ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Sunday, October 30, 2011

‘ਪਾਰਟੀ ਚੋਂ ਕੱਢਣ ‘ਚ ਤਾਇਆ ਜੀ ਦੀ ਮੁੱਖ ਭੂਮਿਕਾ’

ਮਨਪ੍ਰੀਤ ਸਿੰਘ ਬਾਦਲ ਨਾਲ ਵਿਸ਼ੇਸ਼ ਗੱਲਬਾਤ

‘ਮੈਨੂੰ ਖਜ਼ਾਨਾ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢਣ ‘ਚ ਮੁੱਖ ਭੂਮਿਕਾ ਮੇਰੇ ਤਾਇਆ ਜੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਇਸ ਵਿਚ ਪੂਰਾ ਹੱਥ ਹੈ। ਸੁਖਬੀਰ ਸੱਤਾ ਦੇ ਨਸ਼ੇ ਵਿਚ ਐਨਾ ਮਦਹੋਸ਼ ਹੋ ਗਿਆ ਹੈ ਕਿ ਉਸ ਨੂੰ ਸਿਆਸਤ ਤੋਂ ਅੱਗੇ ਅਪਣਾ ਪਰਾਇਆ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕੋਲ ਪੰਜਾਬ ਸਬੰਧੀ ਕੋਈ ਮੁੱਦਾ ਤੱਕ ਨਹੀਂ ਹੈ। ਉਹ ਸਿਰਫ਼ ਇਹ ਦੇਖ ਰਹੇ ਹਨ ਕਿ ਅਪਣੇ ਕਿਸ ਚਹੇਤੇ ਨੂੰ ਫਿੱਟ ਕਰਨਾ ਹੈ।’ ਮਨਪ੍ਰੀਤ ਸਿੰਘ ਬਾਦਲ ਨੇ ਇਹ ਗੱਲ ਉਸ ਸਮੇਂ ਕੀਤੀ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਅਪਣੇ ਭਤੀਜੇ ਦੇ ਭਵਿੱਖ ਦੀ ਚਿੰਤਾ ਹੋਣ ਦੇ ਮੀਡੀਆ ਵਿਚ ਦਾਅਵੇ ਕਰ ਰਹੇ ਹਨ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਪੱਤਰਕਾਰ ਸੁਖਬੀਰ ਸਿੰਘ ਬਾਜਵਾ ਨਾਲ ਹੋਈ ਦਿਲਚਸਪ ਗੱਲਬਾਤ ਦੇ ਪੇਸ਼ ਹਨ ਕੁਝ ਅੰਸ਼ :

* ਕੀ ਸ਼੍ਰੋਮਣੀ ਅਕਾਲੀ ਦਲ ਵਿਚ ਤੁਹਾਡੀ ਵਾਪਸੀ ਸੰਭਵ ਹੈ?
- ‘ਮੈਂ ਹਦੇ ਯਕੀਨ ਸੇ ਗੁਜ਼ਰ ਗਿਆ, ਮੈਂ ਹਦੇ ਗੁਮਾਨ ਸੇ ਗੁਜ਼ਰ ਗਿਆ, ਤੁਝੇ ਕਯਾ ਖ਼ਬਰ, ਮੈਂ ਤੇਰੇ ਸ਼ੌਕ ਮੇਂ ਕਹਾਂ ਕਹਾਂ ਸੇ ਗੁਜ਼ਰ ਗਿਆ’। ਹੁਣ ਤਾਂ ਮੈਂ ਬਹੁਤ ਦੂਰ ਜਾ ਚੁੱਕਾ ਹਾਂ। ਹੁਣ ਕਿਸੇ ਵੀ ਹਾਲਤ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਦੀ ਕੋਈ ਉਮੀਦ ਨਹੀਂ।

* ਖੁਦ ਨੂੰ ਪਾਰਟੀ ਵਿਚੋਂ ਕੱਢੇ ਜਾਣ ਦਾ ਅਸਲ ਕਾਰਨ ਕੀ ਮੰਨਦੇ ਹੋ?
- ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਮੈਨੂੰ ਪਾਰਟੀ ਵਿਚੋਂ ਕਿਉਂ ਕੱਢਿਆ ਗਿਆ। ਨਾ ਤਾਂ ਮੇਰੇ ‘ਤੇ ਕੋਈ ਦੋਸ਼ ਲੱਗਿਆ ਸੀ ਅਤੇ ਨਾ ਹੀ ਮੈਂ ਪਾਰਟੀ ਦੀ ਸਾਖ ਵਿਗਾੜਨ ਵਾਲਾ ਕੋਈ ਅਜਿਹਾ ਕੰਮ ਕੀਤਾ। ਮੈਨੂੰ ਇਹ ਜਵਾਬ ਕੋਈ ਨਹੀਂ ਦੇ ਰਿਹਾ। ਮੈਂ ਤਾਂ ਸਿਰਫ਼ ਪੰਜਾਬ ਦੇ ਲੋਕਾਂ ਦੇ ਪੱਖ ਦੀ ਆਵਾਜ਼ ਉਠਾਈ ਸੀ।

