ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, July 22, 2010

ਸਪੇਨ ਫੁਟਬਾਲ ਦਾ ਨਵਾਂ ਬਾਦਸ਼ਾਹ

ਵਾਧੂ ਸਮੇਂ ਵਿਚ ਹਾਲੈਂਡ ਨੂੰ ਹਰਾ ਕੇ ਸਿਰਜਿਆ ਇਤਿਹਾਸ
ਵਿਸ਼ਵ ਕੱਪ ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿਚ ਸਪੇਨ ਨੇ ਹਾਲੈਂਡ ਨੂੰ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ। ਸਪੇਨ ਨੇ ਜਿੱਥੇ ਫੁਟਬਾਲ ਦੇ ਵਿਸ਼ਵ ਕੱਪ ਦੀ ਸਰਦਾਰੀ ਯੂਰਪ ਵਿਚ ਬਰਕਰਾਰ ਰੱਖੀ ਉਥੇ ਉਹ ਇਸ ਮੁਕਾਬਲੇ ਦਾ ਨਵਾਂ ਬਾਦਸ਼ਾਹ ਬਣ ਕੇ ਉਭਰਿਆ। ਹਾਲਾਂਕਿ ਜਰਮਨੀ ਦੇ ਚਿੜੀਆਘਰ ਵਿਚਲੇ ਚਰਚਿਤ ਆਕਟੋਪਸ ‘ਪਾਲ’ ਦੀ ਭਵਿੱਖਬਾਣੀ ਨੇ ਪਹਿਲਾਂ ਨੂੰ ਸਪੇਨ ਨੂੰ ਜਿੱਤ ਦੇ ਕੰਢੇ ਖੜ੍ਹਾ ਕਰ ਦਿੱਤਾ ਸੀ ਪਰ ਆਖਰੀ ਮੁਕਾਬਲੇ ਵਿਚ ਉਸਨੂੰ ਹਾਲੈਂਡ ਨਾਲ ਕਾਂਟੇ ਦੀ ਟੱਕਰ ਲੈਣੀ ਪਈ।
ਦੱਖਣੀ ਅਫ਼ਰੀਕਾ ਦੀ ਸਰਜ਼ਮੀਨ ਉਤੇ ਖੇਡੇ ਗਏ 19ਵੇਂ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੈਚ ਦੀ ਸਮਾਪਤੀ ਤੋਂ ਚਾਰ ਮਿੰਟ ਪਹਿਲਾਂ ਉਦੋਂ ਦੁਨੀਆਂ ਭਰ ਦੇ ਸਪੇਨੀ ਲੋਕ ਜਸ਼ਨਾਂ ਵਿਚ ਡੁੱਬ ਗਏ ਜਦੋਂ ਮੈਚ ਦੇ 116ਵੇਂ (ਵਾਧੂ ਸਮੇਂ ਦੇ 26ਵੇਂ) ਮਿੰਟ ਵਿਚ ਸਪੇਨ ਦੇ 6 ਨੰਬਰ ਖਿਡਾਰੀ ਆਂਦਰੇਸ ਇਨਿਏਸਤਾ ਨੇ ਜਸ਼ਨਾਂ ਦੀ ਬਾਲ ਜਬੂਲਾਨੀ ਨੰੂ ਸ਼ਾਨਦਾਰ ਸ਼ਾਟ ਰਾਹੀਂ ਹਾਲੈਂਡ ਦੀ ਗੋਲ ਲਕੀਰ ਦੇ ਪਾਰ ਕਰ ਦਿੱਤਾ। ਇਸ ਦੇ ਨਾਲ ਹੀ ਸੌਕਰ ਸਿਟੀ ਸਟੇਡੀਅਮ ਵਿਚ ਸਪੇਨ ਦੇ ਲਾਲ ਰੰਗ ਦਾ ਜਲਵਾ ਛਾ ਗਿਆ ਅਤੇ ਹਾਲੈਂਡ ਦਾ ਸੰਗਤਰੀ ਰੰਗ ਫਿੱਕਾ ਪੈ ਗਿਆ। ਇਸ ਗੋਲ ਤੋਂ ਬਾਅਦ ਚਾਰ ਮਿੰਟ ਦਾ ਨਿਰਧਾਰਤ ਅਤੇ ਦੋ ਮਿੰਟ ਦਾ ਇੰਜਰੀ ਸਮਾਂ ਮਹਿਜ਼ ਰਸਮੀ ਹੋ ਕੇ ਰਹਿ ਗਿਆ ਕਿਉਂਕਿ ਇਸ ਅਚਨਚੇਤ ਹੋਏ ਗੋਲ ਨੇ ਹਾਲੈਂਡ ਦੇ ਡੱਚ ਖਿਡਾਰੀਆਂ ਦੇ ਹੌਸਲੇ ਦਾ ਲੱਕ ਤੋੜ ਕੇ ਰੱਖ ਦਿੱਤਾ ਅਤੇ ਸਪੇਨੀਆਂ ਦਾ ਹੌਸਲਾ ਸੱਤਵੇਂ ਅਸਮਾਨ ਉਤੇ ਪੁੱਜ ਗਿਆ।

No comments:

Post a Comment