ਡੇਰਾ ਸੱਚਖੰਡ ਬੱਲਾਂ ਦੇ ਵਾਈਸ ਚੇਅਰਮੈਨ ਸੰਤ ਸੁਰਿੰਦਰ ਦਾਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾ ਛੱਡਣ ਦਾ ਫੈਸਲਾ ਲਿਆ
ਜਲੰਧਰ: ਨਵੇਂ ਰਵਿਦਾਸੀਆ ਧਰਮ ਅਤੇ ਨਵੇਂ ਗ੍ਰੰਥ ਦੇ ਕੀਤੇ ਗਏ ਐਲਾਨ ਨੇ ਰਵਿਦਾਸੀਆ ਭਾਈਚਾਰੇ ਨੂੰ ਦੋ ਗੁਟਾਂ ਵਿਚ ਵੰਡ ਦਿੱਤਾ ਹੈ
। ਦਿਲਚਸਪ ਗੱਲ ਇਹ ਹੈ ਕਿ ਭਾਈਚਾਰੇ ਦੀ ਬਹੁਸੰਮਤੀ ਨੇ ਇਸ ਨਵੇਂ ਧਰਮ ਨੂੰ ਮੰਨਣ ਤੋਂ ਸਾਫ ਇਨਕਾਰ ਕੀਤਾ ਹੈ। ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਰੰਜਣ ਦਾਸ ਤੋਂ ਬਾਅਦ ਸਭ ਤੋਂ ਸੀਨੀਅਰ ਸੰਤ ਸੁਰਿੰਦਰ ਦਾਸ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਉਹ ਇਸ ਨਾਲ ਸਹਿਮਤ ਨਹੀਂ ਅਤੇ ਇਸ ਸਾਰੀ ਕਾਰਵਾਈ ਦਾ ਉਹ ਬਾਈਕਾਟ ਕਰਦੇ ਹਨ। ਸੰਤ ਸੁਰਿੰਦਰ ਦਾਸ ਡੇਰਾ ਬੱਲਾਂ ਟਰੱਸਟ ਦੇ ਵਾਈਸ ਚੇਅਰਮੈਨ ਹਨ। ਸੁਰਿੰਦਰ ਦਾਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾ ਛੱਡਣ ਦਾ ਫੈਸਲਾ ਲਿਆ ਅਤੇ ਅਪਣੇ ਡੇਰੇ ਵਿਚ ਨਵਾਂ ਗ੍ਰੰਥ ਸਥਾਪਿਤ ਕਰਨ ਤੋਂ ਵੀ ਨਾਂਹ ਕਰ ਦਿੱਤੀ ਹੈ। ਪੰਜਾਬ ਪੁਲਿਸ ਨੇ ਚੌਕਸੀ ਵਿਖਾਉਂਦਿਆਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਸਹੁਜਨ ਸਮਾਜ ਪਾਰਟੀ ਅਤੇ ਰਵਿਦਾਸੀਆ ਭਾਈਚਾਰੇ ਦੇ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਵਾਦ ਦੇ ਚੱਲਦਿਆਂ ਡੇਰਾ ਸੱਚਖੰਡ ਬੱਲਾਂ ਨੇ ਐਲਾਨ ਤੋਂ ਅਗਲੇ ਦਿਨ ਤੋਂ ਹੀ ਮੀਡੀਆ ਤੋਂ ਦੂਰੀ ਬਣਾ ਰੱਖੀ ਹੈ ਅਤੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੰਘੀ 30 ਜਨਵਰੀ ਨੂੰ ਕਾਂਸ਼ੀ ਦੇ ਤੀਰਥ ਅਸਥਾਨ ਸ਼ੀਰ ਗੋਵਰਧਨਪੁਰ ਵਿਖੇ ਡੇਰਾ ਸੱਚਖੰਡ ਬੱਲਾਂ ਦੀ ਅਗਵਾਈ ਵਿਚ ਰਵਿਦਾਸੀਆ ਭਾਈਚਾਰੇ ਦੇ ਇਕੱਠ ਵਿਚ ਨਵੇਂ ਧਰਮ, ਨਵੇਂ ਗ੍ਰੰਥ ਅਤੇ ਨਵੇਂ ਚਿੰਨ੍ਹ ਦਾ ਐਲਾਨ ਕਰਦਿਆਂ ਬਕਾਇਦਾ ਧਰਮ ਕੋਡ ਵੀ ਜਾਰੀ ਕੀਤਾ ਗਿਆ ਸੀ। ਜਿਸ ਨੇ ਵਿਸ਼ਵ ਭਰ ਵਿਚ ਫੈਲੇ ਰਵਿਦਾਸੀਆ ਭਾਈਚਾਰੇ ਅਤੇ ਪੰਥਕ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਵੱਖਰੇ ਧਰਮ ਦੇ ਐਲਾਨ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਨੂੰ ਜਿੱਥੇ ਰਵਿਦਾਸੀਆਂ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੁਣ ਡੇਰੇ ਦੇ ਅੰਦਰੋਂ ਵੀ ਡਟਵੇਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੇਰਾ ਸੱਚਖੰਡ ਬੱਲਾਂ ਦੀ ਇੱਕ ਬ੍ਰਾਂਚ ਨੂਪੁਰ-ਢੇਪੁਰ ਨੇੜੇ ਅੱਡਾ ਕਠਾਰ `ਚ ਸੰਤ ਸੁਰਿੰਦਰ ਦਾਸ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਵਿਸ਼ਵਾਸ ਤੇ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਹੈ। ਉਨ੍ਹਾਂ ਮੌਜੂਦਾ ਪੈਦਾ ਹੋਏ ਹਾਲਾਤਾਂ ਲਈ ਸਰਕਾਰ ਤੇ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਨੂੰ ਬਰਾਬਰ ਦੇ ਦੋਸ਼ੀ ਦੱਸਿਆ, ਜਿਨ੍ਹਾਂ ਨੇ ਰਵਿਦਾਸੀਆ ਭਾਈਚਾਰੇ ਨਾਲ ਹੋ ਰਹੇ ਵਿਤਕਰਿਆਂ ਨੂੰ ਦੂਰ ਕਰਨ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ। ਓਧਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਜਿਸ ਵਿਚ ਰਾਮਦਾਸੀਆ ਭਾਈਚਾਰੇ ਦੇ 150 ਡੇਰੇ ਸ਼ਾਮਲ ਹਨ ਨੇ ਇਸ ਨਵੇਂ ਗ੍ਰੰਥ ਨੂੰ ਰੱਦ ਕੀਤਾ ਹੈ।
ਜਾਣਕਾਰੀ ਮੁਤਾਬਕ ਡੇਰਾ ਸੱਚਖੰਡ ਬੱਲਾਂ ਵਲੋਂ ਨਵੇਂ ਧਾਰਮਿਕ ਗ੍ਰੰਥ ‘ਅੰਮ੍ਰਿਤ ਬਾਣੀ ਜਗਤਗੁਰੂ ਰਵਿਦਾਸ ਜੀ’ ਦੀਆਂ ਜੋ ਵੀਹ ਹਜ਼ਾਰ ਪੋਥੀਆਂ ਬਨਾਰਸ ਵਿਖੇ ਵੰਡੀਆਂ ਗਈਆਂ ਹਨ, ਉਸ ਗ੍ਰੰਥ ਦੇ 177 ਪੰਨੇ ਹਨ ਅਤੇ ਇਸ ਵਿਚ ਗੁਰੂ ਰਵਿਦਾਸ ਜੀ ਦੇ 240 ਸ਼ਬਦ ਅਤੇ ਸਲੋਕ ਦਰਜ ਹਨ। ਜਿਨ੍ਹਾਂ ਵਿਚ 40 ਸ਼ਬਦ ਉਹ ਵੀ ਸ਼ਾਮਲ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਗ੍ਰੰਥ ਜਲੰਧਰ ਜ਼ਿਲ੍ਹੇ ਦੇ ਪਿੰਡ ਢੱਡੇ ਨੰਗਲ ਕਰਾਰ ਖਾਨ ਅਤੇ ਡੇਰਾ ਸੱਚਖੰਡ ਬੱਲਾਂ ਵਿਚ ਪ੍ਰਕਾਸ਼ ਕੀਤਾ ਗਿਆ ਹੈ।
ਨਵੇਂ ਧਰਮ ਤੇ ਨਵੇਂ ਗ੍ਰੰਥ ਸਬੰਧੀ ਡੇਰਾ ਬੱਲਾਂ ਦੇ ਸੰਤ ਸੁਰਿੰਦਰ ਦਾਸ ਨੇ ਡੇਰੇ ਦੇ ਗੱਦੀਨਸ਼ੀਨ ਦੇ ਫੈਸਲੇ ਨਾਲ ਅਸਹਿਮਤੀ ਜਾਹਰ ਕਰਦਿਆਂ ਕਿਹਾ ਕਿ ਇਹ ਮਾਮਲਾ ਸਮਾਜ ਦੇ ਲੋਕਾਂ `ਚ ਵਿਚਾਰਨ ਲਈ ਖੁੱਲ੍ਹਾ ਛੱਡਣਾ ਚਾਹੀਦਾ ਸੀ। ਇਸ ਬਾਰੇ ਲੰਬਾ ਸਮਾਂ ਚਰਚਾ ਕਰਵਾਉਣੀ, ਸੈਮੀਨਾਰ ਕਰਵਾਉਣੇ ਤੇ ਵਿਦਵਾਨਾਂ ਦੀ ਰਾਏ ਲੈਣੀ ਚਾਹੀਦੀ ਸੀ। ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਹੁਣ ਜੋ ਕੁਝ ਹੋ ਰਿਹਾ ਹੈ, ਉਹ ਸੰਤ ਰਾਮਾਨੰਦ ਦੀ ਵਿਚਾਰਧਾਰਾ ਦੇ ਅਨਕੂਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸੰਤ ਰਾਮਾਨੰਦ ਨੇ ਆਪਣੀ ਸ਼ਹਾਦਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਚਾਰ ਕੀਤਾ। ਉਹ ਡੇਰੇ `ਚ ਵੀ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਪੜ੍ਹਾਉਂਦੇ ਸਨ। ਉਨ੍ਹਾ ਗੱਲਬਾਤ ਦੌਰਾਨ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖ ਭਾਈਚਾਰੇ ਦਾ ਹੀ ਗ੍ਰੰਥ ਨਹੀਂ ਹੈ। ਸੰਤ ਸੁਰਿੰਦਰ ਦਾਸ ਨੇ ਧਾਰਮਿਕ ਲੀਡਰਸ਼ਿਪ ਤੇ ਖਾਸ ਕਰਕੇ ਜਥੇਦਾਰਾਂ ਦੀ ਤਿੱਖੀ ਅਲੋਚਨਾ ਕੀਤੀ ਕਿ ਜਿਨ੍ਹਾਂ ਨੇ ਜਾਤਪਾਤ ਖਤਮ ਕਰਨ ਲਈ ਕੁਝ ਵੀ ਨਹੀਂ ਕੀਤਾ।