* ਤੁਹਾਡੇ ਵਿਚਾਰਾਂ ਵਿਚ ਪੰਜਾਬ ਦੀਆਂ ਸਮੱਸਿਆਵਾਂ ਕਿਉਂ ਨਹੀਂ ਸੁਲਝ ਰਹੀਆਂ?
- ਦੁਨੀਆ ਦਾ ਕੋਈ ਵੀ ਅਜਿਹਾ ਦੇਸ਼ ਦੇਖ ਲਵੋ, ਜੋ ਪਹਿਲਾਂ ਗੁਲਾਮ ਹੋਵੇ ਅਤੇ ਬਾਅਦ ਵਿਚ ਆਜ਼ਾਦ ਹੋਇਆ ਹੋਵੇ। ਸਾਰੇ ਆਪਣੀਆਂ ਸਮੱਸਿਆਵਾਂ 15-20 ਸਾਲਾਂ ਵਿਚ ਸੁਲਝਾਉਂਦੇ ਚਲੇ ਗਏ। ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ 65 ਸਾਲ ਹੋ ਗਏ ਹਨ, ਪ੍ਰੰਤੂ ਇਥੇ ਅਨਪੜ੍ਹਤਾ, ਗਰੀਬੀ, ਭ੍ਰਿਸ਼ਟਾਚਾਰ ਅਤੇ ਹੋਰ ਸਮੱਸਿਆਵਾਂ ਅੱਜ ਵੀ ਕਾਇਮ ਹਨ। ਪੰਜਾਬ ਜੋ ਪਹਿਲਾਂ ਕਾਫ਼ੀ ਖੁਸ਼ਹਾਲ ਸੂਬਾ ਸੀ, ਜਿਸ ਦਾ ਨਾਂ ਹੁਣ ਪਛੜੇ ਸੂਬਿਆਂ ਵਿਚ ਲਿਆ ਜਾਣ ਲੱਗਿਆ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ, ਕੋਈ ਵੀ ਪਾਰਟੀ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਕੁਝ ਨਹੀਂ ਕਰ ਰਹੀਆਂ। ਸਾਰੇ ਦਾਅਵੇ ਬਹੁਤ ਕਰਦੇ ਹਨ, ਪ੍ਰੰਤੂ ਉਨ੍ਹਾਂ ਕੋਲ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਰਣਨੀਤੀ ਨਹੀਂ ਹੈ।

* ਤੁਹਾਡੇ ਨਾਲ ਕਿੰਨੇ ਲੋਕ ਜੁੜੇ ਹੋਏ ਹਨ?
- ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਕਾਡਰ ਵੋਟਰ ਤਾਂ ਮੇਰੇ ਨਾਲ ਨਹੀਂ , ਪ੍ਰੰਤੂ ਪੰਜਾਬ ਦੇ ਆਮ ਲੋਕ ਮੇਰੇ ਨਾਲ ਜ਼ਰੂਰ ਹਨ ਅਤੇ ਮੈਂ ਮੰਨਦਾ ਹਾਂ ਕਿ ਪੰਜਾਬ ਦੇ ਆਮ ਲੋਕਾਂ ਦੀ ਗਿਣਤੀ ਕਾਡਰ ਵੋਟਰਾਂ ਤੋਂ ਕਿਤੇ ਜ਼ਿਆਦਾ ਹੈ। ਖਟਕੜ ਕਲਾਂ ਵਿਚ ਰੈਲੀ ਦੌਰਾਨ ਜੁਟੀ ਭੀੜ ਦੇਖਣ ਤੋਂ ਬਾਅਦ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸੂਬੇ ਦੇ ਲੋਕ ਮੇਰੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ।

