ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, December 25, 2009

ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫਰੰਸਾਂ

ਲੱਖਾਂ ਸੰਗਤਾਂ ਨੇ ਠੰਡਾ ਬੁਰਜ ਤੇ ਸ਼ਹੀਦੀ ਅਸਥਾਨ 'ਤੇ ਮੱਥਾ ਟੇਕਿਆ
ਫ਼ਤਿਹਗੜ੍ਹ ਸਾਹਿਬ : ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਫ਼ਤਿਹਗੜ੍ਹ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਲੱਖਾਂ ਸੰਗਤਾਂ ਨੇ ਗੁਰਦੁਆਰਾ ਜੋਤੀ ਸਰੂਪ, ਠੰਡਾ ਬੁਰਜ ਤੇ ਸ਼ਹੀਦੀ ਅਸਥਾਨ 'ਤੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਦੇ ਨਾਲ ਹੀ ਅੱਜ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ 'ਚ ਆਪਣੀਆਂ ਕਾਨਫਰੰਸਾਂ ਕਰਕੇ ਇਕ-ਦੂਜੇ 'ਤੇ ਦੂਸ਼ਣਬਾਜ਼ੀ ਦੇ ਕੜ੍ਹ ਤੋੜੇ।ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਾਂਗਰਸ 'ਤੇ ਸਿੱਖਾਂ ਨਾਲ ਮੁੱਢ-ਕਦੀਮੋਂ ਦੁਸ਼ਮਣੀ ਪਾਲਣ ਦਾ ਦੋਸ਼ ਲਗਾਇਆ ਅਤੇ ਕਾਂਗਰਸ ਨੇ ਬਾਦਲ ਪਰਿਵਾਰ 'ਤੇ ਪੰਜਾਬ ਦਾ ਬੇੜਾ ਡੋਬਣ ਦੀ ਇਲਜ਼ਾਮਬਾਜ਼ੀ ਕੀਤੀ। ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜ਼ਰੀ ਕਾਂਗਰਸ ਦੀ ਕਾਨਫਰੰਸ 'ਚ ਰੜਕਦੀ ਰਹੀ। ਕਾਂਗਰਸ ਦੀ ਕਾਨਫਰੰਸ 'ਚ ਬੀਬੀ ਰਜਿੰਦਰ ਕੌਰ ਭੱਠਲ, ਜਗਮੀਤ ਸਿੰਘ ਬਰਾੜ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ।ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਟੇਜ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਣੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਇਸ ਤੋਂ ਬਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰੈਲੀ 'ਚ ਸਿਮਰਨਜੀਤ ਸਿੰਘ ਮਾਨ ਨੇ ਖ਼ਾਲਿਸਤਾਨ ਦਾ ਰਾਗ ਅਲਾਪਿਆ। ਅਕਾਲੀ ਦਲ ਪੰਚ ਪ੍ਰਧਾਨੀ, ਦਲ ਖ਼ਾਲਸਾ ਅਤੇ ਖ਼ਾਲਸਾ ਐਕਸ਼ਨ ਕਮੇਟੀ ਵਲੋਂ ਸਾਂਝੀ ਸਟੇਜ ਤੋਂ ਡੇਰਾਵਾਦ ਨੂੰ ਜੜ੍ਹੋਂ ਪੁੱਟਣ ਦਾ ਅਹਿਦ ਕੀਤਾ। ਇਸ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਵਿਚ ਅਕਾਲ ਅਕੈਡਮੀ ਬੜੂ ਸਾਹਿਬ ਦੇ ਬੱਚਿਆਂ ਵਲੋਂ ਆਧੁਨਿਕ ਸਕੈਨਰਾਂ ਅਤੇ ਵੀਡੀਓ ਪ੍ਰਾਜੈਕਟਾਂ ਰਾਹੀਂ ਨਸ਼ਾਖੋਰੀ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਜੋ ਸ਼ਰਧਾਵਾਨ ਲੋਕਾਂ ਦੀ ਵੱਡੀ ਆਕਰਸ਼ਨ ਦਾ ਕੇਂਦਰ ਸੀ।

No comments:

Post a Comment