ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, September 24, 2010

ਹਿੰਦੂ ਪ੍ਰੀਸ਼ਦ ਸਿੱਖ ਗੁਰਧਾਮਾਂ ਤੋਂ ਰਾਮ ਮੰਦਰ ਦੀ ਰਾਜਨੀਤੀ ਕਰਨ ਲੱਗੀ

ਰਾਮ ਮੰਦਰ ਬਾਰੇ ਸਹਿਮਤੀ ਜੁਟਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਪ੍ਰਧਾਨ ਅਸ਼ੋਕ ਸਿੰਘਲ ਪੰਜਾਬ ਦੌਰੇ `ਤੇ
ਚੰਡੀਗੜ੍ਹ : ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅਸ਼ੋਕ ਸਿੰਘਲ ਅਤੇ ਭਾਜਪਾ ਪੱਖੀ ਹਿੰਦੂ ਜਥੇਬੰਦੀਆਂ ਦੇ ਕੁਝ ਆਗੂ ਅੱਜ ਕੱਲ੍ਹ ਪੰਜਾਬ ਦੌਰੇ `ਤੇ ਹਨ, ਜਿਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ੋ੍ਰਮਣੀ ਅਕਾਲੀ ਦਲ ਬਾਦਲ, ਨਾਨਕਸਰ ਸੰਪਰਦਾ, ਗੁਰਦੁਆਰਾ ਰਾੜਾ ਸਾਹਿਬ, ਨਾਮਧਾਰੀ ਸੰਪਰਦਾ ਭੈਣੀ ਸਾਹਿਬ ਸਮੇਤ ਪੰਜਾਬ ਦੇ ਧਾਰਮਿਕ ਸਥਾਨਾਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਵਿਚ ਸਹਿਯੋਗ ਦੀ ਮੰਗ ਕੀਤੀ ਹੈ। ਅਸ਼ੋਕ ਸਿੰਘਲ ਨੇ ਕਿਹਾ ਹੈ ਕਿ ਸ੍ਰੀ ਰਾਮ ਚੰਦਰ ਦੀ ਜਨਮ ਭੂਮੀ ਲਈ ਹਿੰਦੂਆਂ ਨੇ 76 ਵਾਰ ਯੁੱਧ ਕੀਤਾ ਜਿਸ ਵਿਚ 3 ਲੱਖ 60 ਹਜ਼ਾਰ ਰਾਮ ਭਗਤਾਂ ਨੇ ਅਪਣੇ ਪ੍ਰਾਣ ਦਿੱਤੇ। ਉਸ ਸਥਾਨ `ਤੇ ਰਾਮ ਮੰਦਰ ਦੀ ਪ੍ਰਾਚੀਨ ਢੰਗ ਨਾਲ ਉਸਾਰੀ ਕਰਨ ਲਈ ਉਹ ਦੇਸ਼ ਵਿਚਲੇ ਧਾਰਮਿਕ ਸਥਾਨਾਂ ਤੇ ਸੰਪਰਦਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕਰ ਰਹੇ ਹਨ, ਤਾਂ ਜੋ ਸਾਰੇ ਧਰਮਾਂ ਤੇ ਸੰਪਰਦਾਵਾਂ ਦੇ ਸਹਿਯੋਗ ਨਾਲ ਸ੍ਰੀ ਰਾਮ ਚੰਦਰ ਦੇ ਮੰਦਰ ਦਾ ਨਿਰਮਾਣ ਸ਼ੁਰੂ ਹੋ ਸਕੇ।
ਸਿੰਘਲ ਨੇ ਨਾਮਧਾਰੀ ਸੰਪਰਦਾ ਦੇ ਮੁੱਖ ਕੇਂਦਰ ਗੁਰਦੁਆਰਾ ਭੈਣੀ ਸਾਹਿਬ ਵਿਖੇ ਚਾਰ ਘੰਟੇ ਦੀ ਫੇਰੀ ਦੌਰਾਨ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਜਗਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ ਨਾਨਕਸਰ ਸੰਪਰਦਾ ਤੇ ਗੁਰਦੁਆਰਾ ਰਾੜਾ ਸਾਹਿਬ ਦੇ ਮੁੱਖ ਸੇਵਾਦਾਰਾਂ ਨੂੰ ਮਿਲੇ। ਇਸ ਤੋਂ ਇਲਾਵਾ ਡੇਰਾ ਬਿਆਸ ਦੇ ਮੁਖੀ ਨਾਲ ਗੱਲਬਾਤ ਲਈ ਵੀ ਉਨਾਂ ਨੇ ਪ੍ਰੋਗਰਾਮ ਉਲੀਕਿਆ ਹੋਇਆ ਸੀ। ਅਪਣੇ ਦੋ ਦਿਨਾ ਦੌਰੇ ਮੌਕੇ ਉਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼ੋ੍ਰਮਣੀ ਕਮੇਟੀ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਮੱਕੜ, ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਇਸ ਮੁੱਦੇ `ਤੇ ਗੱਲਬਾਤ ਕੀਤੀ ਹੈ। ਸਿੰਘਲ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ। ਅੰਮ੍ਰਿਤਸਰ ਵਿਚ ਸਿੰਘਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਸਰਕਾਰੀ ਕੋਠੀ ਵਿਚ ਮੁਲਾਕਾਤ ਕੀਤੀ ਜੋ ਲਗਭਗ ਅੱਧੇ ਘੰਟੇ ਤੱਕ ਚੱਲੀ। ਇਸ ਮੌਕੇ ਕੋਈ ਹੋਰ ਵਿਅਕਤੀ ਮੌਜੂਦ ਨਹੀਂ ਸੀ।
ਅਸ਼ੋਕ ਸਿੰਘਲ ਦੀ ਇਸ ਅਚਨਚੇਤ ਫੇਰੀ ਕਾਰਨ ਪੰਥਕ ਹਲਕਿਆਂ ਵਿਚ ਵੀ ਘੁਸਰਫੁਸਰ ਹੋ ਰਹੀ ਹੈ। ਸਿਆਸੀ ਜਾਣਕਾਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਦੀ ਇਸ ਫੇਰੀ ਨੂੰ ਸਿੱਖ ਗੁਰਧਾਮਾਂ ਤੋਂ ਰਾਮ ਮੰਦਰ ਦੇ ਨਾਂ `ਤੇ ਰਾਜਨੀਤੀ ਦਾ ਆਗਾਜ਼ ਦੱਸ ਰਹੇ ਹਨ। ਸਿੰਘਲ ਦੀ ਫੇਰੀ ਮੌਕੇ ਪੰਜਾਬ ਸਰਕਾਰ ਨੇ ਸੂਬੇ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਤੇ ਕਿਸੇ ਵਿਰੋਧ ਜਾਂ ਅਣਸੁਖਾਵੀਂ ਘਟਨਾ ਦੇ ਡਰੋਂ ਮੁਲਕਾਤ ਵਾਲੀਆਂ ਥਾਵਾਂ ਨੇੜੇ ਪੁਲਿਸ ਨੇ ਸਖਤ ਨਾਕੇਬੰਦੀ ਕੀਤੀ ਹੋਈ ਸੀ।

No comments:

Post a Comment