ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, December 27, 2012

ਹੁਣ ਨਹੀਂ ਦੌੜਣੀਆਂ ਬਲਦ ਗੱਡੀਆਂ…


75 ਵਰ੍ਹਿਆਂ ‘ਚ ਪਹਿਲੀ ਵਾਰ ਬਦਲ ਗੱਡੀਆਂ ਨੂੰ ਬਰੇਕਾਂ

ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕ ਖੇਡਾਂ ਵੇਖਣ ਆਏ ਦਰਸ਼ਕਾਂ ‘ਚ ਮਾਯੂਸੀ
ਪੇਂਡੂ ਉਲੰਪਿਕ ਦੇ ਨਾਂ ਨਾਲ ਵਿਸ਼ਵ ਭਰ ਵਿਚ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਹਾਲਾਂਕਿ ਜ਼ੋਸ਼ੋ ਖਰੋਸ਼ ਨਾਲ ਨੇਪਰੇ ਚੜ੍ਹ ਗਈਆਂ, ਪਰ ਦਰਸ਼ਕਾਂ ਦਾ ਮਜ਼ਾ ਇਸ ਵਾਰ ਬਲਦ ਗੱਡੀਆਂ ਦੀਆਂ ਦੌੜਾਂ ਨਾ ਹੋਣ ਕਾਰਨ ਕਿਰਕਿਰਾ ਹੋ ਗਿਆ। ਕਿਲ੍ਹਾ ਰਾਏਪੁਰ ਵਿਚ ਭਾਵੇਂ ਕਈ ਖੇਡਾਂ ਤੇ ਕਰਤੱਬ ਹੁੰਦੇ ਹਨ, ਪਰ ਧੂੜਾਂ ਪੁੱਟਦੀਆਂ ਬਲਦ ਗੱਡੀਆਂ ਦੀਆਂ ਦੌੜਾਂ ਇੰਨਾਂ ਖੇਡਾਂ ਦਾ ਮੁੱਖ ਆਕਰਸ਼ਨ ਹੁੰਦਾ ਹੈ। ਮੇਲੇ ਵਿਚ ਪਿਛਲੇ 75 ਵਰ੍ਹਿਆਂ ਤੋਂ ਬਲਦ ਗੱਡੀਆਂ ਦੀਆਂ ਦੌੜਾਂ ਹੋ ਰਹੀਆਂ ਹਨ, ਪਰ ਇਸ ਵਾਰ ਜਾਨਵਰਾਂ ‘ਤੇ ਅੱਤਿਆਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੇ ਤਹਿਤ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦਿਆਂ ਬਦਲ ਗੱਡੀਆਂ ਦੀਆਂ ਦੌੜਾਂ ਰੋਕ ਦਿੱਤੀਆਂ। ਗਰੇਵਾਲ ਸਪੋਰਟਸ ਐਸੋਸੀਏਸ਼ਨ ਵਲੋਂ ਹਾਈ ਕੋਰਟ ਤੱਕ ਪਹੁੰਚ ਵੀ ਕੀਤੀ ਗਈ, ਪਰ ਅਦਾਲਤ ਨੇ ਬਲਦ ਗੱਡੀਆਂ ਦੀਆਂ ਦੌੜਾਂ ਕਰਾਉਣ ਦਾ ਫੈਸਲਾ ਲੁਧਿਆਣਾ ਦੇ ਡੀਸੀ ‘ਤੇ ਛੱਡ ਦਿੱਤਾ, ਜਿੰਨ੍ਹਾਂ ਨੇ ਪਾਬੰਦੀ ਦੇ ਫੈਸਲੇ ਨੂੰ ਕੇਂਦਰ ਤੇ ਪੰਜਾਬ ਸਰਕਾਰ ਦਾ ਦੱਸ ਕੇ ਇੰਨਾਂ ਦੌੜਾਂ ਨੂੰ ਜਾਰੀ ਰੱਖਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ।
