ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Sunday, October 30, 2011

ਅਲਵਿਦਾ ! .. ਜਗਜੀਤ ਸਿੰਘ

ਜਗਜੀਤ ਸਿੰਘ ਅਤੇ ਪੱਤਰਕਾਰ ਐਸ. ਡੀ. ਸ਼ਰਮਾ ਦੀ ਮਿੱਤਰਤਾ 1962 ਵਿਚ ਹੋਈ ਸੀ ਜਗਜੀਤ ਸਿੰਘ ਨੂੰ ਉਹ ਅਪਣਾ ਗੁਰੂ ਮੰਨਦੇ ਹਨ ਜਗਜੀਤ ਸਿੰਘ ਨੇ ਅਪਣੇ ਇਸ ਸ਼ਾਗਿਰਦ ਨੂੰ ਇਕ ਹਾਰਮੋਨੀਅਮ ਵੀ ਭੇਂਟ ਕੀਤਾ ਸੀ, ਜਿਸ ‘ਤੇ ਉਹ ਅੱਜ ਵੀ ਰਿਆਜ਼ ਕਰਦੇ ਹਨ ਐਸ. ਡੀ. ਸ਼ਰਮਾ ਨੇ ਜਗਜੀਤ ਸਿੰਘ ਨਾਲ ਬਿਤਾਏ ਪਲਾਂ ਅਤੇ ਉਨ ਦੀ ਨਿੱਜੀ ਜਿੰਦਗੀ ਬਾਰੇ ਇਕ ਵਿਸ਼ੇਸ਼ ਲੇਖ ਲਿਖਿਆ ਹੈ.


ਐਸ. ਡੀ. ਸ਼ਰਮਾ
ਹਰ ਇਕ ਸਦੀ ਜਾਂ ਯੁੱਗ ਵਿਚ ਕੁਝ ਰੱਬੀ ਸ਼ਖਸੀਅਤਾਂ ਆਪਣੇ ਹੁਨਰ, ਇਬਾਦਤ ਜਾਂ ਅਜੋਕੇ ਯੋਗਦਾਨ ਕਰਕੇ ਉਸ ਸਦੀ ਜਾਂ ਯੁੱਗ ਦੀ ਪਛਾਣ ਬਣਾ ਕੇ ਅਮਰ ਹੋ ਜਾਂਦੇ ਹਨ। ਭਾਰਤੀ ਸੰਗੀਤ ਤੇ ਖਾਸ ਤੌਰ ‘ਤੇ ਗ਼ਜ਼ਲ ਗਾਇਕੀ ਦੇ ਪਿੜ ਵਿਚ ਆਪਣੀ ਯਾਦਗਾਰੀ ਪਛਾਣ ਬਣਾਉਣ ਵਾਲੇ ਪੰਜਾਬੀ ਸੰਗੀਤਕਾਰ ਜਗਜੀਤ ਸਿੰਘ ਨੂੰ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਸਦੀਆਂ ਤਕ ਇਕ ਯੁੱਗ ਪੁਰਸ਼ ਦੇ ਨਾਮ ਨਾਲ ਜਾਣਿਆ ਜਾਵੇਗਾ।
ਪਿਛਲੇ ਪੰਜਾਹ ਵਰਿ•ਆਂ ਤੋਂ ਸੰਗੀਤ ਜਗਤ ਨੂੰ ਰੋਸ਼ਨ ਰੱਖਣ ਵਾਲਾ ਚਿਰਾਗ ਅੱਜ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਬੁਝ ਗਿਆ ਅਤੇ ਦੁਨੀਆਂ ਭਰ ਵਿਚ ਕਰੋੜਾਂ ਚਾਹੁਣ ਵਾਲੇ ਸਰੋਤਿਆਂ ਨੂੰ ਨਿਰਾਸ਼ ਕਰ ਗਿਆ। ਸਮੁੱਚਾ ਸੰਗੀਤ ਜਗਤ ਤੇ ਕਲਾ ਪ੍ਰੇਮੀ ਅੱਜ ਸਵੇਰੇ 8.05 ਮਿੰਟਾਂ ‘ਤੇ ਜਗਜੀਤ ਸਿੰਘ ਦੀ ਸੁਰੀਲੀ ਆਵਾਜ਼ ਦੀ ਖਾਮੋਸ਼ੀ ਤੇ ਮਾਤਮੀ ਮਾਹੌਲ ਵਿਚ ਗ਼ਮਗੀਨ ਹੋ ਗਏ। 