ਸੋਮਵਾਰ, 7 ਦਿਸੰਬਰ 2009
ਕੋਪਨਹੇਗਨ : ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੋੱਕੇ ਰਾਸਮੁੱਸੇਨ ਵੱਲੋਂ ਧਰਤੀ ਬਚਾਉਣ ਦਾ ਅਚੂਕ ਮੌਕਾ ਕਰਾਰ ਦਿੱਤੇ ਜਾਣ ਦੇ ਨਾਲ ਹੀ ਜਲਵਾਯੂ ਬਦਲਾਅ ਦੇ ਮੁੱਦੇ ਉੱਪਰ ਹੁਣ ਤੱਕ ਦਾ ਸੱਭ ਤੋਂ ਵੱਡਾ ਵਾਤਾਵਰਣ ਸੰਮੇਲਨ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿਖੇ ਅੱਜ ਰਸਮੀ ਰੂਪ ਨਾਲ ਸ਼ੁਰੂ ਹੋ ਗਿਆ।ਰਾਸਮੁੱਸੇਨ ਨੇ ਸੰਮੇਲਨ ਦੇ ਉਦਘਾਟਨ ਮੌਕੇ ਕਿਹਾ ਕਿ ਇਸ ਮੌਕੇ ਦਾ ਲਾਹਾ ਲੈ ਕੇ ਅਸੀਂ ਜਲਵਾਯੂ ਬਦਲਾਅ ਬਾਰੇ ਅਸਾਨੀ ਨਾਲ ਸਮਝੌਤਾ ਕਰ ਸਕਦੇ ਹਾਂ।ਉਹਨਾਂ ਕਿਹਾ ਕਿ ਸੰਮੇਲਨ ਵਿਚ ਭਾਗ ਲੈ ਰਹੇ ਦੁਨੀਆ ਦੇ ਕਈ ਨੇਤਾ ਜਲਵਾਯੂ ਬਦਲਾਅ ਦੇ ਖਤਰਿਆਂ ਨੂੰ ਘਟਾਉਣ ਲਈ ਕੋਈ ਇੱਕ ਰਾਏ ਬਣਾ ਸਕਦੇ ਹਨ।ਉਹਨਾਂ ਕਿਹਾ ਕਿ ਇਹ ਇੱਕ ਵੱਡਾ ਮੌਕਾ ਹੈ।ਇਹ ਇੱਕ ਅਜਿਹਾ ਮੌਕਾ ਹੈ ਜਿਸ ਨੂੰ ਸੰਸਾਰ ਗੁਆਉਣਾ ਨਹੀਂ ਚਾਹੁੰਦਾ।ਉਹਨਾਂ ਕਿਹਾ ਕਿ ਸੰਮੇਲਨ ਵਿਚ ਕਾਰਬਨ ਨਿਕਾਸੀ ਕਟੌਤੀ ਬਾਰੇ ਅਮਰੀ ਅਤੇ ਗਰੀਬ ਦੇਸ਼ਾਂ ਵਿਚਕਾਰ ਚੱਲ ਰਹੇ ਵਿਵਾਦ ਦਾ ਨਿਬਟਾਰਾ ਵੀ ਕਰਨਾ ਹੋਵੇਗਾ। ਸੰਮੇਲਨ ਵਿਚ ਦੁਨੀਆ ਭਰ ਤੋਂ ਆਏ 15 ਹਜ਼ਾਰ ਅਧਿਕਾਰੀ, ਵਾਤਾਵਰਣ ਵਿਗਿਆਨੀ ਅਤੇ ਪੱਤਰਕਾਰ ਭਾਗ ਲੈ ਰਹੇ ਹਨ।ਦੋ ਵਰ੍ਹਿਆਂ ਦੀ ਕੋਸ਼ਿਸ਼ ਮਗਰੋਂ ਇਸ ਬੈਠਕ ਵਿਚ ਸ਼ਾਮਲ ਹੋ ਰਹੇ 192 ਦੇਸ਼ ਜਲਵਾਯੂ ਬਦਲਾਅ ਦੇ ਮਾੜ੍ਹੇ ਸਿੱਟਿਆਂ ਨੂੰ ਰੋਕਣ ਲਈ ਕਿਸੇ ਠੋਸ ਸਿੱਟੇ ਉੱਪਰ ਪੁੱਜਣ ਦੀ ਕੋਸ਼ਿਸ਼ ਕਰਨਗੇ।ਸੰਮੇਲਨ ਵਿਚ ਭਾਗ ਲੈਣ ਲਈ ਵਿਸ਼ਵ ਦੇ 105 ਨੇਤਾਵਾਂ ਨੇ ਸੱਦਾ ਕਬੂਲ ਕੀਤਾ ਹੈ ਜਿੰਨ੍ਹਾਂ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਚੀਨੀ ਨੇਤਾ ਵੇਨ ਜਿਆਬਾਓ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹਨ।
No comments:
Post a Comment