ਕਾਬਿਲੇਗੌਰ ਹੈ ਕਿ ਕਿਲ੍ਹਾ ਰਾਏਪੁਰ ਵਿਖੇ ਸੰਨ 1933 ਤੋਂ ਸ਼ੁਰੂ ਹੋਈਆਂ ਪੁਰਾਤਨ, ਰਵਾਇਤੀ ਤੇ ਸੱਭਿਆਚਾਰਕ ਖੇਡਾਂ ਦਾ ਸੁਮੇਲ ਸੰਸਾਰ ਭਰ ‘ਚ ਪ੍ਰਸਿੱਧ ਹੈ। ਇਸ ਵਾਰ ਤਕਰੀਬਨ ਇਕ ਸੌ ਬਲਦ ਗੱਡੀਆਂ ਦੇ ਮਾਲਕਾਂ ਨੇ ਦੌੜ ਵਿਚ ਹਿੱਸਾ ਲੈਣ ਲਈ ਅਰਜ਼ੀਆਂ ਦਿੱਤੀਆਂ ਸਨ। ਇਹ ਦੌੜ ਪਹਿਲੇ ਦਿਨ ਤੋਂ ਕਰਵਾਈ ਜਾਣੀ ਸੀ, ਪਰ ਪ੍ਰਸ਼ਾਸਨ ਦੀ ਰੋਕ ਕਾਰਨ ਇਹ ਦੌੜ ਨਾ ਹੋ ਸਕੀ। ਬਲਦ ਗੱਡੀਆਂ ਦੇ ਮਾਲਕ ਦੌੜ ਦੀ ਉਡੀਕ ਕਰਦੇ ਰਹੇ, ਪਰ ਆਖਰ ਦੂਸਰੇ ਦਿਨ ਸ਼ਾਮ ਨੂੰ ਨਮੋਸ਼ੀ ਨਾਲ ਪਰਤਣਾ ਪਿਆ।
ਐਸਸਸ਼ੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਲ੍ਹਾ ਰਾਏਪੁਰ ਵਿਚ ਸ਼ੁਰੂ ਤੋਂ ਹੀ ਬਲਦ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਦੌੜਾਂ ਕਰਕੇ ਹੀ ਇਸ ਖੇਡ ਮੇਲੇ ਨੂੰ ਮਿੰਨੀ ਉਲੰਪਿਕ ਵਜੋਂ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਮੇਲੇ ਦੀ ਕਵਰੇਜ ਕਰਨ ਲਈ ਪੰਜਾਬ ਜਾਂ ਭਾਰਤ ਤੋਂ ਹੀ ਨਹੀਂ ਬਲਕਿ ਵਿਸ਼ਵ ਭਰ ਤੋਂ ਮੀਡੀਆ ਨਾਲ ਸਬੰਧਤ ਲੋਕ ਇਥੇ ਆਉਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੇਲੇ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਸਮੇਂ ਜਾਨਵਰਾਂ ਨੂੰ ਕਿਸੇ ਕਿਸਮ ਦੀ ਨਾ ਤਾਂ ਨਸ਼ੀਲੀ ਦਵਾਈ ਦਿੱਤੀ ਜਾਂਦੀ ਹੈ ਅਤੇ ਨਾ ਹੀ ਨਸ਼ੀਲੇ ਟੀਕੇ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੈਲ ਗੱਡੀਆਂ ਦੇ ਮਾਲਕਾਂ ਨੂੰ ਅਜਿਹੀਆਂ ਵਸਤਾਂ ਤੋਂ ਦੂਰ ਰੱਖਣ ਲਈ ਮੈਦਾਨ ਵਿਚ ਇੱਕ ਨੋਟਿਸ ਵੀ ਲਾਇਆ ਗਿਆ ਹੈ, ਜਿਸ ਵਿਚ ਸਾਫ ਲਿਖਿਆ ਗਿਆ ਹੈ ਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਦੌੜਾਂ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ੍ਰੀ ਗਰੇਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਲਦ ਗੱਡੀਆਂ ਦੀ ਦੌੜ ‘ਤੇ ਰੋਕ ਲਗਾਉਣ ਨਾਲ ਦਰਸ਼ਕਾਂ ਵਿਚ ਕਾਫੀ ਮਾਯੂਸੀ ਪਾਈ ਗਈ ਹੈ। ਬੈਲ ਦੌੜ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਤੇ ਉਪ ਪ੍ਰਧਾਨ ਸ਼ਿੰਗਾਰਾ ਸਿੰਘ ਸਰਵਰਪੁਰ ਨੇ ਕਿਹਾ ਕਿ ਬੈਲ ਮਾਲਕਾਂ ਵਲੋਂ ਇਨ੍ਹਾਂ ਨੂੰ ਅਪਣੇ ਬੱਚਿਆਂ ਨਾਲੋਂ ਵੀ ਵੱਧ ਪਿਆਰ ਨਾਲ ਪਾਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੌੜਨ ਵਾਲੇ ਹਰ ਬੈਲ ਦੀ ਕੀਮਤ 4 ਤੋਂ 5 ਲੱਖ ਦੇ ਦਰਮਿਆਨ ਹੁੰਦੀ ਹੈ, ਜਿਸ ਕਰਕੇ ਇਨ੍ਹਾਂ ਦੇ ਰਹਿਣ ਸਹਿਣ ਅਤੇ ਖੁਰਾਕ ‘ਤੇ ਵਧੇਰੇ ਪੈਸਾ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਬੈਲ ਦੀ ਖੁਰਾਕ Ḕਤੇ ਮਹੀਨੇ ਦਾ 8 ਤੋਂ 9 ਹਜ਼ਾਰ ਰੁਪਏ ਖਰਚ ਆ ਜਾਂਦਾ ਹੈ। ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਪਾਬੰਦੀ ਲੱਗਣ ਨਾਲ ਉਨ੍ਹਾਂ ਨੂੰ ਵੱਡਾ ਸਦਮਾ ਲੱਗਾ ਹੈ। ਨਾਰਵੇ ਤੋਂ ਪਹਿਲੀ ਵਾਰੀ ਪਹੁੰਚੀ ਮਹਿਲਾ ਪੱਤਰਕਾਰ ਟੋਨੀ ਨੇ ਦੱਸਿਆ ਕਿ ਉਹ ਬਹੁਤ ਹੀ ਚੰਗੇਰੀ ਉਮੀਦ ਨਾਲ ਇਸ ਖੇਡ ਮੇਲੇ ਨੂੰ ਕਵਰ ਕਰਨ ਲਈ ਆਈ ਸੀ, ਪਰ ਇਥੇ ਮੁਕਾਬਲੇ ਨਾ ਹੋਣ ਕਰਕੇ ਉਸ ਨੂੰ ਨਮੋਸ਼ੀ ਹੋਈ ਹੈ।
——————————-
ਘੋੜਿਆਂ ਦੀ ਦੌੜ ਤੋਂ ਲੋਕ ਬਾਗੋਬਾਗ
ਪੇਂਡੂ ਓਲੰਪਿਕਸ ‘ਚ ਖੇਡਾਂ ਦੇ ਸ਼ੌਕੀਨ ਅਪਣੀਆਂ ਮਨਪਸੰਦ ਦੌੜਾਂ ਅਤੇ ਖੇਡਾਂ ਦਾ ਮੁੱਖ ਆਕਰਸ਼ਣ ਮੰਨੀਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਦਾ ਲੁਤਫ਼ ਨਹੀਂ ਲੈ ਸਕੇ ਜਿਸ ਕਰਕੇ ਪ੍ਰਬੰਧਕਾਂ ਨੇ ਇਨ੍ਹਾਂ ਦੌੜਾਂ ‘ਤੇ ਲੱਗੀ ਰੋਕ ਦਾ ਘਾਟਾ ਪੂਰਾ ਕਰਨ ਲਈ ਘੋੜਿਆਂ ਦੀ ਦੌੜ ਅਤੇ ਖੱਚਰ ਰੇਹੜਾ ਦੌੜ ‘ਤੇ ਅਪਣਾ ਪੂਰਾ ਜ਼ੋਰ ਲਗਾ ਦਿੱਤਾ। ਪ੍ਰਬੰਧਕ ਅਪਣੀ ਇਸ ਰਣਨੀਤੀ ‘ਚ ਕਾਫੀ ਹੱਦ ਤੱਕ ਕਾਮਯਾਬ ਰਹੇ। ਖੱਚਰ ਰੇਹੜਾ ਦੌੜ ਤੇ ਖਾਸਕਰ ਘੋੜਿਆਂ ਦੀਆਂ ਦੌੜਾਂ ਦੂਰੋਂ-ਨੇੜਿਓਂ ਖੇਡਾਂ ਦੇਖਣ ਆਏ ਦੌੜਾਂ ਦੇ ਸ਼ੌਕੀਨਾਂ ਲਈ ਪੂਰੀ ਖਿੱਚ ਦਾ ਕੇਂਦਰ ਰਹੀਆਂ।