28 ਸਤੰਬਰ ਤੋਂ ਮੌਤ ਨਾਲ ਜੂਝ ਰਹੇ ਗ਼ਜ਼ਲ ਗੁਰੂ ਜਗਜੀਤ ਸਿੰਘ ਦੀ ਹਾਲਤ ਵਿਚ ਕੁਝ ਸੁਧਾਰ ਹੋ ਰਿਹਾ ਸੀ, ਕੱਲ ਸ਼ਾਮ ਦੀ ਹੋਈ ਗੱਲਬਾਤ ਦੇ ਆਧਾਰ ‘ਤੇ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜ਼ਿਲਾ ਰੋਪੜ ਦੇ ਪਿੰਡ ਡੱਲਾ ਬਹਿਰਾਮਪੁਰ ਦੇ ਬਾਸ਼ਿੰਦੇ ਰਾਮਗੜੀਆ ਪਰਿਵਾਰ ਦੇ ਸਰਦਾਰ ਅਮਰ ਸਿੰਘ ਦੇ ਘਰ 8 ਫਰਵਰੀ 1941 ਨੂੰ ਗੰਗਾਨਗਰ ਰਾਜਸਥਾਨ ਵਿਚ ਬਾਲਕ ਜਗਮੋਹਨ ਦਾ ਜਨਮ ਹੋਇਆ ਪ੍ਰੰਤੂ ਇਕ ਧਾਰਮਿਕ ਸੰਤ ਦੇ ਕਹਿਣ ‘ਤੇ ਉਨ•ਾਂ ਦਾ ਨਾਮ ਬਦਲ ਕੇ ਜਗਜੀਤ ਸਿੰਘ ਰੱਖ ਦਿੱਤਾ ਕਿਉਂਕਿ ਸੰਤ ਜੀ ਦਾ ਕਹਿਣਾ ਸੀ ਕਿ ਇਹ ਲੜਕਾ ਦੁਨੀਆਂ ਭਰ ਵਿਚ ਨਾਮ ਕਮਾਵੇਗਾ ਅਤੇ ਪਰਿਵਾਰ ਤੇ ਪੰਜਾਬੀਆਂ ਦਾ ਸਿਰ ਉੱਚਾ ਕਰੇਗਾ। ਕੁਝ ਹੀ ਸਮੇਂ ਪਿੱਛੋਂ ਲੋਕਾਂ ਨੂੰ ਇਸ ਤੱਥ ‘ਤੇ ਯਕੀਨ ਵੀ ਆਉਣ ਲੱਗਿਆ, ਜਦੋਂ ਸਕੂਲੀ ਵਿਦਿਆਰਥੀ ਗਾਇਕ ਜਗਜੀਤ ਨੂੰ ਰਾਜਸਥਾਨ ਸਰਕਾਰ ਵੱਲੋਂ ‘ਬੁਲਬੁਲੇ’ ਰਾਜਸਥਾਨ ਦੇ ਖਿਤਾਬ ਨਾਲ ਨਿਵਾਜਿਆ ਗਿਆ।
ਮਾਤਾ ਬਚਨ ਕੌਰ ਦੀਆਂ ਅੱਖਾਂ ਦਾ ਤਾਰਾ ਇਕ ਸੰਗੀਤ ਸਿਤਾਰਾ ਬਣ ਕੇ ਚਮਕਣ ਲੱਗ ਪਿਆ ਪਿਤਾ ਅਮਰ ਸਿੰਘ ਨੇ ਸੰਗੀਤ ਭਰਪੂਰ ਤਾਲੀਮ ਦੇਣ ਲਈ ਮਾਸਟਰ ਛਗਨ ਚੰਦ ਤੇ ਫਿਰ ਬੜੌਦਾ ਦੇ ਉਸਤਾਦ ਜਮਾਲ ਖਾਨ ਨੂੰ ਤਾਲੀਮ ਦੇਣ ਲਈ ਆਪਣੇ ਘਰ ਹੀ ਰੱਖ ਲਿਆ ਤੇ 1947 ਨੂੰ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਨਾ ਜਾਣ ਦਿੱਤਾ। ਭਾਵੇਂ ਪਰਿਵਾਰ ਵਿਚ ਸਾਰੇ ਮੈਂਬਰ, ਵੱਡੇ ਭਰਾ ਜਸਵੰਤ ਸਿੰਘ ਤੇ ਛੋਟੇ ਕਰਤਾਰ ਸਿੰਘ ਅਤੇ ਚਾਰ ਭੈਣਾਂ ਵੀ ਸੰਗੀਤ ਸਿੱਖਦੀਆਂ ਸਨ ਪਰ ਸਰਸਵਤੀ ਦੀ ਮਿਹਰ ਕੇਵਲ ਜਗਜੀਤ ਸਿੰਘ ‘ਤੇ ਹੀ ਰਹੀ। ਉਨਾਂ ਦੇ ਵੱਡੇ ਭਰਾ ਜਸਵੰਤ ਸਿੰਘ ਰਾਜਸਥਾਨ ਸਰਕਾਰ ਤੋਂ ਉੱਚ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਹਨ ਤੇ ਅੱਜ ਕੱਲ• ਜੈਪੁਰ ਵਿਚ ਹੀ ਰਹਿੰਦੇ ਹਨ, ਨੇ ਦੱਸਿਆ ਕਿ ਪੜਾਈ ਵਿਚ ਤੇ ਸ਼ਰਾਰਤਾਂ ਕਰਨ ਵਿਚ ਵੀ ਜੀਤੀ ਅੱਗੇ ਹੀ ਰਹਿੰਦਾ ਸੀ। ਇੰਟਰ ਸਾਇੰਸ ਵਿਚ ਆਪਣੇ ਖਾਲਸਾ ਕਾਲਜ ਵਿਚ ਅੱਵਲ ਤੇ ਗਾਇਕੀ ਵਿਚ ਸਾਰੇ ਰਾਜਸਥਾਨ ਵਿਚ ਛਾਇਆ ਰਿਹਾ। ਪਿਤਾ ਜੀ ਦੇ ਰਿਟਾਇਰ ਹੋਣ ਮਗਰੋਂ ਪਰਿਵਾਰ ਲੁਧਿਆਣੇ ਆ ਗਿਆ ਤੇ ਜਗਜੀਤ ਨੇ ਡੀ.ਏ.ਵੀ. ਕਾਲਜ ਵਿਚ ਦਾਖਲਾ ਲੈ ਲਿਆ। ਉਸਤਾਦ ਸੋਹਣ ਸਿੰਘ ਪਾਸੋਂ ਸ਼ਾਸਤਰੀ ਸੰਗੀਤ ਦੀ ਉਚੇਰੀ ਵਿਦਿਆ ਹਾਸਲ ਕੀਤੀ ਜਦੋਂਕਿ ਡੀ.ਏ.ਵੀ. ਕਾਲਜ ਲਈ ਹਰ ਇਕ ਯੂਥ ਫੈਸਟੀਵਲਾਂ ਵਿਚ ਰਾਸ਼ਟਰੀ ਪੱਧਰ ਦੇ ਇਨਾਮ ਜਿੱਤੇ। ਇਹ ਸਿਲਸਿਲਾ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਐਮ.ਏ. (ਹਿਸਟਰੀ) ਕਰਦਿਆਂ ਵੀ ਜਾਰੀ ਰਿਹਾ। ਪਰਿਵਾਰ ਦੀ ਇੱਛਾ ਸੀ ਕਿ ਉਹ ਆਈਏਐਸ ਵਿਚ ਆਉਣ ਤੇ ਜਗਜੀਤ ਸਿੰਘ ਨੇ ਖੂਬ ਤਿਆਰੀ ਕੀਤੀ। ਪਰ ਮਨ ਵਿਚ ਸਥਾਪਤ ਕਲਾਕਾਰ ਨੇ ਵਿਦਰੋਹ ਕੀਤਾ ਤੇ 1965 ਵਿਰ ਜਗਜੀਤ ਸਿੰਘ ਫਿਲਮ ਨਗਰੀ ਬੰਬਈ ਪਹੁੰਚ ਗਏ। ਕਾਫੀ ਜੱਦੋ-ਜਹਿਦ ਤੋਂ ਬਾਅਦ ਉਨਾਂ ਨੇ ਸਥਾਨਕ ਪ੍ਰਾਈਵੇਟ ਮਹਿਫਲਾਂ ‘ਚ ਗਾ ਕੇ ਅਤੇ ਜਿੰਗਲ ਰਿਕਾਰਡ ਕਰਕੇ ਆਪਣੀ ਵਿਸ਼ੇਸ਼ ਥਾਂ ਬਣਾਈ।
1967 ਵਿਚ ਉੱਭਰਦੀ ਗਾਇਕਾ ਤੇ ਖੂਬਸੂਰਤ ਮਾਡਲ ਚਿਤਰਾ ਨਾਲ ਮੁਲਾਕਾਤ ਤੇ 1969 ਵਿਚ ਸ਼ਾਦੀ ਹੋਈ। ਉਨਾਂ ਦੀ ਪਹਿਲੀ ਸਾਂਝੀ ਐਲਬਮ “ਅਨਫੌਰਗੈਟੇਬਲ“ ਅਤੇ ਫਿਰ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਦੀ ਡਬਲ ਐਲਬਮ “ਬਿਰਹਾ ਦਾ ਸੁਲਤਾਨ’ ਬਹੁਤ ਮਕਬੂਲ ਹੋਈਆਂ। ਸੰਗੀਤ ਸਿੱਖਿਆ ਦੀ ਨਿਪੁੰਨਤਾ, ਮਿਹਨਤ ਤੇ ਮਿਲਾਪੜੇ ਸੁਭਾਅ ਕਾਰਨ ਕੰਮ ਮਿਲਣਾ ਆਰੰਭ ਹੋ ਗਿਆ ਤਾਂ ਜਗਜੀਤ-ਚਿਤਰਾ ਦੇਸ਼ ਦੀ ਪਹਿਲੀ ਗ਼ਜ਼ਲ-ਗਾਇਕ ਜੋੜੀ ਬਣ ਗਈ। ਦੇਸ਼-ਵਿਦੇਸ਼ਾਂ ਵਿਚ ਅਨੇਕਾਂ ਮਹਿਫਲਾਂ ਸਜਾਉਣ ਸਦਕਾ ਫਿਲਮੀ ਦੁਨੀਆਂ ਦੇ ਦਰਵਾਜ਼ੇ ਆਪਣੇ ਆਪ ਹੀ ਖੁੱਲ ਗਏ। 20 ਤੋਂ ਵੱਧ ਫਿਲਮਾਂ ਵਿਚ ਸੰਗੀਤ ਨਿਰਦੇਸ਼ਨ ਤੇ ਪਿੱਠਵਰਤੀ ਗਾਇਕੀ ਵਿਚ ਕਮਾਲ ਹੋ ਗਈ। ਫਿਲਮੀ ਦੁਨੀਆਂ ਦੇ ਨਾਮਵਰ ਸ਼ਾਇਰ ਨਿਦਾ ਫਾਜ਼ਲੀ ਨੇ ਖੁਲਾਸਾ ਕੀਤਾ ਕਿ ਜਗਜੀਤ ਸਿੰਘ ਕਾਵਿ ਰਸ ਦੀ ਮਹੱਤਤਾ ਨੂੰ ਸਮਝਦੇ ਸਨ ਅਤੇ ਗੀਤ ਗ਼ਜ਼ਲ ਵਿਚ ਅੰਕਿਤ ਭਾਵ ਨੂੰ ਸਹੀ ਰਾਗ ਵਿਚ ਬੰਦਿਸ਼ ਕਰਕੇ ਗ਼ਜ਼ਲ ਦੀ ਆਤਮਾ ਅਤੇ ਸਿਰਜਨਾ ਨੂੰ ਅਮਰ ਕਰ ਦਿੰਦੇ। ਉਨਾਂ ਕਦੇ ਵੀ ਘਟੀਆ ਮਿਆਰ ਦੀ ਸ਼ਾਇਰੀ ਨੂੰ ਸੰਗੀਤਬੱਧ ਨਹੀਂ ਕੀਤਾ। ਇਹੋ ਜਿਹੇ ਮੁਕੰਮਲ ਕਲਾਕਾਰ ਸਦੀਆਂ ਬਾਅਦ ਹੀ ਜਨਮ ਲੈਂਦੇ ਹਨ।
ਕਈ ਵਰੇ ਬੰਬਈ ਵਿਚ ਇਕੱਠੇ ਕੰਮ ਕਰਦਿਆਂ ਅਤੇ ਪੁਰਾਣੇ ਮਿੱਤਰ ਪਦਮਭੂਸ਼ਨ ਡਾਕਟਰ ਸਰਦਾਰ ਅੰਜੁਮ ਆਪਣੇ ਹੰਝੂ ਨਹੀਂ ਰੋਕ ਸਕੇ ਅਤੇ ਦੁੱਖ ਨਾਲ ਕਿਹਾ ਕਿ ਪੰਜਾਬ ਦਾ ਅਨਮੋਲ ਹੀਰਾ ਚਲਾ ਗਿਆ। ਇਕ ਨਫੀਸ ਇਨਸਾਨ ਤੇ ਓਨਾ ਹੀ ਵਧੀਆ ਗਾਇਕ, ਕੰਪੋਜ਼ਰ ਭਾਵੇਂ ਸਾਡੇ ਵਿਚ ਨਹੀਂ ਪਰ ਉਹਦੇ ਗੀਤ ਤੇ ਸੰਗੀਤ ਹਮੇਸ਼ਾ ਅਮਰ ਰਹਿਣਗੇ।
ਜਗਜੀਤ ਸਿੰਘ ਨੇ ਕਾਫੀ ਸ਼ਾਗਿਰਦਾਂ ਨੂੰ ਪ੍ਰੇਰਿਤ ਕੀਤਾ ਤੇ ਸਿਖਾਇਆ ਵੀ ਪਰ ਅੰਬਾਲਾ ਦੇ ਵਿਨੋਦ ਸਹਿਗਲ ਉਨਾਂ ਦੇ ਚਹੇਤੇ ਸ਼ਾਗਿਰਦ ਹਨ। ਪੂਰੇ 24 ਵਰੇ ਜਗਜੀਤ ਨਾਲ ਮੁੰਬਈ ‘ਚ ਰਹੇ ਸਹਿਗਲ ਨੂੰ ਉਸਤਾਦ ਜੀ ਦੀ ਕਿਰਪਾ ਸਦਕਾ 58 ਫਿਲਮਾਂ, ਸੀਰੀਅਲ ਤੇ ਗ਼ਜ਼ਲ ਐਲਬਮਾਂ ਵਿਚ ਗਾਉਣ ਦਾ ਮੌਕਾ ਮਿਲਿਆ। ਉਸ ਦਾ ਕਹਿਣਾ ਹੈ ਕਿ, “ਮੈਂ ਉਮਰ ਭਰ ਉਸਤਾਦ ਜੀ ਦਾ ਰਿਣੀ ਰਹਾਂਗਾ।