ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, August 28, 2009

ਸ਼ਮੀਲ ਦੀ ਨਵੀ ਕਾਵਿ ਪੁਸਤਕ ਓ ਮੀਆਂ ਰਿਲੀਜ਼

ਪੱਤਰਕਾਰ ਤੇ ਸ਼ਾਇਰ ਸ਼ਮੀਲ ਦੀ ਕਵਿਤਾ ਦੀ ਨਵੀਂ ਕਿਤਾਬ ਓ ਮੀਆਂ ਬੀਤੇ ਦਿਨ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤੀ ਗਈ। ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਲੋਕਗੀਤ ਪ੍ਰਕਾਸ਼ਨ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਸਾਹਿਤਕ ਤੇ ਮੀਡੀਆ ਖੇਤਰ ਦੀਆਂ ਨਾਮਵਰ ਹਸਤੀਆਂ ਹਾਜ਼ਰ ਸਨ।ਜਿਨ੍ਹਾਂ ਵਿੱਚ ਸੁਰਜੀਤ ਪਾਤਰ, ਡਾ ਸੁਤਿੰਦਰ ਸਿੰਘ ਨੂਰ, ਸਿਧੂ ਦਮਦਮੀ, ਅਮਰਜੀਤ ਗਰੇਵਾਲ, ਡਾ ਤੇਜਵੰਤ ਸਿੰਘ ਗਿਲ, ਮੋਹਨ ਭੰਡਾਰੀ ਤੇ ਗੁਲਜ਼ਾਰ ਸਿੰਘ ਸੰਧੂ ਆਦਿ ਸ਼ਾਮਲ ਸਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਾਰਤੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਡਾ ਸੁਤਿੰਦਰ ਸਿੰਘ ਨੂਰ ਨੇ ਕਿਹਾ ਕਿ ਸ਼ਮੀਲ ਦੀ ਇਹ ਕਿਤਾਬ ਇੱਕ ਬਹੁਤ ਗੰਭੀਰ ਕਿਤਾਬ ਹੈ ਅਤੇ ਅੱਜ ਦੀ ਪੰਜਾਬੀ ਕਵਿਤਾ ਵਿੱਚ ਇੱਕ ਵਿਲੱਖਣ ਕਿਤਾਬ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਨਵੀਂ ਪੰਜਾਬੀ ਕਵਿਤਾ ਵਿੱਚ ਇੱਕ ਅਹਿਮ ਵਾਧਾ ਹੈ। ਇਸ ਕਵਿਤਾ ਨੂੰ ਸਮਝਣ ਲਈ ਅਤੇ ਨਵੀਂ ਪੰਜਾਬੀ ਕਵਿਤਾ ਵਿਚ ਇਸ ਦਾ ਸਥਾਨ ਨਿਸ਼ਚਿਤ ਕਰਨ ਲਈ ਸਾਨੂੰ ਇੱਕ ਮੌਲਿਕ ਤੇ ਨਵੀ ਵਿਚਾਰਧਾਰਕ ਦ੍ਰਿਸ਼ਟੀ ਦੀ ਲੋੜ ਪਵੇਗੀ।
ਸਿਰਮੌਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼ਮੀਲ ਦੀ ਕਵਿਤਾ ਜਿਸ ਤਰਾਂ ਦੇ ਸਰੋਕਾਰਾਂ ਦੀ ਕਵਿਤਾ ਹੈ, ਉਸ ਨੇ ਪੰਜਾਬੀ ਸ਼ਾਇਰੀ ਦਾ ਇੱਕ ਅਜਿਹਾ ਪਹਿਲੂ ਬਹੁਤ ਜ਼ੋਰਦਾਰ ਤਰੀਕੇ ਨਾਲ ਅੱਗੇ ਲਿਆਂਦਾ ਹੈ, ਜਿਹੜਾ ਪਿਛਲੇ ਦਹਾਕਿਆਂ ਦੌਰਾਨ ਬਹੁਤ ਸਾਰੇ ਦਬਾਵਾਂ ਕਾਰਨ ਦਬਿਆ ਰਿਹਾ। ਉਨ੍ਹਾਂ ਕਿਹਾ ਕਿ ਮੱਧਕਾਲ ਤੋਂ ਲੈ ਕੇ ਆਧੁਨਿਕ ਦੌਰ ਦੇ ਸ਼ੁਰੂ ਤੱਕ ਪੰਜਾਬੀ ਕਵਿਤਾ ਦੇ ਜੋ ਸਰੋਕਾਰ ਰਹੇ ਹਨ, ਉਹ ਕਵਿਤਾ ਜਾਂ ਕਵੀਆਂ ਦੇ ਸਦੀਵੀ ਸਰੋਕਾਰ ਹਨ। ਪਰ ਕੁੱਝ ਅਰਸੇ ਤੋਂ ਕਵਿਤਾ ਦੀ ਅਜਿਹੀ ਅਵਾਜ਼ ਕਈ ਕਾਰਨਾਂ ਕਰਕੇ ਦਬੀ ਰਹੀ ਹੈ। ਸ਼ਮੀਲ ਨੇ ਆਪਣੀ ਕਾਵਿਕ ਪ੍ਰਤਿਭਾ ਅਤੇ ਵਿਚਾਰਧਾਰਕ ਸਪਸ਼ਟਾ ਸਦਕਾ ਇਸ ਅਵਾਜ਼ ਨੂੰ ਜਿੰਨੇ ਤਾਕਤਵਰ ਤਰੀਕੇ ਨਾਲ ਅੱਗੇ ਲਿਆਂਦਾ ਹੈ, ਉਸ ਦਾ ਪੰਜਾਬੀ ਕਵਿਤਾ ਤੇ ਬਹੁਤ ਦੂਰ ਤੱਕ ਅਸਰ ਪਵੇਗਾ। ਸ਼ਮੀਲ ਦੀ ਇਹ ਕਿਤਾਬ ਪੰਜਾਬੀ ਕਵਿਤਾ ਵਿੱਚ ਇੱਕ ਵੱਡਾ ਮੋੜਾ ਸਾਬਤ ਹੋਵੇਗੀ।
ਆਪਣਾ ਪਰਚਾ ਪੜ੍ਹਦਿਆਂ ਸਾਹਿਤ ਅਲੋਚਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਸ਼ਮੀਲ ਦੀ ਇਹ ਕਿਤਾਬ ਪੜ੍ਹਦਿਆਂ ਮੈਂ ਇਹ ਮਹਿਸੂਸ ਕੀਤਾ ਕਿ ਜਿਵੇ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕਵਿਤਾ ਪੜ੍ਹ ਰਿਹਾ ਹਾਂ। ਇਹ ਐਨੀ ਤਾਕਤਵਾਰ ਕਵਿਤਾ ਹੈ ਕਿ ਇਸ ਦੀ ਸ਼ਕਤੀ ਨੂੰ ਮੈਂ ਹੋਰ ਕਿਸੇ ਤਰੀਕੇ ਨਾਲ ਬਿਆਨ ਨਹੀਂ ਕਰ ਸਕਦਾ। ਕਵਿਤਾ ਦੀਆਂ ਬਹੁਤ ਸਾਰੀਆਂ ਤੁਕਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਹ ਕਵਿਤਾ ਜੀਵਨ ਦੇ ਗਹਿਰੇ ਸੁਆਲਾਂ ਦੀ ਕਵਿਤਾ ਹੈ।
ਜਾਣੇ ਪਛਾਣੇ ਲੇਖਕ ਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਿਧੂ ਦਮਦਮੀ ਹੋਰਾਂ ਨੇ ਸ਼ਮੀਲ ਦੀ ਕਵਿਤਾ ਤੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ਮੀਲ ਪਿਛਲੇ ਡੇਢ ਦਹਾਕੇ ਤੋਂ ਵਧ ਅਰਸੇ ਤੋਂ ਪੰਜਾਬੀ ਮੀਡੀਆ ਵਿੱਚ ਸਰਗਰਮ ਹੈ। ਮੀਡੀਆ ਖੇਤਰ ਵਿੱਚ ਇਸ ਸਰਗਰਮੀ ਦੇ ਬਾਵਜੂਦ ਉਸ ਨੇ ਆਪਣੇ ਅੰਦਰ ਕਵਿਤਾ ਬਚਾ ਕੇ ਰੱਖੀ, ਇਹ ਉਸ ਦੀ ਕਵਿਕ ਪ੍ਰਤਿਭਾ ਦੀ ਤਾਕਤ ਦਾ ਹੀ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਉਸ ਦੀ ਕਵਿਤਾ ਦੀ ਤਾਕਤ ਇਸੇ ਗੱਲ ਨਾਲ ਪ੍ਰਤੱਖ ਹੋ ਜਾਂਦੀ ਹੈ ਕਿ ਇਹ ਕਵਿਤਾ ਪੱਤਰਕਾਰਤਾ ਦੇ ਖੇਤਰ ਵਿੱਚ ਐਨੀ ਜ਼ੋਰਦਾਰ ਸਰਗਰਮੀ ਦੇ ਬਾਵਜੂਦ ਬਚੀ ਰਹੀ। ਉਸ ਨੇ ਆਪਣੇ ਅੰਦਰ ਇੱਕ ਅਜਿਹਾ ਚੁਪ ਕੋਨਾ ਬਚਾਕੇ ਰੱਖਿਆ, ਜਿਸ ਤੱਕ ਮੀਡੀਆ ਦਾ ਸ਼ੋਰ ਨਹੀ ਪਹੁੰਚ ਸਕਿਆ। ਉਨ੍ਹਾਂ ਕਿਹਾ ਕਿ ਓ ਮੀਆਂ ਕਿਤਾਬ ਨਵੀਂ ਪੰਜਾਬੀ ਕਵਿਤਾ ਵਿੱਚ ਇੱਕ ਮੀਲਪੱਥਰ ਸਾਬਤ ਹੋਵੇਗੀ।
ਸਾਹਿਤ ਅਲੋਚਕ ਤੇ ਦੇਸ਼ ਸੇਵਕ ਦੇ ਸਾਬਕਾ ਸੰਪਾਦਕ ਡਾ ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਬ੍ਰਹਿਮੰਡੀ ਸਰੋਕਾਰ ਆਦਿ ਕਾਲ ਤੋਂ ਸਾਹਿਤ ਤੇ ਕਵਿਤਾ ਦੇ ਮੁਖ ਸਰੋਕਾਰ ਰਹੇ ਹਨ। ਸ਼ਮੀਲ ਦੀ ਕਵਿਤਾ ਵਿੱਚ ਇਹ ਸਰੋਕਾਰ ਜਿਸ ਰੂਪ ਵਿੱਚ ਪੇਸ਼ ਹੋਏ ਹਨ, ਉਹ ਬੜੀ ਖਿਚ ਪਾਉਦੇ ਹਨ ਅਤੇ ਪੜ੍ਹਨ ਵਾਲੇ ਨੂੰ ਕਵਿਤਾ ਨਾਲ ਬੰਨ੍ਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸ਼ਮੀਲ ਨੇ ਇਸ ਕਿਤਾਬ ਵਿੱਚ ਦੋ ਲੰਬੇ ਲੇਖਾਂ ਰਾਹੀਂ ਕਵਿਤਾ ਤੇ ਆਰਟ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਜਿਨ੍ਹਾਂ ਵਿੱਚ ਉਠਾਏ ਗਏ ਨੁਕਤੇ ਅਗੇਰੀ ਵਿਚਾਰ ਚਰਚਾ ਦੀ ਮੰਗ ਕਰਦੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਆਏ ਡਾ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਸ਼ਮੀਲ ਦੀ ਇਹ ਕਿਤਾਬ ਬਹੁਤ ਸਾਰੇ ਪੱਖਾਂ ਤੋ ਵਿਲੱਖਣ ਤੇ ਅਹਿਮ ਕਿਤਾਬ ਹੈ। ਇਸ ਕਿਤਾਬ ਵਿੱਚ ਜੀਵਨ ਦੇ ਸੁਆਲਾਂ ਨੂੰ ਜਿਸ ਨਜ਼ਰੀਏ ਨਾਲ ਦੇਖਿਆ ਗਿਆ ਹੈ, ਉਸ ਵਿੱਚ ਤਾਜ਼ਗੀ ਹੈ। ਇਸ ਤੋਂ ਇਲਾਵਾ ਇਸ ਕਵਿਤਾ ਦੇ ਬਿੰਬਾਂ ਵਿੱਚ ਵੀ ਤਾਜ਼ਗੀ ਹੈ। ਸੀਨੀਅਰ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼ਮੀਲ ਮੇਰਾ ਵਿਦਿਆਰਥੀ ਵੀ ਰਿਹਾ ਹੈ ਅਤੇ ਕੁਲੀਗ ਵੀ। ਉਸ ਦੀ ਕਿਤਾਬ ਛਪਣ ਤੇ ਮੈਨੂੰ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਦੀ ਕਵਿਤਾ ਅੰਦਰ ਮੇਨੂੰ ਨਿਰਾਸਤਾ ਦੀ ਸੁਰ ਨਜ਼ਰ ਆਉਂਦੀ ਹੈ ਅਤੇ ਉਸ ਦੀ ਉਮਰ ਵਿੱਚ ਇਸ ਤਰਾਂ ਦੀ ਸੁਰ ਮੈਨੂੰ ਚਿੰਤਾਜਨਕ ਲੱਗਦੀ ਹੈ।
ਪੱਤਰਕਾਰ ਮਦਨਦੀਪ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕਿਤਾਬ ਨਵੀਂ ਪੰਜਾਬੀ ਕਵਿਤਾ ਵਿੱਚ ਬਹੁਤ ਅਹਿਮ ਕਿਤਾਬ ਹੈ। ਇਸ ਕਿਤਾਬ ਦਾ ਜਿਸ ਤਰਾਂ ਦਾ ਸਮੁਚਾ ਡਿਜ਼ਾਇਨ ਹੈ, ਉਹ ਪਾਠਕ ਨੂੰ ਆਪਣੇ ਨਾਲ ਬੰਨ੍ਹ ਲੈਂਦਾ ਹੈ। ਇਹ ਕਵਿਤਾ ਜਿਸ ਅਨੁਭਵ ਦੀ ਕਵਿਤਾ ਹੈ, ਉਹ ਪੰਜਾਬੀ ਕਵਿਤਾ ਵਿੱਚ ਬਹੁਤ ਘੱਟ ਆਇਆ ਹੈ। ਸ਼ਮੀਲ ਦੀ ਕਵਿਤਾ ਇਸ ਪੱਖੋਂ ਪੰਜਾਬੀ ਕਵਿਤਾ ਵਿੱਚ ਇਹ ਅਹਿਮ ਵਾਧਾ ਹੈ।ਯੂਨੀਸਟਾਰ ਬੁਕਸ ਦੇ ਹਰੀਸ਼ ਜੈਨ ਹੋਰਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼ਮੀਲ ਦੀ ਪਹਿਲੀ ਕਿਤਾਬ ਜਦ ਮੈਂ ਵੀਹ ਸਾਲ ਪਹਿਲਾਂ ਛਾਪੀ ਸੀ, ਉਸ ਵੇਲੇ ਉਹ ਕਾਲਜ ਦਾ ਵਿਦਿਆਰਥੀ ਸੀ। ਵੀਹ ਸਾਲ ਦੇ ਅਰਸੇ ਦੌਰਾਨ ਉਸ ਨੇ ਆਤਮਿਕ ਤੌਰ ਤੇ ਲੰਬਾ ਸਫਰ ਕੀਤਾ ਹੈ। ਇਸ ਨਵੀ ਕਿਤਾਬ ਨਾਲ ਉਹ ਇੱਕ ਨਵੇ ਰੂਪ ਵਿੱਚ ਪੰਜਾਬੀ ਸਾਹਿਤ ਵਿੱਚ ਪੇਸ਼ ਹੋਇਆ ਹੈ, ਜਿਸ ਤੇ ਪੰਜਾਬੀ ਸਾਹਿਤ ਵਿੱਚ ਦੇਰ ਤੱਕ ਚਰਚਾ ਹੁੰਦੀ ਰਹੇਗੀ।

No comments:

Post a Comment