ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, February 18, 2010

ਰਾਮ ਸਰੂਪ ਅਣਖੀ ਨੂੰ ਅੰਤਮ ਵਿਦਾਇਗੀ

ਚੰਡੀਗੜ : ਸ਼੍ਰੋਮਣੀ ਸਾਹਿਤਕਾਰ ਰਾਮ ਸਰੂਪ ਅਣਖੀ 14 ਤੇ 15 ਫਰਵਰੀ ਦੀ ਰਾਤ ਨੂੰ ਅਚਾਨਕ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਰਾਤ ਨੂੰ ਤਬੀਅਤ ਵਿਗੜਣ ਕਾਰਨ ਉਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ ਕਿ ਉਹ ਅਕਾਲ ਚਲਾਣਾ ਕਰ ਗਏ। ਸੋਮਵਾਰ ਨੂੰ ਜਦੋਂ ਰਾਮ ਸਰੂਪ ਅਣਖੀ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਸਪੁੱਤਰ ਕ੍ਰਾਂਤੀਪਾਲ ਅਗਨ ਭੇਂਟ ਕਰ ਰਹੇ ਸਨ ਤਾਂ ਸ਼੍ਰੀ ਅਣਖੀ ਦੀ ਕਲਮ ਦੇ ਹਜ਼ਾਰਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਸਨ।28 ਅਗਸਤ 1932 ਨੂੰ ਬਰਨਾਲਾ ਜਿਲੇ ਦੇ ਪਿੰਡ ਧੌਲਾ ਵਿਖੇ ਜਨਮੇਂ ਰਾਮ ਸਰੂਪ ਅਣਖੀ ਨੇ ਆਪਣਾ ਲੇਖਕ ਜੀਵਨ ਕਵਿਤਾ ਤੋਂ ਸ਼ੁਰੂ ਕੀਤਾ। ਉਨਾਂ ਦੇ ਨਾਵਲ ‘ਕੋਠੇ ਖੜਕ ਸਿੰਘ’ ਨੂੰ 1986 ਵਿਚ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਹੋਇਆ। ਉਨਾਂ ਦੇ ਪ੍ਰਸਿੱਧ ਨਾਵਲ ਪਰਦਾ ਤੇ ਰੋਸ਼ਨੀ, ਸੁਲਗਦੀ ਰਾਤ, ਕੱਖਾਂ ਕਾਨਿਆਂ ਦੇ ਪੁਲ, ਜ਼ਖ਼ਮੀ ਅਤੀਤ, ਢਿੱਡ ਦੀ ਆਂਦਰ ਆਦਿ ਹਨ। ਸੁੱਤਾ ਨਾਗ, ਕੱਚਾ ਧਾਗਾ, ਟੀਸੀ ਦਾ ਬੇਰ, ਖਾਰਾ ਦੁੱਧ, ਕਿੱਧਰ ਜਾਵਾਂ, ਸਵਾਲ ਦਰ ਸਵਾਲ, ਛੱਡ ਕੇ ਨਾ ਜਾ, ਚਿੱਟੀ ਕਬੂਤਰੀ ਆਦਿ ਉਨਾਂ ਦੀਆਂ ਪ੍ਰਸਿੱਧ ਕਹਾਣੀਆਂ ਹਨ। ਉਨਾਂ ਦੀ ਸਵੈ ਜੀਵਨੀ ‘ਮਲੇ ਝਾੜੀਆਂ’ ਵੀ ਬਹੁਤ ਪ੍ਰਸਿੱਧ ਹੋਈ। ਅੱਜ ਕੱਲ ਉਹ ‘ਹੱਡੀਂ ਬੈਠੇ ਪਿੰਡ’ ਪੁਸਤਕ ਦੀ ਤਿਆਰੀ ਕਰ ਰਹੇ ਸਨ। ਭਾਰਤ ਭਾਸ਼ਾ ਪ੍ਰੀਸ਼ਦ ਕਲਕੱਤਾ ਤੋਂ ਉਨਾਂ ਨੂੰ ‘ਮਿੱਟੀ ਦੀ ਜਾਤ’ ਕਹਾਣੀ ਸੰਗ੍ਰਹਿ ਤੇ 1990 ਵਿਚ ਐਵਾਰਡ ਮਿਲਿਆ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਲੋਂ 1992 ਵਿਚ ਕਰਤਾਰ ਸਿੰਘ ਧਾਲੀਵਾਲ ਯਾਦਗਾਰੀ ਐਵਾਰਡ ਦਿਤਾ ਗਿਆ। ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਨੇ ਉਨਾਂ ਦੇ ਕਹਾਣੀ ਸੰਗ੍ਰਹਿ ‘ਲੋਹੇ ਦਾ ਗੇਟ’ ’ਤੇ 1994 ਵਿਚ ਐਵਾਰਡ ਦਿਤਾ। ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਐਵਾਰਡ 2005 ਵਿਚ ਦਿਤਾ ਗਿਆ। ਉਨ•ਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਿੰਦੀ ਵਿਚ ਅਨੁਵਾਦ ਹੋਈਆਂ। ਉਨਾਂ ਦੇ ਨਾਵਲ ਪ੍ਰਤਾਪੀ ਨੂੰ ਟੈਲੀਵਿਜ਼ਨ ਚੈਨਲ ’ਤੇ 70 ਕਿਸਤਾਂ ਵਿਚ ਪੇਸ਼ ਕੀਤਾ ਗਿਆ। ਉਨਾਂ ਦੀਆਂ ਇਕ ਦਰਜਨ ਤੋਂ ਵੱਧ ਕਹਾਣੀਆਂ ਦੂਰਦਰਸ਼ਨ’ਤੇ ਪੇਸ਼ ਹੋ ਚੁੱਕੀਆਂ ਹਨ। ਉਨਾਂ ਦਾ ਨਾਵਲ ‘ਕੋਠੇ ਖੜਕ ਸਿੰਘ’ 1940 ਤੋਂ ਲੈ ਕੇ ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਬਣਨ ਅਤੇ ਇੰਦਰਾ ਗਾਂਧੀ ਦੇ ਦੁਬਾਰਾ ਸ਼ਕਤੀਸ਼ਾਲੀ ਬਣ ਜਾਣ ਤਕ ਤਿੰਨ ਪੁਸ਼ਤਾਂ ਨੂੰ ਬਿਆਨਦਾ ਹੈ। ਉਨਾਂ 16 ਨਾਵਲ, 14 ਕਹਾਣੀ ਸੰਗ੍ਰਹਿ ਲਿਖੇ। ਨਾਵਲ ‘ਭੀਮਾ’ ਵਿਚ ਬਿਹਾਰੀ, ਯੂਪੀ ਦੇ ਭਈਏ ਜੋ ਪੰਜਾਬ ਵਿਚ ਆ ਰਹੇ ਹਨ, ਕਿਵੇਂ ਪੰਜਾਬ ਦੇ ਮਾਹੌਲ ਬਦਲ ਰਹੇ ਹਨ, ਨੂੰ ਬਾਖ਼ੂਬੀ ਚਿਤਰਿਆ ਹੈ।

No comments:

Post a Comment