ਜ਼ਿਕਰਯੋਗ ਹੈ ਕਿ ਖੇਡਾਂ ਸ਼ੁਰੂ ਹੋਣ ਮੌਕੇ ਹੀ ਪੇਂਡੂ  ਓਲੰਪਿਕਸ ਦਾ ਮੁੱਖ ਆਕਰਸ਼ਣ ਕਹੀਆਂ ਜਾਂਦੀਆਂ ਬਦਲ ਗੱਡੀਆਂ ਦੀਆਂ ਦੌੜਾਂ ‘ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਫੈਸਲੇ ਨਾਲ ਬੈਲ ਗੱਡੀਆਂ ਦੌੜਾਉਣ ਵਾਲਿਆਂ ਤੇ ਦਰਸ਼ਕਾਂ ਨੂੰ ਕਾਫੀ ਨਿਰਾਸ਼ਾ ਹੋਈ ਸੀ ਅਤੇ ਆਖਰੀ ਦਿਨ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਸੀ ਕਿ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕਸ ਹੀ ਅਜਿਹੀਆਂ ਖੇਡਾਂ ਹਨ, ਜਿੱਥੇ ਜਾਨਵਰਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ ਜਦਕਿ ਖੇਡਾਂ ਦੇ ਚੇਅਰਮੈਨ ਜੱਸੀ ਖੰਗੂੜਾ ਨੇ ਵੀ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਲੱਗੀ ਰੋਕ ਨੂੰ ਮੰਦਭਾਗਾ ਕਿਹਾ ਸੀ।
ਪ੍ਰਬੰਧਕਾਂ ਦੀਆਂ ਉਮੀਦਾਂ ਖੇਡਾਂ ‘ਚ ਪਹਿਲੀ ਵਾਰ ਸ਼ਾਮਲ ਕੀਤੀਆਂ ਘੋੜਿਆਂ ਦੀਆਂ ਦੌੜਾਂ ‘ਤੇ ਹੀ ਟਿਕੀਆਂ ਸਨ ਅਤੇ ਹੁਣ ਘੋੜਿਆਂ ਦੀਆਂ ਦੌੜਾਂ ਨੂੰ ਲੋਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨਾਲ ਗਦਗਦ ਹੋਏ ਗਰੇਵਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੰਦੀਪ ਸਿੰਘ ਸਨੀ ਤੇ ਸੈਕਟਰੀ ਪਰਮਜੀਤ ਸਿੰਘ ਗਰੇਵਾਲ ਵਲੋਂ ਕਿਹਾ ਗਿਆ ਹੈ ਕਿ ਜਿੱਥੇ  ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਬਹਾਲੀ ਲਈ ਸਿਰਤੋੜ ਯਤਨ ਕੀਤੇ ਜਾਣਗੇ, ਉੱਥੇ ਹੀ ਘੋੜਿਆਂ ਦੀਆਂ ਦੌੜਾਂ ਨੂੰ ਵੀ ਅਗਲੀ ਵਾਰ ਤੋਂ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਖੇਡਾਂ ਦੇ ਮੁੱਖ ਪ੍ਰਬੰਧਕ ਓਲੰਪੀਅਨ ਸੁਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਵਾਰ ਹਾਕੀ ਦੀਆਂ ਚੋਟੀ ਦੀਆਂ ਟੀਮਾਂ ਵਿਚਕਾਰ ਹੋਏ ਗਹਿਗੱਚ ਮੁਕਾਬਲਿਆਂ ਨੂੰ ਵੀ ਲੋਕਾਂ ਨੇ ਗਹੁ ਨਾਲ ਦੇਖਿਆ।

No comments:

Post a Comment