ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, July 22, 2010

ਪੰਜਾਬ, ਹਰਿਆਣਾ `ਚ ਹੜ੍ਹਾਂ ਦਾ ਕਹਿਰ

ਪੰਜਾਬ ਦੇ 1049 ਪਿੰਡ ਹੜ੍ਹ ਦੀ ਲਪੇਟ `ਚ, 5 ਜ਼ਿਲ੍ਹਿਆਂ `ਚ 400 ਕਰੋੜ ਦਾ ਨੁਕਸਾਨ
ਪੰਜਾਬ ਦੇ ਸੱਤ ਜਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਹਨ, ਜਿਨ੍ਹਾਂ ਵਿਚੋਂ ਪੰਜ ਜਿਲ੍ਹਿਆਂ ਵਿਚ ਭਾਰੀ ਤਬਾਹੀ ਹੋਈ ਹੈ। ਹੜ੍ਹਾਂ ਕਾਰਨ 1049 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਤਕਰੀਬਨ 2 ਲੱਖ 53 ਹਜ਼ਾਰ ਏਕੜ ਫਸਲ ਤਬਾਹ ਹੋ ਚੁੱਕੀ ਹੈ ਅਤੇ ਸੂਬੇ ਦੀਆਂ ਦੀਆਂ 1967 ਕਿਲੋਮੀਟਰ ਸੜਕਾਂ ਹੜ੍ਹਾਂ ਕਾਰਨ ਨੁਕਸਾਨੀਆਂ ਗਈਆਂ ਹਨ। ਪੰਜਾਬ ਵਾਂਗ ਹਰਿਆਣਾ ਦੇ ਹਾਲਾਤ ਵੀ ਬਦਤਰ ਹੋ ਚੁੱਕੇ ਹਨ। ਪੰਜਾਬ ਵਿਚ ਜਿਥੇ ਘੱਗਰ, ਹਾਂਸੀ ਬੁਟਾਨਾ ਨਹਿਰ ਅਤੇ ਸਰਹੰਦ ਨਹਿਰ ਨੇ ਦਹਿਸ਼ਤ ਫੈਲਾਅ ਰੱਖੀ ਹੈ, ਉਥੇ ਹਰਿਆਣਾ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਸਤਲੁਜ ਯਮੁਨਾ ਲਿੰਕ ਨਹਿਰ, ਹਾਂਸੀ ਬੁਟਾਨਾ ਨਹਿਰ ਅਤੇ ਹੋਰ ਛੋਟੀਆਂ ਨਹਿਰਾਂ ਨੇ ਕੀਤਾ ਹੈ। ਪੰਜਾਬ ਅਤੇ ਹਰਿਆਣਾ ਵਿਚ ਹੜ੍ਹਾਂ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 32 ਹੋ ਚੁੱਕੀ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਭੇਜਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਹੈ ਕਿ ਘੱਗਰ ਅਧੀਨ ਆਉਂਦੇ ਖੇਤਰ ਵਿਚ ਭਾਰੀ ਮੀਂਹ ਦੇ ਕਾਰਨ 32 ਥਾਵਾਂ `ਤੇ ਪਾੜ ਪੈ ਜਾਣ ਕਰਕੇ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਉਨਾਂ ਦੱਸਿਆ ਕਿ ਮੁਢਲੇ ਅਨੁਮਾਨਾਂ ਮੁਤਾਬਕ 350 ਕਰੋੜ ਰੁਪਏ ਤੱਕ ਦਾ ਨੁਕਸਾਨ ਹੋ ਚੁਕਿਆ ਹੈ, ਜਿਹੜਾ 400 ਕਰੋੜ ਤੱਕ ਹੋਣ ਦੀ ਸੰਭਾਵਨਾ ਹੈ। ਪਟਿਆਲਾ ਦੇ 283 ਪਿੰਡ, ਲੁਧਿਆਣਾ ਦੇ 200, ਫਤਹਿਗੜ੍ਹ ਸਾਹਿਬ ਦੇ 190, ਰੋਪੜ ਦੇ 58, ਮੋਹਾਲੀ ਦੇ 55, ਸੰਗਰੂਰ ਦੇ 28 ਅਤੇ ਮਾਨਸਾ ਦੇ 22 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਪੰਜਾਬ ਵਿਚ 150 ਕਰੋੜ ਰੁਪਏ ਲਾਗਤ ਦੀਆਂ ਸੜਕਾਂ ਹੜ੍ਹਾਂ ਨੇ ਤਬਾਹ ਕਰ ਦਿੱਤੀਆਂ ਹਨ। ਮੋਟੇ ਅੰਦਾਜ਼ੇ ਮੁਤਾਬਕ 350 ਦੇ ਲਗਭਗ ਮਕਾਨ ਹੜ੍ਹਾਂ ਕਾਰਨ ਢਹਿ ਗਏ ਹਨ।

No comments:

Post a Comment