ਅਹੁਦੇ ਤੋਂ ਦਿੱਤਾ ਅਸਤੀਫ਼ਾ, ਹਲਕੇ ‘ਚ ਹੋਵੇਗੀ ਜ਼ਿਮਨੀ ਚੋਣ
ਮੋਗਾ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਵਿਧਾਇਕ ਜੋਗਿੰਦਰਪਾਲ ਜੈਨ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਨੂੰ ਮੋਗਾ ਹਲਕੇ ਦੇ ਵਿਧਾਇਕ ਵਜੋਂ ਅਪਣਾ ਅਸਤੀਫ਼ਾ ਦੇ ਦਿੱਤਾ ਹੈ। ਮੋਗਾ ਸੀਟ ਨੂੰ ਹੁਣ ਰਸਮੀਂ ਤੌਰ ‘ਤੇ ਖਾਲੀ ਐਲਾਨ ਦਿੱਤਾ ਜਾਵੇਗਾ ਅਤੇ ਸ੍ਰੀ ਜੈਨ ਅਕਾਲੀ ਦਲ ਦੀ ਤਰਫੋਂ ਜ਼ਿਮਨੀ ਚੋਣ ਲੜਣਗੇ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਜੋਗਿੰਦਰਪਾਲ ਜੈਨ ਨੂੰ ਸੱਤਾਧਾਰੀ ਦਲ ਵਲੋਂ ਅਹਿਮ ਰੁਤਬਾ ਦੇਣ ਦਾ ਲਾਲਚ ਦਿੱਤਾ ਗਿਆ ਹੈ, ਪਰ ਨਾਲੋ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ੍ਰੀ ਜੈਨ ਖਿਲਾਫ ਕੁਝ ਮਾਮਲੇ ਦਰਜ ਹਨ ਅਤੇ ਉਹ ਇੰਨਾਂ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਦੀ ਸ਼ਰਨ ਵਿਚ ਜਾ ਪਹੁੰਚੇ ਹਨ। ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਜੋਗਿੰਦਰਪਾਲ ਜੈਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੋਗਾ ਤੋਂ ਚੋਣ ਲੜ ਚੁੱਕੇ ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਅਤੇ ਅਪਣੇ ਅਹੁਦੇ ਤੋਂ ਅਸਤੀਫੇ ਦਾ ਰਸਮੀਂ ਐਲਾਨ ਕੀਤਾ। ਜੋਗਿੰਦਰਪਾਲ ਜੈਨ, ਮੋਗਾ ਤੋਂ ਦੂਸਰੀ ਵਾਰ ਕਾਂਗਰਸੀ ਵਿਧਾਇਕ ਬਣੇ ਸਨ ਅਤੇ ਉਨ੍ਹਾਂ ਨੇ 2007 ਦੀਆਂ ਅਸੰਬਲੀ ਚੋਣਾਂ ਵਿਚ ਅਕਾਲੀ ਦਲ ਦੇ ਕੱਦਾਵਰ ਆਗੂ ਜਥੇਦਾਰ ਤੋਤਾ ਸਿੰਘ ਅਤੇ 2012 ਦੀਆਂ ਚੋਣਾਂ ਵਿਚ ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਨੂੰ ਹਰਾਇਆ ਹੈ।
ਮੀਡੀਆ ਤੇ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਕਾਂਗਰਸੀ ਜੋਗਿੰਦਰਪਾਲ ਜੈਨ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਸੁਖਬੀਰ ਸਿੰਘ ਬਾਦਲ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਣਾ ਚਾਹੁੰਦੇ ਹਨ। ਕੁਲ 117 ਸੀਟਾਂ ਵਾਲੀ ਪੰਜਾਬ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਕੋਲ 56 ਵਿਧਾਇਕ ਹਨ ਅਤੇ ਲੁਧਿਆਣਾ ਦੇ ਦੋ ਬਾਗੀ ਭਰਾ ਸਿਮਰਨਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਅਕਾਲੀ ਦਲ ਦੇ ਐਸੋਸੀਏਟ ਵਿਧਾਇਕ ਹਨ। ਬਹੁਮਤ ਦਾ ਜਾਦੂਈ ਅੰਕੜਾ ਪ੍ਰਾਪਤ ਕਰਨ ਲਈ ਅਕਾਲੀ ਦਲ ਨੂੰ 59 ਸੀਟਾਂ ਦੀ ਜਰੂਰਤ ਹੈ, ਜੋ ਸ੍ਰੀ ਜੈਨ ਦੇ ਵਿਧਾਇਕ ਰਹਿੰਦਿਆਂ ਪੂਰੀ ਹੋ ਸਕਦੀ ਹੈ ਅਤੇ ਫਿਰ ਅਕਾਲੀ ਦਲ ਨੂੰ ਭਾਜਪਾ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ।