“ ਬਚਪਨ ਦੇ ਦੋਸਤ ਅਸ਼ੋਕ ਭੱਲਾ ਨੇ ਜਗਜੀਤ ਸਿੰਘ ਦੀ ਮੱਧਵਰਗੀ ਜ਼ਿੰਦਗੀ ਤੋਂ ਇਕ ਇੰਟਰਨੈਸ਼ਨਲ ਹਸਤੀ ਤੱਕ ਦਾ ਸਫ਼ਰ ਬਹੁਤ ਕਰੀਬ ਤੋਂ ਦੇਖਿਆ ਹੈ। ਡੀਏਵੀ ਕਾਲਜ ਵਿਖੇ ਸੀਨੀਅਰ ਵਿਦਿਆਰਥੀ ਪੰਡਿਤ ਯਸ਼ਪਾਲ, ਆਗਰਾ ਘਰਾਣੇ ਦੇ ਪ੍ਰਮੁੱਖ ਗੁਰੂ ਅਤੇ ਆਕਾਸ਼ਬਾਣੀ ਦੇ ਵਿਜੈ ਵਸ਼ਿਸ਼ਟ ਦੱਸਦੇ ਹਨ ਕਿ ਜਗਜੀਤ ਸਿੰਘ ਕਾਲਜ ਤੇ ਯੂਨੀਵਰਸਿਟੀ ਦੇ ਸਭ ਤੋਂ ਵੱਧ ਹਰਮਨ ਪਿਆਰੇ ਵਿਦਿਆਰਥੀ ਰਹੇ ਹਨ। ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਕਮਲ ਤਿਵਾੜੀ ਤੇ ਬੰਸਰੀ ਵਾਦਕ ਰਵਿੰਦਰ ਸਿੰਘ ਅਤੇ ਗਾਇਕ ਬਿਸ਼ੰਬਰ ਸ਼ੰਭੀ ਜਿਨਾਂ ਨੇ ਕਈ ਮੌਕਿਆਂ ‘ਤੇ ਜਗਜੀਤ ਸਿੰਘ ਨਾਲ ਗਾਇਆ, ਦੁਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ। ਇਸੇ ਤਰਾਂ ਲੁਧਿਆਣਾ ਦੇ ਪ੍ਰਦੁਮਣ ਸਿੰਘ ਭੋਗਲ, ਹਰਭਜਨ ਬਾਵਾ ਜਗਜੀਤ ਨਾਲ ਬਿਤਾਏ ਪਲਾਂ ਨੂੰ ਚੇਤੇ ਕਰਕੇ ਸ਼ਰਧਾਂਜਲੀ ਦੇਣ ਲਈ ਮੁੰਬਈ ਪੁੱਜ ਗਏ ਹਨ। ਸਮੁੱਚਾ ਸੰਗੀਤ ਪਰਿਵਾਰ ਅਤੇ ਗ਼ਜ਼ਲ ਪ੍ਰੇਮੀ ਗ਼ਮ ਵਿਚ ਡੁੱਬੇ ਹੋਏ ਇਕੋ ਹੀ ਗੱਲ ਕਹਿ ਰਹੇ ਹਨ:
‘ਬਿਛੜਾ ਕੁਛ ਇਸ ਤਰਾਂ ਕੇ ਰੁੱਤ ਹੀ ਬਦਲ ਗਈ, ਇਕ ਸ਼ਖ਼ਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਯਾ।“’

ਮੋਬਾਈਲ 98141-13709

—————————-

ਸਦੀਆਂ ਤੱਕ ਯਾਦ ਰਹਿਣਗੇ ਜਗਜੀਤ ਸਿੰਘ
