ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, January 7, 2010

ਸੋਧਿਆ ਨਾਨਕਸ਼ਾਹੀ ਕੈਲੰਡਰ ਪਹਿਲੀ ਚੇਤ ਨੂੰ ਹੋਵੇਗਾ ਲਾਗੂ

ਬਿਕਰਮੀ ਕੈਲੰਡਰ ਅਨੁਸਾਰ ਮਨਾਏ ਜਾਣਗੇ ਗੁਰਪੁਰਬ
ਅੰਮ੍ਰਿਤਸਰ: ਦੁਨੀਆਂ ਭਰ ਦੀਆਂ ਪੰਥਕ ਜਥੇਬੰਦੀਆਂ ਤੇ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਅਤੇ ਹਰਨਾਮ ਸਿੰਘ ਧੁੰਮਾ ਨੇ ਅਪਣੀ ਜਿੱਦ ਨੂੰ ਪੁਗਾਉਂਦਿਆਂ ਆਖਰ ਨਾਨਕਸ਼ਾਹੀ ਕੈਲੰਡਰ ਵਿਚ ਬਿਕਰਮੀ ਸੰਮਤ ਕੈਲੰਡਰ ਮਿਲਾ ਦਿੱਤਾ ਹੈ। ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਤਿੰਨ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਬਾਰੇ ਸ੍ਰੀ ਅਕਾਲ ਤਖਤ ਨੂੰ ਭੇਜੇ ਮਤੇ ਨੂੰ ਪ੍ਰਵਾਨ ਕਰਦਿਆਂ ਸਿੰਘ ਬਾਹਿਬ ਗਿਆਨੀ ਗੁਰਬਚਨ ਸਿੰਘ ਨੇ ਰਸਮੀਂ ਤੌਰ `ਤੇ ਐਲਾਨ ਕੀਤਾ ਹੈ ਕਿ ਪਹਿਲੀ ਚੇਤ (14 ਮਾਰਚ) ਤੋਂ ਸੋਧਿਆ ਹੋਇਆ ਕੈਲੰਡਰ ਲਾਗੂ ਹੋ ਜਾਵੇਗਾ। ਨਾਨਕਸ਼ਾਹੀ ਕੈਲੰਡਰ ਵਿਚ ਪ੍ਰਸਤਾਵਿਤ ਸੋਧਾਂ ਕਰਨ ਦਾ ਵਿਰੋਧ ਨਾ ਸਿਰਫ ਇਸਦੇ ਖੋਜਕਾਰ ਪਰਵਾਸੀ ਪੰਜਾਬੀ ਪਾਲ ਸਿੰਘ ਪੁਰੇਵਾਲ ਕਰ ਰਹੇ ਸਨ, ਬਲਕਿ ਪੰਥਕ ਦਲਾਂ ਵਲੋਂ ਵੀ ਕਾਫੀ ਵਿਰੋਧ ਕੀਤਾ ਜਾ ਰਿਹਾ ਸੀ। ਪਰ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੀ ਦਮਦਮੀ ਟਕਸਾਲ ਅਤੇ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕਰਨ ਲਈ ਬਜਿੱਦ ਸਨ। ਨਾਨਕਸ਼ਾਹੀ ਕੈਲੰਡਰ ਵਿਚ ਸੋਧ ਦਾ ਮਾਮਲਾ ਪਹਿਲਾਂ ਪੰਜ ਸਿੰਘ ਸਾਹਿਬਾਨ ਕੋਲ ਪਹੁੰਚਿਆ, ਪਰ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਸਿੱਧੇ ਰੂਪ ਵਿਚ ਹੀ ਕੈਲੰਡਰ ਨੂੰ ਰੱਦ ਕਰ ਦਿੱਤਾ ਅਤੇ ਸਿੰਘ ਸਾਹਿਬਾਨ ਵਿਚ ਸਹਿਮਤੀ ਨਾ ਬਣ ਸਕੀ। ਮਾਮਲਾ ਉਦੋਂ ਰੌਚਕ ਸਥਿਤੀ ਵਿਚ ਪਹੁੰਚ ਗਿਆ ਜਦੋਂ ਸਿੰਘ ਸਾਹਿਬਾਨ ਨੇ ਇਸ ਬਾਰੇ ਫੈਸਲਾ ਲੈਣ ਤੋਂ ਹੱਥ ਖੜ੍ਹੇ ਕਰ ਦਿੱਤੇ ਅਤੇ ਇਸ ਮਾਮਲੇ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਹਵਾਲੇ ਕਰ ਦਿੱਤਾ। ਪਹਿਲਾਂ ਤੋਂ ਹੀ ਲਗਾਏ ਜਾ ਰਹੇ ਕਿਆਸ ਮੁਤਾਬਕ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕਰਨ `ਤੇ ਮੋਹਰ ਲਗਾ ਦਿੱਤੀ ਅਤੇ ਇਸ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਭੇਜ ਦਿੱਤਾ। ਅਗਲੇ ਹੀ ਦਿਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਹਿਮਤੀ ਪ੍ਰਗਟਾਉਂਦਿਆਂ ਐਲਾਨ ਕੀਤਾ ਕਿ ਨਵਾਂ ਸੋਧਿਆ ਕੈਲੰਡਰ ਦੇਸੀ ਨਵੇਂ ਸਾਲ ਦੇ ਪਹਿਲੀ ਚੇਤ ਤੋਂ ਲਾਗੂ ਹੋ ਜਾਵੇਗਾ।
ਸੋਧਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਕੱਤਕ ਸੁਦੀ ਦੂਜ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਪੋਹ ਸੁਦੀ ਸਤਵੀਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤੀ ਸਮਾਉਣ ਦਿਵਸ ਕਤੱਕ ਸੁਦੀ ਪੰਜਵੀਂ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜੇਠ ਸੁਦੀ ਚੌਥ ਅਤੇ ਕੁਦਰਤੀ ਨਿਯਮਾਂ ਅਨੁਸਾਰ ਸੰਗਰਾਂਦਾਂ ਅਤੇ ਦਿਹਾੜੇ ਪੁਰਾਤਨਤਾ ਅਨੁਸਾਰ ਮਨਾਏ ਜਾਣਗੇ, ਜਿਨ੍ਹਾਂ ਤੋਂ ਮਹੀਨਿਆਂ ਦੀ ਸ਼ੁਰੂਆਤ ਹੋਵੇਗੀ। ਸਿੰਘ ਸਾਹਿਬਾਨ ਨੇ ਦੱਸਿਆ ਕਿ ਇਹ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਇਕ ਚੇਤ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਜੋ ਦਿਨ ਦਿਹਾੜੇ ਪਹਿਲਾਂ ਮਿਥੇ ਸਮੇਂ ਅਨੁਸਾਰ ਹੀ ਮਨਾਏ ਜਾਣਗੇ। ਦੱਸਣਯੋਗ ਹੈ ਕਿ ਇਨ੍ਹਾਂ ਸੋਧਾਂ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਤਾਗੱਦੀ ਦਿਵਸ 6 ਕਤੱਕ (20 ਅਕਤੂਬਰ) ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ 23 ਪੋਹ (5 ਜਨਵਰੀ) ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਵਸ 7 ਕਤੱਕ (20 ਅਕਤੂਬਰ) ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 2 ਹਾੜ (16 ਜੂਨ ਨੂੰ) ਮਨਾਇਆ ਗਿਆ ਸੀ।

No comments:

Post a Comment