ਸੰਗਰੂਰ ਜਿਲ੍ਹੇ ਦੇ ਪਿੰਡ ਝੂੰਦਾਂ ਵਿੱਚ ਜਵਾਨ ਹੋ ਕੇ ਅਪਣੀ ਲੇਖਣੀ ਨਾਲ ਸਿੱਖ ਜਗਤ ਵਿੱਚ ਵਿਲੱਖਣ ਸਥਾਨ ਅਤੇ ਉੱਚੇਚੀ ਪਛਾਣ ਬਣਾ ਲੈਣ ਵਾਲਾ ਸਾਧਕ, ਚਿੰਤਕ ਅਤੇ ਅਲਬੇਲਾ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਅਪਣਾ ਲੰਮਾ ਸਫ਼ਰ ਤਹਿ ਕਰਨ ਬਾਅਦ ਇਸੇ ਪਿੰਡ ਦੀ ਮਿੱਟੀ ਵਿੱਚ ਸਦਾ ਸਦਾ ਲਈ ਸਮਾ ਗਿਆ। ਅਪਣੀ ਅਮਰ ਸਿਧਾਂਤਕ ਕ੍ਰਿਤ ‘ਸਹਿਜੇ ਰਚਿਓ ਖਾਲਸਾ’ ਅਤੇ ਪੰਜਾਬੀ ਸ਼ਾਇਰੀ ਨੂੰ ਵਿਸ਼ਵ ਸ਼ਾਇਰੀ ਵਿੱਚ ਲਿਆ ਖੜ੍ਹਾ ਕਰਦੀ ਕਾਵਿ ਪੁਸਤਕ ‘ਝਨਾਂ ਦੀ ਰਾਤ’ ਤੋਂ ਇਲਾਵਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਦੋ ਭਾਗਾਂ ਵਾਲੇ ਮਹਾਂ ਕਾਵਿ ‘ਇਲਾਹੀ ਨਦਰ ਦੇ ਪੈਂਡੇ’ ਰਾਹੀਂ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕਰਨ ਵਾਲੇ ਹਰਿੰਦਰ ਸਿੰਘ ਮਹਿਬੂਬ ਸਰੀਰਕ ਤੌਰ ਉੱਤੇ ਭਾਵੇਂ ਸੋਮਵਾਰ 15 ਫਰਵਰੀ 2010 ਨੂੰ ਅਪਣੇ ਅਤਿ ਪਿਆਰੇ ਝੂੰਦਾਂ ਦੀ ਨਿੱਘੀ ਗੋਦ ਵਿੱਚ ਸਦੀਵੀ ਸੌਂ ਗਏ ਹਨ ਪਰ ਉਹ ਅਪਣੇ ਸ਼ਬਦਾਂ ਰਾਹੀਂ ਸਿਰਫ਼ ਇਸ ਇਲਾਕੇ ਵਿੱਚ ਹੀ ਨਹੀਂ ਬਲਕਿ ਧਰਤੀ ਦੇ ਜਿਸ ਹਿੱਸੇ ਵਿੱਚ ਵੀ ਕੋਈ ਸਿੱਖ/ਪੰਜਾਬੀ ਵਸਦਾ ਹੈ, ਉੱਥੇ ਸਦਾ ਖੁਦ ਜਿਉਂਦੇ ਅਤੇ ਪੰਜ ਦਰਿਆਵਾਂ ਦੇ ਜਾਇਆਂ ਨੂੰ ਉਨ੍ਹਾਂ ਦੇ ਮਾਨਵਤਾ ਦੇ ਭਲੇ ਵਾਸਤੇ ਗੁਰਬਾਣੀ ਦੇ ਸੁਨੇਹੇ ਸਬੰਧੀ ਸਦਾ ਜਗਾਉਂਦੇ ਰਹਿਣਗੇ। ਅਣਵੰਡੇ ਪੰਜਾਬ ਵਿੱਚ ਪਾਕਿਸਤਾਨ ਵਾਲੇ ਪਾਸੇ 33 ਲਾਇਲਪੁਰ ਵਿੱਚ ਜਨਮ ਲੈਣ ਬਾਅਦ ਵੰਡ ਕਾਰਨ ਇਧਰਲੇ ਪੰਜਾਬ ਵਿੱਚ ਜਵਾਨ ਹੋਏ ਸ.ਹਰਿੰਦਰ ਸਿੰਘ ਮਹਿਬੂਬ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਉੱਚ ਪੜ੍ਹਾਈ ਕਰਨ ਬਾਅਦ ਹੁਸਿ਼ਆਰਪੁਰ ਜਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਵਿਖੇ ਕਾਲਜ ਅਧਿਆਪਕ ਲੱਗਣ ਬਾਅਦ ਉਸ ਇਲਾਕੇ ਨੂੰ ਅਪਣੀ ਕਰਮਭੂਮੀ ਬਣਾਇਆ।
ਵਰਨਣਯੋਗ ਹੈ ਕਿ ਹਰਿੰਦਰ ਸਿੰਘ ਮਹਿਬੂਬ ਨੂੰ ਉਨ੍ਹਾਂ ਦੀ ਸ਼ਾਇਰੀ ਦੀ ਪੁਸਤਕ ‘ਝਨਾਂ ਦੀ ਰਾਤ‘ ਲਈ ਭਾਰਤ ਸਰਕਾਰ ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ‘ਸਹਿਜੇ ਰਚਿਓ ਖਾਲਸਾ‘ ਅਤੇ ‘ਇਲਾਹੀ ਨਦਰਿ ਦੇ ਪੈਂਡੇ‘ ਪੁਸਤਕਾਂ ਲਿਖੀਆਂ। ‘ਇਲਾਹੀ ਨਦਰਿ ਦੇ ਪੈਂਡੇ‘ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਉਤੇ ਆਧਾਰਤ ਹੈ। ਉਹ ਪੰਥ ਦੇ ਮੰਨੇ-ਪ੍ਰਵੰਨੇ ਵਿਦਵਾਨ ਸਨ। ਲੰਬਾ ਸਮਾਂ ਉਨ੍ਹਾਂ ਨੇ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਕੀਤੀ। ਉਨ੍ਹਾਂ ਦੀ ਪਹਿਲੀ ਕਿਤਾਬ ‘ਸਹਿਜੇ ਰਚਿਓ ਖ਼ਾਲਸਾ‘ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਕਵਿਤਾਵਾਂ ਦੀ ਕਿਤਾਬ ‘ਝਨਾਂ ਦੀ ਰਾਤ‘ ਛਪੀ ਸੀ, ਜਿਸ ਨੂੰ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ। ਫਿਰ ਉਨ੍ਹਾਂ ਨੂੰ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਵੀ ਮਿਲਿਆ। ਇਸ ਤੋਂ ਬਾਅਦ ‘ਇਲਾਹੀ ਨਦਰਿ ਦੇ ਪੈਂਡੇ‘ ਦੇ ਦੋ ਭਾਗ ਛਪ ਚੁੱਕੇ ਹਨ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਮਹਾ ਕਾਵਿ ਦੇ ਰੂਪ ਵਿਚ ਲਿਖਿਆ। ਤੀਜਾ ਭਾਗ ਉਹ ਇਸ ਵੇਲੇ ਲਿਖ ਰਹੇ ਸੀ, ਜਿਸ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਕੰਮ ਪੂਰਾ ਕਰ ਲਿਆ ਸੀ ਤੇ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਉਹ ਕੰਮ ਕਰ ਰਹੇ ਸਨ। ਉਹ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ।
No comments:
Post a Comment