ਲੀਬੀਆ ਦੇ ਰੇਗਿਸਤਾਨੀ ਇਲਾਕੇ ਸਿਰਤੇ ਕੋਲ 1942 ਵਿਚ ਜਨਮੇਂ ਮੁਅੱਮਰ ਗੱਦਾਫ਼ੀ ਨੇ 27 ਸਾਲ ਦੀ ਉਮਰ ਵਿਚ ਰਾਜੇ ਇਦਰੀਸ ਦਾ ਤਖ਼ਤਾ ਪਲਟਾ ਕੇ ਸੱਤਾ ਹਥਿਆ ਲਈ ਸੀ ਅਤੇ ਖਾੜੀ ਦੇਸ਼ਾਂ ਤੇ ਅਫਰੀਕਾ ਵਿਚ ਸਭ ਤੋਂ ਲੰਮਾਂ ਸਮਾਂ ਹਕੂਮਤ ਕਰਨ ਵਾਲਾ ਨੇਤਾ ਬਣਿਆ। ਗੱਦਾਫ਼ੀ ਅਫਰੀਕੀ ਦੇਸ਼ਾਂ ਵਿਚ ਕਈ ਰਾਜਿਆਂ ਦਾ ਰਾਜਾ ਸੀ ਅਤੇ ਤਕਰੀਬਨ 42 ਸਾਲ ਉਸਨੇ ਲੀਬੀਆ ‘ਤੇ ਰਾਜ ਕੀਤਾ। ਅਫਰੀਕੀ ਦੇਸ਼ਾਂ ਵਿਚ ਉਹੀ ਇਕੱਲਾ ਅਜਿਹਾ ਸ਼ਾਸਕ ਸੀ ਜਿਸ ਨੇ ਕਿਸੇ ਦੇਸ਼ ਉਤੇ ਏਨਾ ਲੰਮਾ ਸਮਾਂ ਬਾਦਸ਼ਾਹਤ ਕੀਤੀ। ਸਾਲ 1969 ਵਿਚ ਬਿਨ•ਾ ਕਿਸੇ ਖੂਨ ਖਰਾਬੇ ਦੇ ਲੀਬੀਆ ਦਾ ਤਖਤਾ ਪਲਟ ਕਰਨ ਵਾਲੇ ਗੱਦਾਫ਼ੀ ਅਪਣੇ ਵੱਖ ਵੱਖ ਤਰਾਂ ਦੇ ਪਹਿਰਾਵਿਆਂ ਅਤੇ ਅਪਣੀ ਰੰਗੀਨ ਮਿਜ਼ਾਜ਼ੀ ਕਾਰਨ ਖਾਸ ਤੌਰ ‘ਤੇ ਪਛਾਣਿਆ ਜਾਣ ਲੱਗਾ ਸੀ। ਅਮਰੀਕਾ ਨਾਲ ਵਿਰੋਧ ਦੇ ਕਾਰਨ ਵੀ ਉਹ ਅਮਰੀਕਾ ਵਿਰੋਧੀ ਕਈ ਦੇਸ਼ਾਂ ਦਾ ਚਹੇਤਾ ਬਣਿਆ ਰਿਹਾ। ਗੱਦਾਫੀ ਖ਼ੁਦ ਇਹ ਦਾਅਵਾ ਕਰਦਾ ਸੀ ਕਿ ਉਹ ਲੀਬੀਆ ਦੀ ਕ੍ਰਾਂਤੀ ਦਾ ਮਾਰਗਦਰਸ਼ਕ ਅਤੇ ਮੁਲਕ ਦਾ ਅਧਿਆਤਮਿਕ ਰਾਹ ਦਸੇਰਾ ਹੈ। ਗੱਦਾਫ਼ੀ ਦਾ ਕਹਿਣਾ ਸੀ ਕਿ ਉਹ ਲੀਬੀਆ ਵਿਚ ਲੋਕਤੰਤਰ ਲਿਆਉਣ ਜਾ ਰਿਹਾ ਹੈ। ਹਕੀਕਤ ਇਹ ਸੀ ਕਿ ਗੱਦਾਫੀ ਅਪਣੇ ਵਿਰੋਧੀਆਂ ਦਾ ਬੜੀ ਕਰੂਰਤਾ ਦੇ ਨਾਲ ਸਫਾਇਆ ਕਰਦਾ ਜਾ ਰਿਹਾ ਸੀ।
ਅਪਣੀ ਜ਼ਿੰਦਗੀ ਜਿਊਣ ਦੇ ਢੰਗ ਕਾਰਨ ਮੁਅੱਮਰ ਗੱਦਾਫ਼ੀ ਦਾ ਅਕਸਰ ਹੀ ਦੁਨੀਆ ਵਿਚ ਜ਼ਿਕਰ ਹੁੰਦਾ ਰਿਹਾ। ਕਿਸੇ ਸਮੇਂ ਬੜੇ ਵਧੀਆ ਇਨਸਾਨ ਵਜੋਂ ਜਾਣਿਆ ਜਾਂਦਾ ਮੁਅੱਮਰ ਗੱਦਾਫੀ ਸਾਲਾਂ ਬੱਧੀ ਸੱਤਾ ਦੇ ਨਸ਼ੇ ਵਿਚ ਕੀ ਕੁਝ ਕਰਦਾ ਜਾ ਰਿਹਾ ਸੀ, ਇਸ ਦਾ ਉਸ ਨੂੰ ਵੀ ਇਲਮ ਹੋਵੇਗਾ, ਪਰ ਇਕ ਸਟੇਜ ‘ਤੇ ਆ ਕੇ ਉਸ ਦੇ ਦੇਸ਼ ਦੇ ਹੀ ਲੋਕ ਉਸ ਨੂੰ ਮਾਰ ਮੁਕਾਉਣਗੇ, ਸ਼ਾਇਦ ਇਹ ਉਸਨੇ ਨਹੀਂ ਸੋਚਿਆ ਹੋਣਾ। ਗੱਦਾਫ਼ੀ ਦਾ ਨਾਮ ਲੀਬੀਆ ਦੇ ਕਰੀਬ 60 ਲੱਖ ਬਸ਼ਿੰਦਿਆਂ ਦੀ ਜਿੰਦਗੀ ਦੇ ਹਰ ਪਹਿਲੂ ਲਈ ਪਰਿਆਇਵਾਚੀ ਬਣ ਗਿਆ ਸੀ। ਵਿਸ਼ਵ ਨਾਲ ਉਸ ਦੇ ਸਬੰਧ ਕਈ ਵਾਰ ਬਹੁਤ ਖਰਾਬ ਹੁੰਦੇ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਇਕ ਵਾਰ ਉਸ ਨੂੰ ‘ਮੈਡ ਡਾਗ (ਪਾਗਲ ਕੁੱਤਾ)’ ਕਿਹਾ ਸੀ।