ਉਘੀਆਂ ਸ਼ਖਸੀਅਤਾਂ ਵਲੋਂ ਗ਼ਜ਼ਲ ਕਿੰਗ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਅੰਮ੍ਰਿਤਸਰ ਟਾਈਮਜ਼ ਬਿਊਰੋ
ਉੱਘੇ ਗ਼ਜ਼ਲ ਗਾਇਕ ਜਗਜੀਤ ਸਿੰਘ ਦੇ ਅਕਾਲ ਚਲਾਣੇ ‘ਤੇ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਈ ਹੋਰ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ ਦੀ ਪਤਨੀ ਚਿੱਤਰਾ ਨੂੰ ਭੇਜੇ ਸ਼ੋਕ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ, ‘ਗ਼ਜ਼ਲ ਕਿੰਗ ਵਜੋਂ ਮਸ਼ਹੂਰ ਜਗਜੀਤ ਸਿੰਘ ਦਾ ਦਿਲ ਵੀ ਬਹੁਤ ਵਿਸ਼ਾਲ ਸੀ।’ ਉਨਾਂ ਦੇ ਪ੍ਰਸ਼ੰਸਕਾਂ ਵਿਚੋਂ ਇਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਗਜੀਤ ਸਿੰਘ ਨੂੰ ਪ੍ਰਮਾਤਮਾ ਨੇ ਬੜੀ ਵਧੀਆ ਆਵਾਜ਼ ਦਿੱਤੀ ਜਿਸ ਸਦਕਾ ਉਹ ਲੱਖਾਂ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕਰਦੇ ਰਹੇ।
ਉੱਘੀ ਗਾਇਕਾ ਲਤਾ ਮੰਗੇਸ਼ਕਰ ਨੇ ਕਿਹਾ, ‘ਸੰਗੀਤ ਜਗਤ ਲਈ ਭਾਵੇਂ ਇਹ ਵੱਡਾ ਘਾਟਾ ਹੈ ਪਰ ਉਸ ਤੋਂ ਵੀ ਵੱਧ ਮੇਰੇ ਲਈ ਇਹ ਨਿੱਜੀ ਘਾਟਾ ਹੈ।’ ਉਨਾਂ ਦੀ ਭੈਣ ਆਸ਼ਾ ਭੌਂਸਲੇ ਨੇ ਕਿਹਾ ਕਿ ਜਗਜੀਤ ਸਿੰਘ ਵਰਗਾ ਵਿਅਕਤੀ ਦੁਬਾਰਾ ਮਿਲਣਾ ਔਖਾ ਹੈ। ਉਨਾਂ ਦੀ ਜਿੱਥੇ ਆਵਾਜ਼ ਤਾਂ ਵਧੀਆ ਸੀ, ਉਥੇ ਉਹ ਬੜੇ ਹਸਮੁਖ ਵਿਅਕਤੀ ਸਨ। ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਕਿਹਾ ਕਿ ਉਨਾਂ ਦੀ ਆਵਾਜ਼ ਰੇਸ਼ਮ ਵਰਗੀ ਮੁਲਾਇਮ ਸੀ। ਸ਼ਾਹਰੁਖ ਖਾਨ ਦਾ ਕਹਿਣਾ ਸੀ, ‘ਜਗਜੀਤ ਸਿੰਘ ਜੀ ਦੇ ਦੇਹਾਂਤ ਦੀ ਖ਼ਬਰ ਬਹੁਤ ਉਦਾਸ ਕਰ ਦੇਣ ਵਾਲੀ ਹੈ। ਅੱਲਾ ਉਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’
