੇ ਆਸਾਰ ਬਣਨ ਲੱਗੇ ਹਨ। ਭਾਰਤ ਸਰਕਾਰ ਦੇ ਮੰਤਰੀ ਸਮੂਹ (ਜੀਓਐਮ) ਨੇ ਇਸ ਮੁੱਦੇ `ਤੇ ਬਿੱਲ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹੁਣ ਇਸ ਨੂੰ ਕੇਂਦਰੀ ਕੈਬਨਿਟ ਦੀ ਪ੍ਰਵਾਨਗੀ ਦੀ ਉਡੀਕ ਹੈ। ਓਵਰਸੀਜ਼ ਮਾਮਲਿਆਂ ਦੇ ਮੰਤਰਾਲੇ ਵਲੋਂ ਲਗਭਗ ਚਾਰ ਸਾਲ ਪਹਿਲਾਂ ਤਿਆਰ ਇਸ ਖਰੜੇ ਲੋਕ ਪ੍ਰਤੀਨਿਧਤਾ (ਸੋਧ) ਬਿੱਲ ਨੂੰ ਰੱਖਿਆ ਮੰਤਰੀ ਏਕੇ ਐਂਟੋਨੀ ਦੀ ਅਗਵਾਈ ਹੇਠ ਮੰਤਰੀ ਸਮੂਹ ਦੀ ਬੈਠਕ ਵਿਚ ਪ੍ਰਵਾਨਗੀ ਦਿਤੀ ਗਈ ਸੀ। ਪਰਵਾਸੀ ਭਾਰਤੀਆਂ ਦੇ ਮਮਾਲਿਆਂ ਸਬੰਧੀ ਕੇਂਦਰੀ ਵਿਭਾਗ ਦੇ ਮੰਤਰੀ ਵਾਇਲਾਰ ਰਵੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਇਸ ਖਰੜੇ ਨੂੰ ਕੈਬਨਿਟ ਵਿਚ ਪੇਸ਼ ਕਰਕੇ ਸੰਸਦ ਵਿਚ ਲਿਆਂਦਾ ਜਾਵੇਗਾ।
ਚੇਤੇ ਰਹੇ ਕਿ ਇਸ ਸਾਲ ਦੇ ਸ਼ੁਰੂ ਵਿਚ ਪਰਵਾਸੀ ਭਾਰਤੀ ਦਿਵਸ ਉਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਉਹ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦੀ ਭਾਰਤ ਵਿਚ ਵੋਟ ਪਾਉਣ ਦੇ ਹੱਕ ਸਬੰਧੀ ਮੰਗ ਦੀ ਅਤੇ ਭਾਰਤ ਸਰਕਾਰ ਵਿਚ ਆਪਣੀ ਪੁੱਛ ਦੱਸ ਦੀ ਕਦਰ ਕਰਦੇ ਹਨ। ਸ੍ਰੀ ਰਵੀ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨੂੰ ਵੋਟ ਪਾਉਣ ਦਾ ਹੱਕ ਮਿਲਣ ਲਈ ਉਹ ਭਾਰਤ ਦੇ ਵਿਕਾਸ ਵਿਚ ਹੋਰ ਵੀ ਵਧ ਚੜ੍ਹ ਕੇ ਹਿੱਸਾ ਪਾਉਣਗੇ।