ਲੇਕਿਨ ਸ੍ਰੀ ਜੈਨ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੁੰਦਿਆਂ ਹੀ ਉਹ ਵਿਧਾਨ ਸਭਾ ਵਿਚ ਮੈਂਬਰ ਵਜੋਂ ਅਪਣਾ ਰੁਤਬਾ ਰੱਖਣ ਦੇ ਹੱਕਦਾਰ ਨਹੀਂ ਸਨ ਅਤੇ ਦਲ ਬਦਲੂ ਐਕਟ ਤਹਿਤ ਉਹ ਪਾਰਟੀ ਬਦਲਣ ਤੋਂ ਬਾਅਦ ਐਮਐਲਏ ਵਜੋਂ ਨਹੀਂ ਵਿਚਰ ਸਕਦੇ ਸਨ, ਜਿਸ ਕਰਕੇ ਉਨ੍ਹਾਂ ਨੇ ਅਪਣਾ ਅਸਤੀਫਾ ਵੀ ਦੇ ਦਿੱਤਾ। ਮੋਗਾ ਹਲਕੇ ਵਿਚ ਹੁਣ ਜ਼ਿਮਨੀ ਚੋਣਾਂ ਦਾ ਮਾਹੌਲ ਬਣ ਜਾਵੇਗਾ। ਅਕਾਲੀ ਦਲ ਵਲੋਂ ਭਾਵੇਂ ਸ੍ਰੀ ਜੈਨ ਹੀ ਉਮੀਦਵਾਰ ਹੋਣ ਦੇ ਚਰਚੇ ਹਨ, ਪਰ ਕਾਂਗਰਸ ਵਲੋਂ ਵੀ ਕੋਈ ਕੱਦਾਵਰ ਆਗੂ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਮੁੱਢਲੇ ਦੌਰ ਵਿਚ ਜੋਗਿੰਦਰਪਾਲ ਜੈਨ ਨੂੰ ਮੰਤਰੀ ਜਾਂ ਹੋਰ ਵੱਡਾ ਰੁਤਬਾ ਦਿੱਤਾ ਜਾ ਸਕਦਾ ਹੈ ਅਤੇ ਛੇ ਮਹੀਨੇ ਦੇ ਅੰਦਰ ਅੰਦਰ ਉਨ੍ਹਾਂ ਨੂੰ ਅਪਣੇ ਅਹੁਦੇ ‘ਤੇ ਬਣੇ ਰਹਿਣ ਲਈ ਐਮਐਲਏ ਵਜੋਂ ਚੋਣ ਜਿੱਤਣੀ ਜਰੂਰੀ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਾ ਸਿਰਫ ਕਾਂਗਰਸ ਲਈ ਬਲਕਿ ਭਾਜਪਾ ਲਈ ਵੀ ਝਟਕਾ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਹਲਕੇ ਤੇ ਪੰਜਾਬ ਦੀ ਸਿਆਸਤ ਵਿਚ ਸਥਿਤੀ ਮਜ਼ਬੂਤ ਹੋ ਸਕਦੀ ਹੈ।
ਕਾਂਗਰਸ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਵਿਧਾਇਕ ਜੋਗਿੰਦਰਪਾਲ ਜੈਨ ਨੂੰ ਪਾਰਟੀ ਛੱਡਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਦੇ ਨਿਰਣੇ ਉਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ। ਸੁਖਪਾਲ ਸਿੰਘ ਖਹਿਰਾ ਨੇ ਜਾਰੀ ਇਕ ਬਿਆਨ ਵਿਚ ਸ੍ਰੀ ਜੈਨ ਨੂੰ ਸਾਵਧਾਨ ਕਰਦਿਆਂ ਕੀਤਾ ਕਿ ਬਾਦਲ ਪਿਓ-ਪੁੱਤਰ ਨੇ ਅਸੰਬਲੀ ਚੋਣਾਂ ਤੇ ਇਸ ਤੋਂ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋਏ ਕਾਂਗਰਸੀ ਨੇਤਾਵਾਂ ਨਾਲ ਅਪਣੇ ਵਾਅਦੇ ਵਫ਼ਾ ਨਹੀਂ ਕੀਤੇ। ਉਨ੍ਹਾਂ ਉਦਹਾਰਨ ਦਿੱਤੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਮਾਲਵਿੰਦਰ ਸਿੰਘ ਤੋਂ ਵੀ ਅਪਣਾ ਫਾਇਦਾ ਖੱਟਣ ਤੋਂ ਬਾਅਦ ਅਕਾਲੀ ਦਲ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਸ੍ਰੀ ਖਹਿਰਾ ਨੇ ਬੀਰਦਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਗਾਲਿਬ ਦੀ ਵੀ ਬਾਦਲ ਦਲ ਵਲੋਂ ਕਦਰ ਨਾ ਕੀਤੇ ਜਾਣ ਦੀ ਉਦਾਹਰਨ ਦਿੱਤੀ।
No comments:
Post a Comment