ਵਾਸ਼ਿੰਗਟਨ : ਅਮਰੀਕਾ ਦੇ ਦੱਖਣੀ ਕੈਰੋਲੀਨਾ ਸੂਬੇ ਦੇ ਲਈ 12 ਜਨਵਰੀ ਦਾ ਦਿਨ ਕਾਫੀ ਅਹਿਮ ਸੀ, ਕਿਉਂਕਿ ਇਸ ਦਿਨ ਦੱਖਣੀ
ਕੈਰੋਲੀਨਾ ਵਿਚ ਪਹਿਲੀ ਵਾਰ ਕਿਸੇ ਔਰਤ ਨੇ ਗਵਰਨਰ ਦਾ ਸਰਬਉੱਚ ਅਹੁਦਾ ਸੰਭਾਲਿਆ। ਅੰਮ੍ਰਿਤਸਰ ਦੇ ਸਿੱਖ ਪਰਿਵਾਰ ਦੀ ਧੀ ਨਿੱਕੀ ਹੈਲੇ ਉਰਫ਼ ਨਮਰਤਾ ਰੰਧਾਵਾ ਅਮਰੀਕਾ ਵਿਚ ਗਵਰਨਰ ਅਹੁਦਾ ਸੰਭਾਲਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਹੈ। ਹਾਲਾਂਕਿ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੇ ਤੌਰ ‘ਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਉਹ ਦੂਸਰੀ ਸ਼ਖਸੀਅਤ ਹੈ।ਸਹੁੰ ਚੁੱਕਣ ਤੋਂ ਬਾਅਦ ਰਾਜਭਵਨ ‘ਚ ਅਪਣੇ ਪਹਿਲੇ ਸੰਬੋਧਨ ਵਿਚ ਨਿੱਕੀ ਹੈਲੀ ਨੇ ਭਾਰਤ ਨਾਲ ਜੁੜੀਆਂ ਅਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨਾਂ ਨੇ ਕਿਹਾ ਕਿ ਮੈਂ ਭਾਰਤੀ ਤੇ ਪੰਜਾਬੀ ਪਰਵਾਸੀਆਂ ਦੀ ਮਾਣ ਮੱਤੀ ਬੇਟੀ ਦੇ ਰੂਪ ‘ਚ ਤੁਹਾਡੇ ਸਾਹਮਣੇ ਖੜ੍ਹੀ ਹਾਂ। ਇਸ ਇਤਿਹਾਸਕ ਸਮਾਗਮ ਦੌਰਾਨ ਅਮਰੀਕਾ ‘ਚ ਭਾਰਤ ਦੀ ਰਾਜਦੂਤ ਮੀਰਾ ਸ਼ੰਕਰ, ਰਿਪਬਲਿਕਨ ਪਾਰਟੀ ਦੇ ਕਈ ਆਹਲਾ ਆਗੂ, ਕਾਂਗਰਸ ਦੇ ਕਈ ਮੈਂਬਰ ਅਤੇ ਅਮਰੀਕਾ ਭਰ ‘ਚ ਫੈਲੇ ਕਈ ਭਾਰਤੀ ਮੂਲ ਦੇ ਅਮਰੀਕੀ ਮੌਜੂਦ ਸਨ। ਨਿੱਕੀ ਨੂੰ ਸਹੁੰ ਸੁਪਰੀਮ ਕੋਰਟ ਦੇ ਜੱਜ ਨੇ ਚੁਕਾਈ। ਨਿੱਕੀ ਰੰਧਾਵਾ ਨੇ ਕਿਹਾ ਕਿ ਦੱਖਣੀ ਕੈਰੋਲਿਨਾ ਦੇ ਛੋਟੇ ਜਿਹੇ ਪੇਂਡੂ ਕਸਬੇ ‘ਚ ਜੰਮੀ ਪਲ਼ੀ ਮੈਂ ਅਤੇ ਮੇਰੇ ਪਰਿਵਾਰ ਨੇ ਇਸ ਪ੍ਰਦੇਸ਼ ਅਤੇ ਦੇਸ਼ ਨੂੰ ਬਹੁਤ ਨੇੜਿਓਂ ਵੇਖਿਆ ਹੈ। ਨਿੱਕੀ ਨੇ ਕਿਹਾ ਕਿ ਸਾਡਾ ਹਰ ਦਿਨ ਬਹੁਤ ਵਧੀਆ ਨਹੀਂ ਸੀ ਹੁੰਦਾ। ਅਜਿਹਾ ਨਹੀਂ ਸੀ ਹੁੰਦਾ ਕਿ ਅਸੀਂ ਬੋਝਾਂ ਤੇ ਪਰੇਸ਼ਾਨੀਆਂ ਤੋਂ ਮੁਕਤ ਰਹਿੰਦੇ ਸਾਂ। ਅਹੁਦੇ ਦੀ ਸਹੁੰ ਚੁੱਕਣ ਪਿਛੋਂ ਉਨ੍ਹਾਂ ਕਿਹਾ ਕਿ ਮੇਰੇ ਮਾਤਾ-ਪਿਤਾ ਤੇ ਮੇਰੇ ਭਰਾਵਾਂ ਤੇ ਭੈਣਾਂ ਨੇ ਹਮੇਸ਼ਾ ਇਹ ਯਾਦ ਦਿਵਾਇਆ ਕਿ ਅਸੀਂ ਇਸ ਦੇਸ਼ ‘ਚ ਰਹਿਣ ਵਾਲੇ ਭਾਗਸ਼ਾਲੀ ਨਾਗਰਿਕ ਹਾਂ।1982 ਵਿਚ ਜਨਮੀਂ ਨਮਰਤਾ ਰੰਧਾਵਾ ਇਸ ਵਕਤ ਲੇਵਿੰਗਸਟਨ ਵਿਚ ਅਪਣੇ ਪਤੀ ਮਾਈਕਲ ਅਤੇ ਦੋ ਬੱਚਿਆਂ ਪੁੱਤਰੀ ਰੈਨਾ ਤੇ ਪੁੱਤਰ ਨਲਿਨ ਨਾਲ ਰਹਿ ਰਹੀ ਹੈ।
No comments:
Post a Comment