ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, August 7, 2009

ਅਕਾਲੀ ਦਲ ਨੇ ਜ਼ਿਮਨੀ ਚੋਣਾਂ ਜਿੱਤੀਆਂ

ਸੁਖਬੀਰ 80662, ਸੇਖਵਾਂ 12044 ਤੇ ਬਨੀ 19,809 ਵੋਟਾਂ ਦੇ ਫ਼ਰਕ ਨਾਲ ਜੇਤੂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 3 ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਬਾਜ਼ੀ ਮਾਰਦੇ ਹੋਏ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਸਾਹਮਣੇ ਆਏ ਚੋਣ ਨਤੀਜਿਆਂ ‘ਚ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਚੋਣ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਮੈਡਮ ਕੁਸਮਜੀਤ ਸਿੱਧੂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦਾ ਕੰਮ ਸ਼ਾਂਤੀਪੂਰਨ ਨੇਪਰੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਨੇ ਤਿੰਨੇ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਦੇ ਤਿੰਨੇ ਉਮੀਦਵਾਰਾਂ ਜਿਨ੍ਹਾਂ ‘ਚ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਹੰਸ ਰਾਜ ਜੋਸਨ ਨੂੰ 80,662 ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਬਨੂੰੜ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਜੀਤ ਸਿੰਘ ਬਨੀ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ 19,809 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਕਾਹਨੂੰਵਾਨ ਹਲਕੇ ‘ਚੋਂ ਅਕਾਲੀ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਫਤਿਹ ਜੰਗ ਸਿੰਘ ਬਾਜਵਾ ਨੂੰ 12044 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।ਚੋਣ ਅਧਿਕਾਰੀ ਨੇ ਦੱਸਿਆ ਕਿ ਜਲਾਲਾਬਾਦ ਹਲਕੇ ਤੋਂ ਸੁਖਬੀਰ ਬਾਦਲ ਨੂੰ 107120 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਹੰਸ ਰਾਜ ਜੋਸਨ ਨੂੰ ਕੁੱਲ 26458 ਵੋਟਾਂ ਪਈਆਂ। ਇਨ੍ਹਾਂ ਤੋਂ ਇਲਾਵਾ ਜਲਾਲਾਬਾਦ ਤੋਂ ਹੀ ਖੜ੍ਹੇ ਹੋਏ ਉਮੀਦਵਾਰਾਂ ਜਿਨ੍ਹਾਂ ਵਿੱਚ ਅਕਾਲੀ ਦਲ 1920 ਦੇ ਕੁਲਵਿੰਦਰ ਸਿੰਘ ਨੂੰ ਸਿਰਫ 363 ਵੋਟਾਂ, ਜਨਤਾ ਦਲ ਦੇ ਦਰਸ਼ਨ ਸਿੰਘ ਨੂੰ 261, ਅਖਿਲ ਭਾਰਤੀਯ ਸ਼ਿਵ ਸੈਨਾ ਰਾਸ਼ਟਰਵਾਦੀ ਦੇ ਮਨੋਜ ਕੁਮਾਰ ਨੂੰ 69, ਆਜ਼ਾਦ ਉਮੀਦਵਾਰਾਂ ਅਮਰਿੰਦਰ ਸਿੰਘ ਨੂੰ 76, ਹੰਸ ਰਾਜ ਨੂੰ 105, ਕੁਲਵਿੰਦਰ ਸਿੰਘ ਨੂੰ 201, ਜਗਦੀਸ਼ ਕੁਮਾਰ ਨੂੰ 353 ਅਤੇ ਬਲਦੇਵ ਸਿੰਘ ਨੂੰ 584 ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਹਲਕੇ ਵਿੱਚ ਕੁੱਲ 135590 ਵੋਟਾਂ ਪੋਲ ਹੋਈਆਂ ਸਨ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਾਹਨੂੰਵਾਨ ਹਲਕੇ ਤੋਂ ਅਕਾਲੀ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ 53853 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਨੂੰ 41809 ਵੋਟਾਂ ਪਈਆਂ। ਇਨ੍ਹਾਂ ਤੋਂ ਇਲਾਵਾ 3 ਆਜ਼ਾਦ ਉਮੀਦਵਾਰਾਂ ਜਿਨ੍ਹਾਂ ਵਿੱਚੋਂ ਅਵਤਾਰ ਸਿੰਘ ਨੂੰ 459, ਸੁਰਿੰਦਰ ਸਿੰਘ ਨੂੰ 261 ਅਤੇ ਖੁਸ਼ਹਾਲ ਸਿੰਘ ਨੂੰ 441 ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ ਕਾਹਨੂੰਵਾਨ ਹਲਕੇ ਵਿੱਚ ਕੁੱਲ 96823 ਵੋਟਾਂ ਪੋਲ ਹੋਈਆਂ ਸਨ। ਬਨੂੰੜ ਹਲਕੇ ਦੇ ਚੋਣ ਨਤੀਜਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਮੈਡਮ ਸਿੱਧੂ ਨੇ ਦੱਸਿਆ ਕਿ ਅਕਾਲੀ ਦਲ ਦੇ ਉਮੀਦਵਾਰ ਜਸਜੀਤ ਸਿੰਘ ਬਨੀ ਨੂੰ ਕੁੱਲ 74167 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ 54358 ਵੋਟਾਂ ਪਈਆਂ। ਇਨ੍ਹਾਂ ਤੋਂ ਇਲਾਵਾ ਰਾਸ਼ਟਰੀ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਮਦਨ ਗੋਪਾਲ ਸ਼ਰਮਾ ਨੂੰ 561, ਬਹੁਜਨ ਸੰਘਰਸ਼ ਪਾਰਟੀ, ਕਾਂਸ਼ੀ ਰਾਮ ਦੇ ਉਮੀਦਵਾਰ ਨੂੰ 334 ਵੋਟਾਂ ਪਈਆਂ। ਜਦੋਂ ਕਿ 2 ਆਜ਼ਾਦ ਉਮੀਦਵਾਰਾਂ ਹਰਪ੍ਰੀਤ ਸਿੰਘ ਸੋਨੂ ਨੂੰ 443 ਅਤੇ ਗੁਰਚਰਨ ਸਿੰਘ ਨੂੰ 814 ਵੋਟਾਂ ਪਈਆਂ।ਤਿੰਨੇ ਜ਼ਿਮਨੀ ਚੋਣਾਂ ਜਿੱਤਣ ਤੋਂ ਬਾਅਦ ਇੱਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸੁੂਬੇ ਦੇ ਲੋਕਾਂ ਨੇ ਅਕਾਲੀ ਦਲ-ਭਾਜਪਾ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਲਾਲਾਬਾਦ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੇ ਦੂਰ ਦ੍ਰਿਸ਼ਟੀ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ। ਇਸੇ ਤਰ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਨੇ ਇਸ ਜਿੱਤ ਨੂੰ ਵੱਡੀ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਮੂੰਹ ਦੀ ਖਾਦੀ ਹੈ।

No comments:

Post a Comment