ਗੱਦਾਫੀ ਦਾ ਜਨਮ ਇਕ ਖਾਨਾਬਦੋਸ਼ ਪਰਿਵਾਰ ਵਿਚ ਹੋਇਆ ਸੀ। 1961 ਵਿਚ ਲੀਬੀਆ ਦੀ ਯੂਨੀਵਰਸਿਟੀ ਤੋਂ ਇਤਿਹਾਸ ਵਿਸ਼ੇ ਦਾ ਅਧਿਐਨ ਕੀਤਾ ਅਤੇ ਗੱਦਾਫੀ ਬੇਂਧਾਜੀ ਫੌਜੀ ਅਕੈਡਮੀ ਵਿਚ ਸ਼ਾਮਲ ਹੋ ਗਿਆ। 1965 ਵਿਚ ਗ੍ਰੈਜੂਏਸ਼ਨ ਕਰਨ ਪਿੱਛੋਂ ਗੱਦਾਫੀ ਲੀਬੀਆ ਦੀ ਫੌਜ ਵਿਚ ਅਪਣੀਆਂ ਸੇਵਾਵਾਂ ਦੇਣ ਲੱਗਾ। ਸਾਲ 1966 ਵਿਚ ਉਸ ਨੂੰ ਸਿਖਲਾਈ ਦੇਣ ਲਈ ਬ੍ਰਿਟੇਨ ਦੀ ਰਾਇਲ ਫੌਜੀ ਅਕੈਡਮੀ ਵਿਖੇ ਭੇਜਿਆ ਗਿਆ। ਗੱਦਾਫੀ ਦੀ ਅਗਵਾਈ ਵਾਲੀ ਫੌਜ ਦੇ ਅਧਿਕਾਰੀਆਂ ਦੀ ਟੋਲੀ ਨੇ 1 ਅਗਸਤ 1969 ਨੂੰ ਖੂਨ-ਖਰਾਬਾ ਰਹਿਤ ਕ੍ਰਾਂਤੀ ਰਾਹੀਂ ਲੀਬੀਆ ਦੇ ਉਸ ਵੇਲੇ ਦੇ ਹੁਕਮਰਾਨ ਇਦਰੀਸ ਨੂੰ ਮਾਰ ਦਿੱਤਾ ਤੇ ਲੀਬੀਆ ਅਰਬ ਗਣਰਾਜ ਦੀ ਸਥਾਪਨਾ ਕੀਤੀ। ਉਸ ਪਿੱਛੋਂ ਗੱਦਾਫ਼ੀ ਦੇ ਨਜ਼ਦੀਕੀਆਂ ਨੇ ਉਸ ਨੂੰ ਲੀਬੀਆ ਦੀ ਕ੍ਰਾਂਤੀਕਾਰੀ ਕਮਾਂਡ ਕੌਂਸਲ ਤੇ ਫੌਜ ਦੇ ਕਮਾਂਡਰ ਇਨ ਚੀਫ ਬਣਾ ਦਿੱਤਾ। ਗੱਦਾਫ਼ੀ 1970 ਤੋਂ 1972 ਤੱਕ ਲੀਬੀਆ ਦੇ ਪ੍ਰਧਾਨ ਮੰਤਰੀ ਤੇ ਫਿਰ 1973 ਵਿਚ ਰੱਖਿਆ ਮੰਤਰੀ ਦੇ ਅਹੁਦੇ ‘ਤੇ ਤੈਨਾਤ ਰਿਹਾ। ਬਾਅਦ ਵਿਚ ਉਹ ਕ੍ਰਾਂਤੀਕਾਰੀ ਨੇਤਾ ਤੇ ਫੌਜ ਦਾ ਕਮਾਂਡਰ ਬਣ ਗਿਆ।
ਗੱਦਾਫ਼ੀ ਨੇ ਮਾਰਚ 1979 ਵਿਚ ਅਪਣੇ ਸਭ ਪ੍ਰਸ਼ਾਸਨਿਕ ਅਹੁਦੇ ਛੱਡ ਦਿੱਤੇ ਤੇ ਉਹ ਸਿਰਫ ਲੀਬੀਆ ਦੇ ਕ੍ਰਾਂਤੀਕਾਰੀ ਨੇਤਾ ਵਜੋਂ ਜਾਣਿਆ ਜਾਣ ਲੱਗਾ। ਗੱਦਾਫੀ ਕੱਟੜਪੰਥੀ ਸੰਗਠਨਾਂ ਨੂੰ ਵੀ ਸਮਰਥਨ ਦੇ ਰਿਹਾ ਸੀ। ਬਰਲਿਨ ਦੇ ਇਕ ਨਾਈਟ ਕਲੱਬ ਵਿਚ ਸਾਲ 1986 ਵਿਚ ਹੋਇਆ ਹਮਲਾ ਇਸ ਸ੍ਰੇਣੀ ਦਾ ਸੀ, ਜਿਥੇ ਅਮਰੀਕੀ ਫੌਜੀ ਜਾਇਆ ਕਰਦੇ ਸਨ। ਇਸ ਹਮਲੇ ਵਿਚ ਦੋਸ਼ ਗੱਦਾਫ਼ੀ ਦੇ ਸਿਰ ਹੀ ਮੜਿਆ ਗਿਆ, ਹਾਲਾਂਕਿ ਇਸ ਸਬੰਧੀ ਕੋਈ ਠੋਸ ਸਬੂਤ ਨਹੀਂ ਸਨ। ਘਟਨਾ ਤੋਂ ਨਾਰਾਜ਼ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਤ੍ਰਿਪੋਲੀ ਅਤੇ ਬੇਨਗਾਜ਼ੀ ਉਤੇ ਹਵਾਈ ਹਮਲੇ ਦਾ ਹੁਕਮ ਦੇ ਦਿੱਤਾ। ਮੁਅੱਮਰ ਗੱਦਾਫ਼ੀ ਇਸ ਹਮਲੇ ਵਿਚ ਵਾਲ ਵਾਲ ਬਚ ਗਿਆ, ਪਰ ਉਸ ਦੀ ਗੋਦ ਲਈ ਬੇਟੀ ਹਵਾਈ ਹਮਲੇ ਵਿਚ ਮਾਰੀ ਗਈ।
ਇਕ ਵਾਰ ਜਦੋਂ ਉਹ ਅਮਰੀਕਾ ਗਏ ਤਾਂ ਕਿਸੇ ਵੀ ਇਮਾਰਤ ਵਿਚ ਨਹੀਂ ਠਹਿਰੇ, ਸਗੋਂ ਆਪਣਾ ਹੀ ਕੈਂਪ ਲਾ ਕੇ ਠਹਿਰੇ। ਅਕਸਰ ਖਬਰਾਂ ਆਉਂਦੀਆਂ ਸਨ ਕਿ ਉਨ•ਾਂ ਦੀ ਸੁਰੱਖਿਆ ਲਈ ਔਰਤਾਂ ਤਾਇਨਾਤ ਸਨ। ਉਹ ਦੁੱਧ ਦੇ ਲਈ ਅਪਣੇ ਨਾਲ ਊਠ ਲੈ ਕੇ ਜਾਣਾ ਨਹੀਂ ਭੁੱਲਦਾ ਸੀ। ਅਪਣੇ ਕਪੜਿਆਂ ਦੀ ਸਿਲਾਈ ਕਰਵਾਉਣ ਲਈ ਅਪਣੇ ਨਾਲ ਪਰਸਨਲ ਟੇਲਰ ਰੱਖਦਾ ਸੀ। ਗੱਦਾਫ਼ੀ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਰਾਜਾ ਦੀ ਤਰਾਂ ਹੀ ਅਪਣੇ ਆਪ ਨੂੰ ਲੀਬੀਆ ਦਾ ਸਭ ਕੁਝ ਸਮਝ ਰਿਹਾ ਸੀ ਅਤੇ ਨਾਲ ਹੀ ਭ੍ਰਿਸ਼ਟਾਚਾਰ ਦੇ ਜ਼ਰੀਏ ਅਣਕਿਆਸੀ ਜਾਇਦਾਦ ਬਣਾ ਰਿਹਾ ਸੀ ਅਤੇ ਵਿਦੇਸ਼ੀ ਬੈਂਕਾਂ ਵਿਚ ਉਸਦਾ ਪੈਸਾ ਜਮ•ਾ ਸੀ।
ਸਾਲ 2011 ਦੇ ਅਗਸਤ ਦੇ ਅੱਧ ਤੋਂ ਗੱਦਾਫੀ ਨਾਟੋ ਅਤੇ ਅੰਤਰਿਮ ਸਰਕਾਰ ਵਲੋਂ ਅਹੁਦੇ ਤੋਂ ਹਟਾਏ ਜਾਣ ਪਿੱਛੋਂ ਅਪਦੇ ਹੀ ਮੁਲਕ ਵਿਚ ਜਾਣ ਬਚਾਉਂਦਾ ਤੇ ਕਦੇ ਵਿਦਰੋਹੀਆਂ ਨੂੰ ਲਲਕਾਰਦਾ ਘੁੰਮ ਰਿਹਾ ਸੀ। ਫਰਵਰੀ ਵਿਚ ਭੜਕੇ ਲੋਕ ਅੰਦੋਲਨ ਪਿੱਛੋਂ ਉਸ ਨੂੰ ਅਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਅਤੇ ਆਖਰੀ ਦਿਨਾਂ ਵਿਚ ਉਸ ਨੂੰ ਅਪਣਾ ਜੱਦੀ ਸ਼ਹਿਰ ਹੀ ਬਚਾਅ ਦੇ ਟਿਕਾਣੇ ਵਜੋਂ ਵਿਖਾਈ ਦਿੱਤਾ। ਵਿਦਰੋਹੀਆਂ ਨੇ ਪੂਰੇ ਮੁਲਕ ਵਿਚ ਅਪਣਾ ਪਰਚਮ ਲਹਿਰਾਉਣ ਤੋਂ ਬਾਅਦ ਆਖਰੀ ਸ਼ਹਿਰ ਸਿਰਤੇ ਉਤੇ ਧਾਵਾ ਬੋਲ ਦਿੱਤਾ, ਜਿਥੋਂ ਗੱਦਾਫੀ ਭੱਜਣ ਦੀ ਫਿਰਾਕ ਵਿਚ ਸੀ। ਨਾਟੋ ਦੇ ਇਕ ਜਹਾਜ ਨੇ ਗੱਦਾਫੀ ਦੀਆਂ ਗੱਡੀਆਂ ‘ਤੇ ਹਮਲਾ ਕੀਤਾ, ਜਿਸ ਤੋਂ ਬਚਾਅ ਵਿਚ ਗੱਦਾਫ਼ੀ ਸੜਕ ਹੇਠਾਂ ਬਣੇ ਇਕ ਨਾਲੇ ਦੀ ਸੀਮਿੰਟ ਦੀ ਪਾਈਪ ਵਿਚ ਜਾ ਲੁਕਿਆ, ਪਰ ਜ਼ਮੀਨੀ ਲੜਾਕਿਆਂ ਨੇ ਗੱਦਾਫੀ ਤੇ ਉਸਦੇ ਕੁਝ ਸਮਰਥਕਾਂ ਨੂੰ ਦਬੋਚ ਲਿਆ। ਗੱਦਾਫ਼ੀ ਜਿਉਂਦਾ ਫੜਿਆ ਗਿਆ ਅਤੇ ਉਹ ਬੁਰੀ ਤਰ•ਾਂ ਘਬਰਾਇਆ ਤੇ ਜ਼ਖਮੀਂ ਹਾਲਤ ਵਿਚ ਸੀ। ਆਲੇ ਦੁਆਲੇ ਲੋਕ ਉਸ ਨੂੰ ‘ਕੁੱਤਾ’ ਕਹਿ ਕੇ ਬੁਲਾ ਰਹੇ ਸਨ। ਗੱਦਾਫ਼ੀ ਬੋਲ ਰਿਹਾ ਸੀ ਕਿ ਲੋਕ ਉਸ ਨੂੰ ਬਖਸ਼ ਦੇਣ, ਪਰ ਕਈ ਸਾਲਾਂ ਤੋਂ ਅਪਣੇ ਜ਼ਿਹਨ ਵਿਚ ਗੁੱਸਾ ਲਈ ਬੈਠੇ ਲੋਕਾਂ ਨੇ ਗੱਦਾਫੀ ਦੀ ਇਕ ਨਾ ਸੁਣੀ। ਗੱਦਾਫੀ ਨੂੰ ਵਿਦਰੋਹੀਆਂ ਦੀ ਭੀੜ ਵਿਚੋਂ ਕਿਸੇ ਨੇ ਗੋਲੀ ਮਾਰ ਦਿੱਤੀ ਅਤੇ ਕੁਝ ਪਲਾਂ ਬਾਅਦ ਹੀ ਉਸਦੀ ਮੌਤ ਹੋ ਗਈ।
ਗੱਦਾਫੀ ਦੀ ਮ੍ਰਿਤਕ ਦੇਹ ਨੂੰ ਵੀ ਕੋਈ ਸਤਿਕਾਰਤ ਥਾਂ ਨਸੀਬ ਨਾ ਹੋਈ। ਐਬੂਲਸ ਰਾਹੀਂ ਗੱਦਾਫੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਰਸਤੇ ਵਿਚ ਹੀ ਦਮ ਤੋੜ ਚੁੱਕਾ ਸੀ। ਬਾਅਦ ਵਿਚ ਇਕ ਮੀਟ ਦੀ ਦੁਕਾਨ ਦੇ ਕੋਲਡ ਸਟੋਰ ਵਿਚ ਗੱਦਾਫੀ, ਉਸਦੇ ਪੁੱਤਰ ਤੇ ਸੈਨਾ ਮੁਖੀ ਦੀ ਲਾਸ਼ ਰੱਖੀ ਗਈ, ਜਿਥੇ ਅਗਲੇ ਤਿੰਨ ਦਿਨ ਤੱਕ ਲੋਕ ਲਾਇਨਾਂ ਲਗਾ ਕੇ ਉਸਦੀ ਮ੍ਰਿਤਕ ਦੇਹ ਨੂੰ ਵੇਖਣ ਆਉਂਦੇ ਰਹੇ। ਕੁਝ ਲੋਕ ਉਸ ਨੂੰ ਸਿਰਫ਼ ਮਰਿਆ ਹੋਇਆ ਵੇਖਣਾ ਚਾਹੁੰਦੇ ਸੀ, ਕੁਝ ਗੱਦਾਫ਼ੀ ਦੀ ਮ੍ਰਿਤਕ ਦੇਹ ਨਾਲ ਤਸਵੀਰਾਂ ਖਿਚਵਾ ਰਹੇ ਸਨ ਅਤੇ ਕੁਝ ਉਸ ਦੀ ਲਾਸ਼ ‘ਤੇ ਹੀ ਤਾਹਨੇ ਕਸ ਰਹੇ ਸਨ।
ਲੀਬੀਆ ਦੀ ਅੰਤ੍ਰਿਮ ਸਰਕਾਰ ਨੇ ਬੇਨਗਾਜ਼ੀ ਸ਼ਹਿਰ ਵਿਚ ਉਤਸ਼ਾਹਿਤ ਸਮਰਥਕਾਂ ਦੀ ਭੀੜ ਦੇ ਸਾਹਮਣੇ ਦੇਸ਼ ਦੀ ਆਜ਼ਾਦੀ ਦਾ ਐਲਾਨ ਕੀਤਾ ਹੈ। ਇਹ ਉਹੀ ਜਗ•ਾ ਸੀ ਜਿਥੋਂ ਕਰਨਲ ਗੱਦਾਫੀ ਵਿਰੁਧ ਵਿਦਰੋਹ ਸ਼ੁਰੂ ਹੋਇਆ ਸੀ। ਨੈਸ਼ਨਲ ਟਰਾਂਜ਼ਿਸ਼ਨਲ ਕੌਂਸਲ ਦੇ ਨੇਤਾ ਮੁਸਤਫ਼ਾ ਅਬਦੁਲ ਜ਼ਲੀਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਖਾਤਰ ਅਪਣੇ ਮਤਭੇਦ ਪਿੱਛੇ ਛੱਡ ਦੇਣ। ਐਨਟੀਸੀ ਦੇ ਉਪ ਮੁਖੀ ਅਬਦੇਲ ਹਾਫਿਜ਼ ਘੋਗਾ ਨੇ ਲੋਕਾਂ ਨੂੰ ਕਿਹਾ ਕਿ ਉਹ ਅਪਣੇ ਸਿਰ ਉਪਰ ਚੁੱਕਣ, ਹੁਣ ਉਹ ਆਜਾਦ ਲੀਬੀਆ ਦੇ ਬਸ਼ਿੰਦੇ ਹਨ।
——————————-
‘ਮੈਨੂੰ ਗੋਲੀ ਨਾ ਮਾਰੋ’