* ਕਈ ਸਿਆਸੀ ਆਗੂ ਪਹਿਲਾਂ ਵੀ ਅਕਾਲੀ ਦਲ ਛੱਡ ਕੇ ਨਵੀਂ ਪਾਰਟੀ ਬਣਾ ਚੁੱਕੇ ਹਨ, ਪਰ ਉਹ ਜ਼ਿਆਦਾ ਸਫ਼ਲ ਨਹੀਂ ਹੋਏ?
- ਗੁਰਚਰਨ ਸਿੰਘ ਟੌਹੜਾ, ਸਿਮਰਨਜੀਤ ਸਿੰਘ ਮਾਨ ਅਤੇ ਸੁਖਜਿੰਦਰ ਸਿੰਘ ਨੇ ਜਦੋਂ ਪਾਰਟੀ ਛੱਡੀ ਸੀ, ਉਦੋਂ ਸਮਾਂ ਠੀਕ ਨਹੀਂ ਸੀ। ਹੁਣ ਸਮਾਂ ਠੀਕ ਹੈ ਅਤੇ ਮੇਰੇ ਪੱਖ ਵਿਚ ਹੈ। ਪੰਜਾਬ ਦੇ ਲੋਕ ਹੁਣ ਨਿਰਾਸ਼ ਹੋ ਚੁੱਕੇ ਹਨ। ਉਹ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਾਹਰ ਕੱਢੇ। ਮੈਂ ਹਵਾ ਵਿਚ ਗੱਲਾਂ ਨਹੀਂ ਕਰਦਾ। ਮੇਰੇ ਕੋਲ ਰਣਨੀਤੀ ਹੈ, ਪ੍ਰੰਤੂ ਮੈਂ ਉਸ ਨੂੰ ਹਾਲੇ ਸਾਹਮਣੇ ਇਸ ਲਈ ਨਹੀਂ ਲਿਆ ਰਿਹਾ, ਕਿਉਂਕਿ ਜੇਕਰ ਮੈਂ ਆਪਣੀ ਰਣਨੀਤੀ ਦੱਸ ਦਿੱਤੀ ਤਾਂ ਹੋਰ ਸਿਆਸੀ ਪਾਰਟੀਆਂ ਉਸ ਨੂੰ ਅਪਣਾ ਲੈਣਗੀਆਂ।

* ਹੋਰ ਕਿਹੜੀ ਸਿਆਸੀ ਪਾਰਟੀ ਨਾਲ ਗਠਜੋੜ ਕਰੋਗੇ?
- ਜੋ ਸਿਆਸੀ ਪਾਰਟੀ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੇਗੀ, ਉਸ ਨਾਲ ਗਠਜੋੜ ਕਰਨ ਲਈ ਤਿਆਰ ਹਾਂ। ਸੀਪੀਐਮ ਅਤੇ ਸੀਪੀਆਈ ਵੱਲੋਂ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ। ਜੇਕਰ ਅਜਿਹੀ ਕੋਈ ਗੱਲਬਾਤ ਹੁੰਦੀ ਹੈ ਤਾਂ ਮੈਂ ਜ਼ਰੂਰ ਵਿਚਾਰ ਕਰਾਂਗਾ।
———————————————

ਆਖ਼ਰੀ ਮੌਕਾ ਗੁਆ ਦਿੱਤਾ ਹੈ ਅਕਾਲੀ-ਭਾਜਪਾ ਸਰਕਾਰ ਨੇ
ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਆਮ ਜਨਤਾ ਦਾ ਦਰਦ ਦੂਰ ਕਰਨ ਦਾ ਮੌਕਾ ਮਿਲਿਆ ਸੀ। ਇਸ ਵਿਚ ਹਰ ਵਰਗ ਸ਼ਾਮਲ ਸੀ, ਜਿਸ ਵਿਚ ਆਰਥਿਕ ਸਥਿਤੀ ਨੂੰ ਬਿਹਤਰ ਕੀਤਾ ਜਾ ਸਕਦਾ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਹੁਣ ਅਕਾਲੀ-ਭਾਜਪਾ ਸਰਕਾਰ ਇਹ ਮੌਕਾ ਗੁਆ ਚੁੱਕੀ ਹੈ, ਜੋ ਹੁਣ ਕਦੇ ਦੁਬਾਰਾ ਨਹੀਂ ਆਵੇਗਾ। ਗਠਜੋੜ ਸਰਕਾਰ ਹੁਣ ਮੁੱਦਿਆਂ ਦੀ ਬਜਾਏ ਜੋੜ ਤੋੜ ਵਿਚ ਲੱਗੀ ਹੋਈ ਹੈ।

No comments:

Post a Comment