ਸੀਬੀਆਈ ਤੇ ਦਿੱਲੀ ਪੁਲਿਸ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ `ਤੇ ਸਹਿਮਤ
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਤੇ ਦਿੱਲੀ ਪੁਲਿਸ ਨੇ 1984 `ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮੁਕੱਦਮੇ ਲੜਨ ਲਈ ਦਿੱਲੀ ਹਾਈ ਕੋਰਟ ਸਾਹਮਣੇ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਇਨ੍ਹਾਂ ਸਾਰੇ ਮੁਕੱਦਮਿਆਂ ਦਾ ਨਿਪਟਾਰਾ 6 ਮਹੀਨਿਆਂ ਦੇ ਅੰਦਰ ਅੰਦਰ ਕਰ ਦੇਵੇ। ਜਾਂਚ ਏਜੰਸੀਆਂ ਨੇ ਅਦਾਲਤ ਨੂੰ ਦੱਸਿਆ ਹੈ ਕਿ ਇਨ੍ਹਾਂ ਮੁਕੱਦਮਿਆਂ ਲਈ ਸੀਨੀਅਰ ਵਕੀਲਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਦਿੱਲੀ ਹਾਈ ਕੋਰਟ ਨੇ ਜਾਂਚ ਏਜੰਸੀਆਂ ਦੀ ਖਿਚਾਈ ਕਰਦਿਆਂ ਸੀ. ਬੀ. ਆਈ. ਦੇ ਡਾਇਰੈਕਟਰ ਨੂੰ ਆਦੇਸ਼ ਦਿੱਤੇ ਸਨ ਕਿ ਗੁਜਰਾਤ ਦੰਗਿਆਂ ਦੇ ਮੁਕੱਦਮਿਆਂ ਦੀ ਤਰਜ਼ `ਤੇ ਸੀਨੀਅਰ ਵਕੀਲਾਂ ਨੂੰ ਵਿਸ਼ੇਸ਼ ਤੌਰ `ਤੇ ਇਹ ਮੁਕੱਦਮੇ ਲੜਨ ਲਈ ਨਿਯੁਕਤ ਕੀਤਾ ਜਾਵੇ। ਸੀ. ਬੀ. ਆਈ. ਵੱਲੋਂ ਪੇਸ਼ ਹੋਏ ਵਕੀਲ ਵਿਕਾਸ ਪਾਹਵਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੀਨੀਅਰ ਵਕੀਲ ਆਰ. ਐੱਸ. ਚੀਮਾ ਅਤੇ ਵਾਈ. ਕੇ. ਸਕਸੈਨਾ ਨੂੰ ਸੁਣਵਾਈ ਕਰ ਰਹੀ ਅਦਾਲਤ ਅਤੇ ਵਧੀਕ ਸੋਲਿਸਟਰ ਜਨਰਲ ਏ. ਐੱਸ. ਚੰਡੋਕ ਹਾਈ ਕੋਰਟ `ਚ `84 ਦੰਗਿਆਂ ਦੀ ਪੈਰਵੀ ਕਰਨਗੇ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਸੀਨੀਅਰ ਵਕੀਲ ਬੀ. ਐੱਸ. ਜੂਨ ਹੇਠਲੀ ਅਦਾਲਤ ਅਤੇ ਸੀਨੀਅਰ ਵਕੀਲ ਐੱਚ. ਜੇ. ਐੱਸ. ਆਹਲੂਵਾਲੀਆ ਹਾਈ ਕੋਰਟ `ਚ ਲੰਬਿਤ ਪਏ `84 ਦੇ ਦੰਗਿਆਂ ਦੇ ਕੇਸ ਜਿਨ੍ਹਾਂ `ਚ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵੀ ਸ਼ਾਮਿਲ ਹਨ ਦੀ ਪੈਰਵੀ ਕਰਨਗੇ।
No comments:
Post a Comment