ਲੀਬੀਆ ਦੀ ਅੰਤ੍ਰਿਮ ਸਰਕਾਰ ਦੇ ਕਮਾਂਡਰਾਂ ਨੇ ਦਾਅਵਾ ਕੀਤਾ ਹੈ ਕਿ ਫੜੇ ਜਾਣ ‘ਤੇ ਗੱਦਾਫੀ ਨੇ ਉਸ ਨੂੰ ਗੋਲੀ ਨਾ ਮਾਰੇ ਜਾਣ ਦੀ ਅਪੀਲ ਕੀਤੀ ਸੀ। ਇਕ ਕਮਾਂਡਰ ਮੁਹੰਮਦ ਅਲਬੀਬੀ ਮੁਤਾਬਕ ਗੱਦਾਫੀ ਵਾਰ-ਵਾਰ ਉਚੀ-ਉਚੀ ਬੋਲ ਰਿਹਾ ਸੀ, ‘ਮੈਨੂੰ ਗੋਲੀ ਨਾ ਮਾਰੋ, ਮੈਨੂੰ ਗੋਲੀ ਨਾ ਮਾਰੋ।’ ਕਮਾਂਡਰਾਂ ਮੁਤਾਬਕ ਗੱਦਾਫ਼ੀ ਕੋਲ ਉਸਦੀ ਸੋਨੇ ਦੀ ਪਿਸਤੌਲ ਸੀ, ਪਰ ਉਸਨੂੰ ਇਸ ਦੀ ਵਰਤੋਂ ਕਰਨ ਦਾ ਬਿਲਕੁਲ ਹੀ ਮੌਕਾ ਨਹੀਂ ਮਿਲਿਆ।
ਭਾਰਤ ਨੂੰ ਪਾਇਆ ਸੀ ਕੂਟਨੀਤਕ ਉਲਝਣ ‘ਚ
ਮੁਅੱਮਰ ਗਦਾਫ਼ੀ ਨੇ ਇਕ ਵਾਰ ਭਾਰਤ ਲਈ ਵੱਡੀ ਕੂਟਨੀਤਕ ਉਲਝਣ ਖੜੀ ਕਰ ਦਿੱਤੀ ਸੀ, ਜਦੋਂ ਉਸ ਨੇ ਕਸ਼ਮੀਰ ਨੂੰ ਇਕ ਆਜ਼ਾਦ ਰਾਜ ਦਾ ਦਰਜ਼ਾ ਦੇਣ ਦੇ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਇਕ ਸੁਤੰਤਰ ਰਾਜ ਬਣਾ ਦੇਣਾ ਚਾਹੀਦਾ ਹੈ। ਹਾਲ ਹੀ ਦੇ ਸਮਿਆਂ ਵਿਚ ਉਹ ਭਾਰਤੀ ਉਪ ਮਹਾਦੀਪ ਤੋਂ ਬਾਹਰ ਦਾ ਪਹਿਲਾ ਮੁਸਲਿਮ ਨੇਤਾ ਸੀ ਜਿਸ ਨੇ ਭਾਰਤ ਤੇ ਪਾਕਿਸਤਾਨ ਤੋਂ ਅਲੱਗ ਕਸ਼ਮੀਰ ਨੂੰ ਇਕ ਸੁਤੰਤਰ ਰਾਜ ਬਣਾਉਣ ਦੀ ਵਕਾਲਤ ਕੀਤੀ। 2009 ਵਿਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ‘ਚ ਅਪਣੇ ਪਹਿਲੇ ਭਾਸਣ ਦੌਰਾਨ ਗੱਦਾਫ਼ੀ ਨੇ ਅਜਿਹਾ ਕਿਹਾ ਸੀ।
——————————-
ਗੱਦਾਫ਼ੀ ਨੂੰ ਜਿਉਂਦਾ ਫੜਣਾ ਚਾਹੁੰਦੇ ਸਨ ਵਿਦਰੋਹੀ
ਲੀਬੀਆ ਦੀ ਅੰਤ੍ਰਿਮ ਸਰਕਾਰ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਦਾਫ਼ੀ ਨੂੰ ਜਾਣ ਬੁੱਝ ਕੇ ਨਹੀਂ ਮਾਰਿਆ। ਜਦੋਂ ਸਿਰਤੇ ਨੇੜੇ ਗਦਾਫ਼ੀ ਨੂੰ ਫੜ ਲਿਆ ਗਿਆ ਤਾਂ ਉਸ ਨੂੰ ਮਾਰਨ ਦੇ ਹੁਕਮ ਨਹੀਂ ਸੀ ਦਿੱਤੇ। ਗਦਾਫ਼ੀ ਨੂੰ ਫੜਨ ਦੀ ਵੀਡੀਓ ਬਾਗ਼ੀਆਂ ਵਿਚ ਹੀ ਖੜੇ ਕਿਸੇ ਵਿਅਕਤੀ ਨੇ ਬਣਾ ਲਈ ਜੋ ਬਾਅਦ ਵਿਚ ਟੈਲੀਵੀਜ਼ਨ ਵਿਚ ਵਿਖਾਈ ਗਈ। ਵੀਡੀਓ ਅਨੁਸਾਰ ਫੜੇ ਜਾਣ ਵੇਲੇ ਗੱਦਾਫ਼ੀ ਬਹੁਤ ਹੀ ਘਬਰਾਇਆ ਤੇ ਬੁਰੀ ਤਰਾਂ ਲਹੂ-ਲੁਹਾਨ ਹੋਇਆ ਸੀ। ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਤੇ ਕੁੱਟਿਆ ਗਿਆ। ਭੀੜ ਵਿਚ ਕਈ ਚੀਕ ਰਹੇ ਸਨ, ‘ਉਸ ਨੂੰ ਜਿਊਂਦਾ ਰੱਖੋ। ਜਿਊਂਦਾ ਰੱਖੋ।’ ਵੀਡੀਓ ਵਿਚ ਕਰਨਲ ਗੱਦਾਫ਼ੀ ਦੇ ਫੜੇ ਜਾਣ ਬਾਅਦ ਜਦੋਂ ਉਸ ਦੇ ਸਮਰਥਕਾਂ ਤੇ ਬਾਗ਼ੀਆਂ ਵਿਚਾਲੇ ਲੜਾਈ ਛਿੜ ਪਈ ਤਾਂ ਉਸੇ ਦੌਰਾਨ ਉਸ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ।
