ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, August 28, 2009

ਭਾਜਪਾ ਦੇ ਦੋ ਮੰਤਰੀਆਂ ਦੀ ਛੁੱਟੀ ਹੋਣ ਦੀ ਸੰਭਾਵਨਾ

ਚੰਡੀਗੜ੍ਹ : ਭਾਜਪਾ ਦੀ ਸ਼ਿਮਲਾ 'ਚ ਚਿੰਤਨ ਬੈਠਕ ਤੋਂ ਬਾਅਦ ਪੰਜਾਬ ਦੀ ਭਾਜਪਾ ਲੀਡਰਸ਼ਿਪ, ਮੰਤਰੀਆਂ ਅਤੇ ਸੰਗਠਨ ਪੱਧਰ 'ਤੇ ਰੱਦੋਬਦਲ ਦੇ ਸੰਕੇਤ ਮਿਲੇ ਹਨ। ਪਤਾ ਲੱਗਾ ਹੈ ਕਿ ਭਾਜਪਾ ਆਹਲਾ-ਕਮਾਨ ਨੇ ਭਾਜਪਾ ਦੀ ਪੰਜਾਬ ਇਕਾਈ ਵਿਚ ਰੱਦੋਬਦਲ ਅਤੇ ਮੰਤਰੀ ਪੱਧਰ 'ਤੇ ਵੀ ਰੱਦੋਬਦਲ ਕਰਨ ਦਾ ਲਗਭਗ ਫੈਸਲਾ ਕਰ ਲਿਆ ਹੈ, ਜਿਸ 'ਤੇ ਅਗਲੇ ਦਿਨਾਂ ਵਿਚ ਕਿਸੇ ਸਮੇਂ ਵੀ ਅਮਲ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਿਚ ਭਾਜਪਾ ਨਾਲ ਸਬੰਧਤ ਦੋ ਮੰਤਰੀਆਂ ਦੀ ਛੁੱਟੀ ਹੋਣੀ ਲਾਜ਼ਮੀ ਹੈ। ਇਕ ਮੰਤਰੀ ਬਾਰੇ ਤਾਂ ਇਹ ਆਮ ਸ਼ਿਕਾਇਤਾਂ ਹਨ ਕਿ ਉਹ ਕਿਸੇ ਦੇ ਜਾਇਜ਼ ਕੰਮ ਦੀ ਵੀ ਸੁਣਵਾਈ ਨਹੀਂ ਕਰਦਾ ਅਤੇ ਨਾ ਹੀ ਵਰਕਰਾਂ ਅਤੇ ਨੇਤਾਵਾਂ ਦੀ ਕੋਈ ਪ੍ਰਵਾਹ ਕਰਦਾ ਹੈ। ਇੱਥੋਂ ਤੱਕ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਵੀ ਗੱਲ ਨਹੀਂ ਸੁਣਦਾ। ਪੰਜਾਬ ਦੇ ਮੁੱਖ ਮੰਤਰੀ ਵੀ ਉਸ ਨੂੰ ਕੋਈ ਕੰਮ ਕਹਿਣ ਤੋਂ ਕਤਰਾਉਂਦੇ ਹਨ। ਭਾਜਪਾ ਦਾ ਦੂਸਰਾ ਮੰਤਰੀ ਹੈ, ਜਿਸ ਦੀ ਛੁੱਟੀ ਹੋ ਰਹੀ ਹੈ, ਉਹ ਮੰਤਰੀ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਕਾਫੀ ਨੇੜੇ ਹਨ। ਇਥੋਂ ਤੱਕ ਕਿ ਉਸ ਦੇ ਅਹਿਮ ਵਿਭਾਗ ਦਾ ਕੰਮ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਸਿੱਧੇ ਤੌਰ 'ਤੇ ਦੇਖਦਾ ਹੈ। ਭਾਵੇਂ ਇਸ ਮੰਤਰੀ ਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਸੁਖਬੀਰ ਸਿੰਘ ਬਾਦਲ ਦੀਆਂ ਸ਼ਿਕਾਇਤਾਂ ਭਾਜਪਾ ਆਹਲਾ-ਕਮਾਨ ਨੂੰ ਵੀ ਕੀਤੀਆਂ ਹਨ। ਇਨ੍ਹਾਂ ਦੋਵੇਂ ਮੰਤਰੀਆਂ ਦੀ ਛੁੱਟੀ ਹੋਣ ਦੀ ਸੂਰਤ ਵਿਚ ਜਿਹੜੇ ਵਿਧਾਇਕ ਨਵੇਂ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਹਨ, ਉਨ੍ਹਾਂ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸੱਤਪਾਲ ਗੁਸਾਈਂ ਦੇ ਨਾਂ ਦੀ ਵੀ ਚਰਚਾ ਪੂਰੇ ਜ਼ੋਰਾਂ ਉਤੇ ਹੈ। ਦੂਸਰਾ ਅਸੰਬਲੀ ਹਲਕਾ ਫ਼ਾਜ਼ਿਲਕਾ ਤੋਂ ਚੁਣੇ ਵਿਧਾਇਕ ਸੁਰਜੀਤ ਜਿਆਣੀ ਦਾ ਨਾਂ ਹੈ। ਤੀਸਰਾ ਵਿਧਾਇਕ ਅਸੰਬਲੀ ਹਲਕਾ ਮੁਕੇਰੀਆਂ ਤੋਂ ਅਰਨੇਸ਼ ਸ਼ਾਕਰ ਹਨ। ਇਹ ਤਿੰਨੋ ਵਿਧਾਇਕ ਹੁਣ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਹਨ। ਪਤਾ ਲੱਗਾ ਹੈ ਕਿ ਜਿਹੜੇ ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਇਕ ਵਿਧਾਇਕ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਇਕੱਲਾ ਹੀ ਮਿਲਿਆ। ਆਪਣੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਮੰਤਰੀ ਮੰਡਲ 'ਚੋਂ ਆਪਣੀ ਛੁੱਟੀ ਹੋਣ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ।

No comments:

Post a Comment