ਗ਼ਜ਼ਲ ਗਾਇਕ ਪੰਕਜ ਉਦਾਸ ਨੇ ਕਿਹਾ, ‘ਸੰਗੀਤ ਉਨਾਂ ਲਈ ਕੋਈ ਪੇਸ਼ਾ ਨਹੀਂ ਸੀ, ਸਗੋਂ ਇਹ ਉਨਾਂ ਦਾ ਸ਼ੌਕ ਸੀ। ਉਨਾਂ ਗ਼ਜ਼ਲ ਗਾਇਕੀ ਨੂੰ ਨਵੇਂ ਮੁਕਾਮ ‘ਤੇ ਪਹੁੰਚਾਇਆ। ਸੁਭਾਅ ਵਜੋਂ ਉਹ ਬੜੇ ਜੁਝਾਰੂ ਸਨ। ਉਨਾਂ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ।’ ਫ਼ਿਲਮਕਾਰ ਮਹੇਸ਼ ਭੱਟ ਨੇ ‘ਗ਼ਜ਼ਲ ਕਿੰਗ’ ਨੂੰ ਯਾਦ ਕਰਦਿਆਂ ਕਿਹਾ, ‘ਜਗਜੀਤ ਸਿੰਘ ਦੇ ਯੋਗਦਾਨ ਤੋਂ ਬਿਨਾਂ ਮੇਰੀ ਫ਼ਿਲਮ ‘ਅਰਥ’ ਲੱਖਾਂ ਲੋਕਾਂ ਦੇ ਦਿਲਾਂ ਨੂੰ ਨਹੀਂ ਛੂਹ ਸਕਦੀ ਸੀ। ਧੰਨਵਾਦ ਮੇਰੇ ਦੋਸਤ।’ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ, ‘ਭਾਰਤ ‘ਚ ਗ਼ਜ਼ਲ ਗਾਇਕੀ ਨੂੰ ਬੁਲੰਦੀ ‘ਤੇ ਲਿਜਾਣ ਲਈ ਉਨਾਂ ਜੋ ਕੀਤਾ, ਉਸ ਦਾ ਕੋਈ ਹੋਰ ਮੁਕਾਬਲਾ ਨਹੀਂ ਕਰ ਸਕਦਾ।’
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉੱਘੇ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਜਗਜੀਤ ਸਿੰਘ ਉੱਚ ਕੋਟੀ ਦੇ ਗ਼ਜ਼ਲ ਗਾਇਕ ਹੋਣ ਦੇ ਨਾਲ ਵਧੀਆ ਇਨਸਾਨ ਸਨ। ਉਨ ਦੀ ਸੁਰੀਲੀ ਆਵਾਜ਼ ਦੇ ਨਾ ਕੇਵਲ ਦੇਸ਼ ਵਿਚ, ਸਗੋਂ ਦੁਨੀਆਂ ਭਰ ਵਿਚ ਲੱਖਾਂ ਪ੍ਰਸੰਸਕ ਸਨ। ਉਨ ਕਿਹਾ ਕਿ ਜਗਜੀਤ ਸਿੰਘ ਦੀ ਮੌਤ ਨਾਲ ਸੰਗੀਤ ਦੇ ਖੇਤਰ ਵਿਚ ਇਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਿਆ ਜਾਣਾ ਮੁਸ਼ਕਲ ਹੈ। ਉਨਾਂ ਕਿਹਾ ਕਿ ਸੰਗੀਤ ਦੀ ਦੁਨੀਆਂ ਦੇ ਮਹਾਨ ਸਿਤਾਰੇ ਜਗਜੀਤ ਸਿੰਘ ਵਲੋਂ ਛੱਡੀ ਗਈ ਵਿਰਾਸਤ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ।

No comments:

Post a Comment