ਕਿਸ ਨੇ ਮਾਰੀ ਗੱਦਾਫ਼ੀ ਦੇ ਸਿਰ ‘ਚ ਗੋਲੀ?
ਗੱਦਾਫ਼ੀ ਨੂੰ ਲੀਬੀਆ ਦੀ ਅੰਤ੍ਰਿਮ ਸਰਕਾਰ ਮਾਰਨਾ ਨਹੀਂ ਚਾਹੁੰਦੀ ਸੀ। ਸ਼ਾਇਦ ਇਸੇ ਕਰਕੇ ਉਸ ਨੂੰ ਜਿਊਂਦਾ ਫੜ ਲਿਆ ਗਿਆ ਪਰ ਫਿਰ ਵੀ ਉਹ ਬੜੀ ਬੇਰਹਿਮੀ ਨਾਲ ਮਾਰਿਆ ਗਿਆ। ਆਖਰੀ ਸਮੇਂ ਦੀਆਂ ਜਾਰੀ ਹੋਈਆਂ ਤਸਵੀਰਾਂ ਮੁਤਾਬਕ ਗੱਦਾਫੀ ਦਾ ਚਿਹਰਾ ਲਹੂ ਲੁਹਾਨ ਸੀ ਅਤੇ ਨਾਲ ਖੜੇ ਲੋਕ ਉਸ ਨੂੰ ਬੜੀਆਂ ਗਾਲਾਂ ਕੱਢ ਰਹੇ ਸਨ ਤੇ ਮਜਾਕ ਕਰ ਰਹੇ ਸਨ। ਗੱਦਾਫੀ ਨੂੰ ਕਿਸੇ ਟਿਕਾਣੇ ‘ਤੇ ਲਿਜਾਇਆ ਜਾ ਰਿਹਾ ਸੀ ਕਿ ਕਿਸੇ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਅਤੇ ਇਸ ਕਾਰਨ ਗੱਦਾਫ਼ੀ ਦੀ ਮੌਤ ਹੋ ਗਈ। ਗੱਦਾਫੀ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਦਫਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਗੱਦਾਫੀ ਦੀ ਮੌਤ ਦੀ ਪੂਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
200 ਅਰਬ ਡਾਲਰ ਦੀ ਸੰਪਤੀ ਵਿਦੇਸ਼ਾਂ ‘ਚ
ਲਾਸ ਏਂਜਲਸ ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਗੱਦਾਫ਼ੀ ਨੇ ਮਰਨ ਤੋਂ ਪਹਿਲਾਂ ਨਕਦੀ, ਸੋਨਾ, ਬੈਂਕ ਦੇ ਖਾਤੇ ਤੇ ਹੋਰ ਕਾਰੋਬਾਰਾਂ ‘ਚ ਨਿਵੇਸ਼ ਨਾਲ ਅਨੁਮਾਨਿਤ 200 ਅਰਬ ਡਾਲਰ ਦੀ ਸੰਪਤੀ ਦੁਨੀਆਂ ਦੇ ਕਈ ਦੇਸ਼ਾਂ ਵਿਚ ਲੁਕਾ ਕੇ ਰੱਖੀ ਹੈ। ਦੱਸਿਆ ਜਾਂਦਾ ਹੈ ਕਿ ਪੱਛਮੀ ਦੇਸ਼ਾਂ ਦੇ ਅਧਿਕਾਰੀ ਪੂਰਾ ਸਾਲ ਗੱਦਾਫ਼ੀ ਦੀ ਸੰਪਤੀ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਸੰਘਰਸ਼ ਕਰਦੇ ਰਹੇ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੰਗ ਅਨੁਸਾਰ ਭਾਰਤ, ਚੀਨ ਤੇ ਰੂਸ ਸਮੇਤ ਕਈ ਦੇਸ਼ਾਂ ਨੂੰ ਲੀਬੀਆ ਦੇ ਨਿਵੇਸ਼ ਨੂੰ ਜ਼ਬਤ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ। ਨਾਟੋ ਦੇ ਹਮਲੇ ਤੋਂ ਪਹਿਲਾਂ ਪੱਛਮੀ ਜਾਂਚ ਕਰਤਾਵਾਂ ਦਾ ਅਨੁਮਾਨ ਸੀ ਕਿ ਗੱਦਾਫ਼ੀ ਨੇ ਕਰੀਬ 100 ਅਰਬ ਡਾਲਰ ਦੀ ਹੀ ਸੰਪਤੀ ਵਿਦੇਸ਼ਾਂ ਵਿਚ ਲੁਕਾ ਕੇ ਰੱਖੀ ਹੈ ਪਰ ਕੌਮਾਂਤਰੀ ਜਾਂਚ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਹਾਲ ਦੇ ਸਾਲਾਂ ਵਿਚ ਗੱਦਾਫ਼ੀ ਨੇ ਗੁਪਤ ਤਰੀਕੇ ਨਾਲ ਬਹੁਤ ਪੈਸਾ ਵਿਦੇਸ਼ਾਂ ‘ਚ ਭੇਜਿਆ ਸੀ।
——————————-
ਗੱਦਾਫ਼ੀ ਕੋਲ 3.5 ਅਰਬ ਦਾ ਸੋਨਾ
* 7 ਬਿਲੀਅਨ ਡਾਲਰ (3.5 ਖਰਬ ਰੁਪਏ) ਦੇ ਮੁੱਲ ਦਾ ਸੋਨਾ।
* ਅਮਰੀਕਾ ਨੇ ਗੱਦਾਫ਼ੀ ਪਰਿਵਾਰ ਦਾ 30 ਬਿਲੀਅਨ ਡਾਲਰ ਦੇ ਨਿਵੇਸ਼ਾਂ ਨੂੰ ਜ਼ਬਤ ਕੀਤਾ
* ਕੈਨੇਡਾ ਵਿਚ 2.4 ਬਿਲੀਅਨ ਡਾਲਰ (1.19 ਖਰਬ ਰੁਪਏ), ਆਸਟਰੀਆ ਵਿਚ 1.7 ਬਿਲੀਅਨ ਡਾਲਰ (84 ਅਰਬ ਰੁਪਏ), ਬ੍ਰਿਟੇਟ ‘ਚ 1 ਬਿਲੀਅਨ ਡਾਲਰ (49 ਅਰਬ ਰੁਪਏ), ਲੀਬੀਆ ਕ੍ਰਾਂਤੀ ਦੇ ਸ਼ੁਰੂ ਹੋਣ ਤੋਂ ਬਾਅਦ ਜ਼ਬਤ ਕੀਤੇ ਗਏ ਹਨ।
18 ਅਰਬ ਡਾਲਰ ਦੀ ਲੀਬੀਆ ‘ਚ ਜਾਇਦਾਦ
ਦੁਨੀਆ ਭਰ ਦੇ ਬੈਂਕਾਂ ਵਿਚ ਲੀਬੀਆ ਦੀ 168 ਅਰਬ ਡਾਲਰ ਦੀ ਜਾਇਦਾਦ ਜਮ•ਾ ਹੈ। ਇਸ ਵਿਚ 50 ਅਰਬ ਡਾਲਰ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਪੁਰਤਗਾਲ, ਸਪੇਨ ਅਤੇ ਸਵੀਡਨ ਵਰਗੇ ਦੇਸ਼ਾਂ ਵਿਚ ਜਮਾਂ ਹੈ। ਓਧਰ ਦੂਜੇ ਪਾਸੇ ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਕੋਲ 40 ਅਰਬ ਡਾਲਰ ਜਮ•ਾਂ ਹਨ। ਲੀਬੀਆ ਸੈਂਟਰਲ ਬੈਂਕ ਦੇ ਸਾਬਰਕਾ ਗਵਰਨਰ ਫਰਹਤ ਬੰਗਦਾਰਾ ਮੁਤਾਬਕ, ਲੀਬੀਆ ‘ਚ ਵਿਦਰੋਹ ਸ਼ੁਰੂ ਹੋਣ ਤੋਂ ਪਹਿਲਾਂ ਇਥੋਂ ਦਾ ਆਰਥਿਕ ਉਤਪਾਦਨ 80 ਅਰਬ ਡਾਲਰ ਸੀ। ਅਗਲੇ ਦਸ ਸਾਲਾਂ ਵਿਚ ਇਸ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ।
15 ਅਰਬ ਡਾਲਰ ਦਾ ਨੁਕਸਾਨ
6 ਮਹੀਨਿਆਂ ਤੱਕ ਚੱਲੇ ਇਸ ਵਿਦਰੋਹ ਕਾਰਨ ਲੀਬੀਆ ਨੂੰ 15 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਲੀਬੀਆ ਸੈਂਟਰਲ ਬੈਂਕ ਦੇ ਸਾਬਕਾ ਗਵਰਨਰ ਫਰਹਤ ਬੰਗਦਾਰਾ ਦਾ ਕਹਿਣਾ ਹੈ ਕਿ ਜੇਕਰ ਵਿਦੇਸ਼ੀ ਸਰਕਾਰਾਂ ਲੀਬੀਆ ਦੀ ਜਬਤ ਸੰਪਤੀ ਨੂੰ ਮੁਕਤ ਕਰ ਦੇਣ ਤਾਂ ਇਹ ਬਹੁਤਾ ਵੱਡਾ ਸੰਕਟ ਨਹੀਂ ਹੈ।
——————————-
ਅਮਰੀਕਾ ਨਾਲ ਇਨਾਂ ਨਾਲ ਹੈ ਅਣਬਣ
ਉਤਰੀ ਕੋਰੀਆ : ਕਿਮ ਜੌਂਗ ਈਲ
ਜਿੰਮਬਾਬਵੇ : ਰੌਬਰਟ ਮੁਗਾਬਵੇ
ਸੁਡਾਨ : ਓਮਰ ਅਲ ਬਸ਼ੀਰ
ਤੁਰਕਮੇਨਿਸਤਾਨ : ਸਾਪਰਮੂਰਤ ਨਿਆਯੇਵ
ਕਿਊਬਾ : ਫਿਦੇਲ ਕਾਸਤਰੋ
ਸਵਾਜੀਲੈਂਡ : ਕਿੰਗ ਸਵਾਤੀ
ਸਾਊਦੀ ਅਰਬ : ਕਿੰਗ ਅਬਦੁੱਲਾ
ਸੀਰੀਆ : ਬਸ਼ਰ ਅਲ ਅਸਦ
ਯਮਨ : ਅਲੀ ਅਬਦੁੱਲਾ ਸਾਲੇਹ
ਇਕਵੇਟੋਰੀਅਲ ਗਿਨੀ : ਟਿਓਡੋਰੋ
ਜਾਰਡਨ : ਕਿੰਗ ਹੁਸੈਨ
——————————-
ਗੱਦਾਫ਼ੀ ਦਾ ਜੀਵਨ
* ਗੱਦਾਫ਼ੀ ਦਾ ਜਨਮ 1942 ਨੂੰ ਸਿਰਤੇ ਵਿਚ ਹੋਇਆ। ਗੱਦਾਫ਼ੀ ਨੇ 1961 ਵਿਚ ਲੀਬੀਆ ਯੂਨੀਵਰਸਿਟੀ ਤੋਂ ਇਤਿਹਾਸ ਦੀ ਪੜ•ਾਈ ਕੀਤੀ। ਇਸ ਤੋਂ ਬਾਅਦ ਗੱਦਾਫ਼ੀ ਨੇ ਬੇਨਘਾਜੀ ਫੌਜੀ ਅਕਾਦਮੀ ਵਿਚ ਦਾਖ਼ਲਾ ਲਿਆ।
* 1965 ਵਿਚ ਗਰੈਜੂਏਸ਼ਨ ਕਰਨ ਤੋਂ ਬਾਅਦ ਗੱਦਾਫ਼ੀ ਨੇ ਲੀਬੀਆ ਦੀ ਫੌਜ ਵਿਚ ਨੌਕਰੀ ਕੀਤੀ ਅਤੇ 1966 ਵਿਚ ਗੱਦਾਫ਼ੀ ਨੂੰ ਸਿਖਲਾਈ ਲੈਣ ਲਈ ਬ੍ਰਿਟੇਨ ਰੌਇਲ ਮਿਲਟਰੀ ਅਕੈਡਮੀ ਸੈਂਡਹਸਰਟ ਭੇਜ ਦਿੱਤਾ ਗਿਆ।
* ਗੱਦਾਫ਼ੀ ਨੇ ਇਕ ਸਤੰਬਰ 1969 ਨੂੰ ‘ਫਰੀ ਆਫਿਸਰਜ਼ ਮੂਵਮੈਂਟ’ ਚਲਾ ਕੇ ਸੁਲਤਾਨ ਇੰਦਰੀਸ ਦਾ ਤਖਤਾ ਪਲਟ ਦਿੱਤਾ ਅਤੇ ਲੀਬੀਆ ਅਰਬ ਰਿਪਬਲਿਕ ਦੀ ਸਥਾਪਨਾ ਕੀਤੀ।
* ਗੱਦਾਫ਼ੀ ਉਦੋਂ ਤੋਂ ਹੀ ਰੈਵੋਲੂਸ਼ਨਰੀ ਕਮਾਂਡ ਕੌਂਸਲ ਦੇ ਪ੍ਰਧਾਨ ਅਤੇ ਲੀਬੀਆ ਦੀ ਹਥਿਆਰਬੰਦ ਫੌਜ ਦੇ ਕਮਾਂਡਰ ਇਨ ਚੀਫ਼ ਬਣੇ।
* 42 ਸਾਲ ਤੱਕ ਸ਼ਾਸਨ ਕਰਨ ਵਾਲੇ ਗੱਦਾਫ਼ੀ ਨੂੰ ਅਗਸਤ 2011 ਵਿਚ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ।
* ਗੱਦਾਫ਼ੀ ਦੇ ਦੁਨੀਆ ਦੇ ਕਈ ਦੇਸ਼ਾਂ ਨਾਲ ਸਬੰਧ ਸੁਖਾਵੇਂ ਨਹੀਂ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਇਕ ਵਾਰ ਉਸ ਨੂੰ ਪਾਗਲ ਕੁੱਤਾ ਕਹਿ ਦਿੱਤਾ ਸੀ।